ਨਿਊਜ਼ੀਲੈਂਡ ‘ਚ ਕ੍ਰਿਪਾਨ ਪਹਿਨ ਕੇ ਕ੍ਰਿਕਟ ਮੈਚ ਵੇਖਣ ਤੋਂ ਰੋਕਣ ਦਾ ਮਾਮਲਾ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਦਾ ਮੰਨਣਾ ਕਿ ਆਈ.ਸੀ.ਸੀ. ਨੇ ਰੋਕ ਲਗਾ ਕੇ ਗਲਤ ਕੀਤਾ

PM-John-Keyਵਿਸ਼ਵ ਕ੍ਰਿਕਟ ਕੱਪ ਦੇ ਚਲਦਿਆਂ ਨਿਊਜ਼ੀਲੈਂਡ ਦੇ ਵਿਚ ਉਸ ਸਮੇਂ ਕੁਝ ਅੰਮ੍ਰਿਤਧਾਰੀ ਪ੍ਰਸੰਸ਼ਕਾਂ ਨੂੰ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਸੀ ਜਦੋਂ ਬੀਤੀ 14 ਮਾਰਚ ਨੂੰ ਭਾਰਤ-ਜਿੰਬਾਬੇ ਮੈਚ ਦੌਰਾਨ ਸੱਤ ਅੰਮ੍ਰਿਤਧਾਰੀ ਸਿੱਖਾਂ ਨੂੰ ਇਸ ਕਰਕੇ ਗੇਟ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਕਿ ਉਨ੍ਹਾਂ ਨੇ ਸਿਰੀ ਸਾਹਿਬ (ਛੋਟੀ ਕਿਰਪਾਨ) ਪਹਿਨੀ ਹੋਈ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਮਾਮਲੇ ਦੇ ਵਿਚ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਆਈ.ਸੀ.ਸੀ. ਨੇ ਇਸ ਤਰ੍ਹਾਂ ਦੀ ਰੋਕ ਲਗਾ ਕੇ ਗਲਤ ਕੰਮ ਕੀਤਾ ਹੈ ਅਤੇ ਇਹ ਉਨ੍ਹਾਂ ਦਾ ਮੰਨਣਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਹਫਤੇ ਹੀ ਗੁਰਦੁਆਰਾ ਸਾਹਿਬ ਟਾਕਾਨੀਨੀ ਵਿਖੇ ਇਸ ਮਾਮਲੇ ਉਤੇ ਵਿਚਾਰ ਕਰ ਚੁੱਕੇ ਹਨ।  ਸਰਕਾਰ ਨੇ ਸਿਵਲ ਐਵੀਏਸ਼ਨ ਅਥਾਰਿਟੀ ਦੇ ਨਿਯਮਾਂ ਵਿਚ ਤਬਦੀਲੀ ਕਰਕੇ ਕਿਰਪਾਨ ਪਹਿਨ ਕੇ ਫਲਾਈਟ ਵਿਚ ਜਾਣ ਦੀ ਪ੍ਰਵਾਨੀ ਉਤੇ ਵੀ ਵਿਚਾਰ ਕਰਨੀ ਹੈ ਤਾਂ ਕਿ ਨਿਯਮਾਂ ਦੇ ਵਿਚ ਤਬਦੀਲੀ ਕੀਤੀ ਜਾ ਸਕੇ।
ਈਡਨ ਪਾਰਕ ਦੇ ਵਿਚ ਹੋਏ ਮੈਚ ਸਬੰਧੀ ਲਾਗੂ ਕੀਤੇ ਗਏ ਨਿਯਮਾਂ ਬਾਰੇ ਉਨ੍ਹਾਂ ਕਿਹਾ ਕਿ ਉਹ ਆਈ.ਸੀ.ਸੀ. ਦੇ ਬਣਾਏ ਨਿਯਮਾਂ ਨੂੰ ਬਦਲ ਨਹੀਂ ਸਕਦੇ। ਇਹ ਉਨ੍ਹਾਂ ਦਾ ਟੂਰਨਾਮੈਂਟ ਨਹੀਂ ਹੈ ਅਤੇ ਨਾ ਹੀ ਉਹ ਕੋਈ ਦਿਸ਼ਾ ਨਿਰਦੇਸ਼ ਦੇ ਸਕਦੇ ਹਨ। ਪ੍ਰਧਾਨ ਮੰਤਰੀ ਨੇ ਇਕ ਗੱਲ ਨਿਖਾਰ ਕੇ ਕਹੀ ਕਿ ਜੇਕਰ ਕਿਰਪਾਨ ਦੇ ਨਾਲ ਕੋਈ ਕਿਸੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤਾਂ ਇਹ ਨੁਕਸਾਨ ਤਾਂ ਕਿ ਸ਼ਰਾਬ ਆਦਿ ਦੀ ਬੋਤਲ ਨਾਲ ਵੀ ਪਹੁੰਚਾ ਸਕਦਾ ਹੈ। ਕੁੱਲ ਮਿਲਾ ਕੇ ਪ੍ਰਧਾਨ ਮੰਤਰੀ ਦਾ ਬਿਆਨ ਸਿੱਖ ਭਾਈਚਾਰੇ ਦੇ ਹੱਕ ਵਿਚ ਭੁਗਤਿਆ ਵੇਖਿਆ ਜਾ ਰਿਹਾ ਹੈ ਪਰ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਕ੍ਰਿਪਾਨ ਪਹਿਨਣ ਦੀ ਆਗਿਆ ਕਿਸ ਹੱਦ ਤੱਕ ਨਿਊਜ਼ੀਲੈਂਡ ਵਸਦੇ ਸਿੱਖਾਂ ਨੂੰ ਦਿੰਦੀ ਹੈ।

Install Punjabi Akhbar App

Install
×