ਉਘੇ ਵਿਗਿਆਨ ਲੇਖਕ ਡਾ. ਕੁਲਦੀਪ ਸਿੰਘ ਧੀਰ ਦਾ ਦੇਹਾਂਤ ਉਪਰ ਸ਼ੋਕ ਵਿਅਕਤ

ਪਟਿਆਲਾ – ਉਘੇ ਸ਼੍ਰੋਮਣੀ ਪੰਜਾਬੀ ਲੇਖਕ ਡਾ. ਕੁਲਦੀਪ ਸਿੰਘ ਧੀਰ (77 ਸਾਲ) ਦਾ ਬੀਤੀ ਰਾਤ ਲਗਭਗ 11 ਵਜੇ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਹੈ। ਅੱਜ ਉਹਨਾਂ ਦੇ ਦਿਹਾਂਤ ਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਹੋਈ ਸ਼ੋਕ ਸਭਾ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਕਿਹਾ ਕਿ ਪਾਕਿਸਤਾਨ ਦੀ ਮੰਡੀ ਬਾਉਦਦੀਨ ਜ਼ਿਲ੍ਹਾ ਗੁਜਰਾਂਵਾਲਾ ਦੇ ਜੰਮਪਲ ਡਾ. ਕੁਲਦੀਪ ਸਿੰਘ ਧੀਰ ਨੇ ਵਿਗਿਆਨਕ ਖੇਤਰ ਦੇ ਨਾਲ ਨਾਲ ਪੰਜਾਬੀ ਭਾਸ਼ਾ ਵਿਚ ਵੀ ਉਚ ਅਕਾਦਮਿਕ ਡਿਗਰੀਆਂ ਹਾਸਿਲ ਕੀਤੀਆਂ। ਵਿਗਿਆਨ ਦਾ ਵਿਸ਼ਾ ਪੜ੍ਹਾਉਣ ਉਪਰੰਤ ਉਹਨਾਂ ਨੇ ਲੰਮਾ ਅਰਸਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿਚ ਬਤੌਰ ਲੈਕਚਰਾਰ, ਰੀਡਰ ਅਤੇ ਫਿਰ ਪ੍ਰੋਫੈਸਰ ਤੇ ਮੁਖੀ ਦੇ ਅਹੁਦਿਆਂ ਉਪਰ ਕੰਮ ਕਰਨ ਉਪਰੰਤ ਡੀਨ ਅਕਾਦਮਿਕ ਮਾਮਲੇ ਵਜੋਂ ਸੇਵਾਵਾਂ ਨਿਭਾਈਆਂ। ਉਹਨਾਂ ਨੇ ਸਾਹਿਤ ਅਧਿਐਨ,ਖੋਜ,ਮੌਲਿਕ ਸਾਹਿਤ ਸਿਰਜਣਾ, ਨਾਟਕ ਅਤੇ ਰੰਗਮੰਚ, ਸਿੱਖ ਧਰਮ, ਗੁਰਬਾਣੀ, ਉਦਯੋਗਿਕ ਤੇ ਉਤਪਾਦਨ ਇੰਜੀਨੀਅਰਿੰਗ, ਪ੍ਰਯੋਗਿਕ ਭੌਤਿਕ ਵਿਗਿਆਨ ਅਤੇ ਵਾਰਤਕ ਦੇ ਖੇਤਰ ਵਿਚ ਜ਼ਿਕਰਯੋਗ ਪੁਸਤਕਾਂ ਲਿਖ ਕੇ ਪੰਜਾਬੀ ਮਾਂ ਬੋਲੀ ਦਾ ਜ਼ਖ਼ੀਰਾ ਅਮੀਰ ਕੀਤਾ। ਉਹਨਾਂ ਨੂੰ ਹੋਰਨਾਂ ਸੰਸਥਾਵਾਂ ਦੇ ਨਾਲ ਨਾਲ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਅਤੇ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵੱਲੋਂ ਵੀ ਪੁਰਸਕਾਰ ਪ੍ਰਦਾਨ ਕੀਤੇ ਗਏ ਸਨ। ਸੇਵਾਮੁਕਤੀ ਉਪਰੰਤ ਉਹ ਨਿਰੰਤਰ ਪੰਜਾਬੀ ਸਾਹਿਤ ਰਚਨਾ ਨਾਲ ਜੁੜੇ ਰਹੇ।
ਅੱਜ ਦੀ ਸ਼ੋਕ ਸਭਾ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਡਾ. ਗੁਰਬਚਨ ਸਿੰਘ ਰਾਹੀ, ਪ੍ਰੋਫੈਸਰ ਕੁਲਵੰਤ ਸਿੰਘ ਗਰੇਵਾਲ,ਕਵੀ ਕੁਲਵੰਤ ਸਿੰਘ, ਬਾਬੂ ਸਿੰਘ ਰੈਹਲ,ਹਰਪ੍ਰੀਤ ਸਿੰਘ ਰਾਣਾ,ਦਵਿੰਦਰ ਪਟਿਆਲਵੀ,ਨਵਦੀਪ ਸਿੰਘ ਮੁੰਡੀ ਆਦਿ ਲੇਖਕਾਂ ਅਤੇ ਵਿਦਵਾਨਾਂ ਨੇ ਡਾ. ਧੀਰ ਦੀਆਂ ਵਡਮੁੱਲੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਅਕੀਦਤ ਦੇ ਫੁੱਲ ਅਰਪਿਤ ਕੀਤੇ।

Install Punjabi Akhbar App

Install
×