ਯੂਨਾਈਟਿਡ ਸਿੱਖਸ ਸੰਸਥਾ ਵਲੋਂ ਆਰੰਭੀ ਕਿਰਤ ਮੁਹਿੰਮ ਦੀ ਕੀਤੀ ਸ਼ਲਾਘਾ

ਕਿਰਤੀ ਨੌਜਵਾਨ ਨੂੰ ਈ-ਰਿਕਸ਼ਾ ਦੇ ਕੇ ਸ਼ੁਭ ਕਰਮਨ ਭਵਨ ਤੋਂ ਕੀਤਾ ਉਤਸ਼ਾਹਿਤ

(ਹੁਸ਼ਿਆਰਪੁਰ) ਵਿਸ਼ਵ ਭਰ ਵਿਚ ਮਨੁੱਖਤਾ ਦੀ ਸੇਵਾ ਦੀ ਬਦੌਲਤ ਵਿਲੱਖਣ ਪਹਿਚਾਣ ਬਣਾ ਚੁੱਕੀ ਸੰਸਥਾ ਯੂਨਾਈਟਿਡ ਸਿੱਖਸ ਵਲੋਂ ਨੌਜਵਾਨਾਂ ਅੰਦਰ ਕਿਰਤ ਦੇ ਸਿਧਾਂਤ ਨੂੰ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਤੇ ਮੁਟਿਆਰਾਂ ਨੂੰ ਈ-ਰਿਕਸ਼ੇ, ਵੈਲਡਿੰਗ ਮਸ਼ੀਨ ਕਿੱਟਾਂ ਅਤੇ ਸਿਲਾਈ ਮਸ਼ੀਨਾਂ ਦੀ ਸਹਾਇਤਾ ਦਿੱਤੀ ਗਈ ਹੈ।
ਹੁਸ਼ਿਆਰਪੁਰ ਦੇ ਚੁਣੇ ਗਏ ਨੌਜਵਾਨਾਂ ਵਿਚੋਂ ਈ-ਰਿਕਸ਼ਾ ਪ੍ਰਾਪਤ ਕਰਨ ਵਾਲੇ ਨੌਜਵਾਨ ਨੂੰ ਸ਼ੁਭ ਕਰਮਨ ਭਵਨ ਹੁਸ਼ਿਆਰਪੁਰ ਵਿਖੇ ਕਿਰਤ ਲਈ ਉਤਸ਼ਾਹਿਤ ਕਰਦਿਆਂ ਕਿਰਤ ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਪ੍ਰੋ: ਬਹਾਦਰ ਸਿੰਘ ਸਨੇਤ ਵਲੰਟੀਅਰ ਡਾਇਰੈਕਟਰ ਯੂਨਾਈਟਿਡ ਸਿੱਖਸ ਨੇ ਦੱਸਿਆ ਕਿ ਸ: ਪਰਮਜੀਤ ਸਿੰਘ ਦਿੱਲੀ ਡਾਇਰੈਕਟਰ ਭਾਰਤ, ਸ: ਅੰਮ੍ਰਿਤਪਾਲ ਸਿੰਘ ਲੁਧਿਆਣਾ ਵਲੰਟੀਅਰ ਡਾਇਰੈਕਟਰ ਅਤੇ ਦਵਿੰਦਰ ਸਿੰਘ ਅੰਮ੍ਰਿਤਸਰ ਵਲੰਟੀਅਰ ਡਾਇਰੈਕਟਰ ਦੀ ਪਹਿਲਕਦਮੀ ਨਾਲ ਕਿਰਤ ਰੋਜ਼ਗਾਰ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਮੁਹਿੰਮ ਦਾ ਮਨੋਰਥ ਹੈ ਕਿ ਨੌਜਵਾਨਾਂ ਸਵੈ-ਨਿਰਭਰ ਹੋ ਕੇ ਰੋਟੀ ਰੋਜ਼ੀ ਕਮਾਉਣ ਤੇ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ। ਯੂਨਾਈਟਿਡ ਸਿੱਖਸ ਸੰਸਥਾ ਬੈਂਕਾਂ ਰਾਹੀਂ ਕਿਰਤ ਸ਼ੁਰੂ ਕਰਵਾਉਂਦੀ ਹੈ ਅਤੇ ਲੋੜੀਂਦੀ ਸ਼ੁਰੂਆਤੀ ਰਾਸ਼ੀ ਦਾ ਭੁਗਤਾਨ ਕਰਦੀ ਹੈ।
