ਖਿਆਲ ——ਅਮਰਜੀਤ ਢਿੱਲੋਂ ਦਬਡ਼੍ਹੀਖਾਨਾ–1

ਅ ਢਿੱਲੋਂ

ਕੈਨੇਡਾ ਦੇ ਤਿੰਨ ਕੁ ਮਹੀਨਿਆਂ ਦੇ  ਪਰਵਾਸ ਦੌਰਾਨ ਜੋ ਖਿਆਲ ਮਨ ਚ ਆਏ ਉਹਨਾਂ ਨੂੰ ਕਾਵਿਤਾ ਦਾ ਰੂਪ ਦਿੱਤਾ ਗਿਆ ਹੈ।
ਬਡ਼ੇ ਹੀ ਚਾਵਾਂ ਨਾਲ
ਬਡ਼ੇ ਹੀ ਚਾਵਾਂ ਨਾਲ ਕੈਨੇਡਾ ਆਈਦੈ,ਪਰ  ਆ ਕੇ ਦਿਨ ਗਿਣ ਗਿਣ  ਵਕਤ ਲੰਘਾਈਦੈ।
ਹਰ ਇਕ ਤਾਈਂ ਜੀ ਜੀ ਕਹਿਣਾ ਪੈਂਦਾ ਹੈ,ਕਮਰਿਆਂ ਦੇ ਵਿਚ ਤਡ਼੍ਹ ਕੇ ਬਹਿਣਾ ਪੈਂਦਾ ਹੈ।
ਜਿਉਂ ਕੁੱਕਡ਼ਾਂ ਨੂੰ ਖੁੱਡੇ ਵਿਚ ਬਿਠਾਈਦੈ- ਦਿਨ ਗਿਣ ਗਿਣ ਕੇ ਮਸਾਂ ਹੀ ਵਕਤ ਲੰਘਾਈਦੈ।
ਬੱਚਿਆਂ ਦਾ ਮੋਹ ਇਥੇ ਖਿੱਚ ਲਿਆਉਂਦਾ ਹੈ,ਹਰ ਵਿਜ਼ਟਰ ਹੀ ਆ ਕੇ ਪਰ ਪਛਤਾਉਂਦਾ ਹੈ
ਰੋਜ ਹੀ ਅਬਲਾ ਸਬਲਾ ਯਾਰੋ ਖਾਈਦੈ- ਦਿਨ ਗਿਣ ਗਿਣ ਕੇ ਮਸਾਂ ਹੀ ਵਕਤ ਲੰਘਾਈਦੈ।
ਇਥੇ ਆ ਕੇ ਹੈ ਬਡ਼੍ਹਕ ਬੰਦੇ ਮਰ ਜਾਂਦੀ,ਮਡ਼ਕ ਪਤਾ ਨਹੀਂ ਲਗਦਾ ਕਿਹਡ਼ੇ ਘਰ ਜਾਂਦੀ।
ਰਡ਼ਕ ਫਡ਼ਕ ਸਭ ਆਪਣੀ ਨੂੰ  ਭੁੱਲ ਜਾਈਦੈ- ਦਿਨ ਗਿਣ ਗਿਣ ਕੇ ਮਸਾਂ ਹੀ ਵਕਤ ਲੰਘਾਈਦੈ।
ਇਹ ਕੈਨੇਡਾ ਸੰਦ ਤੇ ਯੰਗ –ਮਲੰਗਾਂ ਦਾ ,ਭੇਤ ਪਾ ਲਿਆ ਜਿਸਨੇ ਇਸਦੇ ਢੰਗਾਂ ਦਾ।
ਉਸ ਵਲੋਂ ਡਾਲਰ ਦਾ ਢੇਰ ਲਗਾਈਦੈ- ਦਿਨ ਗਿਣ ਗਿਣ ਕੇ ਮਸਾਂ ਹੀ ਵਕਤ ਲੰਘਾਈਦੈ।
ਜਿਥੇ ਜੰਮੇ ਸਾਂ ਉਸ ਘਰ ਦੀ ਰੀਸ ਨਹੀਂ,ਢਿੱਲੋਂ ਤੋਂ ਤਾਂ ਇਹ ਹੁੰਦੀ ਧੂਹ ਘਡ਼ੀਸ ਨਹੀਂ
