ਕੋਈ ਕਿਸੇ ਦੀ ਕਿਸਮਤ ਨਹੀਂ ਖੋਹ ਸਕਦਾ

ਰੱਬ ਦੇ ਰੰਗ ਨਿਆਰੇ ਹਨ। ਇਹ ਕੋਈ ਨਹੀਂ ਦੱਸ ਸਕਦਾ ਕਿ ਕਿਸੇ ਦੀ ਕਿਸਮਤ ਵਿੱਚ ਉਸ ਨੇ ਕੀ ਲਿਖ ਕੇ ਭੇਜਿਆ ਹੈ। ਬੇਹੱਦ ਗਰੀਬੀ ਅਤੇ ਬੁਰੇ ਹਾਲਾਤ ਵਿੱਚ ਪੈਦਾ ਹੋਣ ਵਾਲੇ ਕਈ ਵਿਅਕਤੀ ਸਿਰਫ ਕਿਸਮਤ ਕਾਰਨ ਹੀ ਅਰਬਪਤੀ ਬਣਦੇ ਵੇਖੇ ਗਏ ਹਨ। ਇਹ ਇੱਕ ਅਜਿਹੇ ਹੀ ਵਿਅਕਤੀ ਦੀ ਕਿਸੇ ਹਿੰਦੀ ਫਿਲਮ ਵਰਗੀ ਸੱਚੀ ਕਹਾਣੀ ਹੈ। ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਇੱਕ ਥਾਣੇ ਵਿੱਚ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਦਿਨ ਸਵੇਰੇ ਸਵੇਰ ਨਜ਼ਦੀਕੀ ਪਿੰਡ ਦਾ ਚੌਂਕੀਦਾਰ ਖਬਰ ਲੈ ਕੇ ਆਇਆ ਕਿ ਪਿੰਡ ਦੇ ਨਜ਼ਦੀਕ ਹੀ ਕਮਾਦ ਦੇ ਖੇਤ ਵਿੱਚ ਇੱਕ ਨਵਜੰਮਿਆਂ ਲੜਕਾ ਪਿਆ ਹੈ ਜੋ ਜ਼ਿੰਦਾ ਹੈ। ਮੈਂ ਡੀ.ਐਸ.ਪੀ. ਨੂੰ ਸੂਚਨਾ ਦੇ ਕੇ ਉਸ ਖੇਤ ਵਿੱਚ ਪਹੁੰਚ ਗਿਆ। ਵੇਖ ਕੇ ਲੱਗਦਾ ਸੀ ਕਿ ਬੱਚੇ ਦਾ ਜਨਮ ਸਿਰਫ 4-5 ਘੰਟੇ ਪਹਿਲਾਂ ਹੀ ਹੋਇਆ ਸੀ। ਉਸ ਦੇ ਸਰੀਰ ਨੂੰ ਸੈਂਕੜੇ ਕੀੜੀਆਂ ਚੰਬੜੀਆਂ ਹੋਈਆਂ ਸਨ ਜਿਸ ਕਾਰਨ ਉਹ ਉੱਚੀ ਉੱਚੀ ਕੁਰਲਾ ਰਿਹਾ ਸੀ। ਮੈਂ ਪਿੰਡ ਦੀ ਦਾਈ ਬੁਲਾ ਕੇ ਬੱਚੇ ਨੂੰ ਸਾਫ ਕਰਵਾਇਆ ਤੇ ਚੰਗੀ ਤਰਾਂ ਕੱਪੜੇ ਵਿੱਚ ਲਪੇਟ ਕੇ ਮੁਕਾਮੀ ਹਸਪਤਾਲ ਦਾਖਲ ਕਰਵਾ ਦਿੱਤਾ। ਹਸਪਤਾਲ ਵਾਲਿਆਂ ਨੇ ਫੌਰਨ ਬੱਚੇ ਦੀ ਦੇਖ ਭਾਲ ਸ਼ੁਰੂ ਕਰ ਦਿੱਤੀ। ਬੱਚਾ ਪੂਰੀ ਤਰਾਂ ਨਾਲ ਸਿਹਤਮੰਦ ਸੀ ਤੇ ਜਲਦੀ ਹੀ ਦੁੱਧ ਪੀਣ ਤੇ ਲੱਤਾਂ ਬਾਹਾਂ ਮਾਰਨ ਲੱਗ ਪਿਆ। ਤਫਤੀਸ਼ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚਾ ਪਿੰਡ ਦੀ ਹੀ ਇੱਕ ਗਰੀਬ ਘਰ ਦੀ ਅਣਵਿਆਹੀ 17-18 ਸਾਲ ਦੀ ਲੜਕੀ ਦਾ ਸੀ ਜਿਸ ਨੇ ਰਾਤ ਨੂੰ ਆਪਣੀ ਮਾਂ ਦੀ ਮਦਦ ਉਸ ਨੂੰ ਜਨਮ ਦਿੱਤਾ ਸੀ। ਉਸ ਦੇ ਪਿੰਡ ਦੇ ਇੱਕ ਵਿਆਹੇ ਹੋਏ ਵਿਅਕਤੀ ਸ਼ਾਮੂ (ਕਾਲਪਨਿਕ ਨਾਮ) ਨਾਲ ਸਬੰਧ ਸਨ। ਸ਼ਾਮੂ ਦੇ ਖਿਲਾਫ ਲੜਕੀ ਦੇ ਪਰਿਵਾਰ ਨੇ ਬਲਾਤਕਾਰ ਦਾ ਪਰਚਾ ਦਰਜ਼ ਕਰਵਾ ਦਿੱਤਾ ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ।
ਅਗਲੇ ਦਿਨ ਇਸ ਕੇਸ ਬਾਰੇ ਅਖਬਾਰਾਂ ਵਿੱਚ ਖਬਰ ਛਪ ਗਈ ਜਿਸ ਨੂੰ ਪੜ੍ਹ ਕੇ ਅਨੇਕਾਂ ਬੇਔਲਾਦ ਜੋੜੇ ਉਸ ਨੂੰ ਗੋਦ ਲੈਣ ਲਈ ਸਾਡੇ ਤੱਕ ਪਹੁੰਚ ਕਰਨ ਲੱਗ ਪਏ। ਮੈਂ ਤੇ ਡੀ.ਐਸ.ਪੀ. ਨੇ ਸਲਾਹ ਕੀਤੀ ਕਿ ਜੇ ਇਸ ਬੱਚੇ ਨੂੰ ਕਿਤੇ ਨੇੜੇ ਤੇੜੇ ਗੋਦ ਦੇ ਦਿੱਤਾ ਤਾਂ ਵੱਡਾ ਹੋਣ ‘ਤੇ ਇਸ ਲਈ ਮੁਸੀਬਤ ਪੈਦਾ ਹੋ ਜਾਵੇਗੀ। ਲੋਕ ਹਰਾਮੀ ਹਰਾਮੀ ਕਹਿ ਕੇ ਇਸ ਦਾ ਜੀਣਾ ਦੂਭਰ ਕਰ ਦੇਣਗੇ ਤੇ ਇਸ ਦੀ ਮਾਂ ਵਾਸਤੇ ਵੀ ਮੁਸੀਬਤ ਪੈਦਾ ਹੋ ਜਾਵੇਗੀ ਕਿਉਂਕਿ ਸਭ ਜਾਣਦੇ ਹਨ ਕਿ ਇਹ ਕਿਸ ਦਾ ਬੱਚਾ ਹੈ। ਉਸ ਦੀ ਸ਼ਾਦੀ ਵਿੱਚ ਵੀ ਅੜਿੱਚਣ ਆ ਸਕਦੀ ਹੈ। ਇਸ ਲਈ ਕੁਝ ਦਿਨਾਂ ਦੀ ਡਾਕਟਰੀ ਸਾਂਭ ਸੰਭਾਲ ਤੋਂ ਬਾਅਦ ਅਸੀਂ ਬੱਚਾ ਇੱਕ ਸਮਾਜ ਸੇਵੀ ਸੰਸਥਾ ਨੂੰ ਇਹ ਆਖ ਕੇ ਸੌਂਪ ਦਿੱਤਾ ਕਿ ਉਹ ਸਾਨੂੰ ਪੁੱਛੇ ਬਗੈਰ ਇਸ ਨੂੰ ਗੋਦ ਨਾ ਦੇਣ। ਇਸ ਘਟਨਾ ਦੇ 20 ਕੁ ਦਿਨਾਂ ਬਾਅਦ ਦਿੱਲੀ ਦੇ ਇੱਕ ਕਰੋੜਪਤੀ ਜੋੜੇ ਨੇ ਡੀ.ਐਸ.