ਕੌਮਾਂਤਰੀ ਸਾਹਿਤ-ਸੱਭਿਆਚਾਰ ਮੰਚ ਦਾ ਸਾਹਿਤਕ ਸਮਾਗਮ

  • ਨਾਵਲ ‘ਵਲਗਣ’ ਤੇ ਚਰਚਾ ਕੀਤੀ ਅਤੇ ਮੈਗਜੀਨ ‘ਪਰਵਾਜ਼’ ਲੋਕ ਅਰਪਣ ਕੀਤਾ

Sahit Photo
ਬਠਿੰਡਾ/ 23 ਜੁਲਾਈ/ — ਕੌਮਾਂਤਰੀ ਸਾਹਿਤ ਸੱਭਿਆਚਾਰ ਮੰਚ ਦਾ ਚੌਦਵਾਂ ਸਾਹਿਤਕ ਸਮਾਗਮ ਸਥਾਨਗ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਵਿਖੇ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਡਾ. ਸਤਨਾਮ ਸਿੰਘ ਜੱਸਲ, ਨਿਰੰਜਣ ਬੋਹਾ, ਕੇ. ਸਾਧੂ ਸਿੰਘ ਲੁਧਿਆਣਾ ਨੇ ਕੀਤੀ। ਸਮਾਗਮ ਦੌਰਾਨ ਜਸਵਿੰਦਰ ਜੱਸ ਦੇ ਨਾਵਲ ‘ਵਲਗਣ’ ਉੱਪਰ ਗੋਸ਼ਟੀ ਕੀਤੀ ਗਈ ਅਤੇ ਮੰਚ ਦਾ ਮੈਗਜ਼ੀਨ ‘ਪਰਵਾਜ਼’ ਲੜੀ ਨੰਬਰ 9 ਲੋਕ ਅਰਪਣ ਕੀਤਾ ਗਿਆ।
ਸਮਾਗਮ ਦਾ ਆਰੰਭ ਕਰਦਿਆਂ ਕਹਾਣੀਕਾਰ ਅਤਰਜੀਤ ਪ੍ਰਧਾਨ ਕੌਮਾਤਰੀ ਸਾਹਿਤ ਸੱਭਿਆਚਾਰ ਮੰਚ ਨੇ ਸੰਸਥਾ ਦਾ ਸੰਖੇਪ ਇਤਿਹਾਸ ਬਾਰੇ ਚਾਨਣਾ ਪਾਉਂਦਿਆਂ ਨਵੇਂ ਉੱਭਰ ਰਹੇ ਲੇਖਕਾਂ ਲਈ ਮੰਚ ਵੱਲੋਂ ਥੜ੍ਹਾ ਮੁਹੱਈਆ ਕਰਾਉਣ ਸਬੰਧੀ ਚਰਚਾ ਕੀਤੀ ਅਤੇ ਉਹਨਾਂ ‘ਵਲਗਣ’ ਨਾਵਲ ਉੱਪਰ ਖੋਜ-ਪੱਤਰ ਪੜ੍ਹਿਆ। ਇਸ ਉਪਰੰਤ ਚਰਚਾ ਦਾ ਆਰੰਭ ਪ੍ਰੋ. ਪਰਗਟ ਬਰਾੜ, ਸਹਾਇਕ ਪ੍ਰੋਫੈਸਰ ਯੂਨੀਵਰਸਿਟੀ ਕਾਲਜ ਜੈਤੋ ਨੇ ਸਮਾਜਵਾਦੀ ਯਥਾਰਥ ਦੇ ਨੁਕਤਾ-ਨਜ਼ਰ ਤੋਂ ਕੀਤਾ। ਨਿਵੇਕਲੀ ਕਿਸਮ ਦੀ ਚਰਚਾ ਵਿੱਚ ਭਾਗ ਲੈਣ ਵਾਲ਼ਿਆਂ ਵਿੱਚ ਵਿਸ਼ੇਸ਼ ਤੌਰ ਜ਼ਿਕਰ ਕਰਨ ਵਾਲ਼ੀ ਗੱਲ ਇਹ ਰਹੀ ਕਿ ਨਾਵਲ ਉੱਪਰ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਅਤੇ ਮਜ਼ਦੂਰ ਆਗੂ ਲਛਮਣ ਸੇਵੇਵਾਲ਼ਾ ਨੇ ਵੀ ਟਿੱਪਣੀਆਂ ਕਰਕੇ ਚਰਚਾ ਨੂੰੰ ਨਵੀਂ ਦਿਸ਼ਾ ਦਿੰਦਿਆਂ ਨਿਵੇਕਲ਼ੀ ਲੀਹ ਪਾਈ।
ਇਸ ਤੋਂ ਇਲਾਵਾ ਚਰਚਾ ਵਿੱਚ ਜੀਵਨ ਨੂੰ ਸਮਾਜਿਕ-ਰਾਜਨੀਤਕ ਸਰੋਕਾਰਾਂ ਨਾਲ਼ ਜੋੜ ਕੇ ਵੇਖਣ ਦੀ ਗੱਲ ਕਰਦਿਆਂ ਨਿਰੰਜਣ ਬੋਹਾ, ਡਾ. ਬਲਵਿੰਦਰ ਬਰਾੜ, ਸੁਖਵਿੰਦਰ ਕੌਰ ਫਰੀਦਕੋਟ, ਦਰਸ਼ਨ ਸਿੰਘ ਨੰਗਲ ਮੰਚ ਦੇ ਸਾਬਕਾ ਜ. ਸਕੱਤਰ ਨੇ ਵੱਖ ਵੱਖ ਕੋਣਾਂ ਤੋਂ ਚਰਚਾ ਨੂੰ ਅੱਗੇ ਤੋਰਿਆ। ਕੁੱਲ ਬੁਲਾਰੇ ਇਕ ਮੱਤ ਸਨ ਕਿ ਲੋਕ ਸੰਘਰਸ਼ਾਂ ਵਿੱਚ ਸ਼ਾਮਿਲ ਰਹੇ ਜਸਵਿੰਦਰ ਜੱਸ ਦਾ ਨਾਵਲ ‘ਵਲਗਣ’ ਨਾਵਲ ਖੇਤਰ ਵਿੱਚ ਇਕ ਸਫ਼ਲ ਨਾਵਲ ਵਜੋਂ ਪ੍ਰਵੇਸ਼ ਕਰਦਾ ਹੈ ਜੋ ਨਾਵਲ ਦੇ ਬਹੁ-ਪਰਤੀ ਯਥਾਰਥ ਦਾ ਚਿਤਰਨ ਕਰਨ ਵਾਲ਼ਾ ਸ੍ਰੇਸ਼ਠ ਨਾਵਲ ਹੈ। ਮਜ਼ਦੂਰ ਆਗੂ ਸੇਵੇਵਾਲ਼ਾ ਨੇ ਬਹਿਸ ਨੂੰ ਭਖਾਉਂਦਿਆਂ ਕਿਹਾ ਕਿ ਇਹ ਨਾਵਲ ਅਤਰਜੀਤ ਦੇ ਖੋਜ-ਪੱਤਰ ਮੁਤਾਬਿਕ, ਬਹੁ-ਪਰਤੀ ਯਥਾਰਥ ਦਾ ਨਾਵਲ ਨਹੀਂ ਕਿਉਂਕਿ ਇਹ ਕੇਵਲ ਕਿਸਾਨੀ ਜੀਵਨ ਦੀ ਹੀ ਗੱਲ ਕਰਦਾ ਹੈ ਜਦੋਂ ਕਿ ਕਿਸਾਨੀ ਦਾ ਇਕ ਅਨਿੱਖੜ ਅੰਗ, ਕਿਸਾਨੀ ਦਾ ਭਰਾ ਖੇਤ ਮਜ਼ਦੂਰ ਨਾਵਲ ਵਿੱਚੋਂ ਮਨਫ਼ੀ ਹੈ।
ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਬਲਦੇਵ ਸਿੰਘ, ਗੁਰਸੇਵਕ ਸਿੰਘ ਬੀੜ, ਦਿਲਚੀਤ ਸਿੰਘ ਬੰਗੀ, ਪੋਰਿੰਦਰ ਕੁਮਾਰ ਸਿੰਗਲਾ, ਅਮ੍ਰਿਤਪਾਲ ਬੰਗੇ, ਬਲਵਿੰਦਰ ਸੋਢੀ, ਸੇਵਕ ਸ਼ਮੀਰੀਆ,ਅਮਰੀਕ ਪਾਠਕ, ਆਤਮਾ ਰਾਮ ਰੰਜਨ, ਦਵਿੰਦਰ ਕੌਰ ਦਵੀ, ਸੁਖਵਿੰਦਰ ਕੌਰ ਫਰੀਦਕੋਟ, ਸੁਖਵੀਰ ਕੌਰ ਸਰਾਂ, ਕਰਨੈਲ ਸਿੰਘ, ਡ. ਜਸਪਾਲਜੀਤ, ਬਲਜੀਤ ਕੋਟਭਾਈ, ਭੁਪਿੰਦਰ ਸੰਧੂ, ਅਮਰਜੀਤ ਜੀਤ, ਦਰਸ਼ਨ ਸਿੰਘ ਨੰਗਲ, ਮਨਜੀਤ ਕੌਰ ਲੋਕ ਸੰਪਰਕ ਵਿਭਾਗ ਆਦਿ ਨੇ ਆਪਣੇ ਬਹੁਤ ਹੀ ਪੁਖਤਾ ਕਲਾਮ ਪੇਸ਼ ਕੀਤੇ। ਕਵੀਆਂ ਵਿੱਚ ਕੁੱਝ ਅਸਲੋਂ ਹੀ ਨਵੇਂ ਕਵੀ ਵੀ ਸ਼ਾਮਿਲ ਹੋਏ। ਅੰਤ ਵਿੱਚ ਡਾ. ਸਤਨਾਮ ਸਿੰਘ ਜੱਸਲ ਹੁਰਾਂ ਨੇ ਸਮਾਗਮ ਨੂੰ ਸਮੇਟਦਿਆਂ ਸਭ ਦਾ ਸਾਹਿਤਕ ਸੂਝ ਅਤੇ ਆਲੋਚਨਾਂ ਦ੍ਰਿਸ਼ਟੀ ਦੇ ਆਧਾਰ ਤੇ ਕੀਤੀ ਚਰਚਾ ਪ੍ਰਤੀ ਧੰਨਵਾਦ ਕੀਤਾ । ਮੰਚ ਵੱਲੋਂ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਸਮੇਤ ਮੰਚ ਦੀ ਆਰਥਿਕ ਮੱਦਦ ਕਰਨ ਵਾਲੇ ਗ਼ਜ਼ਲਗੋ ਜਨਕ ਰਾਜ ਜਨਕ ਦਾ ਧੰਨਵਾਦ ਕੀਤਾ ਗਿਆ।

(ਬਲਵਿੰਦਰ ਸਿੰਘ ਭੁੱਲਰ)

bhullarbti@gmail.com

Welcome to Punjabi Akhbar

Install Punjabi Akhbar
×
Enable Notifications    OK No thanks