ਪਿੰਜਰੇ ਦੇ ਪੰਛੀ ਕੋਲੋਂ ਕਦ ਗਾਈਦੈ— ਦਿਨ ਗਿਣ ਗਿਣ ਕੇ ਮਸਾਂ ਹੀ ਵਕਤ ਲੰਘਾਈਦੈ।

ਖਿਆਲ   ਅਮਰਜੀਤ ਢਿੱਲੋਂ 2
ਵਿਨੀਪੈਗ ਦੀਆਂ ਰਾਤਾਂ ਲੰਮੀਆਂ ਹੋ ਚੱਲੀਆਂ-
ਵਿਨੀਪੈਗ ਵਿਚ ਰਾਤਾਂ ਲੰਮੀਆਂ ਹੋ ਚੱਲੀਆਂ ,ਵਿਚ ਪੰਜਾਬ ਵੀ ਰਾਤਾਂ ਲੰਮੀਆਂ ਹੋਣਗੀਆਂ।
ਛੋਟੇ ਛੋਟੇ ਦਿਨ ਜਲਦੀ ਛਿਪ ਜਾਵਣਗੇ ਕੀਡ਼ੀਆਂ ਆਪਣਾਂ ਰਾਸ਼ਨ ਜਲਦੀ ਢੋਣਗੀਆਂ।
—ਪਰਵਾਸੀ ਪੰਛੀ ਵਾਪਸ ਉਠ ਜਾਵਣਗੇ,ਰਹਿ ਗਏ ਬੱਚਿਆਂ ਦੀ ਵੀ ਸੁੱਖ ਮਨਾਵਣਗੇ
ਰੁੱਖ ਨਿਪੱਤਰੇ ਰੁੰਡ ਮਰੁੰਡੇ ਤੱਕਣਗੇ, ਮਾਖੋ ਮੱਖੀਆਂ ਵੀ ਹੁਣ ਸ਼ਹਿਦ ਨਾ ਚੋਣਗੀਆਂ ।
ਨਰਮੇ ਖਿਡ਼ ਜਾਵਣਗੇ ,ਝੋਨੇ ਪੱਕਣਗੇ,ਪੱਕੀ ਫਸਲ ਕਿਸਾਨ ਘਰੀਂ ਨਾ ਰੱਖਣਗੇ
ਸੁਘਡ਼ ਸੁਆਣੀਆਂ ਕੱਢ ਰਜਾਈਆਂ ਪੇਟੀ ਚੋਂ ਧੁੱਪ ਲੁਆ ਕੇ ਫੇਰ ਨਿਗੰਦੇ ਪਾਉਣਗੀਆਂ।
ਨਵੇਂ ਨਵੇਲੇ ਠੰਡਕ ਦੇ ਫੁੱਲ ਹੱਸਣਗੇ,ਤਿਤਲੀਆਂ ਭੰਵਰੇ ਉਹਨਾਂ ਉਤੇ ਨੱਚਣਗੇ
ਵਿਛਡ਼ੇ ਗਏ ਮਹਿਬੂਬ ਨੂੰ ਤਰਸ ਗਈਆਂ ਅੱਖੀਆਂ ਅੱਧੀ ਅੱਧੀ ਰਾਤੀਂ  ਉਠ ਕੇ ਰੋਣਗੀਆਂ।

ਖਿਆਲ ਅਮਰਜੀਤ ਢਿੱਲੋਂ -4
ਗੀਤ —ਪਰ ਸਾਡੀ ਪੰਜਾਬ ਨਾਲ ਹੀ ਯਾਰੀ ਐ।
ਬਡ਼ੀ ਕੈਨੇਡਾ ਦੀ ਇਹ ਧਰਤ ਪਿਆਰੀ ਐ,ਪਰ ਸਾਡੀ ਪੰਜਾਬ ਨਾਲ ਹੀ ਯਾਰੀ ਐ।
ਬਡ਼ੇ ਇਮਾਨਦਾਰ ਨੇ ਸੱਚੇ ਇਥੋਂ ਦੇ ,ਝੂਠ  ਨਾ ਬੋਲਣ ਜੰਮਪਲ ਬੱਚੇ ਇਥੋਂ ਦੇ।
—ਹਰ ਬੱਚੇ ਦੇ ਮਨ ਵਿਚ ਖੁਦਮੁਖਤਿਆਰੀ ਐ  – ਪਰ ਸਾਡੀ ਪੰਜਾਬ ਨਾਲ ਹੀ ਯਾਰੀ ਐ।
