ਨਿਊ ਸਾਊਥ ਵੇਲਜ਼ ਵਿੱਚੋਂ ਕੁਆਲਾ ਜਾਨਵਰ 30 ਸਾਲਾਂ ਵਿੱਚ ਹੋ ਜਾਣਗੇ ਲੁਪਤ -ਰਿਪੋਰਟ, ਮੰਗਿਆ ਗਿਆ ਸਰਕਾਰ ਦਾ ਸਹਿਯੋਗ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੇ ਉਪਰਲੇ ਹਾਊਸ ਨੇ ਤਕਰੀਬਨ ਇੱਕ ਸਾਲ ਦੀ ਪੜਤਾਲ ਕਰਨ ਤੋਂ ਬਾਅਦ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਹੈ ਕਿ ਜੇ ਸਰਕਾਰ ਅਤੇ ਸਹਿਯੋਗੀ ਸੰਸਥਾਵਾਂ ਨੇ ਫੌਰੀ ਤੌਰ ਤੇ ਉਚਿਤ ਕਦਮ ਨਾ ਚੁੱਕੇ ਦਾਂ ਸੰਨ 2050 ਤੱਕ ਨਿਊ ਸਾਊਥ ਵੇਲਜ਼ ਵਿੱਚੋਂ ਕੁਆਲਾ ਜਾਨਵਰ ਲੁਪਤ ਹੋ ਜਾਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਆਲਾ ਜਾਨਵਰ ਪਿਆਸ ਨਾਲ ਮਰ ਰਹੇ ਹਨ ਕਿਉਂਕਿ ਹੁਣ ਉਨ੍ਹਾਂ ਨੂੰ ਦਰਖਤਾਂ ਦੇ ਪੱਤਿਆਂ ਵਿਚੋਂ ਉਨ੍ਹਾਂ ਲਈ ਲੋੜੀਂਦੀ ਨਮੀ ਅਤੇ ਪਾਣੀ ਨਹੀਂ ਮਿਲ ਰਹੇ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਤੱਕ ਦੀਆਂ ਸਾਰੀਆਂ ਹੀ ਸਰਕਾਰਾਂ ਵੱਲੋਂ ਚੁੱਕੇ ਗਏ ਸਭ ਕਦਮ ਨਾ-ਕਾਮ ਸਾਬਿਤ ਹੋ ਰਹੇ ਹਨ। ਇਸ ਰਿਪੋਰਟ ਰਾਹੀਂ 42 ਦੇ ਕਰੀਬ ਅਜਿਹੇ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਉਪਰ ਫੌਰੀ ਤੌਰ ਤੇ ਅਮਲ ਕਰਨਾ ਸਰਕਾਰ ਦਾ ਮੁੱਢਲਾ ਕੰਮ ਕਿਹਾ ਜਾ ਸਕਦਾ ਹੈ।