‘ਨਿਊਜ਼ੀਲੈਂਡ ‘ਚ ਕਿਰਪਾਨ ਧਾਰਨ ਕਰਕੇ ਮੈਚ ਵੇਖਣ ਦਾ ਮਾਮਲਾ: ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਸਾਫ ਤੇ ਸਪਸ਼ਟ ਕਾਨੂੰਨ ਬਨਾਉਣ ਦੀ ਵਕਾਲਤ ਤਾਂ ਕਿ ਸਿੱਖਾਂ ਨਾਲ ਨਾ ਹੋਵੇ ਵਿਤਕਰਾ

NZ PIC 17 March-1ਬੀਤੀ 14 ਮਾਰਚ ਨੂੰ ਨਿਊਜ਼ੀਲੈਂਡ ਜਿੰਬਾਬੇ ਮੈਚ ਦੌਰਾਨ 7 ਅੰਮ੍ਰਿਤਧਾਰੀ ਸਿੱਖਾਂ ਨੂੰ ਸਟੇਡੀਅਮ ਅੰਦਰ ਕ੍ਰਿਕਟ ਮੈਚ ਵੇਖਣ ਤੋਂ ਰੋਕਿਆ ਗਿਆ ਸੀ ਅਤੇ ਉਨ੍ਹਾਂ ਦੇ ਪੈਸੇ ਵਾਪਿਸ ਕਰ ਦਿੱਤੇ ਸਨ। ਕਾਰਨ ਇਹ ਸੀ ਕਿ ਉਹ ਕਿਰਪਾਨ ਪਾ ਕੇ ਅੰਦਰ ਨਹੀਂ ਜਾ ਸਕਦੇ ਸੀ। ਇਸ ਸਬੰਧ ਵਿਚ ਕੱਲ੍ਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣਾ ਹਾਂ ਪੱਖੀ ਵਤੀਰਾ ਪ੍ਰੈਸ ਸਾਹਮਣੇ ਰੱਖਿਆ ਸੀ ਅਤੇ ਹੁਣ ਨਿਊਜ਼ੀਲੈਂਡ ਦੇ ਵਿਚ ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਸਿੱਖਾਂ ਦੇ ਹੱਕ ਦੀ ਗੱਲ ਕੀਤੀ ਗਈ ਹੈ।
ਸ੍ਰੀ ਫਿੱਲ ਗੌਫ (ਏਥਨਿਕ ਕਮਿਊਨਿਟੀਜ਼ ਬੁਲਾਰੇ) ਨੇ ਸੁਪਰੀਮ ਸਿੱਖ ਸੁਸਾਇਟੀ ਦੇ ਲੀਗਲ ਅਡਵਾਈਜ਼ਰ ਨੇ ਇਸ ਸਬੰਧੀ ਸ੍ਰੀ ਫਿੱਲ ਗੌਫ ਨਾਲ ਰਾਬਤਾ ਕਾਇਮ ਕੀਤਾ। ਸ੍ਰੀ ਫਿੱਲ ਗੌਫ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸਿੱਖ ਕਮਿਊਨਿਟੀ ਇਸ ਵੇਲੇ ਕਿਰਪਾਨ ਦੇ ਮਾਮਲੇ ਉਤੇ ਸਾਰਥਿਕ ਵਿਚਾਰ ਦੀ ਹੱਕਦਾਰ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੇ ਦਿੱਤੇ ਬਿਆਨ ਦਾ ਸਵਾਗਤ ਕੀਤਾ ਅਤੇ ਨਾਲ ਹੀ ਕਿਹਾ ਕਿ ਕਾਨੂੰਨ ਦੇ ਵਿਚ ਸਪਸ਼ਟ ਕੀਤਾ ਜਾਵੇ ਕਿ ਸਿੱਖ ਕਿੱਥੇ-ਕਿੱਥੇ ਕਿਰਪਾਨ ਪਹਿਨ ਸਕਦੇ ਹਨ।