ਬਡ਼ੇ ਨੇ ਚੰਗੇ ਜੋ ਇਥੇ ਕੰਮ ਕਰਦੇ ਨੇ, ਪਰ ਜੋ  ਵਿਜ਼ਟਰ ਨਾ ਘਾਟ ਨਾ ਘਰ ਦੇ ਨੇ।
—ਮੌਸਮ ਨੇ ਹੀ ਉਹਨਾਂ ਦੀ ਮੱਤ ਮਾਰੀ ਐ—ਪਰ ਸਾਡੀ ਪੰਜਾਬ ਨਾਲ ਹੀ ਯਾਰੀ ਐ।
ਇਥੇ ਠੰਡਾ ਮੌਸਮ ਠੰਡ ਵਰਤਾਉਂਦਾ ਹੈ,ਪਰ ਪੰਜਾਬ ਦਾ ਮੌਸਮ ਅੱਗ  ਵਰਾਉਂਦਾ ਹੈ।
—ਫਿਰ ਵੀ ਉਸ ਮੌਸਮ ਵਿਚ ਬਡ਼ੀ ਖੁਮਾਰੀ ਐ– ਪਰ ਸਾਡੀ ਪੰਜਾਬ ਨਾਲ ਹੀ ਯਾਰੀ ਐ।
ਇਥੇ ਬੰਦਾ ਭਾਫ਼ਾਂ ਦੇ ਨਾਲ ਨਾਹੁੰਦਾ ਹੈ,ਉਥੇ ਕੁਦਰਤ ਨਾਲ ਪਸੀਨਾ ਆਉਂਦਾ ਹੈ
— ਹਰ ਵੇਲੇ  ਇਥੇ ਬੂਹੇ ਬੰਦ ਬਾਰੀ ਐ-  ਸਾਡੀ ਤਾਂ ਪੰਜਾਬ ਨਾਲ ਹੀ ਯਾਰੀ ਐ।
ਇਥੇ ਰੋਜ ਜਵਾਨੀ ਹੌਂਕੇ  ਭਰਦੀ ਹੈ,ਪਰ ਡਾਲਰ ਦੀ ਚਕਾਚੌਂਦ ਤੇ ਮਰਦੀ ਐ
–ਚਕਾਚੌਂਦ ਨੇ ਆਪਦੀ ਧਰਤ ਵਿਸਾਰੀ ਐ- ਪਰ ਸਾਡੀ ਪੰਜਾਬ ਨਾਲ ਹੀ ਯਾਰੀ ਐ।
ਬੰਦਿਆਂ ਵਿਚੋਂ ਬੰਦੇ ਇਥੇ ਖੋ ਗਏ ਨੇ,ਸ਼ਿਫਟਾਂ ਲਾ ਲਾ ਵਾਂਗ ਮਸ਼ੀਨਾ ਹੋ ਗਏ ਨੇ
–ਕੁਝ ਨਹੀਂ ਆਪਣਾ ਸਭ ਕੁਝ ਹੀ ਸਰਕਾਰੀ ਐ-  ਸਾਡੀ ਤਾਂ ਪੰਜਾਬ ਨਾਲ ਹੀ ਯਾਰੀ ਐ।
ਬਹੁਤ ਪੰਜਾਬੀ ਬੁੱਢੇ ਇਥੇ ਰੁੱਖੇ ਨੇ,ਦੋ ਦੋ ਪੈਨਸ਼ਨ ਲੱਗੀਆਂ ਫਿਰ ਵੀ ਭੁੱਖੇ ਨੇ
–ਹਰ ਵੇਲੇ ਕਰਦੇ ਰਹਿੰਦੇ ਹੁਸ਼ਿਆਰੀ ਐ-  ਸਾਡੀ ਤਾਂ ਪੰਜਾਬ ਨਾਲ ਹੀ ਯਾਰੀ ਐ।
ਕਦੇ ਪੰਜਾਬੀ ਵਿਹਲੇ ਬਹਿ ਕੇ ਰੋਵਣ ਨਾ,ਅੰਧਵਿਸ਼ਵਾਸ਼ ਤੇ ਅਣਪਡ਼੍ਹਤਾ ਜੇ ਹੋਵਣ ਨਾ
–ਹਾਕਮ ਦੂਰ ਕਰਨ ਜੇ ਬੇਰੁਜ਼ਗਾਰੀ ਐ- ਪਰ ਸਾਡੀ ਪੰਜਾਬ ਨਾਲ ਹੀ ਯਾਰੀ ਐ।
ਢਿੱਲੋਂ ਵਾਪਸ ਚੱਲੀਏ ਹੁਣ ਮਨ ਅੱਕਿਆ ਹੈ,ਚੰਗਾ ਮਾਡ਼ਾ ਸਭ ਇਥੋਂ ਦਾ ਤੱਕਿਆ ਹੈ।
–ਇੰਤਜ਼ਾਰ ਕਰਦੀ ਆਪਣੀ ਸਰਦਾਰੀ ਐ- ਸਾਡੀ ਤਾਂ ਪੰਜਾਬ ਨਾਲ ਹੀ ਯਾਰੀ ਐ।
ਖਿਆਲ ਅਮਰਜੀਤ ਢਿੱਲੋਂ 5
ਦੇਖੀ ਤੇਰੀ ਕੈਨੇਡਾ—
ਦੇਖੀ ਤੇਰੀ ਕੈਨੇਡਾ ਬਡ਼ੀ ਹੀ ਸੋਹਣੀ ਓਇ, ਪਰ ਪੰਜਾਬ ਦੀ ਧਰਤੀ ਵੀ ਮਨ-ਮੋਹਣੀ ਓਇ
ਸਿਫਟਾਂ ਲਾ ਲਾ ਸਾਫ ਸਬੂਤੇ ਚੋ ਗਏ ਨੇ,ਬੰਦੇ ਇਥੇ ਵਾਂਗ ਮਸੀਨਾ ਹੋ ਗਏ ਨੇ
ਅਜੇ ਤਾਂ ਜਿੰਦਗੀ ਦੀ ਪੂਣੀ ਹੈ ਛੋਹਣੀ ਓਇ-ਪਰ ਪੰਜਾਬ ਦੀ ਧਰਤੀ ਵੀ ਮਨਮੋਹਣੀ ਓਇ।
ਜਿਹਡ਼ੇ ਓਥੇ ਹਰ ਪਲ ਵਿਹਲੇ ਰਹਿੰਦੇ ਨੇ,ਉਹੀਓ ਹੀ ਪੰਜਾਬ ਨੂੰ ਮਾਡ਼ਾ ਕਹਿੰਦੇ ਨੇ
ਨਹੀਂ ਬਦਲ ਸਕਦੇ ਜੋ ਆਪਣੀ ਹੋਣੀ ਓਇ-ਹੈ ਪੰਜਾਬ ਦੀ ਧਰਤੀ ਵੀ ਮਨਮੋਹਣੀ ਓਇ।
ਇਥੇ ਕੂੰਜਾਂ ਛਪਡ਼ੀਂ ਬੱਚੇ ਟੋਲਦੀਆਂ ,ਪਰ ਪੰਜਾਬ ਵਾਂਗ ਨਾ ਕੋਇਲਾਂ ਬੋਲਦੀਆਂ
ਨਾ ਇਥੇ ਉਹ ਅੰਬਾਂ ਦੀ ਰੁੱਤ ਆਉਣੀ ਓਇ—ਹੈ ਪੰਜਾਬ ਦੀ ਧਰਤੀ ਵੀ ਮਨਮੋਹਣੀ ਓਇ।
ਇਥੇ ਖੁੱਲ੍ਹ ਬਹਾਰਾ ਮੌਸਮ ਬਣਿਆ ਹੈ,ਉਥੇ ਤਾਂ ਹਰ ਪਾਸੇ ਮੁੱਕਾ ਤਣਿਆ ਹੈ
ਥਾਂ ਥਾਂ ਪੁਲਿਸ ਬਣਾਈ ਬੈਠੀ ਛਾਉਣੀ ਓਇ—ਧਰਤ ਕੈਨੇਡਾ ਤੇਰੀ ਬਡ਼ੀ ਹੈ ਸੋਹਣੀ ਓਇ।
ਇੰਡੀਅਨ ਦੁਸ਼ਮਣ ਰਾਜੇ ਬਡ਼ਾ ਸਤਾਉਂਦੇ ਨੇ,ਨਸਿਆਂ ਦਾ ਪ੍ਰਸਾਦਿ ਰੋਜ ਵਰਤਾਉਂਦੇ ਨੇ
ਬਣਦੀ ਹਰ ਸਰਕਾਰ ਹੀ ਪੁੱਤਾਂ ਖੋਹਣੀ ਓਇ-ਧਰਤ ਕੈਨੇਡਾ ਦੀ ਹੈ ਬਡ਼ੀ ਹੀ ਸੋਹਣੀ ਓਇ।
ਸੋਹਣੀਆਂ ਯਾਦਾਂ ਇਥੋਂ ਦੀਆਂ ਲੈ ਚੱਲੇ ਹਾਂ,ਭਾਵੇਂ ਉਥੇ ਜਾਲਮਾਂ ਵੱਸ ਪੈ ਚੱਲੇ ਹਾਂ
ਢਿੱਲੋਂ ਓਥੇ ਵੀ ਜਾ ਧੁੰਦ ਮਿਟਾਉਣੀ ਓਇ—ਧਰਤ ਪੰਜਾਬ ਦੀ ਵੀ ਬਡ਼ੀ ਮਨਮੋਹਣੀ ਓਇ

ਖਿਆਲ ਅਮਰਜੀਤ ਢਿਲੋਂ 6
ਪਰਵਾਸੀ ਬੱਚਿਆਂ ਦੇ ਮਾਪੇ ਡੌਰ ਭੌਰ ਜਿਹੇ ਭਟਕ ਰਹੇ ਹਾਂ, ਨਾ ਏਧਰ ਨਾ ਓਧਰ ਜੋਗੇ ਅਧ ਅਸਮਾਨੇ ਲਟਕ ਰਹੇ ਹਾਂ।
ਇਕ ਅਣਦਿਸਦਾ ਸੋਹਣਾ ਪਿੰਜਰਾ ਚਾਰ ਚੁਫੇਰੇ ਵਲਿਆ ਹੋਇਐ,ਕੈਦੀ ਕਿਸੇ ਪਰਿੰਦੇ ਵਾਂਗੂ ਗੁਟਕ ਰਹੇ ਹਾਂ ਮਟਕ ਰਹੇ ਹਾਂ।
ਬੱਸ ਕੰਡਕਟਰ  ਵਰਗੀ ਜਿੰਦਗੀ ਜਾਣਾ ਕਿਤੇ ਨੀ ਸਫਰ ਹੀ ਸਫਰ ਹੀ ਹੈ,ਖਡ਼੍ਹੇ  ਖਡ਼੍ਹੋਤੇ ਤੁਰਦੇ ਜਾਂਦੇ ,ਤੁਰਦੇ ਤੁਰਦੇ ਅਟਕ ਰਹੇ ਹਾਂ।
ਅਜ਼ਬ ਜਿਹਾ ਇਕ ਸੁੰਨਾਪਨ ਹੈ ਮਨਮੰਦਰ ਦੇ ਵਿਚ ਪਸਰਿਆ,ਹੰਝੂਆਂ ਵਰਗੇ ਜ਼ਜ਼ਬਾਤਾਂ ਨੂੰ ਪੂੰਝ ਰਹੇ ਹਾਂ ,ਝਟਕ ਰਹੇ ਹਾਂ।
ਕਿਸੇ ਲਈ ਰੁਜ਼ਗਾਰ ਦਾ ਗ਼ਮ ਹੈ ,ਕਿਸੇ ਦੇ ਲਈ ਬਹਾਰ ਦਾ ਗ਼ਮ ਹੈ,ਨਿਰਮੋਹੀ ਧਰਤੀ ਤੋਂ ਕੁਝ ਕਾਗਜ਼ ਦੇ ਟੁਕਡ਼ੇ ਚਟਕ ਰਹੇ ਹਾਂ।
ਪਰਵਾਸੀ ਬੱਚਿਆਂ ਦੇ ਮਾਪੇ ਡੌਰ ਭੌਰ ਜਿਹੇ ਭਟਕ ਰਹੇ ਹਾਂ ,ਟੁੱਟੇ ਖੰਭ ਤਿਰਸ਼ੰਕੂ ਵਾਂਗੂ ਅਧ ਵਿਚਾਲੇ ਲਟਕ ਰਹੇ ਹਾਂ।

ਵਾਟਰ ਰਿੱਜ ਪੱਥ ਵਿਨੀਪੈਗ (ਕੈਨੇਡਾ) 431 374 6646

ਖਿਆਲ —ਅਮਰਜੀਤ ਢਿੱਲੋਂ ਦਬਡ਼੍ਹੀਖਾਨਾ  3
ਸੋਨੇ ਦੇ ