ਕਿਹੜੀ ਮਿੱਟੀ ਦਾ ਬਣਿਆ ਸੀ ਗੁਰਬਚਨ ਸਿਆਂ??

ਪੰਜਾਬ ਰੋਡਵੇਜ਼ ਦਾ ਸਾਡੇ ਪਰਿਵਾਰ ਨਾਲ ਨਹੁੰ ਮਾਸ ਵਾਲਾ ਰਿਸ਼ਤਾ ਰਿਹਾ। ਇੱਕ ਪਰਿਵਾਰ ‘ਚੋਂ ਡੈਡੀ, ਚਾਚਾ, ਮੇਰਾ ਵੱਡਾ ਭਰਾ, ਚਾਚਾ ਜੀ ਦਾ ਬੇਟਾ ਤੇ ਮੈਂ, ਅਸੀਂ ਇੱਕ ਪਰਿਵਾਰ ਦੇ ਪੰਜ ਜਣੇ ਇੱਕੋ ਸੂਈ ਦੇ ਨਖਾਰੇ ਥਾਂਈਂ ਲੰਘ ਚੁੱਕੇ ਹਾਂ। ਜਦੋਂ ਡੈਡੀ ਮੂੰਹੋਂ ਸੁਣੀਆਂ ਸੰਘਰਸ਼ ਦੀਆਂ ਗੱਲਾਂ ਯਾਦ ਕਰਦਾ ਹਾਂ ਤਾਂ ਸਿਦਕੀ ਪਿਓ ਦੀ ਘਾਲਣਾ ਅੱਗੇ ਆਪ ਮੁਹਾਰੇ ਹੱਥ ਜੁੜ ਜਾਂਦੇ ਹਨ। ਮਾਣ ਹੁੰਦੈ ਕਿ ਅਸੀਂ ਓਸ ਬਾਪ ਦੀ ਛਾਂ ਹੇਠ ਪਲ ਕੇ ਵੱਡੇ ਹੋਏ ਹਾਂ, ਜਿਸਨੂੰ ਪਤਾ ਹੀ ਨਹੀਂ ਸੀ ਕਿ ਬਚਪਨ ਕੀ ਸ਼ੈਅ ਹੁੰਦੀ ਐ?
ਸਾਡੇ ਦਾਦਾ ਜੀ ਦੀ ਮੌਤ ਤੋਂ ਬਾਅਦ ਸਾਡੇ ਡੈਡੀ ਵਰਗਿਆਂ ਨੂੰ ਉਹਨਾਂ ਦੀ ਮਾਂ ਨੇ ਹੀ ਲੱਕ ਤੋੜਵੀਂ ਮਿਹਨਤ ਕਰਕੇ ਪਾਲਿਆ। ਡੈਡੀ ਤੋਂ ਦੋ ਨਿੱਕੇ ਚਾਚੇ। ਵੱਡਾ ਚਾਚਾ ਚੜ੍ਹਤ ਸਿੰਘ (ਭੋਲਾ) ਤੇ ਛੋਟਾ ਕਮਲਜੀਤ। ਘਰ ਦੀ ਗਰੀਬੀ ਨੇ ਸਾਡੇ ਡੈਡੀ ਗੁਰਬਚਨ ਸਿੰਘ ਨੂੰ ਉਮਰੋਂ ਵੱਧ ਸਿਆਣਾ ਕਰ ਦਿੱਤਾ। ਭਾਈਚਾਰੇ ਤੇ ਰਿਸ਼ਤੇਦਾਰਾਂ ਦੇ ਨਾਲ ਨਾਲ ਦੋਸਤਾਂ ਮਿੱਤਰਾਂ ਨਾਲ ਵਰਤ-ਵਰਤਾਅ ਸਿਦਕ ਦੀ ਹੱਦ। ਦੂਜਿਆਂ ਲਈ ਆਵਦਾ ਨਫ਼ਾ ਨੁਕਸਾਨ ਓਹਨੇ ਕਦੇ ਦੇਖਿਆ ਹੀ ਨਹੀਂ ਸੀ। ਸਕੂਲ ਪੜ੍ਹਦਿਆਂ ਦੁੱਧ ਵਾਲੀ ઠਡੇਅਰੀ ਚਲਾਈ। ਆਪ ਦੁੱਖ ਝੱਲੇ ਪਰ ਭਰਾਵਾਂ ਲਈ ਪਿਓ ਬਣਕੇ ਨਿਭਿਆ। ਮਾੜੇ ਦਿਨਾਂ ‘ਚ ਜਿਹੜੇ ਰਿਸ਼ਤੇਦਾਰ ਸਾਥ ਛੱਡ ਗਏ ਸੀ, ਰੋਡਵੇਜ਼ ‘ਚ ਭਰਤੀ ਹੋ ਕੇ ઠਸੁੱਖ ਦੀ ਰੋਟੀ ਪੱਕਦਿਆਂ ਖੁਦ ਉਹਨਾਂ ਨਾਲ ਟੁੱਟੀਆਂ ਗੰਢਦਾ ਰਿਹਾ ਜਿਵੇਂ ਗੁਰਬਤ ਭਰੇ ਦਿਨ ਵੀ ਉਸਦਾ ਕਸੂਰ ਹੋਣ। ਘਰ ਵਿੱਚ ਸਾਡੇ ਡੈਡੀ ਦੀ ਮਾਂ ਤੇ ਦਾਦੀ ਸਨ। ਪਹਿਲਾਂ ਮਾਂ ਤੁਰ ਗਈ ਤੇ ਫਿਰ ਬਜ਼ੁਰਗ ਦਾਦੀ। ਘਰ ਵਿੱਚ ਤਿੰਨ ਭਰਾ ਹੀ ਰਹਿ ਗਏ। ਡੈਡੀ ਦਾ ਵਿਆਹ ਸਾਡੀ ਮਾਤਾ ਨਾਲ ਹੋਇਆ ਤਾਂ ਤਵੇ ‘ਤੇ ਹੱਥ ਮੱਚਣੋਂ ਹਟੇ। ਡੈਡੀ ਦੇ ਨਾਲ ਚੜ੍ਹਤ ਸਿੰਘ ਚਾਚੇ ਨੂੰ ਵੀ ਕੰਡਕਟਰ ਦੀ ਨੌਕਰੀ ਮਿਲ ਗਈ। ਇੱਕ ਘਰ ‘ਚ ਦੋ ਸਰਕਾਰੀ ਤਨਖਾਹਾਂ ਡਿੱਗਣ ਲੱਗੀਆਂ। ਚੜ੍ਹਤ ਸਿੰਘ ਚਾਚੇ ਦਾ ਵਿਆਹ ਹੋਏ ਨੂੰ ਅਜੇ ਛੇ ਮਹੀਨੇ ਹੀ ਹੋਏ ਸਨ ਕਿ ਡਿਊਟੀ ‘ਤੇ ਗਿਆ ਘਰ ਨਾ ਮੁੜਿਆ। ਅਜਿਹਾ ਗੁਆਚਿਆ ਕਿ ਸਾਡੇ ਡੈਡੀ ਨੇ ਪੂਰਾ ਦੇਸ਼ ਗਾਹ ਮਾਰਿਆ। ਬੱਸਾਂ, ਰੇਲਾਂ, ਗਲੀਆਂ ਮੁਹੱਲਿਆਂ ‘ਚ ਗੁੰਮਸ਼ੁਦਾ ਦੀ ਤਲਾਸ਼ ਵਾਲੇ ਪਰਚੇ ਲਾਉਂਦਾ ਰਿਹਾ। ਕੱਚਾ ਘਰ ਢਹਿ ਗਿਆ। ਨਵਾਂ ਘਰ ਪਾਉਣ ਲਈ ਪਲਾਟ ਖਰੀਦਿਆ ਤਾਂ ਇਸ ਵਿਉਂਤ ਨਾਲ ਉਸਾਰੀ ਕੀਤੀ ਕਿ ”ਭੋਲਾ ਬੇਸ਼ੱਕ ਕੱਲ੍ਹ ਨੂੰ ਆ ਜਾਵੇ, ਤੀਜੇ ਹਿੱਸੇ ਦੇ ਦਸ ਮਰਲੇ ਓਹਦੇ ਆ।”
ਜਵਾਨ ਜਹਾਨ ਹੱਥੀਂ ਪਾਲਿਆ ਭਰਾ ਮੁੜ ਘਰ ਨਾ ਆਇਆ। ਡੈਡੀ ਓਹਨੂੰ ਯਾਦ ਕਰਕੇ ਅਕਸਰ ਹੀ ਭਾਵੁਕ ਹੋ ਜਾਂਦਾ। ਚਾਚੇ ਦੇ ਵੈਰਾਗ ‘ਚ ਲਿਖੇ ਗੀਤ ਮੈਂ ਤੇ ਮਿੰਟੂ ਵੀਰ ਗਾਉਂਦੇ ਤੇ ਡੈਡੀ ਤੂੰਬੀ ਵਜਾਉਂਦੇ। ਇਉਂ ਲਗਦਾ ਸੀ ਜਿਵੇਂ ਡੈਡੀ ਹਰ ਸਾਹ ਭੋਲਾ ਭੋਲਾ ਉਚਾਰਦਾ ਹੋਵੇ। ਸ਼ਾਇਦ ਚਾਚੇ ਦੇ ਵਿਛੋੜੇ ਨੇ ਉਹਦੇ ਦਿਲ ‘ਚ ਮੋਹ ਦਾ ਜੰਗਲ ਉਗਾ ਦਿੱਤਾ ਸੀ ਕਿ ਉਹ ਕਿਸੇ ਬੇਗਾਨੇ ਨੂੰ ਵੀ ਭਰਾਵਾਂ ਵਰਗਾ ਮੋਹ ਦਿੰਦਾ। ਪਿੰਡ ਦੇ ਹਰ ਨਿੱਕੇ ਵੱਡੇ ਨਾਲ ਟਿੱਚਰੋ ਟਿੱਚਰੀ ਹੋਣਾ ਓਹਦਾ ਸੁਭਾਅ ਸੀ। ਜਨਮ ਤੋਂ ਲੈ ਕੇ ਜਵਾਨੀ ਤੱਕ ਗੁਰਬਤ ਦਾ ਦੁੱਖ, ਜਦੋਂ ਦਿਨ ਸੁਖਾਲੇ ਹੋਏ ਤਾਂ ਭਰਾ ਦੇ ਗੁਆਚ ਜਾਣ ਦਾ ਦੁੱਖ।
ਸਾਡੇ ਘਰ ਦਾ ਮਾਹੌਲ ਕੁਝ ਇਸ ਤਰ੍ਹਾਂ ਦਾ ਸੀ ਕਿ ਡੈਡੀ ਨਾਲ ਡਰਾਈਵਰ ਵਜੋਂ ਡਿਊਟੀ ਕਰਦੇ ਦੂਰ ਨੇੜੇ ਪਿੰਡਾਂ ਦੇ ਕਰਮਚਾਰੀ ਸਾਨੂੰ ਪਰਿਵਾਰ ਦੇ ਜੀਆਂ ਵਰਗੇ ਲਗਦੇ। ਸਾਡੇ ਡੈਡੀ ਦਾ ਨੇਮ ਸੀ ਕਿ ਦੂਰ ਪਿੰਡ ਦੇ ਡਰਾਈਵਰ ਨੂੰ ਬੱਸ ‘ਚ ਨਹੀਂ ਸੀ ਕਦੇ ਸੌਣ ਦਿੱਤਾ। ਸਾਡਾ ਪਿੰਡ ਜ਼ਿਲ੍ਹੇ ਦਾ ਆਖਰੀ ਪਿੰਡ ਹੋਣ ਕਰਕੇ ਮੋਗਾ-ਭਦੌੜ, ਮੋਗਾ-ਹਠੂਰ-ਫਰੀਦਕੋਟ ਵਰਗੇ ਰੂਟਾਂ ਦੀਆਂ ਬੱਸਾਂ ਦਾ ਆਖਰੀ ਗੇੜਾ ਪਿੰਡਾਂ ਵੱਲ ਦਾ ਹੀ ਹੁੰਦਾ। ਦੂਰ ਪਿੰਡਾਂ ਦੇ ਡਰਾਈਵਰ ਸਾਡੇ ਮਹਿਮਾਨ ਹੁੰਦੇ। ਘਰ ‘ਚ ਰੋਟੀ ਪਾਣੀ, ਦਾਰੂ ਪਿਆਲਾ, ਸੌਣ ਲਈ ਜਿੰਨੀ ਕੁ ਸਹੂਲਤ ਦਿੱਤੀ ਜਾ ਸਕਦੀ, ਅਸੀਂ ਦਿਲੋਂ ਕੋਸ਼ਿਸ਼ ਕਰਦੇ। ਘਰ ਆਇਆ ਡਰਾਈਵਰ ਸਾਡੇ ਪਰਿਵਾਰ ਲਈ ਕਦੇ ਵੀ ਲੋਭੜ ਬੰਦਾ ਨਾ ਸਮਝਿਆ ਜਾਂਦਾ।
ਡੈਡੀ ਦੇ ਜਿਉਂਦੇ ਜੀਅ ਮੇਰਾ ਵੱਡਾ ਭਰਾ ਤੇ ਚਾਚਾ ਜੀ ਦਾ ਵੱਡਾ ਬੇਟਾ ਵੀ ਡੈਡੀ ਨੇ ਪੀ.ਆਰ.ਟੀ.ਸੀ. ‘ਚ ਕੰਡਕਟਰ ਭਰਤੀ ਕਰਵਾ ਦਿੱਤੇ। ਮੇਰਾ ਸੁਪਨਾ ਸੀ ਅਧਿਆਪਕ ਬਣਨ ਦਾ। ਬੀ.ਐੱਡ. ਕਰਕੇ ਪਿੰਡ ਦੇ ਸਕੂਲ ‘ਚ ਸਰਵ ਸਿੱਖਿਆ ਅਭਿਆਨ ਤਹਿਤ ਸਿੱਖਿਆ ਵਲੰਟੀਅਰ ਵਜੋਂ ਨੌਕਰੀ ਮਿਲੀ।
30 ਮਈ 2006 ਦੀ ਰਾਤ ਨੂੰ ਡੈਡੀ ਤ੍ਰੇਲੀਓ ਤਰੇਲੀ ਹੋ ਗਏ। ਬਰਨਾਲੇ ਲੈ ਕੇ ਗਏ ਤਾਂ ਮੁੜਦੇ ਹੋਏ ਦਿਲ ਦੇ ਦੌਰੇ ਕਾਰਨ ਨਿਰਜਿੰਦ ਗੁਰਬਚਨ ਸਿਉਂ ਘਰ ਆ ਗਿਆ। ਘਰ ਇੱਕ ਵਾਰ ਫਿਰ ਮੂਧਾ ਵੱਜ ਗਿਆ। ਸਭ ਕੁਝ ਲੁੱਟਿਆ ਗਿਆ ਮਹਿਸੂਸ ਹੋਇਆ। ਡੈਡੀ ਦੀ ਥਾਂ ਤਰਸ ਦੇ ਆਧਾਰ ‘ਤੇ ਮੈਨੂੰ ਨੌਕਰੀ ਲਈ ਅਪਲਾਈ ਕਰਨਾ ਪਿਆ। ਮਾਸਟਰ ਲੱਗਿਆ ਹੋਇਆ ਮਨਦੀਪ ਖੁਰਮੀ ਕੰਡਕਟਰ ਵਾਲਾ ਝੋਲਾ ਫੜ੍ਹ ਕੇ ਮੋਗਾ ਡਿਪੂ ਦੀ ਪੀ.ਬੀ. 29-9643 ਗੱਡੀ ਦਾ ਐੱਮ.ਏ., ਬੀ.ਐੱਡ. ਪਾਸ ਕੰਡਕਟਰ ਬਣ ਗਿਆ। ਡੈਡੀ ਸਰੀਰਕ ਤੌਰ ‘ਤੇ ਹੀ ਕੋਲ ਨਹੀਂ ਸੀ ਪਰ ਮੈਂ ਡੈਡੀ ਦਾ ਝੋਲਾ, ਟਿਕਟਾਂ ਹੇਠ ਰੱਖਣ ਵਾਲੀ ਐਲੂਮੀਨੀਅਮ ਦੀ ਪੱਤੀ, ਟਿਕਟਾਂ ਕੱਟਣ ਵਾਲਾ ਪੰਚ ਤੇ ਓਹੀ ਸੀਟੀ ਕੋਲ ਰੱਖੇ। ਇਹਨਾਂ ਚੀਜ਼ਾਂ ਦੇ ਕੋਲ ਹੋਣ ਕਰਕੇ ਆਪਣੇ ਆਪ ਨੂੰ ਕਦੇ ਵੀ ਇਕੱਲਾ ਨਾ ਸਮਝਿਆ। ਦੂਜਾ ਹੌਸਲਾ ਮੇਰੇ ਪਹਿਲੇ ਦਿਨ ਤੋਂ ਡਰਾਈਵਰ ਸਾਥੀ ਬਣੇ ਚਾਚਾ ਜਗਸੀਰ ਸਿੰਘ ਉਰਫ਼ ”ਭੋਲਾ ਹਨੇਰੀ” ਦਾ ਸੀ, ਜਿਸਨੇ ਬੱਸ ਵਿੱਚ ਵਰੋਲੇ ਵਾਂਗੂੰ ਘੁੰਮ ਜਾਣ, ਸਵਾਰੀਆਂ ਦੇ ਚਿਹਰੇ ਪੜ੍ਹਨ ਦੀ ਜਾਚ ਸਿਖਾਈ। ਇੰਗਲੈਂਡ ਆਉਣ ਤੱਕ ਮੈਂ ਲਗਭਗ 11 ਕੁ ਮਹੀਨੇ ਹੀ ਨੌਕਰੀ ਕੀਤੀ ਪਰ ਕੀਤੀ ਪੂਰੀ ਮੜਕ ਨਾਲ। ਇਸ ਸਾਰੇ ਸਮੇਂ ‘ਚ ਚਾਚਾ ਭੋਲਾ ਹਨੇਰੀ ਹੀ ਡਰਾਈਵਰ ਰਿਹਾ। ਚਾਚੇ ਦਾ ਡਰਾਈਵਰ ਨੰਬਰ 13 ਤੇ ਮੇਰਾ ਕੰਡਕਟਰ ਨੰਬਰ 13….। ਦੀਨਾ ਸਾਹਿਬ ਤੋਂ ਚੰਡੀਗੜ੍ਹ ਰੂਟ ‘ਤੇ 13-13 ਹੁੰਦੀ ਰਹੀ।
ਅਕਸਰ ਹੀ ਵੱਖ ਵੱਖ ਡਰਾਈਵਰ ਮਿਲਦੇ ਰਹੇ। ਓਹਨਾਂ ਮੂੰਹੋਂ ਡੈਡੀ ਦੀਆਂ ਗੱਲਾਂ ਸੁਣ ਕੇ ਮਾਣ ਹੁੰਦਾ। ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਕਿ ”ਨਰ ਬੰਦਾ ਸੀ ਗੁਰਬਚਨ। ਨਾਲ ਗਏ ਡਰਾਈਵਰ ਨੂੰ ਬੱਸ ‘ਚ ਨਹੀਂ ਸੀ ਕਦੇ ਸੌਣ ਦਿੱਤਾ। ਸਗੋਂ ਲੜ ਕੇ ਘਰ ਲੈ ਕੇ ਜਾਂਦਾ ਹੁੰਦਾ ਸੀ।”
11 ਮਹੀਨਿਆਂ ਦੇ ਮੇਰੇ ਤੇ ਚਾਚੇ ਭੋਲੇ ਹਨੇਰੀ ਦੇ ਸਾਥ ‘ਚ ਅਸੀਂ ਕਦੇ ਛੁੱਟੀ ਵਾਲੇ ਦਿਨ ਹੀ ਇੱਕ ਦੂਜੇ ਕੋਲੋਂ ਪਾਸੇ ਹੋਏ ਹੋਵਾਂਗੇ, ਨਹੀਂ ਤਾਂ ਅਸੀਂ ਘਰੀਂ ਸੌਣ ਲਈ ਹੀ ਆਉਂਦੇ। ਇੱਕ ਵਾਰ ਚਾਚੇ ਨੇ ਛੁੱਟੀ ਲੈ ਲਈ ਤੇ ਸਾਡੇ ਪੱਕੇ ਰੂਟ ”ਦੀਨਾ ਸਾਹਿਬ-ਚੰਡੀਗੜ੍ਹ” ‘ਤੇ ਹੋਰ ਜੋੜੀ ਤੋਰ ਦਿੱਤੀ। ਮੇਰਾ ਸਾਥ ਆਥਣ ਦੇ ਗੇੜੇ ਲੁਧਿਆਣੇ ਗੱਡੀ ਬੰਦ ਕਰਨ ਵਾਲੇ ਡਰਾਈਵਰ ਨਾਲ ਬਣਾ ਦਿੱਤਾ।
-”ਪੁੱਤਰਾ, ਤੇਰਾ ਬਾਪੂ ਬਾਹਲਾ ਘੈਂਟ ਬੰਦਾ ਸੀ। ਡਰਾਈਵਰ ਨੂੰ ਤਾਂ ਭਰਾ ਬਣਾ ਕੇ ਰੱਖਦਾ ਸੀ। ਜਾਹ ਖਾਂ ਕੋਈ ਤਿਣਕਾ ਭਰ ਚੀਜ਼ ਵੀ ਬਿਨਾਂ ਵੰਡੇ ਖਾ ਜਾਂਦਾ। ਮੈਂ ਦੋ ਰਾਤਾਂ ਥੋਡੇ ਘਰੇ ਰਹਿ ਕੇ ਆਇਆ ਹਾਂ। ਤੁਸੀਂ ਓਦੋਂ ਨਿੱਕੇ ਹੁੰਦੇ ਸੀ।”, ਡਰਾਈਵਰ ਅੰਕਲ ਪੁਰਾਣੇ ਵੇਲਿਆਂ ਦੀ ਰੀਲ੍ਹ ਪਾਈ ਬੈਠਾ ਸੀ। ਗਰਮੀਆਂ ਦੇ ਦਿਨਾਂ ‘ਚ ਲਾਟਾਂ ਮਾਰਦੇ ਇੰਜਣ ‘ਤੇ ਬੈਠਾ ਡੈਡੀ ਦੀਆਂ ਗੱਲਾਂ ਸੁਣ ਰਿਹਾ ਸੀ।
-”ਮੈਨੂੰ ਆਥਣ ਦੇ ਗੇੜੇ ਤੇਰੇ ਬਾਪੂ ਨਾਲ ਭਦੌੜ ਨੂੰ ਤੋਰ ਦਿੱਤਾ। ਗੱਡੀ ਬੰਦ ਕੀਤੀ ਤਾਂ ਗੁਰਬਚਨ ਅੜ ਕੇ ਖੜ੍ਹ ਗਿਆ ਕਿ ਤੈਨੂੰ ਪਿੰਡ ਲੈ ਕੇ ਜਾਣੈ। ਜੇ ਗੱਡੀ ‘ਚ ਪੈ ਗਿਆ ਤਾਂ ਸਾਰੀ ਉਮਰ ਮਿਹਣਾ ਰਹੂ ਮੇਰੇ ਲਈ। ਪਤੰਦਰ ਘਰ ਲਿਜਾ ਕੇ ਈ ਟਲਿਆ। ਬਹੁਤ ਸੇਵਾ ਕੀਤੀ ਸੀ, ਭੋਰਾ ਓਪਰਾ ਮਹਿਸੂਸ ਨਾ ਹੋਇਆ।”
