ਸਾਡਾ-ਵਿਰਸਾ -ਪੈਪਸੂ ਮੁਜ਼ਾਰਾ ਘੋਲ – ਕਿਸ਼ਨਗੜ੍ਹ ਗੋਲੀ ਕਾਂਡ

ਸ਼ੁਰੂ ਤੋਂ ਹੀ ਭਾਰਤ ਦੇ ਲੋਕਾਂ ਸਾਹਮਣੇ ਕੌਮੀ ਮੁਖ ਸਵਾਲ ਕਿਸਾਨੀ ਅੰਦਰ ਵਿਚਰ ਰਹੀਆਂ ਜ਼ਰਈ ਸਮੱਸਿਆਵਾਂ ਹਨ ? ਜਿਨ੍ਹਾਂ ਦਾ ਕਿਸਾਨਾਂ ਅਤੇ ਪੇਂਡੂ ਮਜ਼ਦੂਰਾਂ ਦੇ ਸਮਾਜਕ, ਆਰਥਿਕ ਅਤੇ ਸੱਭਿਆਚਾਰ ਜੀਵਨ ‘ਤੇ ਪੈ ਰਹੇ ਬੌਧਿਕ ਅਤੇ ਮਾਨਸਿਕ ਪ੍ਰਭਾਵਾਂ ਕਾਰਨ ਬਹੁਤ ਸਾਰੀਆਂ ਕਿਸਾਨੀ ਲਹਿਰਾਂ ਅਤੇ ਹਥਿਆਰ ਬੰਦ ਵਿਦਰੋਹਾਂ ਦੇ ਪਨਪਣ ਦਾ ਵੀ ਲੰਬਾ ਇਤਿਹਾਸ ਰਿਹਾ ਹੈ। ਆਜ਼ਾਦੀ ਤੋਂ ਪਹਿਲਾ ਅਤੇ ਬਾਅਦ ਅਨਿਆਏ ਕਾਰਨ ਜਦੋਂ ਵੀ ਹਾਕਮੀ ਅਤੇ ਸਾਮੰਤੀ ਜਾਗੀਰਦਾਰਾਂ ਦੇ ਜ਼ੁਲਮਾਂ ਦੀ ਹੱਦ ਨਾ ਰਹੇ, ਸ਼ੋਸ਼ਣ ਹੱਦਾਂ-ਬੰਨੇ ਟੱਪ ਜਾਵੇ ਅਤੇ ਗੁੰਡਾਗਰਦੀ ਤੋਂ ਆਮ ਲੋਕ ਤਰਾਹ ਤਰਾਹ ਕਰ ਉਠਣ ਤਾਂ ਇਨਸਾਫ਼ ਲਈ ਜਨ-ਮਾਣਸ ਖੁਦ ਵੀ ਅੰਤਮ ਪੌੜੀ ਤੇ ਖੜਾ ਹੋ ਕੇ ਆਪਣੇ ਮੁੱਖ-ਨਿਸ਼ਾਨੇ ਨਿਆਂ ਵੱਲ ਅੱਗੇ ਵੱਧਣ ਲਈ ਹੋ ਜਾਂਦਾ ਹੈ। ਪਟਿਆਲਾ ਰਿਆਸਤ ਅੰਦਰ ਚਲੀ ਮੁਜ਼ਾਰਾ ਲਹਿਰ ਇਸ ਦੀ ਇਕ ਉਦਾਹਰਣ ਹੈ ਜੋ ਰਜਵਾੜਾ ਸ਼ਾਹੀ-ਜਾਗੀਰਦਾਰੀ ਅਤੇ ਬਿਸਵੇਦਾਰਾਂ ਦੇ ਸ਼ੋਸ਼ਣ ਅਤੇ ਜੁਲਮਾਂ ਵਿਰੁਧ ਚਲੀ ਇਕ ਹਥਿਆਰ ਬੰਦ ਮੁਜ਼ਾਰਾ ਲਹਿਰ ਸੀ। ਇਸ ਸ਼ਾਨਦਾਰ ਕਿਸਾਨੀ ਸੰਘਰਸ਼ ਨੇ ਪੈਪਸੂ ਅੰਦਰ ਬਿਸ਼ਵੇਦਾਰੀ ਵਿਰੁੱਧ ਇਕ ਫੈਸਲਾਕੁੰਨ ਵੱਡੀ ਸੱਟ ਮਾਰਕੇ ਜਮੀਨਾਂ ‘ਤੇ ਕਬਜੇ ਮੁਜਾਰਿਆਂ ਨੂੰ ਦਿਵਾਏ ਅਤੇ ਜਾਗੀਰਦਾਰੀ ਫੁਰਮਾਨਾਂ ਨੂੰ ਤਹਿਸ-ਨਹਿਸ ਕਰਦੇ ਹੋਏ ਕਿਸਾਨ ਸਭਾ ਦਾ ਸਿੱਕਾ ਵੀ ਮੰਨਵਾਇਆ। ਜਿੱਥੇ ਇਹ ਲਹਿਰ ਜਾਗੀਰਦਾਰੀ ਸਿਸਟਮ ਵਿਰੁਧ ਸੀ, ਉਥੇ ਇਸ ਨੇ ਕੌਮੀ ਲਹਿਰ ਅਤੇ ਆਜਾਦੀ ਬਾਦ ਆਰਥਿਕ ਮੁਕਤੀ ਅੰਦੋਲਨਾਂ ਵਿੱਚ ਵੀ ਹਿੱਸਾ ਪਾਇਆ। ਇਸ ਅੰਦਲੋਨ ਵਿੱਚ ਕਿਸਾਨਾਂ ਅਤੇ ਜਾਗੀਰਦਾਰਾਂ ਦੇ ਵਿਚਕਾਰ ਤਤਕਾਲੀਨ ਹਾਕਮੀ ਭਾੜੇ ਦੇ ਟੱਟੂਆਂ ਤੇ ਗੁੰਡਿਆਂ ਵਿਰੁਧ ਹਥਿਆਰਬੰਦ ਮੁਕਾਬਲੇ ਵੀ ਹੋਏ। ਕਿਸ਼ਨਗੜ੍ਹ ਇਕ ਅਜਿਹੀ ਘਟਨਾ ਸੀ ਜੋ ਮੁਜ਼ਾਰਾ-ਲਹਿਰ ਅੰਦਰ ਇਤਿਹਾਸਕ ਵਿਰਸੇ ਵੱਜੋਂ ਰੂਪਮਾਨ ਹੋਈ।
ਅੱਜ ਵੀ ਜਦੋਂ ਅਸੀਂ ਇਤਿਹਾਸਕ ਤੱਥਾਂ ਤਹਿਤ ਭਾਰਤ ਅੰਦਰ ਹੋਏ ਤਿਖੇ ਜ਼ਿਰਈ ਸੁਧਾਰਾਂ ਵਾਲੇ ਇਲਾਕਿਆਂ ਤੇ ਕਿਸਾਨੀ ਲਹਿਰਾਂ ਸਬੰਧੀ ਮਿਸਾਲਾਂ ਦਈਏ ਤਾਂ ਪੈਪਸੂ ਇਲਾਕੇ ਅੰਦਰ ਚੱਲੀ ਮੁਜ਼ਾਰਾ ਲਹਿਰ ਇਕ ਖਾਸ ਅਸੀਮਤਾ ਰੱਖਦੀ ਹੈ।ਪੈਪਸੂ ਦੇ ਇਸ ਇਲਾਕੇ ਅੰਦਰ ਮੁਜ਼ਾਰਾ ਘੋਲਾਂ ਦੇ ਦਬਾਅ ਸਦਕਾ ਹੀ ਜਮੀਨੀ ਸੁਧਾਰ ਹੋਏ ਅਤੇ ਹਾਕਮਾਂ ਨੂੰ ਕਨੂੰਨੀ ਐਕਸ਼ਨ ਲੈਣ ਲਈ ਮਜਬੂਰ ਵੀ ਹੋਣਾ ਪਿਆ। ਪੈਪਸੂ ਮੁਜ਼ਾਰਾ ਲਹਿਰ ਦਾ ਇਕ ਇਨਕਲਾਬੀ ਵਿਰਸਾ ਅੱਜ ਵੀ ਕਿਸਾਨੀ ਅੰਦੋਲਨਾਂ ਲਈ ਇਕ ਮਾਰਗ-ਦਰਸ਼ਕ ਹੈ। ਪੈਪਸੂ-ਮੁਜ਼ਾਰਾਂ ਅੰਦੋਲਨ ਦੌਰਾਨ ਜਿਥੇ ਪ੍ਰਾਪਤੀਆਂ ਵੀ ਹੋਈਆਂ, ਕਈ ਤਰ੍ਹਾਂ ਦੇ ਸੱਜੇ-ਖੱਬੇ ਕੁਰਾਹੇ ਵੀ ਪੈਦਾ ਹੋਏ। ਪਰ ਇਸ ਦੇ ਬਾਵਜੂਦ ਵੀ ਹਾਕਮੀ ਜ਼ੁਲਮ ਤੇ ਜ਼ਬਰ ਲਹਿਰਾਂ ਨੂੰ ਦਬਾਅ ਨਹੀਂ ਸਕੇ ਅਤੇ ਲੋਕ ਆਪਣੇ ਪ੍ਰਾਪਤੀ ਵਾਲੇ ਨਿਸ਼ਾਨੇ ਵਲ ਅੱਗੇ ਵੱਧਦੇ ਰਹੇ। ਕਿਸਾਨ ਮੁਜਾਰਾਂ ਲਹਿਰਾਂ ਜਿਹੜੀਆਂ ਆਂਧਰਾ ਪ੍ਰਦੇਸ਼, ਬੰਗਾਲ, ਕੇਰਲਾ, ਬਿਹਾਰ, ਯੂ.ਪੀ., ਜੰਮੂ-ਕਸ਼ਮੀਰ ਆਦਿ ਸੂਬਿਆਂ ਅੰਦਰ ਪਨਪਦੀਆਂ ਰਹੀਆਂ ਤੇ ਵੱਡੀਆਂ ਹੋਈਆਂ। ਇਸ ਦੌਰ ਅੰਦਰ ਪਾਸ ਹੋਏ ਜ਼ਮੀਨੀ ਹਦਬੰਦੀ ਕਨੂੰਨਾਂ ਅਤੇ ਪੈਪਸੂ ਵਿੱਚ ਪਾਸ ਹੋਏ ਜ਼ਰਈ ਕਨੂੰਨਾਂ ਦਾ ਮੁਕਾਬਲਾ ਕਰਦਿਆਂ ਇਹ ਸਪਸ਼ਟ ਹੋ ਜਾਂਦਾ ਹੈ, ‘ਕਿ ਪੈਪਸ ਕਨੂੰਨ ਇਕ ਨਹੀਂ ਅਨੇਕ ਪੱਖਾਂ ਤੋਂ ਦੂਸਰੇ ਸੂਬਿਆਂ ਵਿੱਚ ਪਾਸ ਕੀਤੇ ਗਏ ਕਨੂੰਨਾਂ ਦੇ ਮੁਕਾਬਲੇ ਚੰਗੇਰਾ ਸੀ। ਇਹ ਚੰਗੇਰਾ ਵਖੇਵਾਂ ਪੈਪਸੂ ਮੁਜ਼ਾਰਿਆ ਦੀ ਲੰਬੀ ਵਿਸ਼ਾਲ ਲਹਿਰ ਦਾ ਹੀ ਸਿੱਟਾ ਸੀ। ਅੱਜ ਵੀ ਪੈਪਸੂ ਦੇ ਮੁਜ਼ਾਰਾ ਲਹਿਰ ਦਾ ਪਿਛੋਕੜ ਕਿਸਾਨ ਸੰਘਰਸ਼ਾਂ ਲਈ ਜਿਊਂਦਾ ਜਾਗਦਾ ਦਸਤਾਵੇਜ਼ ਹੈ।

1931 ਵਿੱਚ ਸ਼ਿਮਲਾ ਵਿਖੇ ਹੋਈ ਪਰਜਾ ਮੰਡਲ ਦੀ ਕਾਨਫਰੰਸ ਨੇ ਮੁਜ਼ਾਰਿਆ ਦੇ ਮੱਸਲਿਆ ਬਾਰੇ ਇਕ ਸਰਬ-ਪੱਖੀ ਮਤਾ ਅਪਣਾਇਆ, ਅਤੇ ਮੁਜ਼ਾਰਿਆ ਦੀਆਂ ਅੰਨ੍ਹੇਵਾਹ ਕੀਤੀਆਂ ਜਾ ਰਹੀਆਂ ਬੇ-ਦਖਲੀਆਂ ਦੀ ਕਰੜੀ ਨਿੰਦਾ ਕੀਤੀ। ਸਮੁੱਚੀ ਜ਼ਮੀਨੀ ਪੈਦਾਵਾਰ ਦੀ ਲੁੱਟਖੋਹ, ਕੋਰਟ ਵੱਲੋਂ ਕਨੂੰਨੀ ਫੈਸਲੇ, ਮੌਰੂਸੀ ਮੁਜ਼ਾਰਿਆਂ ਨੂੰ ਕੱਚੇ ਮੁਜ਼ਾਰਿਆ ਅਤੇ ਅਤੇ ਬੇ-ਦਖਲੀਆਂ ਦੇ ਹੁਕਮ ਇਹ ਹਰ ਪ੍ਰਕਾਰ ਦਾ ਜ਼ੁਲਮ ਦਬਾਅ ਮੁਜ਼ਾਰਿਆਂ ਨੂੰ ਆਪਣੀਆਂ ਮੰਗਾਂ ਅਤੇ ”ਠੱਪਾ-ਰਸਮ” ਵਿਰੁਧ ਘੋਲ ਜਾਰੀ ਰੱਖਣ ਤੋਂ ਰੋਕ ਨਹੀਂ ਸੱਕਿਆ। ਦਿੱਲੀ, ਲਾਹੌਰ, ਸ਼ਿਮਲਾ, ਅੰਮ੍ਰਿਤਸਰ ਮੁਜ਼ਾਰਿਆਂ ਦੀਆਂ ਸਰਗਰਮੀਆਂ ਦੇ ਮੁੱਖ ਕੇਂਦਰ ਬਣੇ ਰਹੇ। 1933-34 ਦੌਰਾਨ ਮਹਾਰਾਜਾ ਪਟਿਆਲਾ ਵੱਲੋਂ ਇਕ ਸ਼ਾਹੀ ਫੁਰਮਾਨ ਰਾਹੀਂ ਠੱਪਾ ਰਸਮ ਤਾਂ ਖਤਮ ਕਰ ਦਿੱਤੀ ਪਰ ਇਸ ਦੀ ਥਾ ”ਕਲਕੂਤ-ਰਸਮ” ਚਾਲੂ ਕਰ ਦਿੱਤੀ। ਇਕ ਕਮੇਟੀ ਵੀ ਬਣਾਈ ਗਈ ਪਰ ਇਸ ਦਾ ਮੁਜ਼ਾਰਿਆ ਨੂੰ ਕੋਈ ਫਾਇਦਾ ਨਾ ਹੋਇਆ। ਕਿਸਾਨ ਸੰਘਰਸ਼ ਤੇਜ਼ ਹੁੰਦਾ ਗਿਆ। ਪਰ ਲਹਿਰ ਖਿੰਡਰੀ-ਪੁੰਡਰੀ ਸੀ। 11-ਅਪ੍ਰੈਲ, 1936 ਨੂੰ ਲਖਨਊ ਵਿਖੇ ਕੁਲ ਹਿੰਦ ਕਿਸਾਨ ਸਭਾ ਅਤੇ 7-ਮਾਰਚ, 1937 ਨੂੰ ਬਰੈਡਲੇ ਹਾਲ ਲਾਹੌਰ ਵਿਖੇ ਪੰਜਾਬ ਕਿਸਾਨ ਸਭਾ ਦੀ ਨੀਂਹ ਧਰੀ ਗਈ। ਕਿਸਾਨ ਸਭਾ ਦੀ ਪਹਿਲ ਕਦਮੀ ਤੇ ਹੀ ਕਰਜ਼ੇ ਦੇ ਭਾਰ ਤੋਂ ਛੁਟਕਾਰਾ, ਜਮੀਨੀ ਮਾਲੀਆ ਅੰਗਰੇਜ਼ੀ ਪੰਜਾਬ ਬਰਾਬਰ ਤੇ ਲੋਕ ਭਲਾਈ ਸਰਕਾਰ ਦੀ ਸਥਾਪਨਾ, ਇਨ੍ਹਾਂ ਮੰਗਾਂ ਨੂੰ ਲੈਕੇ ਹੀ ਇਹ ਲਹਿਰ ਸ਼ੁਰੂ ਕੀਤੀ ਗਈ।
1942 ਤੋਂ 1945 ਤੱਕ ਦੂਸਰੇ ਸੰਸਾਰ ਜੰਗ ਦੌਰਾਨ ਕਿਸਾਨ ਸਭਾ ਤੇ ਮੁਜ਼ਾਰਾ ਐਕਸ਼ਨ ਕਮੇਟੀ ਵੱਲੋ ਲਗਾਤਾਰ ਫਾਸ਼ੀਵਾਦ ਵਿਰੁਧ ਮੁਹਿੰਮ ਚਾਲੂ ਰੱਖੀ। ਬਟਾਈ ਇਨਕਾਰ ਬੇ-ਦਖਲੀ ਸਬੰਧੀ ਜਮੀਨ ਉਪਰ ਕਬਜ਼ੇ ਕਰਨ ਲਈ ਗਠਿਤ 21-ਮੈਂਬਰੀ ਮੁਜ਼ਾਰਾ ਵਾਰ ਕੌਂਸਲ ਨੇ ਆਪਣੀ ਸਰਗਰਮੀ ਤੇਜ ਕਰ ਦਿੱਤੀ। ਜੰਗ ਦੇ ਮਗਰਲੇ ਦੌਰ ਵਿੱਚ ਬਿਸਵੇਦਾਰਾਂ ਦੀ ਗੁੰਡਾ-ਗਰਦੀ ਦਾ ਪਹਿਲਾ ਨਿਸ਼ਾਨਾ ਬਣਿਆ ਪਿੰਡ ਕਾਲ-ਬਨਚਾਰਾ। ਚਾਰ-ਮੁਜ਼ਾਰੇ ਗੋਲੀਆਂ ਦਾ ਨਿਸ਼ਾਨਾ ਬਣੇ ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਬਿਸਵੇਦਾਰਾਂ ਦੀ ਗੁੰਡਾ ਗਰਦੀ ਦੇ ਮੁਜ਼ਾਰੇ ਥਾਂ-ਥਾਂ ਸ਼ਿਕਾਰ ਬਣਦੇ ਗਏ। ਮੁਜ਼ਾਰਿਆ ਦਾ ਆਗੂ ਗੁਰਬਚਨ ਸਿੰਘ ਵੀ ਸ਼ਹੀਦ ਹੋ ਗਿਆ। ਕਈ ਹੋਰ ਪਿੰਡਾਂ ਅੰਦਰ ਵੀ ਮੁਜ਼ਾਰਿਆ ‘ਤੇ ਬਿਸਵੇਦਾਰਾਂ ਦੇ ਗੁੰਡਿਆ ਨੇ ਹਮਲੇ ਕੀਤੇ। ਮੁਜ਼ਾਰਾ ਘੋਲ ਨੂੰ ਦਬਾਉਣ ਲਈ ਰਾਜਾਸ਼ਾਹੀ ਦੀ ਫਸਟ ਰਾਜਿੰਦਰਾ ਲਾਨਸਰਜ਼ ਰੈਜਮੈਂਟ ਦੇ ਸਿਪਾਹੀਆਂ ਨੇ ਹੜਤਾਲ ਕਰ ਦਿੱਤੀ। ਇਹ ਸਾਰੇ ਸਿਪਾਹੀ ਵੱਖ-ਵੱਖ ਮੁਜ਼ਾਰਿਆ ਦੇ ਪਿੰਡਾਂ ‘ਚ ਖਿਲਰ ਗਏ। ਬਟਾਈ ਇਨਕਾਰ ਲਹਿਰ ਨੂੰ ਇਕ ਹੋਰ ਹੁਲਾਰਾ ਮਿਲਿਆ। ਮੁਜ਼ਾਰਾ ਅੰਦੋਲਨ ਅਤੇ ਸਿਪਾਹੀ ਹੜਤਾਲ ਕਾਰਨ 11-ਮਾਰਚ 1947 ਨੂੰ ਰਾਜੇ ਨੇ ਇਕ ਸ਼ਾਹੀ ਫੁਰਮਾਨ ਕਰ ਦਿੱਤਾ। ਕੱਚੇ ਮੁਜ਼ਾਰਿਆ ਨੂੰ ਇਸ ਫੁਰਮਾਨ ਅੰਦਰ ਕੋਈ ਹੱਕ ਨਹੀਂ ਮਿਲਿਆ। ਜ਼ਮੀਨ ਕਬਜੇ ਬਾਰੇ ਕੋਈ ਕਾਰਵਾਈ ਵੀ ਅਮਲ ਵਿੱਚ ਨਹੀਂ ਲਿਆਂਦੀ। ਬਟਾਈ ਬਕਾਏ ਚੁਕਾਉਣਾ ਮੁਕਾਉਣਾ ਅਸੰਭਵ ਸੀ। ਮਾਰਚ ਮਹੀਨੇ ਦੇ ਫੁਰਮਾਨ ਤੋਂ ਰਾਜਾਸ਼ਾਹੀ ਪਿਛੇ ਹਟੀ। ਇਹ ਬਿਸਵੇਦਾਰਾ ਤੇ ਗੁੰਡਿਆ ਦੀ ਹਾਰ ਸੀ। ਪਰ ਕਿਸਾਨ ਸਭਾ ਤੇ ਮੁਜ਼ਾਰਾ ਕੌਂਸਲ ਵੱਲੋਂ ਰਾਜਾਸ਼ਾਹੀ ਫੁਰਮਾਨ ਨੂੰ ਰੱਦ ਕਰਨਾ ਕਿ ਇਹ ਫੁਟ ਪਾਊ ਹੈ। 15-ਅਗਸਤ 1947 ਨੂੰ ਦੇਸ਼ ਦੀ ਵੰਡ ਹੋ ਗਈ। 15-ਜੁਲਾਈ 1948 ਨੂੰ ਪੈਪਸੂ ਹੋਂਦ ‘ਚ ਆ ਗਿਆ।
ਕਿਸ਼ਨਗੜ੍ਹ ਘਟਨਾ ਤੋਂ ਪਹਿਲਾਂ ਪੰਜਾਬ ਦੀਆਂ ਅੱਠ ਪੁਰਾਣੀਆਂ ਪੂਰਬੀ ਰਿਆਸਤਾਂ ਵਿੱਚੋਂ ਤਿੰਨ ਹਜ਼ਾਰ ਪਿੰਡਾਂ ਦਾ ਸਬੰਧ ਸਭ ਤੋਂ ਵੱਡੀ ਰਿਆਸਤ ਪਟਿਆਲਾ ਵਿੱਚ 1947 ਦੇ ਚੜ੍ਹਦੇ ਸਾਲ ਮੁਜ਼ਾਰੇ ਕਿਸਾਨਾਂ ਵੱਲੋਂ ਛੇੜੀ ਤੇ ਲੜੀ ਜਾ ਰਹੀ ਬਟਾਈ ਤੋਂ ਇਨਕਾਰ ਤੇ ਬਿਸਵੇਦਾਰਾਂ ਦੀਆਂ ਜਮੀਨਾਂ ਉਪਰ ਕਬਜੇ ਕਰਨ ਦੀ ਲਹਿਰ ਨੂੰ ਇਕ ਨਵਾ ਹੁੰਗਾਰਾ ਮਿਲਿਆ। ਮੁਜ਼ਾਰੇ ਕਿਸਾਨਾਂ ਦੀ ਜੱਥੇਬੰਦਕ ਸ਼ਕਤੀ ਅਤੇ ਏਕਤਾ ਤੋਂ ਘਬਰਾਅ ਕੇ ਬਿਸਵੇਦਾਰ ਪਿੰਡ ਛੱਡ ਕੇ ਬਰਨਾਲਾ, ਸੰਗਰੂਰ, ਬਠਿੰਡਾ, ਸੁਨਾਮ, ਨਾਭਾ ਅਤੇ ਪਟਿਆਲਾ ਆਦਿ ਸ਼ਹਿਰਾਂ ‘ਚ ਚਲੇ ਗਏ। ਬਿਸਵੇਦਾਰ ਰਾਜਾ ਨਿਰਪਾਲ ਸਿੰਘ ਭਦੌੜ ਦੀ ਅਗਵਾਈ ਹੇਠ ਬਣੀ ਜਿਮੀਂਦਾਰਾ ਸਭਾ ਰਾਹੀਂ ਉਨ੍ਹਾਂ ਵੱਲੋਂ ਮਹਾਰਾਜਾ ਪਟਿਆਲਾ ਨੂੰ ਵਾਰ ਵਾਰ ਪਹੁੰਚ ਕੀਤੀ ਕਿ ਕਿਸੇ ਤਰ੍ਹਾਂ ਹੀਲੇ-ਵਸੀਲੇ ਉਨ੍ਹਾਂ ਦੀ ਜ਼ਮੀਨ ਮੁਜ਼ਾਰਿਆ ਹੱਥੋ ਬਚਾਈ ਜਾਵੇ। ਮਹਾਰਾਜਾ ਨੇ ਜਮੀਨ ਬਿਸਵੇਦਾਰਾਂ ਦੇ ਹੱਥਾਂ ‘ਚ ਜਾਂਦੀ ਦੇਖ ਕੇ 11-ਮਾਰਚ, 1947 ਨੂੰ ਇਕ ਫੁਰਮਾਨ ਜਾਰੀ ਕਰਕੇ ਦਫਾ-5 ਰਾਹੀ ਮਾਰੂਸੀ ਮੁਜ਼ਾਰਿਆਂ ਵੱਲੋਂ ਤੀਜਾ ਹਿੱਸਾ ਬਿਸਵੇਦਾਰਾਂ ਨੂੰ ਦੇ ਕੇ ਬਾਕੀ ਜਮੀਨ ਮੁਜ਼ਾਰਿਆ ਨੂੰ ਦੇਣ ਤੇ ਮਾਲਕੀ ਦਾ ਐਲਾਨ ਕਰ ਦਿੱਤਾ। ਪਰ ਪੈਪਸੂ ਕਿਸਾਨ ਸਭਾ ਤੇ ਮੁਜ਼ਾਰਾ ਕਿਸਾਨ ਜੰਗੀ ਕੌਂਸਲ ਨੇ ਕਿਸਾਨ ਆਗੂ ਧਰਮ ਸਿੰਘ ਫੱਕਰ ਦੀ ਅਗਵਾਈ ਹੇਠ ਅਪ੍ਰੈਲ 1947 ਨੂੰ ਪਿੰਡ ਖੜਕ ਸਿੰਘ ਵਾਲਾ ਮੀਟਿੰਗ ਸੱਦ ਕੇ ਇਸ ਫੁਰਮਾਨ ਨੂੰ ਲੀਰੋ-ਲੀਰ ਕਰਨ ਦਾ ਫੈਸਲਾ ਲਿਆ। ਦੂਸਰੇ ਪਾਸੇ ਰਾਜਾਸ਼ਾਹੀ ਵੱਲੋਂ ”ਜਮੀਨ ਵੰਡ ਕਮਿਸ਼ਨ” ਕਾਇਮ ਕਰਕੇ ਪੁਲੀਸ ਤੇ ਮਾਲ ਮਹਿਕਮੇ ਰਾਹੀਂ ਤੀਜੇ ਹਿੱਸੇ ਦੀ ਜਮੀਨ ਦੀ ਨਿਸ਼ਾਨਦੇਹੀ ਕਰਨੀ ਸ਼ੁਰੂ ਕਰ ਦਿੱਤੀ। ਕਮਿਸ਼ਨ ਵਿਰੁੱਧ ਪਿੰਡ ਜਵਾਹਰ ਵਾਲਾ (ਗੋਬਿੰਦਪੁਰਾ) ਵਿਖੇ ਸਾਥੀ ਤੇਜਾ ਸਿੰਘ ਸਤੰਤਰ ਦੀ ਅਗਵਾਈ ਅਧੀਨ ਮੁਜ਼ਾਰਿਆ ਦੀ ਜਮੀਨ ਦਾ ਕਬਜ਼ਾ ਕਾਇਮ ਰੱਖਣ ਅਤੇ ਇਕ ਦੂਸਰੇ ਦੀ ਮਦਦ ਕਰਨੀ। ਬਿਸਵੇਦਾਰਾਂ ਤੇ ਉਹਨਾਂ ਦੇ ਗੁੰਡਿਆ ਦਾ ਆਪਣੀ ਜਮੀਨ ਅੰਦਰ ਆਉਣ ਤੇ ਮੁਕਾਬਲਾ, ਸਰਕਾਰੀ ਮਸ਼ੀਨਰੀ ਤੇ ਪੁਲੀਸ ਨਾਲ ਟਕਰਾਅ ਤੋਂ ਬੱਚਣਾ, ਹਮਲੇ ਦਾ ਪਹਿਲਾ ਟਾਕਰਾ ਤੇ ਫੌਰੀ ਤੌਰ ਬਚਾਅ ਕਰਨਾ, ਫੈਸਲੇ ਕੀਤੇ ਗਏ।

ਭਾਰਤ ਸਰਕਾਰ ਨੇ 15-ਜੁਲਾਈ, 1948 ਨੂੰ ਪੂਰਬੀ ਪੰਜਾਬ ਦੀਆਂ 8-ਰਿਆਸਤਾਂ ਦਾ ਰਾਜਸੀ ਏਕੀਕਰਨ ਕਰਕੇ ਪੈਪਸੂ ਦੀ ਸਥਾਪਨਾ ਕੀਤੀ ਤੇ 22-ਅਗਸਤ 1948 ਨੂੰ ਇਕ ਆਰਜੀ ਸਰਕਾਰ ਜਿਸ ਦਾ ਗਿਆਨ ਸਿੰਘ ਰਾੜੇਵਾਲਾ ਨੂੰ ਮੁੱਖਮੰਤਰੀ ਨਾਮਜਦ ਕੀਤਾ ਗਿਆ। ਜੋ ਮਹਾਰਾਜੇ ਦਾ ਨਜ਼ਦੀਕੀ ਸੀ। ਇਸ ਵਜਾਰਤ ਦੀ ਪਰਜਾ-ਮੰਡਲੀਏ-ਕਾਂਗਰਸੀਆਂ ਨੇ ਤਾਂ ਵਿਰੋਧਤਾ ਕਰਨੀ ਹੀ ਸੀ। ਸਗੋਂ ਅਕਾਲੀ ਪਾਰਟੀ ਵੀ ਇਸ ਵਿਰੁਧ ਸੀ। ਕਿਉਂਕਿ ਇਨ੍ਹਾਂ ਨੂੰ ਪੂਰੀ ਨੁਮਾਇੰਦਗੀ ਨਹੀਂ ਮਿਲੀ। ਜਿਸ ਕਰਕੇ ਮੁਜ਼ਾਰਾ ਲਹਿਰ ਨੂੰ ਹੋਰ ਬੱਲ ਮਿਲਿਆ। ਮੁੱਖ ਮੰਤਰੀ ਨੇ ਵੀ ਕੋਈ ਘੱਟ ਨਹੀਂ ਕੀਤੀ। ਆਪਣੇ ਨਜ਼ਦੀਕੀ ਆਹਿਲਕਾਰ, ਪੁਲਿਸ ਅਫਸਰ ਤੇ ਮਾਲ ਵਾਲੇ ਉਹ ਨਿਯੁਕਤ ਕੀਤੇ ਜਿਹੜੇ ਜਾਗੀਰਦਾਰਾਂ ਪੱਖੀ ਸਨ। ਬਠਿੰਡਾ ਦਾ ਮੁੱਖ-ਦਫਤਰ ਫਰੀਦਕੋਟ ਬਣਾ ਕੇ ਪੁਲੀਸ ਕਪਤਾਨ ਸ:ਸਿਆਸਤ ਸਿੰਘ ਜੋ ਪਿੰਡ ਕਿਸ਼ਨਗੜ੍ਹ (ਸੇਢਾ ਸਿੰਘ ਵਾਲਾ) ਦਾ ਸੀ ਨਿਯੁਕਤ ਕੀਤਾ ਗਿਆ। ਬਾਕੀ ਜ਼ਿਲ੍ਹੇ ਦੇ ਅਮਨ-ਕਨੂੰਨ ਨੂੰ ਕਾਇਮ ਕਰਨ ਦੀ ਥਾਂ ਆਪਣੇ ਪਿੰਡ ਦੇ ਮੁਜ਼ਾਰੇ ਕਿਸਾਨਾਂ ਨੂੰ ਸ਼ਾਹੀ ਫੁਰਮਾਨ ਰਾਹੀਂ ਉਨ੍ਹਾਂ ਦੇ ਕਬਜ਼ੇ ਹੇਠ ਜ਼ਮੀਨ ਨੂੰ ਡੰਡੇ ਦੇ ਦਬਾਅ ਅਧੀਨ ਆਪਣੇ ਕਬਜ਼ੇ ਵਿੱਚ ਕਰਨ ਲਈ ਕਦਮ ਪੁਟਿਆ ਗਿਆ। ਇਸ ਤੋਂ ਪਹਿਲੇ ਫੁਰਮਾਨ 1947 ਦੇ ਜਾਰੀ ਹੋਣ ਕਾਰਨ ਮੁਜ਼ਾਰੇ ਕਿਸਾਨਾਂ ਅਤੇ ਬਿਸਵੇਦਾਰਾਂ ਵਿਚਕਾਰ ਕਈ ਵਾਰ ਕਬਜਿਆ ਲਈ ਟਕਰਾਅ ਹੋ ਚੁੱਕੇ ਸਨ। ਰਾਜਾ ਨਿਰਪਾਲ ਸਿੰਘ ਭਦੌੜ (ਸੰਗਰੂਰ) ਨੇ ਅਪ੍ਰੈਲ 1947 ਵੇਲੇ ਮੁਜ਼ਾਰਿਆ ਉਪਰ ਗੁੰਡਿਆ ਰਾਹੀਂ ਹਮਲੇ ਕਰਵਾਅ ਕੇ ਚਾਰ-ਹਜ਼ਾਰ ਰੁਪਏ ਜਬਰਦਸਤੀ ਖੋਹ ਲਏ ਸਨ, ਖੱਤਰੀ ਵਾਲਾ (ਪਟਿਆਲਾ) ਦੇ ਮੁਜਾਰਿਆਂ ਦੇ ਲਾਂਗੇ ਨੂੰ ਅੱਗ ਲਾ ਦਿੱਤੀ ਤੇ ਦੋ ਕਿਸਾਨ ਜ਼ਖਮੀ ਕਰ ਦਿੱਤੇ ਅਤੇ 11-ਅਪ੍ਰੈਲ 1947 ਨੂੰ ਕਾਲ ਬੰਜਾਰਾ (ਸੰਗਰੂਰ) ਦੇ ਬਿਸਵੇਦਾਰ ਈਸ਼ਰ ਸਿੰਘ ਨੇ 25-ਗੁੰਡਿਆ ਦੀ ਮਦਦ ਨਾਲ ਪੰਜ ਕਿਸਾਨ-ਮੁਜਾਰੇ ਮਾਰ ਦਿੱਤੇ ਅਤੇ 7 ਨੂੰ ਜ਼ਖਮੀ ਕਰ ਦਿੱਤਾ ਸੀ। ਪਿੰਡ ਨਾਈਵਾਲਾ (ਬਠਿੰਡਾ) ਦੇ 40-ਮੁਜਾਰਿਆ ਨੂੰ ਪਬਲਿਕ ਸੇਫਤੀ ਆਰਡੀਨੈੱਸ ਅਧੀਨ ਗ੍ਰਿਫਤਾਰ ਕਰਾ ਦਿੱਤਾ। 3-ਜੂਨ, 1947 ਨੂੰ ਰਾਮਨਗਰ (ਕਸਾਈ ਵਾਲਾ) ਦੇ ਬਿਸਵੇਦਾਰ ਨੇ 15-ਗੁੰਡਿਆ ਰਾਹੀਂ ਹਮਲਾ ਕਰਕੇ ਦੋ-ਮੁਜ਼ਾਰਿਆ ਨੂੰ ਗੋਲੀ ਮਾਰ ਕੇ ਅਤੇ ਦੋ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਸੀ। ਸਾਉਣੀਂ 1947 ਤੱਕ ਅਨੂਪਗੜ੍ਹ, ਮੂਲਾ ਸਿੰਘ ਵਾਲਾ, ਗੁੜਥੜੀ, ਬਖਸ਼ੀਵਾਲਾ, ਕਟਾਰ ਸਿੰਘ ਵਾਲਾ,, ਬਾਜੇਵਾਲਾ (ਬਠਿੰਡਾ), ਟੋਕਦੁੱਨਾ, ਧਰਮਗੜ੍ਹ (ਸੰਗਰੂਰ) ਵਿਖੇ ਸ਼ਾਹੀ ਫੁਰਮਾਨ ਨੂੰ ਲਾਗੂ ਕਰਕੇ ਮੁਜ਼ਾਰਿਆ ਤੇ ਹਮਲੇ ਸੇਧੇ ਗਏ। ਮੁਨਸ਼ੀਵਾਲਾ (ਪਟਿਆਲਾ) ਵਿਖੇ ਦੋ ਮੁਜ਼ਾਰੇ ਕਿਸਾਨ ਬੇਰਹਿਮੀ ਨਾਲ ਮਾਰ ਦਿੱਤੇ ਗਏ। ਫੁਰਮਾਨ ਦੇ ਲਾਗੂ ਹੋਣ ਦੇ ਤਿੰਨ-ਮਹੀਨਿਆ ਅੰਦਰ ਅੰਦਰ 15-ਕਿਸਾਨ ਮਾਰੇ ਗਏ ਅਤੇ 40-ਕਿਸਾਨ ਜ਼ਖਮੀ ਹੋਏ। ਸਤ-ਇਕਵੰਜਾ ਅਧੀਨ 1000 ਤੋਂ ਵੱਧ ਮੁਜ਼ਾਰੇ ਕਿਸਾਨ ਗ੍ਰਿਫਤਾਰ ਮੀਤੇ ਗਏ। ਪਰ ਨਾ ਕਿਸੇ ਬਿਸਵੇਦਾਰ ਜਾਂ ਉਸ ਦੇ ਗੁੰਡੇ ਤੇ ਕੋਈ ਕੇਸ ਦਰਜ ਹੋਇਆ ਜਾਂ ਸਜ਼ਾਅ ਦਿੱਤੀ ਗਈ। ਇਹ ਰਾਜਾ ਸ਼ਾਹੀ ਦੀ ਬਰਬਰਤਾ ਦੀ ਇਕ ਛੋਟੀ ਜਿਹੀ ਮਿਸਾਲ ਹੈ। ਕਿਸਾਨਾਂ ਦਾ ਗੁੱਸਾ ਵੱਧਦਾ ਗਿਆ।
ਮਾਲ ਅਤੇ ਪੁਲੀਸ ਦੀ ਮਦਦ ਨਾਲ ਜਮੀਨ ਵੰਡ ਕਮਿਸ਼ਨ ਅਨੇਕਾਂ ਪਿੰਡਾਂ ਅੰਦਰ ਜ਼ਬਰੀ ਨਿਸ਼ਾਨਦੇਹੀ ਤੇ ਜਮੀਨ ਦੀ ਫੰਡ ਲਈ ਜਦੋਂ ਵੀ ਜਾਂਦਾ ਲਾਮਬੰਦ ਮੁਜ਼ਾਰੇ-ਕਿਸਾਨ ਉਨ੍ਹਾਂ ਦਾ ਘਿਰਾਓ ਕਰਕੇ ਨਾਹਰੇ ਮਾਰਦੇ। ”ਚਾਲੂ ਰਹੇ ਮੁਜ਼ਾਰਿਆ ਦੀ ਲੜਾਈ, ਨਾ ਖੁਡ ਜਮੀਨ, ਨਾ ਦਾਣਾ ਬਟਾਈ”! ਮੁਜਾਰਿਆਂ ਦੀ ਏਕਤਾ ਅਤੇ ਜੱਥੇਬੰਦੀ ਸਾਹਮਣੇ ਕਮਿਸ਼ਨ ਵਾਲੇ ਪਿੰਡ ਛੱਡਕੇ ਭੱਜ ਜਾਂਦੇ। ”ਮੁਜ਼ਾਰਾ ਕਿਸਾਨ ਜੰਗੀ ਕੌਂਸਲ” ਦੀ ਰਿਪੋਰਟ ਅਨੁਸਾਰ 784 ਪਿੰਡਾਂ ਵਿੱਚੋਂ 228 ਪਿੰਡਾਂ ਦੇ ਕਿਸਾਨ ਬਟਾਈ ਮੁਕਰਨ ਲਹਿਰ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲੈ ਰਹੇ ਸਨ। ਇਸੇ ਦੋਰਾਨ 32-ਹਜ਼ਾਰ, 650 ਵਿਘੇ ਜਮੀਨ ‘ਤੇ ਕਿਸਾਨਾਂ-ਮੁਜ਼ਾਰਿਆਂ ਨੇ ਜੱਥੇਬੰਦਕ ਲਾਠੀਆਂ, ਬਰਛਿਆ ਅਤੇ ਗੰਡਾਸਿਆ ਨਾਲ ਲੈੱਸ ਹੋ ਕੇ ਜਮੀਨ ਤੇ ਕਬਜੇ ਕੀਤੇ। ਇਸ ਸਾਰੀ ਲਹਿਰ ਅੰਦਰ ਗਿਆਨ ਬਚਨ ਸਿੰਘ ਬਖਸ਼ੀਵਾਲਾ, ਸਰਵਸਾਥੀ ਧਰਮ ਸਿੰਘ ਫੱਕਰ, ਤੇਜਾ ਸਿੰਘ ਸਤੰਤਰ, ਜਾਗੀਰ ਸਿੰਘ ਜੋਗਾ ਤੇ ਹੋਰ ਅਨੇਕਾ ਆਗੂ, ਵਲੰਟੀਅਰ, ਕਿਸਾਨ, ਇਸਤਰੀਆਂ, ਕਿਸਾਨ ਸਭਾ, ਮੁਜ਼ਾਰਾ ਕਿਸਾਨ ਜੰਗੀ ਕੌਂਸਲ ਦੇ ਆਗੂ ਸ਼ਾਮਲ ਸਨ।
ਕਿਸ਼ਨਗੜ੍ਹ ਦੀ ਘਟਨਾ – ਪਿੰਡ ਕਿਸ਼ਨਗੜ੍ਹ ਦੇ ਦੋ ਬਿਸਵੇਦਾਰ ਭਗਵਾਨ ਸਿੰਘ ਤੇ ਸਿਆਸਤ ਸਿੰਘ ਜੋ ਪੁਲੀਸ ਕਪਤਾਨ ਸੀ, ਸੰਨ 1947, 1-ਮਾਰਚ, ਦੇ ਸ਼ਾਹੀ ਫੁਰਮਾਨ ਬਾਅਦ ਅਕਤੂਬਰ, 1948 ਨੂੰ ਸਿਆਸਤ ਸਿੰਘ ਨੇ ਆਪਣਾਾ ਅਸਰ ਰਸੂਖ ਵਰਤ ਕੇ ਪਿੰਡ ਦੀ ਜ਼ਮੀਨ ਦੀ ਵੰਡ ਕਰਨ ਲਈ ਮਾਲ-ਮਹਿਕਮੇ ਤੇ ਪੁਲੀਸ ਰਾਹੀਂ ਕਾਰਵਾਈ ਸ਼ੁਰੂ ਕਰਾ ਦਿੱਤੀ। ਸਟਾਫ ਅੱਜੇ ਬਰੇਟਾ ਕਸਬੇ ਵਿੱਚ ਹੀ ਸੀ ਜਦੋਂ ਉਨ੍ਹਾਂ ਦਾ ਪਿੰਡ ਦੇ ਕਿਸਾਨ ਮੁਜਾਰਿਆਂ ਨੂੰ ਆਉਣ ਦਾ ਪਤਾ ਲੱਗਣ ਤੇ ਉਹ ਰਾਹ ਤੇ ਇਕੱਠੇ ਹੋ ਗਏ। ਸਟਾਫ ਨੂੰ ਆਉਂਦੇ ਦੇਖ ਕੇ ਮੁਜ਼ਾਰਿਆ ਨੇ ਅਕਾਸ਼ ਗੂੰਜ ਦੇ ਨਾਹਰੇ ਬੁਲੰਦ ਕਰ ਦਿੱਤੇ। ” ਚਾਲੂ ਰਹੇ ਮੁਜ਼ਾਰਿਆ ਲੜਾਈ, ਨਾ ਖੁੱਡ ਜ਼ਮੀਨ ਨਾ ਦਾਣਾ ਬਟਾਈ।” ”ਬਿਸਵੇਦਾਰੀ ਬਿਨ੍ਹਾਂ ਮੁਆਵਜ਼ਾ ਖਤਮ ਕਰੋ।” ਮੁਜ਼ਾਰਿਆ ਦਾ ਇਕੱਠ ਤੇ ਜੋਸ਼ ਨੂੰ ਜੋ ਪੂਰੀ ਤਰ੍ਹਾਂ ਲੈੱਸ ਸਨ, ਨੂੰ ਦੇਖ ਸਟਾਫ ਦੀ ਅੱਗੇ ਵੱਧਣ ਦੀ ਹਿੰਮਤ ਨਾ ਪਈ, ਉਹ ਉਥੋਂ ਹੀ ਬਰੇਟਾ ਮੁੜ ਗਏ। ਸਟਾਫ ਦੀ ਅਸਫਲਤਾ ਦੀ ਰਿਪੋਰਟ ਸੁਣ ਕੇ ਬਿਸਵੇਦਾਰ ਪੁਲਿਸ ਅਫਸਰ ਬਹੁਤ ਬੌਖ਼ਲਾਅ ਗਿਆ। ਕਨੂੰਨ ਆਪਣੇ ਹੱਥ ਲੈ ਕੇ, ਕਿਰਾਏ ਉਪਰ ਭਗੌੜੇ ਤੇ ਗੁੰਡੇ ਇਕੱਠੇ ਕੀਤੇ। ਦਸੰਬਰ-1948 ਦੇ ਅੰਤਲੇ ਹਫਤੇ ਇਨ੍ਹਾਂ ਸਾਰੇ ਗੈਰ-ਸਮਾਜੀ ਅੰਸ਼ਾਂ ਨੂੰ ਇਕੱਠੇ ਕਰਕੇ, ਸ਼ਰਾਬੀ ਬਣਾਕੇ ਪਿੰਡ ਕਿਸ਼ਨਗੜ੍ਹ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਪੂਰੀ ਪੁਲੀਸ ਫੋਰਸ ਨਾਲ ਦੇ ਕੇ ਰੇਡ ਕਰਾ ਦਿੱਤੀ। ਗੁੰਡੇ ਅਤੇ ਪੁਲੀਸ ਫੋਰਸ ”ਪਿੰਡ ਕਿਸ਼ਨਗੜ੍ਹ” ਜਾਣ ਦੀ ਥਾਂ ਸਿੱਧੇ ਖੇਤਾਂ ਵਿੱਚ ਵੜ ਗਏ। ਖੇਤਾਂ ਵਿੱਚ ਹੀ ਕੈਂਪ ਲਾ ਕੇ ਨਹਿਰੀ ਪਾਣੀ ਰਾਹੀਂ ਕਣਕ ਦੀ ਸਿੰਚਾਈ ਸ਼ੁਰੂ ਕਰ ਦਿੱਤੀ। ਜਿਹੜੀ ਫਸਲ ਮੁਜ਼ਾਰਿਆ ਨੇ ਬੀਜੀ ਹੋਈ ਸੀ। ਬਿਸਵੇਦਾਰਾ ਦੀ ਗੁੰਡਾ ਕਾਰਵਾਈ ਸਬੰਧੀ ਸੂਚਨਾ ਸਾਥੀ ਧਰਮ ਸਿੰਘ ਫੱਕਰ, ਗਿਆਨੀ ਬਚਨ ਸਿੰਘ ਬਖਸ਼ੀ ਵਾਲਾ ਤੇ ਛੱਜੂ ਮੱਲ ਵੈਦ ਨਾਲ ਸਾਂਝੀ ਕਰਕੇ ਬਾਕੀ ਮੁਜ਼ਾਰੇ ਪਿੰਡਾਂ ਅੰਦਰ ਸੁਨੇਹੇ ਭੇਜ ਕੇ ਪਿੰਡ ਕਿਸ਼ਨਗੜ੍ਹ ਪੁਜਣ ਲਈ ਕਿਹਾ ਗਿਆ।

ਦੋ ਦਿਨਾਂ ਅੰਦਰ 5-ਹਜ਼ਾਰ ਤੋਂ ਵੱਧ ਸਿਰਲੱਥੇ ਕਿਸਾਨ-ਮੁਜਾਰੇ ਪੂਰੀ ਤਰ੍ਹਾਂ ਰਿਵਾਇਤੀ ਹਥਿਆਰਾਂ ਨਾਲ ਲੈੱਸ ਹੋ ਕੇ ਖੇਤਾਂ ‘ਚ ਜਿਥੇ ਗੁੰਡਿਆ ਨੇ ਕੈਂਪ ਲਾਏ ਹੋਏ ਸਨ, ਜਿਹੜੇ ਆਪਣੇ ਹਥਿਆਰ ਨੂੰ ਠੀਕ ਠਾਕ ਕਰ ਰਹੇ ਸਨ ਨੂੰ ਘੇਰਣਾ ਸ਼ੁਰੂ ਕਰ ਦਿੱਤਾ। ਇਕ ਪਾਸੇ ਹੱਕ ਲਈ ਲੜਨ ਵਾਲੇ ਮੁਜ਼ਾਰੇ ਤੇ ਦੂਸਰੇ ਪਾਸੇ ਭਾੜੇ ਦੇ ਟੱਟੂਆਂ ਵਿਚਕਾਰ ਗੋਲੀ-ਬਾਰੀ ਸ਼ੁਰੂ ਹੋਈ ਤਾਂ ਤਿੰਨ ਪਾਸਿਆ ਤੋਂ ਹਜੂਮ ਨੇ ਗੁੰਡਿਆ ਨੂੰ ਘੇਰਾ ਪਾ ਲਿਆ। ਚੌਥੇ ਪਾਸੇ 100 ਕਿਲੇ ਕਮਾਦ ਦੀ ਫਸਲ ਖੜੀ ਸੀ। ਗੁੰਡੇ ਆਪਣੇ ਹਥਿਆਰ ਅਤੇ ਕਮਾਨ ਛੱਡ ਕੇ ਕਮਾਦ ਵਿੱਚ ਵੜ੍ਹ ਗਏ। ਲੋਕ ਕਮਾਦ ਨੂੰ ਅੱਗ ਲਾਉਣਾ ਚਾਹੁੰਦੇ ਸਨ। ਪਰ ਸਾਥੀ ਬਖਸ਼ੀਵਾਲਾ, ਫੱਕਰ ਅਤੇ ਵੈਦ ਦੀ ਅਪੀਲ ਤੇ ਕਮਾਦ ਪੀੜ ਕੇ ਗੁੜ ਬਣਾਇਆ ਜਾਵੇ, ਘਿਰਾਓ ਜਾਰੀ ਰੱਖਿਆ ਜਾਵੇ। 84-ਕਿਲੇ ਕਮਾਦ ਪੀੜ ਕੇ ਗੁੜ ਮੁਜ਼ਾਰਿਆ ਦੇ ਘਰੋ-ਘਰੀ ਪਹੁੰਚਾਇਆ ਗਿਆ। 5000 ਤੋਂ ਵੱਧ ਕਿਸਾਨ-ਮੁਜ਼ਾਰੇ ਕਿਸ਼ਨਗੜ੍ਹ ਪਿੰਡ ਚਾਰ ਦਿਨ ਰਹੇ, ਪਿੰਡ ਵਾਸੀਆਂ ਨੇ ਹੀ ਰੋਟੀ ਪਾਣੀ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ। ਸਾਰੇ ਵਲੰਟੀਅਰਾਂ ਨੇ ਮਿਲ ਕੇ, ਇਕ ਅਦੁੱਤੀ ਆਪਸੀ ਸਹਿਯੋਗ ਅਤੇ ਕਮਿਊਨ ਵਜੋਂ ਮੋਰਚੇ ਦਾ ਪਹਿਲਾ ਪੜਾਅ ਸਰ ਕੀਤਾ। ਆਲੇ ਦੁਆਲੇ ਬਿਸਵੇਦਾਰਾ ਦੇ ਵੀ ਕੰਨ ਹੋ ਗਏ। ਕਿਸਾਨਾਂ ਅੰਦਰ ਦਲੇਰੀ, ਆਪਾ ਵਿਸ਼ਵਾਸ਼ ਅਤੇ ਕੁਰਬਾਨੀ ਦਾ ਹੜ੍ਹ ਪੈਦਾ ਹੋ ਗਿਆ। ਬਿਸਵੇਦਾਰ ਤੇ ਪੁਲੀਸ ਵੀ ਹਰਕਤ ‘ਚ ਆ ਗਈ। 15-ਮਾਰਚ 1949 ਨੂੰ ਏ.ਐਸ.ਪੀ. ਰਾਜਿੰਦਰ ਸਿੰਘ ਦੀ ਕਮਾਂਡ ਹੇਠ 100 ਪੁਲੀਸ ਅਫਸਰ ਤੇ ਸਿਪਾਹੀਆਂ ਨੂੰ ਕਿਸ਼ਨਗੜ੍ਹ ਪਹੁੰਚਣ ਦੇ ਹੁਕਮ ਦੇ ਦਿੱਤੇ। ਪੁਲੀਸ ਪਾਰਟੀ ਦਾ ਇੰਚਾਰਜ ਇੰਸਪੈਕਟਰ ਗੁਰਬਚਨ ਸਿੰਘ ਟਿਵਾਣਾ ਸੀ ਜੋ ਪਹਿਲਾ ਹੀ ਸਿਆਸਤ ਸਿੰਘ ਦੇ ਵਿਰੁੱਧ ਸੀ, ਉਸ ਨੇ ਤੁਰਨ ਤੋਂ ਪਹਿਲਾ ਮਾਨਸਾ ਦੇ ਦੇਸਰਾਜ ਵਕੀਲ ਪਰਜਾ-ਮੰਡਲੀਏ ਨੂੰ ਦੱਸ ਦਿੱਤਾ। ਅੱਗੋ ਉਸ ਨੇ ਕਿਸ਼ਨਗੜ੍ਹ ਦੇ ਬਾਬਾ ਚਿਰਾਗ ਸਿੰਘ ਧਾਲੀਵਾਲ ਨੂੰ ਦੱਸ ਦਿੱਤਾ ਜਿਸ ਨੇ ਧਰਮ ਸਿੰਘ ਫੱਕਰ ਪਾਸ ਗੱਲ ਪੁੱਜਾ ਦਿੱਤੀ।
ਪੁਲੀਸ ਐਕਸ਼ਨ ਸਬੰਧੀ ਸਾਰੀ ਸੂਚਨਾ ਜੋ ”ਫੱਕਰ” ਪਾਸ, ਬਰੇਟਾ ਤੋਂ ਪੰਡਤ ਬਾਲ ਮੁਕੰਦ, ਕਪੂਰ ਚੰਦ ਬਹਾਦਰਪੁਰੀ, ਹੇਮ ਰਾਜ ਜੈਨ ਮੂਨਕ ਤੇ ਮਹਿੰਦਰ ਸਿੰਘ ਸੇਖੋਂ ਆਦਿ ਰਾਹੀਂ ਮਿਲੀ, ਕਿਸਾਨ-ਮੁਜ਼ਾਰੇ, ਪਾਰਟੀ ਵਰਕਰਜ਼ ਅਤੇ ਹਥਿਆਰਬੰਦ ਵਲੰਟੀਅਰਜ਼ ਨੂੰ ਅਗਾਹ ਕਰਕੇ ਪੁਲਿਸ ਦੇ ਆਉਣ ਵਾਲੇ ਰਸਤਿਆ ਤੇ ਨਾਕੇ ਲਾ ਦਿੱਤੇ। ਬਰੇਟਾ ਸਟੇਸ਼ਨ ਤੋਂ ਅੱਧੀ ਰਾਤੇ ਪੁਲੀਸ ਘੋੜ-ਸਵਾਰਾ ਨੂੰ ਅੱਗੇ ਲਾ ਕੇ 16-ਮਾਰਚ, 1949 ਨੂੰ ਤੜਕੇ ਕਿਸ਼ਨਗੜ੍ਹ ਦੀ ਜੂਹ ਪੁਜਣ ‘ਤੇ ਵਲੰਟੀਅਰਜ਼ ਤੇ ਪੁਲੀਸ ਵਿਚਕਾਰ ਚੱਲੀ ਗੋਲੀ ਕਾਰਨ ਕਈ ਘੋੜੇ ਜ਼ਖਮੀ ਹੋ ਗਏ ਤੇ ਸਬ-ਇੰਸਪੈਕਟਰ ਪ੍ਰਦੁਮਣ ਸਿੰਘ ਡਿਗ ਕੇ ਮਰ ਗਿਆ ਤੇ ਇਕ ਪੁਲੀਸ ਵਾਲਾ ਜ਼ਖਮੀ ਹੋ ਗਿਆ। ਪੁਲਿਸ ਘਬਰਾਅ ਗਈ ਤੇ ਮੁੜਕੇ ਪੁਠੇ ਪੈਰੀ ਨੱਠ ਗਈ। ਬਰੇਟਾ ਪੁਜ ਕੇ ਬਿਸਵੇਦਾਰ ਪੁਲਿਸ ਕਪਤਾਨ ਨੇ ਆਪਣੇ ਮੁਖਤਾਰ ਰਾਹੀ 36-ਮੁਜ਼ਾਰਿਆ ਸਮੇਤ ਆਗੂਆਂ, ਆਈ.ਪੀ.ਸੀ. ਦੀ ਧਾਰਾ 302/395/365/307/148/149-120-ਬੀ, 19 ਅਸਲਾ ਐਕਟ ਤੇ ਚਾਰ-ਵਿਸਫੋਟਕ ਐਕਟ ਅਧੀਨ 1-6 ਚੰਨਣ ਸਿੰਘ ਤੇ 5-ਹੋਰ ਪਿੰਡ ਕਿਸ਼ਨਗੜ੍ਹ, 7-30 ਮਹਿੰਦਰ ਸਿੰਘ ਸੇਖੋਂ, 31-ਧਰਮ ਸਿੰਘ ਫੱਕਰ ਦਲੇਲ ਸਿੰਘ ਵਾਲਾ, 32-ਹਾਕਮ ਸਿੰਘ ਬਖਸ਼ੀ ਵਾਲਾ, 33-ਅਮਰ ਸਿੰਘ ਚਕੇਰੀਆ, 34-ਹਰਨਾਮ ਸਿੰਘ ਧਰਮਗੜ੍ਹ, 35-ਬਚਨ ਸਿੰਘ ਬਖਸ਼ੀਵਾਲਾ, 36-ਘੁੰਮਣ ਸਿੰਘ ਉਗਰਾਹਾਂ ਵਿਰੁਧ ਕੇਸ ਦਰਜ ਕਰਕੇ ਡਿਪਟੀ ਕਮਿਸ਼ਨਰ ਨੇ ਪਿੰਡ ਨੂੰ ਘੇਰਾ ਪਾ ਕੇ ਰੂ-ਪੋਸ਼ਾਂ ਨੂੰ ਗ੍ਰਿਫਤਾਰ ਕਰਨ ਲਈ ਇਕ ਸੌ ਪੁਲੀਸ ਤੇ ਹੋਰ ਫੋਰਸ ਚਾੜ੍ਹ ਦਿੱਤੀ। ਪੰਚਾਇਤ ਤੇ ਲੋਕਾਂ ਦੀ ਕੋਈ ਫਰਿਆਦ ਨਹੀਂ ਸੁਣੀ ਗਈ। ਸਗੋਂ ਐਸ.ਪੀ. ਸਿਆਸਤ ਸਿੰਘ ਤੇ ਡੀ.ਸੀ. ਬਲਦੇਵ ਸਿੰਘ ਆਹਲੂਵਾਲੀਆ ਵੱਲ਼ੋ ਹੋਮ ਸੈਕਟਰੀ ਪੈਪਸੂ ਤੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਨੂੰ ਇਕ ਬੇਨਤੀ ਰਾਹੀਂ ਲੋਕਾਂ ਨੂੰ ਸਬਕ ਸਿਖਾਉਣ ਲਈ ਫੌਜ ਭੇਜਣ ਦਾ ਹੁਕਮ ਵੀ ਦੇ ਦਿੱਤਾ।
ਅੱਧੀ ਰਾਤ ਤੱਕ ਮੁਕਾਬਲੇ ‘ਚ ਗੋਲੀ ਬਾਰੀ ਹੁੰਦੀ ਰਹੀ। ਵਲੰਟੀਅਰਜ਼ ਦਾ ਗੋਲੀ ਸਿੱਕਾ ਖਤਮ ਹੋਣ ਤੇ ਧਰਮ ਸਿੰਘ ਤੇ ਬਚਨ ਸਿੰਘ ਬਖਸ਼ੀਵਲਾ ਨੂੰ ਗੋਲੀ ਸਿੱਕੇ ਦਾ ਪ੍ਰਬੰਧ ਕਰਨ ਲਈ ਚਿੱਠੀ ਲਿਖੀ। ਜੋ ਪੁਲੀਸ ਛਾਪੇ ਦੌਰਾਨ ਕੋਟ ਦੀ ਜੇਬ ‘ਚ ਫੜੀ ਗਈ ਤੇ ਪੁਲੀਸ ਨੇ ਅਹਿਮ ਸਬੂਤ ਲਈ ਮਿਸਲ ਵਜੋਂ ਵਰਤੀ। ਹਾਲਾਤ ਬੜੇ ਨਾਜ਼ੁਕ ਦੌਰ ‘ਚ ਪੁਜ ਗਏ। ਛੱਜੂ ਮੱਲ ਵੈਦ ਨੇ ਕਿਸ਼ਨਗੜ੍ਹ ਵਿਖੇ ”ਫੱਕਰ” ਨੂੰ ਸੁਨੇਹਾ ਭੇਜ ਕੇ ਹਾਲਾਤਾਂ ਤੇ ਫੌਰੀ ਵਿਚਾਰ ਕਰਨ ਲਈ ਕਿਹਾ। ਪਿੰਡ ਚਾਰੇ ਪਾਸੇ ਤੋਂ ਪੁਲੀਸ ਵਲੋਂ ਘਿਰਿਆ ਹੋਇਆ ਸੀ, ਭਾਰੀ ਪੁਲੀਸ ਵੱਲੋਂ ਦਬਾਅ ਵੱਧ ਰਿਹਾ ਸੀ ਤੇ ਕਿਸਾਨ-ਮੁਜ਼ਾਰਿਆ ਤੇ ਹਾਕਮੀ ਅਸਹਿ ਤੇ ਅਕਹਿ ਜ਼ਬਰ ਵੱਧ ਰਿਹਾ ਸੀ। ਇਨ੍ਹਾਂ ਹਾਲਾਤਾਂ ਦੌਰਾਨ ਮੁਜ਼ਾਰੇ ਕਿਸਾਨਾਂ ਨੂੰ ਛੱਡ ਕੇ ਜਾਣਾ ਆਮ ਲੋਕਾਂ ਵਿਚੋਂ ਵਿਸ਼ਵਾਸ਼ ਉਠ ਜਾਵੇਗਾ, ਸੋ ਧਰਮ ਸਿੰਘ ਫੱਕਰ, ਰਾਮ ਸਿੰਘ ਬਾਗੀ ਅਤੇ ਮਹਿੰਦਰ ਸਿੰਘ ਸੇਖੋਂ ਪਿੰਡ ਰਹਿਣਗੇ ਫੈਸਲਾ ਹੋਇਆ ? 18-ਮਾਰਚ ਤੜਕੇ 5-ਵਜੇ ਪਟਿਆਲਾ ਤੋਂ ਮੇਜਰ ਗੁਰਪਾਲ ਸਿੰਘ, ਕੈਪਟਨ ਚੌਧਰੀ ਮਹਾਂ ਸਿੰਘ ਤੇ ਜਮਾਦਾਰ ਆਤਮਾ ਸਿੰਘ ਦੀ ਅਗਵਾਈ ਵਿੱਚ 405 ਫੌਜੀ ਸਵਾਰ ਇਕ ਸੌ ਪੁਲੀਸ ਕਰਮਚਾਰੀ ਟੈਂਕ ਤੇ ਤੋਪਾਂ ਲੈ ਕੇ ਕਿਸ਼ਨਗੜ੍ਹ ਪਿੰਡ ਦੇ ਬੇਦੋਸ਼ੇ, ਮਾਸੂਮ ਅਤੇ ਨਿਹੱਥੇ ਸੁਤੇ ਪਏ ਲੋਕਾਂ ਤੇ ਟੁਟਕੇ ਪੈ ਗਏ। ਕਮਾਂਡਰ ਨੇ ਲਾਊਡ ਸਪੀਕਰ ਰਾਹੀਂ ਐਲਾਨ ਕੀਤਾ ਕਿ ਪਿੰਡ (ਕਿਸ਼ਨਗੜ੍ਹ) ਉਨ੍ਹਾਂ ਦੇ ਕਬਜ਼ੇ ਵਿੱਚ ਹੈ ਤੇ ਮਾਰਸ਼ਲ ਲਾਅ ਲਾਗੂ ਹੋ ਗਿਆ ਹੈ। ਸਾਰੇ ਪਿੰਡ ਵਾਸੀਆਂ ਨੂੰ 10-ਮਿੰਟਾਂ ‘ਚ ਬਿਸਵੇਦਾਰਾਂ ਦੀ ਹਵੇਲੀ ਇਕੱਠੇ ਹੋਣ ਲਈ ਹੁਕਮ ਚਾੜ੍ਹ ਦਿੱਤੇ। ਫੌਜ ਨੂੰ ਦੇਖ ਕੇ ਪਿੰਡ ਦੇ ਲੋਕ ਕੋਠਿਆਂ ਤੇ ਚੜ੍ਹ ਗਏ। ਇਨਕਲਾਬ ਜਿੰਦਾਬਾਦ, ਰਾੜੇਵਾਲਾ ਮੁਰਦਾਬਾਦ ਅਤੇ ਧਰਮ ਸਿੰਘ ਫੱਕਰ ਜ਼ਿੰਦਾਬਾਦ ਦੇ ਨਾਹਰੇ ਗੂੰਜਣ ਲੱਗੇ। 10-ਮਿੰਟ ਖਤਮ ਹੋਣ ਤੇ ਹੀ ਡੀ.ਸੀ. ਨੇ ਕਮਾਂਡੈਂਟ ਨੂੰ ਫਾਇਰ ਖੋਲਣ ਦੇ ਲਿਖਤੀ ਹੁਕਮ ਦੇ ਦਿੱਤੇ। ਫਾਇਰ ਨਾਲ ਭਗਦੜ ਮੱਚ ਗਈ। ਕਈ ਲੋਕ ਜਖਮੀ ਹੋ ਗਏ। 80-85 ਕਿਸਾਨ ਸਮੇਤ ਧਰਮ ਸਿੰਘ ਫੱਕਰ, ਮਹਿੰਦਰ ਸਿੰਘ ਸੇਖੋਂ ਤੇ ਜਮਾਦਾਰ ਜਾਗੀਰ ਸਿੰਘ ਗ੍ਰਿਫਤਾਰ ਕਰ ਲਏ ਗਏ।
ਪਰ ਰਾਮ ਸਿੰਘ ਬਾਗੀ ਧਾਰਨਪੁਰ, ਕਪੂਰਾ ਸਿੰਘ ਬੀਰੋ ਕੇ ਤੇ ਇਕ ਹੋਰ ਕਿਸਾਨ ਜੋ ਘਰੋਂ ਬਾਹਰ ਨਹੀਂ ਆਏ ਪੁਲੀਸ ਗੋਲੀਆਂ ਨਾਲ ਸ਼ਹੀਦ ਹੋ ਗਏ। ਲੋਕਾਂ ਦੇ ਘਰਾਂ ਤੋਂ ਨਕਦੀ ਤੇ ਗੈਹਿਣੇ ਲੁੱਟੇ ਗਏ। ਜਦੋਂ ਨਾਵਾਂ ਦੀ ਸੂਚੀ ਤਿਆਰ ਹੋ ਰਹੀ ਸੀ ਤਾਂ ਧਰਮ ਸਿੰਘ ਫੱਕਰ ਦਾ ਨਾਂ ਸੁਣ ਕੇ ਡੀ.ਸੀ. ਨੇ ਉਸ ਨੂੰ ਗੋਲੀ ਮਾਰ ਦਿਓ ਕਿਹਾ ! ਪਰ ਕਮਾਂਡਰ ਨੇ ਦਖਲ ਦਿੰਦਿਆ ਕਿਹਾ ਜਦੋਂ ਇਹ 10-ਸਾਲ ਗੁਪਤਵਾਸ ਸੀ ਤੁਸੀਂ ਕਿਥੇ ਸੋ ? ਤਲਾਸ਼ੀ ਦੌਰਾਨ ਕੁਝ ਨਾ ਮਿਲਿਆ। ਪ੍ਰੈਸ ਤੇ ਅਖਬਾਰਾਂ ਵਾਲਿਆਂ ਨੂੰ ਨੇੜੇ ਨਹੀਂ ਆਉਣ ਦਿੱਤਾ। ਪੁਛ-ਪੜਤਾਲ ਬਾਦ 24-ਕਥਿਤ ਦੋਸ਼ੀ ਗ੍ਰਿਫਤਾਰ ਕਰ ਲਏ, ਬਾਕੀ ਛੱਡ ਦਿੱਤੇ। ਬਰੇਟਾ ਪੁਲਿਸ ਵੱਲੋਂ 16-21 ਮਾਰਚ, 1949 ਤਕ 85-98 ਨੰਬਰ ਦੀਆਂ ਮਿਸਲਾਂ ਜਿਨ੍ਹਾਂ ਦਾ ਭਾਰ 100-ਕਿਲੋਗ੍ਰਾਮ ਹੋਵੇਗਾ ਤਿਆਰ ਕਰਕੇ, ‘ਗ੍ਰਿਫਤਾਰੀਆਂ ਪਾ ਕੇ ਮੁਕੱਦਮਾ ਫਰੀਦਕੋਟ ਸੈਸ਼ਨ ਜੱਜ ਨੂੰ ਭੇਜ ਦਿੱਤਾ। ਚਰਾਗ ਸਿੰਘ ਕਿਸ਼ਨਗੜ੍ਹ 1-19 ਹੋਰ-ਕਿਸ਼ਨਗੜ੍ਹ, 20-ਬਚਨ ਸਿੰਘ ਰੋਡਾ-ਸੇਖਵਾਸ, 21-ਕਿਰਪਾਲ ਸਿੰਘ, 22-ਹਾਕਮ ਸਿੰਘ ਬਖਸ਼ੀਵਾਲਾ, 23-ਮੋਹਨ ਸਿੰਘ ਧਰਮਗੜ੍ਹ, 24-ਧਰਮ ਸਿੰਘ ਫੱਕਰ ਦਲੇਲ ਸਿੰਘ ਵਾਲਾ ਵਿਰੁਧ ਕੇਸ ਚਲਾਇਆ ਗਿਆ। ਇਸ ਘਟਨਾ ਦੀ ਸਾਰੇ ਦੇਸ਼ ਅੰਦਰ ਹਾਹਾਕਾਰ ਮੱਚ ਗਈ। ਹਰ ਪਾਸੇ ਕਮਿਊਨਿਸਟ ਲਹਿਰ ਦੀ ਸਾਰੇ ਦੇਸ਼ ਅੰਦਰ ਚਰਚਾ ਹੋਈ। ਪ੍ਰੈਸ ਰਾਹੀਂ ”ਕਿਸ਼ਨਗੜ੍ਹ ਗੋਲੀ ਕਾਂਡ” ਨੇ ਦੇਸ਼ਵਾਸੀਆਂ ਨੂੰ ਜੱਲ੍ਹਿਆ ਵਾਲਾ ਬਾਗ ਦੀ ਘਟਨਾ ਨੂੰ ਮੁੜ ਤਾਜ਼ਾ ਕਰਾ ਦਿੱਤਾ। ਕਈ ਪੜਤਾਲੀ ਕਮੇਟੀਆਂ ਜੋ ਲੋਕਾਂ ਤੇ ਹੋਏ ਜ਼ਬਰ-ਜੁਲਮ, ਸ਼ਹਿਰੀ ਆਜਾਦੀਆਂ ਖੋਹਣ ਅਤੇ ਹਾਕਮੀ ਵਧੀਕੀਆਂ ਵਿਰੁੱਧ ਸਨ, ਗਠਤ ਕੀਤੀਆਂ ਗਈਆਂ। ਗਿਆਨ ਸਿੰਘ ਰਾੜੇਵਾਲਾ ਦੀ ਹਰ ਪਾਸੇ ਤੋਂ ਨਿੰਦਿਆ ਹੋਈ। ਕੁਲ ਹਿੰਦ ਕਾਂਗਰਸ ਪਾਰਟੀ ਵੱਲੋਂ 10-ਅਪ੍ਰੈਲ, 1949 ਨੂੰ ਕਿਸ਼ਨਗੜ੍ਹ ਕਾਂਡ ਦੀ ਘਟਨਾ ਬਾਰੇ ਦਿੱਲੀ ਨੂੰ ਜਾਣੂ ਕਰਾਇਆ ਗਿਆ। ਜੱਥੇਦਾਰ ਕਰਤਾਰ ਸਿੰਘ ਦਰਵੇਸ਼ ਦੀ ਅਗਵਾਈ ਵਿੱਚ ਅਕਾਲੀਦਲ ਨੇ ਵੀ ਪੜਤਾਲੀਆਂ ਕਮੇਟੀ ਕਾਇਮ ਕੀਤੀ। ਸਾਹਮਣੇ ਆਈਆਂ ਪੜਤਾਲੀ ਕਮੇਟੀਆਂ ਮੁਤਾਬਿਕ ਫੌਜ ਤੇ ਪੁਲਿਸ ਦੇ ਸਾਂਝੇ ਐਕਸ਼ਨ ਅਧੀਨ 24-ਕਿਸਾਨ-ਮੁਜ਼ਾਰੇ ਸ਼ਹੀਦ ਹੋਏ ਜਿਨ੍ਹਾਂ ਬਾਰੇ ਜਾਣਕਾਰੀ ਸਾਹਮਣੇ ਆਈ। ਜੋ ਖੋਜ਼ ਦੀ ਮੰਗ ਕਰਦੀ ਹੈ।
22-ਮਾਰਚ 1949 ਨੂੰ ਅੰਗਰੇਜੀ ਟ੍ਰਿਬਿਊਨ (ਅੰਬਾਲਾ) ਨੇ ਸੰਪਾਦਕੀ ਵਿੱਚ ਲਿਖਿਆ ਸੀ, ‘ਕਿ ”ਕਿਸ਼ਨਗੜ੍ਹ ਘਟਨਾ” ਖਤਰੇ ਦੀ ਇਕ ਸੂਹੀ ਸੰਕੇਤ ਹੈ, ਮੱਸਲੇ ਦੀ ਗੰਭੀਰ ਨੂੰ ਦਰਸਾਉਂਦੀ ਹੇ। ਇਸ ਦਾ ਤੁਰੰਤ ਹੱਲ ਕੱਢਦਾ ਚਾਹੀਦਾ ਹੈ। ਪੈਪਸੂ ਵਿੱਚ ਕੋਈ ਸਰਕਾਰ ਕਿਸਾਨਾਂ ਦੇ ਮੱਸਲੇ ਹੱਲ ਕੀਤੇ ਬਿਨਾਂ ਕਾਇਮ ਨਹੀਂ ਰਹਿ ਸਕਦੀ ਹੈ। ਸਾਥੀ ਜਾਗੀਰ ਸਿੰਘ ਜੋਗਾ ਦੀ ਅਗਵਾਈ ਵਿੱਚ ਕੇਸ ਦੀ ਇਕ ਸਾਲ ਪੈਰ੍ਹਵੀ ਕੀਤੀ ਗਈ। ਪੁਲਿਸ ਇਸਤਗਾਸੇ ਨੂੰ ਸਾਬਤ ਨਹੀ਼ ਕਰ ਸੱਕੀ। ਇਕ ਸਾਲ ਬਾਦ 1950 ਨੂੰ ਸਾਥੀ ਧਰਮ ਸਿੰਘ ਫੱਕਰ ਅਤੇ ਉਸ ਦੇ ਸਾਰੇ ਸਾਥੀ ਬਾਇੱਜਤ ਬਰੀ ਹੋ ਗਏ। ਕਿਸਾਨ ਸਭਾ, ਪੈਪਸੂ ਮੁਜਾਰਾ ਅੰਦੋਲਨ ਅਤੇ ਕਮਿਊਨਿਸਟਾਂ ਵੱਲੋਂ ਕਿਸਾਨ-ਮਜ਼ਦੂਰ ਏਕਤਾ ਦੇ ਬਲਬੂਤੇ ਬਣੇ ਲੋਕ ਦਬਾਅ ਕਾਰਨ ਹੀ ਰਾਜ ਪ੍ਰਮੁੱਖ ਨੇ 25-ਅਗਸਤ, 1949 ਨੂੰ ਇਕ ਹੋਰ ਸ਼ਾਹੀ ਫੁਰਮਾਨ ਜਾਰੀ ਕਰਕੇ ਬਿਸਵੇਦਾਰ ਨੂੰ ਇਕ ਚੌਥਾਈ ਜਮੀਨ ਛੱਡਕੇ ਬਾਕੀ ਜਮੀਨ ਮਾਲੀਏ ਦਾ ਇਕ ਸੌ ਗੁਣਾ ਮੁਆਵਜ਼ੇ ਦੇ ਰੂਪ ਵਿੱਚ ਭਰਕੇ ਮਾਲਕੀ ਪ੍ਰਾਪਤ ਕੀਤੀ ਜਾ ਸਕਦੀ ਹੈ। 1953 ਨੂੰ ਪੈਪਸੂ ਦੇ ਰਾਜਪਾਲ ਦੇ ਸਲਾਹਕਾਰ ਪੀ.ਐਸ.ਰਾਓ ਦੇ ਪਹਿਲਕਦਮੀ ਤੇ ਬਿਸਵੇਦਾਰੀ ਤੋਂ ਕਿਸਾਨਾਂ ਨੂੰ ਮੁਕਤ ਕਰਾਉਣ ਲਈ ਆਰਜੀ ਛੁਟਕਾਰਾ ਦਿੱਤਾ ਗਿਆ ਸੀ। 1955 ਨੂੰ ਪੈਪਸੂ ਮੁਜਾਰਾ ਤੇ ਜ਼ਰਾਇਤੀ ਜਮੀਨ ਸੰਬੰਧੀ ਕਨੂੰਨ ਬਣਨਰਾਹੀਂ ਜਮੀਨੀ ਸੁਧਾਰਾਂ ਲਈ ਰਾਹ ਖੋਲ੍ਹਿਆ ਗਿਆ। ਅਕਤੂਬਰ, 1956 ਨੂੰ ਕਨੂੰਨ ਬਣਿਆ ਤੇ ਮੁਜ਼ਾਰਿਆਂ ਨੂੰ ਮਾਲਕੀ ਅਧਿਕਾਰ ਮਿਲਿਆ।
ਮੁਜ਼ਾਰਾ ਸੰਘਰਸ਼ ਰਾਜਾਸ਼ਾਹੀ ਰਿਆਸਤਾਂ ਅੰਦਰ 1911 ਤੋਂ ਹੀ ਪਨਪਣ ਲੱਗ ਪਿਆ ਸੀ ਜੋ 40 ਸਾਲ ਚਲਦਾ ਰਿਹਾ। ਮਲੇਰਕੋਟਲਾ ਰਿਆਸਤ ਅੰਦਰ 18-ਜੁਲਾਈ, 1927 ਕੋਠਾਲਾ ਵਿਖੇ ਨੂੰ ਸੰਘਰਸ਼ ਕਰਦੇ ਕਿਸਾਨਾਂ ਤੇ ਗੋਲੀ ਚਲਾ ਕੇ 14-ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਅੰਦੋਲਨ ਦੇ ਆਗੂ ਸਨ ਸੇਵਾ ਸਿੰਘ ਬਸਲਾ, ਕੇਹਰ ਸਿੰਘ ਚੱਕ ਤੇ ਗੰਡਾ ਸਿੰਘ ਕੁੱਪ। ਮਾਰਚ, 1935 ਨੂੰ ਕਪੂਰਥਲਾ ਦੇ ਬਦਚੱਲਣ ਰਾਜੇ ਵਿਰੁਧ ਚਲੇ ਮੁਜਾਰਾਂ ਲਹਿਰ ਜਿਸ ਦੀ ਅਗਵਾਈ ਮਾ: ਹਰੀ ਸਿੰਘ ਧੂਤ, ਚੰਨਣ ਸਿੰਘ ਧੂਤ, ਸੰਤੋਖ ਸਿੰਘ ਧੂਤ, ਜਮਾਦਾਰ ਅਮਰ ਸਿੰਘ, ਚੌ: ਵਸਾਵਾ ਸਿੰਘ, ਬਾਬਾ ਕਰਮ ਸਿੰਘ ਧੂਤ ਤੇ ਰੂੜ ਸਿੰਘ ਨੇ ਕੀਤੀ ਤੇ ਮੰਗਾਂ ਪ੍ਰਵਾਨ ਕਰਾਈਆ। ਮੋਗਾ ਇਲਾਕੇ ਅੰਦਰ ਕਿਸਾਨ-ਮੁਜ਼ਾਰਾ ਲਹਿਰ ਦੇ ਆਗੂ ਬਾਬਾ ਰੂੜ ਸਿੰਘ ਚੂਹੜਚੱਕ ਸਨ। ਫਰੀਦਕੋਟ ਦੇ ਰਾਜੇ ਵਿਰੁਧ ਗੁਰਬਖਸ਼ ਸਿੰਘ, ਗਿ: ਜ਼ੈਲ ਸਿੰਘ ਅਤੇ ਪਟਿਆਲਾ ਰਿਹਾਸਤ ਦੇ ਇਲਾਕੇ ਬਠਿੰਡਾ ਤੇ ਮਾਨਸਾ ਅੰਦਰ ਸਾਥੀ ਜਾਗੀਰ ਸਿੰਘ ਜੋਗਾ, ਹਰਨਾਮ ਸਿੰਘ ਧਰਮਗੜ੍ਹ, ਧਰਮ ਸਿੰਘ ਫੱਕਰ ਸਨ। ਹਥਿਆਰਬੰਦ ਸੰਘਰਸ਼ ਦੌਰਾਨ ਮੁਜਾਰਾ ਲਹਿਰ ਦੇ ਮੁੱਖ ਆਗੂ ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫੱਕਰ, ਜੋਗਾ ਚਮਕ ਟਾਂਡੀਆਂ ਤੇ ਵੈਦ ਆਦਿ ਸਨ ਜਿਨ੍ਹਾਂ ਨੇ ਬਿਸਵੇਦਾਰਾਂ ਦੇ ਗੁੰਡਿਆ ਵਿਰੁਧ ਹਥਿਆਰਬੰਦ ਯੁੱਧ ਨੀਤੀ ਤੈਅ ਕੀਤੀ ਸੀ ਤੇ ਪ੍ਰਾਪਤ ਵੀ ਹੋਈ।
ਪੈਪਸੂ ਮੁਜਾਰਾ-ਘੋਲ ਜਿਸ ਅਧੀਨ ਕਿਸਾਨ-ਸਭਾ, ਮੁਜਾਰਾ-ਕਿਸਾਨ, ਵਲੰਟੀਅਰਜ਼, ਕਮਿਊਨਿਸਟ ਕਾਰਕੁਨ, ਪਰਜਾ ਮੰਡਲੀਏ, ਅਕਾਲੀ, ਕਾਂਗਰਸ ਪਾਰਟੀ ਦੇ ਆਗੂ ਤੇ ਸੁਹਿਰਦ ਲੋਕਾਂ ਨੇ ਮਿਲ ਕੇ ਰਜਵਾੜਾਸ਼ਾਹੀ, ਬਿਸਵੇਦਾਰ, ਗੁੰਡਿਆ ਵਿਰੁੱਧ ਬੜਾ ਕੁਰਬਾਨੀ ਭਰਿਆ ਸੰਘਰਸ਼ ਲੜਿਆ। ਬਹੁਤ ਘੱਟ ਜਾਨੀ ਨੁਕਸਾਨ ਕਰਾਕੇ 16 ਲੱਖ ਤੋਂ ਵੱਧ ਕਿਲੇ ਜ਼ਮੀਨ ਬਿਸਵੇਦਾਰਾਂ ਤੋਂ ਖੋਹ ਕੇ ਮੁਜ਼ਾਰਿਆ ਵਿੱਚ ਵੰਡ ਕੇ ਉਨ੍ਹਾਂ ਨੂੰ ਮਾਲਕ ਬਣਾਇਆ। ਮੁਜਾਰਾ ਲਹਿਰ ਦਾ ਸਾਨਾਮੱਤੀ ਵਿਰਸਾ ਮਾਜੂਦਾ ਪੂੰਜੀਵਾਦੀ-ਕਾਰਪੋਰੇਟੀ ਹਾਕਮਾਂ ਦੇ ਹੜਬਿਆ ਵਿਰੁਧ ਸੰਘਰਸ਼ ਕਰਦੇ ਕਿਸਾਨਾਂ ਲਈ ਹੋਰ ਹੌਸਲੇ ਦੇਣ ਵਾਲਾ ਇਕ ਇਤਿਹਾਸ ਹੈ। ਜੋ ਸਦਾ ਕਾਇਮ ਰਹੇਗਾ। 19-ਮਾਰਚ ਦਿਨ ਮੁਜ਼ਾਰਾ ਲਹਿਰ ਨੂੰ ਸਮਰਪਤ ਕੀਤਾ ਜਾਂਦਾ ਹੈ।

(ਜਗਦੀਸ਼ ਸਿੰਘ ਚੋਹਕਾ)
91-921799744 (45)
001-403-285-4208
ਕੈਲਗਰੀ (ਕੈਨੇਡਾ)
jagdishchohka@gmail.com

Install Punjabi Akhbar App

Install
×