ਕਿਸਾਨ ਅੰਦੋਲਨ ਨੂੰ ਸਮਰਪਿਤ ਗਾਇਕ ਹਸਰਤ ਦਾ ਗੀਤ ‘ਕਿਸਾਨਪੁਰ’ ਹੋਇਆ ਰਿਲੀਜ਼

ਕਹਿੰਦੇ ਝੂਠ, ਝੂਠ ਹੀ ਰਹਿੰਦਾ ਚਾਹੇ ਉਸਨੂੰ ਸਾਰੇ ਕਹਿਣ ਪਰ ਸੱਚ ਸੱਚ ਹੀ ਹੁੰਦਾ ਭਾਵੇਂ ਉਸਨੂੰ ਕੋਈ ਨਾ ਕਹੇ। ਸੱਚੀ ਗੱਲ ਇਹ ਹੈ ਕਿ ਅੱਜ ਸਾਰੇ ਦੇਸ਼ ਦੇ ਲੋਕ ਕਿਸਾਨਾਂ ਦੇ ਨਾਲ ਆਣ ਖੜੇ ਹੋਏ ਹਨ। ਹੁਣ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਕਿ ਕਿਸਾਨਾਂ ਦੇ ਵਿਰੋਧ ਕਰਨ ਦੀ ਅਸਲੀ ਵਜਾਹ ਅਖੀਰ ਹੈ ਕੀ !ਭੁੱਖ ਲੱਗਣ ਤੇ ਬੰਦਾ ਰੋਟੀ ਹੀ ਖਾਏਗਾ, ਉਹ ਵੀ ਜੋ ਕਿਸਾਨ ਉਗਾਏਗਾ, ਨੋਟ ਉਬਾਲ ਕੇ ਨਹੀਂ ਖਾਦੇ ਜਾ ਸਕਦੇ।ਇਸੇ ਵਜ੍ਹਾ ਕਾਰਣ ਹਰ ਖੇਤਰ ਦੇ ਲੋਕ ਦਿਨੋ ਦਿਨੀਂ ਕਿਸਾਨੀ ਅੰਦੋਲਨ ਦਾ ਹਿੱਸਾ ਬਣਦੇ ਜਾ ਰਹੇ ਹਨ।ਕਿਸਾਨੀ ਧਰਨੇ ਦੀ ਮੁੱਖ ਥਾਵਾਂ ਟਿਕਰੀ ਬਾਰਡਰ, ਸਿੰਘੁ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਹਨ ਓਥੇ ਇਨੇ ਮਹੀਨਿਆਂ ਤੋਂ ਕਿਸਾਨਾਂ ਦਾ ਧਰਨਾ ਲੱਗਾ ਹੋਇਆ ਹੈ ਕਿ ਉਹ ਥਾਵਾਂ ਹੁਣ ‘ਕਿਸਾਨਪੁਰ’ ਜਾਪਣ ਲੱਗ ਗਈਆਂ ਹਨ।ਹਰ ਪਿੰਡ ਚੋਂ ਟਰਾਲੀਆਂ ਭਰ ਭਰ ਕੇ ਕਿਸਾਨੀ ਅੰਦੋਲਨ ਵੱਲ ਜਾ ਰਹੀਆਂ ਹਨ ਪਰ ਕੁਝ ਕਾਰਨ ਕਰਕੇ ਕੁਝ ਲੋਕ ਧਰਨੇ ਤੇ ਆਪਣੀ ਹਾਜ਼ਰੀ ਨਹੀਂ ਲਗਵਾ ਪਾ ਰਹੇ। ਹੁਣ ਉਹ ਲੋਕ ਆਪਣੇ ਪਿੰਡ ਹੀ ਰਹਿ ਕੇ ਲੋਕਾਂ ਨੂੰ ਅੰਦੋਲਨ ਬਾਰੇ ਜਾਗਰੂਕ ਕਰਨ ਲੱਗੇ ਹਨ।
ਉੱਪਰ ਦੱਸੇ ਸਾਰੇ ਵਰਤਾਰੇ ਨੂੰ ਗੀਤ ਦੇ ਰੂਪ ਵਿੱਚ ਹਰਜਿੰਦਰ ਜੋਹਲ ਨੇ ਬੰਦ ਕੀਤਾ ਹੈ। ‘ਕਿਸਾਨਪੁਰ’ ਨਾਮ ਤੋਂ ਇੱਕ ਗੀਤ ਰਿਲੀਜ਼ ਹੋਇਆ ਹੈ ਜਿਸਨੂੰ ਹਸਰਤ ਨੇ ਗਾਇਆ ਹੈ ਅਤੇ ਮਨੀ ਮਨਜੋਤ ਨੇ ਲਿਖਿਆ ਹੈ। ਗੀਤ ਦੀ ਵੀਡੀਓ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਬਖੂਬੀ ਬਿਆਨ ਕਰਦੀ ਹੈ। ਗੀਤ ਵਿੱਚ ਪੰਜਾਬੀ ਕਲਾਕਾਰ ਰਵਿੰਦਰ ਮੰਡ ਦੀ ਸ਼ਮੂਲੀਅਤ ਲਈ ਗਈ ਹੈ। ਗੀਤ ਵਿੱਚ ਦਿਖਾਇਆ ਹੈ ਕਿ ਕਿਸ ਤਰਾਂ ਲੋਕ ਜਾਗਰੂਕ ਹੋ ਕੇ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਨੂੰ ਤਿਆਰ ਹਨ।ਗੀਤ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਜੋ ਅਸਲ ਹਾਲਾਤ ਹਨ ਜਿਵੇਂ ਕਿ ਹਰ ਕਿੱਤੇ ਦਾ ਬੰਦਾ ਇਸ ਅੰਦੋਲਨ ਵਿੱਚ ਹਿੱਸਾ ਬਣਨ ਨੂੰ ਤਿਆਰ ਹੈ, ਨੂੰ ਗੀਤ ਵਿੱਚ ਮਿਸਾਲ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ।ਗੀਤ ਤੋਂ ਜ਼ਾਹਿਰ ਹੁੰਦਾ ਹੈ ਕਿ ਅਪੰਗਤਾ ਤੁਹਾਡੇ ਰਾਹ ਵਿੱਚ ਕਦੀ ਰੋੜਾ ਨਹੀਂ ਬਣ ਸਕਦੀ। ਬੈਸਾਖੀਆਂ ਦੇ ਸਹਾਰੇ ਚੱਲਣ ਵਾਲਾ ਬੰਦਾ ਵੀ ਕਿਸਾਨੀ ਅੰਦੋਲਨ ਵਿਚ ਸ਼ਿਰਕਤ ਕਰਨ ਨੂੰ ਤੜਫ ਰਿਹਾ ਹੈ।ਹੁਣ ਗੱਲ ਕਿਸੇ ਧਰਮ ਜਾਤ ਪਾਤ ਦੀ ਨਹੀਂ ਰਹੀ ਗੱਲ ਹੁਣ ਰੋਟੀ ਦੀ ਰਹਿ ਗਈ ਹੈ। ਜੇ ਅੰਨ ਉਗਾਵਣ ਵਾਲਾ ਹੀ ਨਹੀਂ ਰਹੇਗਾ ਤਾਂ ਰੋਟੀ ਕਿਥੋਂ ਪੱਕੂਗੀ? ਆਉਣ ਵਾਲੀਆਂ ਨਸਲਾਂ ਜਦ ਇਸ ਸੰਘਰਸ਼ ਵਿੱਚ ਸ਼ਾਮਿਲ ਹੋਣ ਵਾਲਿਆਂ ਦਾ ਹੋਂਸਲਾ ਦੇਖਣਗੀਆਂ ਤਾਂ ਉਹ ਜ਼ਰੂਰ ਆਪਣੇ ਆਪ ਤੇ ਗਰਵ ਕਰਨਗੀਆਂ ਕਿ ਓਹਨਾ ਦੇ ਪੁਰਖਿਆਂ ਨੇ ਕਿਸ ਤਰਾਂ ਪਹਿਲਾ ਦੇਸ਼ ਨੂੰ ਆਜ਼ਾਦੀ ਦਵਾਈ ਫੇਰ ਕਿਸ ਤਰਾਂ ਆਪਣੀ ਹੋਂਦ ਬਚਾਉਂਦੇ ਹੋਏ ਰੋਟੀ ਲਈ ਸੰਘਰਸ਼ ਲੜਿਆ।

(ਹਰਜਿੰਦਰ ਸਿੰਘ ਜਵੰਦਾ) +91 94638 28000

Welcome to Punjabi Akhbar

Install Punjabi Akhbar
×
Enable Notifications    OK No thanks