ਸ਼ੁਭ ਕਰਮਨ ਸੁਸਾਇਟੀ ਦੇ ਬੁਲਾਰਿਆਂ ਨੇ ਕਿਹਾ ਕਿ ਸੰਸਾਰ ਭਰ ਵਿਚ ਅਸਮਾਨਤਾ ਫੈਲੀ ਹੋਈ ਹੈ ਅਤੇ ਖੂਨ ਪਸੀਨਾ ਵਹਾ ਕੇ ਵੀ ਲੋਕਾਂ ਕੋਲ ਕਿਰਤ ਕਮਾਈ ਦੇ ਸਾਧਨ ਨਹੀਂ ਹਨ। ਅਜਿਹੇ ਸਮੇਂ ਅਜਿਹੀਆਂ ਸੇਵਾਵਾਂ ਵਾਸਤੇ ਸਮੁੱਚੇ ਸਮਰੱਥ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਇਹ ਮੁਹਿੰਮ ਨਿਰੰਤਰ ਤੇ ਉਤਸ਼ਾਹ ਨਾਲ ਜਾਰੀ ਰੱਖੀ ਜਾ ਸਕੇ। ਇਹ ਮੁਹਿੰਮ ਸਮਾਜ ਨੂੰ ਸਿਹਤਮੰਦ ਬਣਾ ਸਕਦੀ ਹੈ ਅਤੇ ਨੌਜਵਾਨ ਪੀੜੀ ਦਾ ਜੀਵਨ ਬਦਲ ਸਕਦੀ ਹੈ। ਸੁਸਾਇਟੀ ਨੇ ਅਪੀਲ ਕੀਤੀ ਕਿ ਧਰਮ ਤੇ ਧਰਮ ਪ੍ਰਚਾਰ ਦੇ ਨਾਂ’ਤੇ ਰੋੜਿਆ ਜਾ ਰਿਹਾ ਸਰਮਾਇਆ ਸਮੁੱਚੇ ਸਮਾਜ ਦੇ ਭਲੇ’ਤੇ ਲਾਉਣ ਦੀ ਦਿਸ਼ਾ ਵੱਲ ਤੁਰੰਤ ਮੋੜ ਕੱਟਣਾ ਚਾਹੀਦਾ ਹੈ।
ਇਸ ਮੌਕੇ ਸ਼ੁਭ ਕਰਮਨ ਸੁਸਾਇਟੀ ਦੇ ਮੁਖੀ ਰਸ਼ਪਾਲ ਸਿੰਘ, ਸਕੱਤਰ ਪਰਮਿੰਦਰ ਸਿੰਘ, ਵਾਈਸ-ਪ੍ਰਧਾਨ ਪ੍ਰਿੰ: ਕਿਰਨਪ੍ਰੀਤ ਕੌਰ ਧਾਮੀ, ਖਜ਼ਾਨਚੀ ਇੰਜ: ਗੁਲਜ਼ਾਰ ਸਿੰਘ, ਕਾਰਜਕਾਰਨੀ ਪ੍ਰਿੰ:ਗੁਰਦੇਵ ਸਿੰਘ ਬੈਂਚਾਂ, ਇੰਜ: ਹਰਜੀਤਪਾਲ ਸਿੰਘ ਤੋਂ ਇਲਾਵਾ ਭਾਈ ਬਲਜੀਤ ਸਿੰਘ ਸਿਦਕੀ, ਭਾਈ ਪਰਮਜੀਤ ਸਿੰਘ ਸਿਦਕੀ, ਭਾਈ ਸ਼ੇਰ ਸਿੰਘ, ਭੁਪਿੰਦਰ ਸਿੰਘ ਅਤੇ ਪੰਜਾਬ ਨੈਸ਼ਨਲ ਬੈਂਕ ਤੋਂ ਸ਼੍ਰੀ ਵਰਿੰਦਰ ਕੁਮਾਰ ਤੇ ਯੋਗੇਸ਼ ਜੀ ਹਾਜ਼ਰ ਸਨ।