ਪੀ. ਦੇ ਕਿਸੇ ਰਿਸ਼ਤੇਦਾਰ ਰਾਹੀਂ ਸਾਡੇ ਕੋਲ ਪਹੁੰਚ ਕੀਤੀ। ਪੁੱਛ ਗਿੱਛ ਕਰਨ ਤੋਂ ਬਾਅਦ ਇਹ ਪਤਾ ਲੱਗਾ ਕਿ ਇਸ ਜੋੜੇ ਦਾ ਵਿਆਹ ਹੋਏ ਨੂੰ 17 – 18 ਸਾਲ ਹੋ ਚੁੱਕੇ ਹਨ ਪਰ ਹਰ ਪ੍ਰਕਾਰ ਦੇ ਡਾਕਟਰੀ ਇਲਾਜ਼ ਦੇ ਬਾਅਦ ਵੀ ਕੋਈ ਬੱਚਾ ਪੈਦਾ ਨਹੀਂ ਹੋ ਸਕਿਆ ਉਸ ਸਮੇਂ ਟੈਸਟ ਟਿਊਬ, ਸਰੋਗੇਸੀ ਅਤੇ ਆਈ.ਵੀ.ਸੀ. ਆਦਿ ਤਰੀਕਿਆਂ ਨਾਲ ਬੱਚਾ ਪੈਦਾ ਕਰਨ ਦੀ ਤਕਨੀਕ ਵਿਕਸਤ ਨਹੀਂ ਸੀ ਹੋਈ।
ਉਸ ਵਿਅਕਤੀ ਦੀਆਂ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਰੈਡੀਮੇਡ ਗਾਰਮੈਂਟ ਦੀਆਂ ਅਨੇਕਾਂ ਦੁਕਾਨਾਂ ਸਮੇਤ ਦੋ ਦੁਕਾਨਾਂ ਦਿੱਲੀ ਦੇ ਸਭ ਤੋਂ ਮਹਿੰਗੇ ਇਲਾਕੇ ਕਨਾਟ ਪਲੇਸ ਵਿੱਚ ਸਨ। ਸਾਨੂੰ ਉਹ ਪਰਿਵਾਰ ਇਸ ਬੱਚੇ ਲਈ ਬਿਲਕੁਲ ਠੀਕ ਲੱਗਾ। ਇੱਕ ਤਾਂ ਦਿੱਲੀ ਬੱਚੇ ਦੇ ਜਨਮ ਸਥਾਨ ਤੋਂ ਸੈਂਕੜੇ ਮੀਲ ਦੂਰ ਸੀ ਤੇ ਦੂਸਰਾ ਦਿੱਲੀ ਵਰਗੇ ਵੱਡੇ ਸ਼ਹਿਰਾਂ ਦੇ ਲੋਕ ਪਿੰਡਾਂ ਤੋਂ ਬਹੁਤ ਜਿਆਦਾ ਅਗਾਂਹਵਧੂ ਹੁੰਦੇ ਹਨ। ਉਹ ਇੱਕ ਦੂਸਰੇ ਦੇ ਮਾਮਲੇ ਵਿੱਚ ਜਿਆਦਾ ਨੱਕ ਨਹੀਂ ਘਸੋੜਦੇ। ਜਦੋਂ ਸਾਰੀ ਗੱਲ ਸਿਰੇ ਲੱਗ ਗਈ ਤਾਂ ਅਖੀਰ ਵਿੱਚ ਡੀ.ਐਸ.ਪੀ. ਨੇ ਇੱਕ ਬਹੁਤ ਹੀ ਸਿਆਣੀ ਗੱਲ ਕੀਤੀ। ਉਸ ਨੇ ਜੋੜੇ ਨੂੰ ਪੁੱਛਿਆ ਕਿ ਜੇ ਕਲ੍ਹ ਨੂੰ ਕਿਸੇ ਤਰਾਂ ਤੁਹਾਡੇ ਘਰ ਔਲਾਦ ਪੈਦਾ ਹੋ ਗਈ ਤਾਂ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤਾਂ ਤੁਸੀਂ ਇਸ ਬੱਚੇ ਨੂੰ ਘਰੋਂ ਨਹੀਂ ਕੱਢ ਦਿਉਗੇ ਜਾਂ ਆਪਣਾ ਨੌਕਰ ਬਣਾ ਕੇ ਨਹੀਂ ਰੱਖੋਗੇ? ਉਸ ਜੋੜੇ ਨੇ ਜਵਾਬ ਦਿੱਤਾ ਕਿ ਅਸੀਂ ਅੱਜ ਹੀ ਆਪਣੀ ਅੱਧੀ ਜਾਇਦਾਦ ਇਸ ਬੱਚੇ ਦੇ ਨਾਮ ਕਰਨ ਲਈ ਤਿਆਰ ਹਾਂ। ਅਸੀਂ ਇੱਕ ਮਹੀਨੇ ਦੇ ਅੰਦਰ ਹੀ ਅੱਧੀ ਜਾਇਦਾਦ ਉਸ ਬੱਚੇ ਦੇ ਨਾਮ ‘ਤੇ ਕਰਨ ਦੀ ਕਾਨੂੰਨੀ ਕਾਰਵਾਈ ਮੁਕੰਮਲ ਕਰ ਕੇ ਬੱਚਾ ਉਹਨਾਂ ਨੂੰ ਗੋਦ ਦੇ ਦਿੱਤਾ ਤੇ ਉਸ ਦੇ ਜਨਮ ਸਰਟੀਫਿਕੇਟ ਵਿੱਚ ਉਸ ਜੋੜੇ ਦਾ ਨਾਮ ਮਾਂ ਬਾਪ ਦੇ ਤੌਰ ‘ਤੇ ਲਿਖਾਵਾ ਦਿੱਤਾ।
ਉਸ ਜੋੜੇ ਨੇ ਬੱਚੇ ਨੂੰ ਚੁੰਮ ਕੇ ਕਲੇਜੇ ਨਾਲ ਲਗਾਇਆ ਤੇ ਸਾਡਾ ਤੇ ਸਮਾਜ ਸੇਵੀ ਸੰਸਥਾ ਦਾ ਲੱਖ ਲੱਖ ਧੰਨਵਾਦ ਕੀਤਾ। ਖੁਸ਼ੀ ਨਾਲ ਮਾਂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਧਾਰ ਵਹਿ ਰਹੀ ਸੀ। ਅਸੀਂ ਕਈ ਸਾਲਾਂ ਤੱਕ ਡੀ.ਐਸ.ਪੀ. ਦੇ ਰਿਸ਼ਤੇਦਾਰ ਰਾਹੀਂ ਉਸ ਬੱਚੇ ਦੇ ਹਾਲਾਤ ‘ਤੇ ਨਿਗਾਹ ਰੱਖੀ। ਉਸ ਜੋੜੇ ਨੇ ਬੱਚੇ ਨੂੰ ਦਿੱਲੀ ਦੇ ਸਭ ਤੋਂ ਮਹਿੰਗੇ ਸਕੂਲ ਅਤੇ ਕਾਲਜ ਵਿੱਚ ਸਿੱਖਿਆ ਦਿਵਾਈ। ਉਹ ਲੜਕਾ ਬਹੁਤ ਹੀ ਨੇਕ ਅਤੇ ਮਿਹਨਤੀ ਨਿਕਲਿਆ ਤੇ ਪੜ੍ਹਾਈ ਤੋਂ ਬਾਅਦ ਪਰਿਵਾਰਕ ਕਾਰੋਬਾਰ ਸੰਭਾਲ ਲਿਆ। ਦੋ ਕੁ ਸਾਲ ਪਹਿਲਾਂ ਉਸ ਦਾ ਇੱਕ ਬਹੁਤ ਹੀ ਅਮੀਰ ਖਾਨਦਾਨ ਦੀ ਲੜਕੀ ਨਾਲ ਵਿਆਹ ਵੀ ਹੋ ਗਿਆ ਹੈ। ਉਸ ਦੇ ਪਿਤਾ ਨੇ ਮੈਨੂੰ ਅਤੇ ਡੀ.ਐਸ.ਪੀ. (ਹੁਣ ਰਿਟਾਇਰ ਹੋ ਚੁੱਕਾ ਹੈ) ਨੂੰ ਵੀ ਵਿਆਹ ਦਾ ਕਾਰਡ ਭੇਜਿਆ ਸੀ ਤੇ ਆਉਣ ਲਈ ਕਈ ਫੋਨ ਵੀ ਕੀਤੇ ਸਨ। ਪਰ ਉਹਨਾਂ ਦੇ ਰੰਗ ਵਿੱਚ ਭੰਗ ਪੈਣ ਦੇ ਡਰੋਂ ਅਸੀਂ ਨਹੀਂ ਗਏ ਕਿਉਂਕਿ ਕਈ ਵਾਰ ਐਵੇਂ ਹੀ ਗੱਲ ਮੂੰਹੋਂ ਨਿਕਲ ਜਾਂਦੀ ਹੈ। ਉਸ ਲੜਕੇ ਨੂੰ ਅੱਜ ਤੱਕ ਵੀ ਨਹੀਂ ਪਤਾ ਕਿ ਉਸ ਨੂੰ ਗੋਦ ਲਿਆ ਗਿਆ ਸੀ। ਉਸ ਜੋੜੇ ਦੇ ਬਾਅਦ ਵਿੱਚ ਕੋਈ ਬੱਚਾ ਪੈਦਾ ਨਹੀਂ ਹੋਇਆ ਤੇ ਉਹ ਆਪਣੇ ਫੈਸਲੇ ਤੋਂ ਬੇਹੱਦ ਸੰਤੁਸ਼ਟ ਹਨ।