ਲੁਧਿਆਣੇ ਸਾਡੀ ਬੱਸ ਅੱਡੇ ‘ਚ ਹੀ ਖੜ੍ਹਨੀ ਸੀ। ਘਰੋਂ ਮਾਤਾ ਨੇ ਸਵੇਰੇ ਬੰਨ੍ਹ ਕੇ ਦਿੱਤੀ ਰੋਟੀ ਇਸ ਗੱਲ ਦਾ ਸੰਸਾ ਦੂਰ ਕਰ ਰਹੀ ਸੀ ਕਿ ਭੁੱਖਾ ਤਾਂ ਨਹੀਂ ਰਹਿੰਦਾ। ਪਰ ਡਿਊਟੀ ਦੌਰਾਨ ਘਰੋਂ ਬਾਹਰ ਰਹਿਣ ਦਾ ਮੇਰਾ ਪਹਿਲਾ ਤਜ਼ਰਬਾ ਸੀ। ਸਾਥੀ ਡਰਾਈਵਰ ਅੰਕਲ ਦੀ ਰਿਹਾਇਸ਼ ਲੁਧਿਆਣੇ ਬੱਸ ਅੱਡੇ ਤੋਂ ਬਾਹਲੀ ਦੂਰ ਨਹੀਂ ઠਸੀ। ਭਲੇ ਵੇਲਿਆਂ ‘ਚ ਵੱਡੇ ਪਲਾਟ ‘ਚ ਚੰਗਾ ਛੱਤ-ਛਤਾਅ ਦੱਸਿਆ ਸੀ ਅੰਕਲ ਨੇ। ਗੱਡੀ ਲੁਧਿਆਣਾ ਅੱਡੇ ਰੁਕੀ, ਸਵਾਰੀਆਂ ਉੱਤਰੀਆਂ ਤਾਂ ਅੰਕਲ ਨੇ ਸਟੈਂਡ ‘ਚ ਖੜ੍ਹਾ ਕੀਤਾ ਸਕੂਟਰ ਲਿਆਂਦਾ।
-”ਪੁੱਤਰਾ! ਪੈਣ ਲੱਗਿਆ ਗੱਡੀ ਦੀਆਂ ਕੁੰਡੀਆਂ ਅੰਦਰੋਂ ਧਿਆਨ ਨਾਲ ਲਾ ਲਵੀਂ। ਵਿੜਕ ਰੱਖੀਂ ਕੋਈ ਤੇਲ ਤੂਲ ਕੱਢਣ ਦੀ ਕੋਸ਼ਿਸ਼ ਨਾ ਕਰੇ।”, ਇੰਨਾ ਕਹਿ ਕੇ ਡਰਾਈਵਰ ਅੰਕਲ ਅੱਖੋਂ ਓਹਲੇ ਹੋ ਗਿਆ।
ਸਾਰੀ ਰਾਤ ਲੜੇ ਮੱਛਰ ਦਾ ਭੋਰਾ ਵੀ ਦੁੱਖ ਨਾ ਹੋਇਆ। ਸਾਰੀ ਰਾਤ ਜਾਗ ਕੇ ਕੱਟੀ। ਮੂੰਹੋਂ ਇਹੀ ਨਿੱਕਲ ਰਿਹਾ ਸੀ, ”ਗੁਰਬਚਨ ਸਿਆਂ, ਤੂੰ ਤੂੰ ਈ ਸੀ। ਕਿਹੜੀ ਮਿੱਟੀ ਦਾ ਬਣਿਆ ਸੀ?”

Install Punjabi Akhbar App

Install
×