
ਪਟਿਆਲਾ -ਬੀਤੀ ਦਿਨੀ ਪੰਜਾਬੀ ਦੇ ਉਘੇ ਕਵੀ ਸ੍ਰ ਸਰਦੂਲ ਸਿੰਘ ਭੱਲਾ ਦੇ ਰਚਿਤ ਪਲੇਠੇ ਕਾਵਿ ਸੰਗ੍ਰਿਹ (ਕੀ ਕਰੋਗੇ) ਦਾ ਲੋਕ ਅਰਪਨ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋ ਮਨਾਏ ਗਏ, ਪੰਜਾਬ ਦਿਵਸ ਦੋਰਾਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਕਰਮਜੀਤ ਕੋਰ, ਪੰਜਾਬ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਪੰਜਾਬੀ ਯੂਨਿਵਰਸਿਟੀ ਪਟਿਆਲਾ ਦੇ ਡੀਨ(ਭਾਸ਼ਾਵਾਂ) ਡਾ. ਸਤਨਾਮ ਸਿੰਘ ਸੰਧੂ , ਦਰਸ਼ਨ ਬੂਟਰ ਅਤੇ ਸਿਕੰਦਰ ਜੀ ਕਵੀ ਸ਼ਾਮਿਲ ਹੋਏ। ਇਸ ਅਵਸਰ ਤੇ ਪ੍ਰਧਾਨਗੀ ਮੰਡਲ ਵੱਲੋ ਸ੍ਰੀ ਭੱਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਵੀ ਕੋਲ ਸਮਾਜਿਕ ਮਾਮਲਿਆਂ ਨੂੰ ਨਿਵੇਕਲੇ ਢੰਗ ਨਾਲ ਪ੍ਰਗਟਾਉਣ ਦਾ ਹੁਨਰ ਹੈ, ਇਸ ਪੁਸਤਕ ਵਿੱਚ ਕਵੀ ਦੀ ਰਚਨਾ ਬਾਰੇ ਡਾ. ਆਸ਼ਟ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਲਿਖਿਆ ਹੈ ਕਿ ਸਰਦੂਲ ਸਿੰਘ ਭੱਲਾ ਦੀ ਕਵਿਤਾ ਕਾਣੀ ਵੰਡ ਜਾਂ ਬੇਦੋਸ਼ੀਆਂ ਨਾਲ ਹੁੰਦੀ ਜਿਆਦਤੀ ਵਿਰੁੱਧ ਬਗਾਵਤ ਕਰਦੀ ਹੈ ਅਤੇ ਮਜਾਹੀਆ ਅੰਦਾਜ ਵਿੱਚ ਮਨੁੱਖ ਨੂੰ ਨੈਤਿਕ ਕਦਰਾਂ ਕੀਮਤਾ ਨਾਲ ਜੋੜਨ ਦੀ ਪ੍ਰੇਰਨਾ ਦਿੰਦੀ ਹੋਈ ਸਮਾਜਵਾਦ ਦਾ ਸੁਨੇਹਾ ਦਿੰਦੀ ਹੈ । ਇਸ ਦੋਰਾਨ ਸ੍ਰੀ ਭੱਲਾ ਨੇ ਕਿਹਾ ਉਹ ਆਪਣੀ ਇਸ ਪੁਸਤਕ ਦੀ ਪ੍ਰਾਪਤੀ ਦਾ ਸੇਹਰਾ ਪੰਜਾਬ ਸਾਹਿਤ ਸਭਾ ਪਟਿਆਲਾ ਨੂੰ ਦਿੰਦੇ ਹਨ, ਜਿਸਨੇ ਉਸ ਅੰਦਰ ਛੁਪੇ ਹੋਏ ਕਵੀ ਨੂੰ ਉਜਾਗਰ ਕੀਤਾ ਹੈ, ਉਨਾਂ ਨੂੰ ਆਪਣੇ ਜਨਮਦਿਨ (1 ਨੰਵਬਰ) ਦੇ ਮੋਕੇ ਤੇ ਇਹ ਪੁਸਤਕ ਰਿਲੀਜ਼ ਹੋਣ ਨਾਲ ਖੁਸ਼ੀ ਅਨੁਭਵ ਹੋਈ ਹੈ ਤੇ ਉਹ ਭਵਿੱਖ ਵਿੱਚ ਸਮਾਜ ਦੇ ਬਹੁਪੱਖੀ ਸਰੋਕਾਰਾ ਨੂੰ ਆਪਣੇ ਪਾਠਕਾ ਨਾਲ ਸਾਂਝਾ ਕਰਕੇ ਮਾਂ ਬੋਲੀ ਦੇ ਵਿਕਾਸ ਵਿੱਚ ਯੋਗਦਾਨ ਪਾਂਦੇ ਰਹਿਣਗੇ । ਇਸ ਸਮਾਗਮ ਵਿੱਚ ਸ. ਸਤਨਾਮ ਸਿੰਘ, ਵੀਰਪਾਲ ਕੋਰ, ਧਰਮ ਕਮਿਆਣਾ, ਦਵਿੰਦਰਪਾਲ ਪਟਿਆਲਵੀ, ਤਰਲੋਕ ਸਿੰਘ ਢਿੱਲੋ ਤੇ ਵੱਡੀ ਗਿਣਤੀ ਵਿੱਚ ਲੇਖਕ ਹਾਜ਼ਰ ਸਨ।