ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਪੰਜਾਬ ਸਰਕਾਰ ਨਾਲ ਹੋਈ ਬੈਠਕ, ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ

ਐਡੀਸ਼ਨਲ ਚੀਫ਼ ਸੈਕਟਰੀ ਵਿਸ਼ਵਜੀਤ ਖੰਨਾ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਖੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਬੈਠਕ ਹੋਈ। ਇਸ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਵੱਖ-ਵੱਖ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ। ਬੈਠਕ ‘ਚ ਸੰਦੀਪ ਸੰਧੂ ਰਾਜਨੀਤਕ ਸਲਾਹਕਾਰ, ਕਾਹਨ ਸਿੰਘ ਪੰਨੂੰ, ਏ. ਡੀ. ਜੀ. ਪੀ. ਲਾਅ ਐਂਡ ਆਰਡਰ ਈਸ਼ਵਰ ਸਿੰਘ, ਏ. ਡੀ. ਜੀ. ਪੀ. ਇੰਟੈਲੀਜੈਂਸ ਵਰਿੰਦਰ ਸ਼ਰਮਾ ਅਤੇ ਹੋਰ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਅੰਮ੍ਰਿਤਸਰ, ਫ਼ਿਰੋਜ਼ਪੁਰ ਤੇ ਤਰਨਤਾਰਨ ਦੇ ਡੀ. ਸੀ., ਜਥੇਬੰਦੀ ਵਲੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਰਵਨ ਸਿੰਘ ਪੰਧੇਰ, ਸੁਖਵਿੰਦਰ ਸਿੰਘ ਸਭਰਾ ਆਦਿ ਮੌਜੂਦ ਸਨ। ਕਰੀਬ 2 ਘੰਟੇ ਚੱਲੀ ਇਸ ਬੈਠਕ ‘ਚ ਪੰਜਾਬ ਸਰਕਾਰ ਨੇ ਭਰੋਸਾ ਦਿੱਤਾ ਕਿ ਗੰਨੇ ਦਾ ਖੜ੍ਹਾ ਬਕਾਇਆ ਅਤੇ ਮੌਜੂਦਾ ਪੇਮੈਂਟ ਇੱਕ ਮਹੀਨੇ ‘ਚ ਕੀਤੀ ਜਾਵੇਗੀ। ਮੌਜੂਦਾ ਗੰਨੇ ਦੀ ਪੇਮੈਂਟ ‘ਚੋਂ 50 ਪ੍ਰਤੀਸ਼ਤ ਨਾਲੋਂ-ਨਾਲ ਦਿੱਤੇ ਜਾ ਰਹੇ ਹਨ। ਪਰਾਲੀ ਨੂੰ ਅੱਗ ਲਾਉਣ ਕਾਰਨ ਕਿਸਾਨਾਂ ‘ਤੇ ਕੀਤੇ ਪਰਚੇ ਅਤੇ ਕੰਬਾਈਨਾਂ ‘ਤੇ ਐੱਸ. ਐੱਮ. ਐੱਸ. ਨਾ ਲਾਉਣ ਕਾਰਨ ਕੀਤੇ ਪਰਚਿਆਂ ਦੇ ਹੱਲ ਲਈ ਇੱਕ ਉੱਚ ਪੱਧਰੀ ਕਮੇਟੀ ਮਹਿਤਾਬ ਸਿੰਘ ਰਿਟਾਇਰ ਜੱਜ ਦੀ ਅਗਵਾਈ ‘ਚ ਬਣਾਈ ਗਈ ਹੈ। ਇਹ ਕਮੇਟੀ 60 ਦਿਨਾਂ ‘ਚ ਸਾਰੇ ਪਰਚੇ ਰੱਦ ਕਰਨ ਦੀ ਸਿਫ਼ਾਰਿਸ਼ ਪੰਜਾਬ ਸਰਕਾਰ ਨੂੰ ਭੇਜੇਗੀ।

ਧੰਨਵਾਦ ਸਹਿਤ (ਅਜੀਤ)