ਇਸ ਸਬੰਧੀ ਪਾਰਟੀ ਦੇ ਭਾਰਤੀ ਮੂਲ ਦੇ ਇਕ ਆਗੂ ਸੰਨੀ ਕੌਸ਼ਿਲ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਵੇਲੇ ਮੌਜੂਦਾ ਸੰਵਿਧਾਨ ਦੇ ਮੁਤਾਬਿਕ ਸਾਫ ਤੇ ਸਪਸ਼ਟ ਲਫਜ਼ਾਂ ਦੇ ਵਿਚ ਦੱਸਿਆ ਜਾਵੇ ਕਿ ਸਿੱਖ ਕਿਰਪਾਨ ਪਹਿਨ ਕੇ ਕਿੱਥੇ ਜਾ ਸਕਦੇ ਹਨ ਤਾਂ ਕਿ ਈਡਨ ਪਾਰਕ ਵਰਗੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਸੰਨੀ ਕੌਸ਼ਿਲ ਹੋਰਾਂ ਕਿਹਾ ਕਿ ਜਿਸ ਵੇਲੇ ਘਟਨਾ ਹੋਈ ਉਸ ਵੇਲੇ ਉਹ ਸਟੇਡੀਅਮ ਦੇ ਵਿਚ ਮੌਜੂਦ ਸਨ ਅਤੇ ਉਨ੍ਹਾਂ ਉਸੇ ਵੇਲੇ ਸਾਰਿਆਂ ਨਾਲ ਤਾਲਮੇਲ ਕਰਕੇ ਹੱਲ ਕੱਢਣ ਦੀ ਕੋਸ਼ਿਸ ਕੀਤੀ। ਉਨ੍ਹਾਂ ਥੋੜਾ ਸਖਤ ਲਹਿਜੇ ਵਿਚ ਕਿਹਾ ਕਿ ਨਿੱਕੀ ਜਿਹੀ ਕਿਰਪਾਨ ਦਾ ਸਿੱਖ ਧਰਮ ਵਿਚ ਮਹੱਤਵ ਸਮਝਣਾ ਆਈ.ਸੀ.ਸੀ. ਜਾਂ ਹੋਰ ਏਜੰਸੀਆਂ ਲਈ ਇਹ ਕੋਈ ਰਾਕਟ ਸਾਇੰਸ ਨਹੀਂ  ਹੈ ਜਿਹੜੀ ਕਿ ਉਨ੍ਹਾਂ ਨੂੰ ਸਮਝ ਨਾ ਆ ਸਕਦੀ ਹੈ। ਹਰ ਅੰਮ੍ਰਿਤਧਾਰ ਸਿੱਖ ਨੂੰ ਕਿਰਪਾਨ ਪਹਿਨ ਕੇ ਰੱਖਣਾ ਜਰੂਰੀ ਹੁੰਦਾ ਹੈ। ਅਗੇ ਜਾਰੀ ਬਿਆਨ ਵਿਚ ਕਿਹਾ ਕਿ ਇੰਡੀਆ, ਕੈਨੇਡਾ, ਯੂ.ਕੇ. ਅਤੇ ਆਸਟਰੇਲੀਆ ਦੇ ਕੁਝ ਰਾਜਾਂ ਵਿਚ ਅਜਿਹਾ ਕਾਨੂੰਨ ਪਾਸ ਹੈ ਜਿੱਥੇ ਸਿੱਖ ਕਿਰਪਾਨ ਪਹਿਨ ਕੇ ਜਾ ਸਕਦੇ ਹਨ।
ਲੇਬਰ ਪਾਰਟੀ ਇਸ ਵੇਲੇ ਸਿੱਖ ਭਾਈਚਾਰੇ ਦੇ ਨੇੜੇ ਹੋ ਕੇ ਇਸ ਮਾਮਲੇ ਉਤੇ ਵਿਚਾਰ ਕਰ ਰਹੀ ਹੈ। ਸਤੰਬਰ 2014 ਦੇ ਵਿਚ ਸ੍ਰੀ ਫਿੱਲ ਗੌਫ ਨੇ ਇਹ ਮਾਮਲਾ ਉਪਰ ਤੱਕ ਉਠਾਇਆ ਸੀ। ਉਸ ਵੇਲੇ ਐਕਟਿੰਗ ਮਨਿਸਟਰ ਆਫ ਜਸਟਿਸ ਸ੍ਰੀ ਕ੍ਰਿਸ ਫਿਨਲੇਸਨ ਨੇ ਆਪਣੇ ਉਤਰ ਵਿਚ ਚਿੱਠੀ ਲਿਖ ਕੇ ਕਿਹਾ ਸੀ ਕਿ ਸਿੱਖਾਂ ਨੂੰ ਜਨਤਕ ਥਾਵਾਂ ਉਤੇ ਕਿਰਪਾਨ ਪਹਿਨ ਕੇ ਰੱਖਣ ਦੀ ਕੋਈ ਕਾਨੂੰਨੀ ਰੁਕਾਵਟ ਨਹੀਂ ਹੈ। ਬਹੁਭਾਂਤੀ ਇਸ ਦੇਸ਼ ਦੇ ਵਿਚ ਘੱਟ ਗਿਣਤੀ ਕੌਮਾਂ ਨੂੰ ਕਿਸੇ ਵੀ ਤਰ੍ਹਾਂ ਸ਼ੱਕ ਦੀ ਨਿਗ੍ਹਾ ਨਾਲ ਨਹੀਂ ਵੇਖਣਾ ਚਾਹੀਦਾ। ਅੰਤ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹਾ ਸਪਸ਼ਟ ਕਾਨੂੰਨ ਲਾਗੂ ਕੀਤਾ ਜਾਵੇ ਜਿਸ ਦੇ ਨਾਲ ਇਥੇ ਰਹਿ ਰਹੇ ਸਿੱਖਾਂ ਨੂੰ ਪੂਰਨ ਧਾਰਮਿਕ ਅਜਾਦੀ ਨਾਲ ਜੀਉਣ ਦਾ ਹੱਕ ਮਿਲੇ।

Install Punjabi Akhbar App

Install
×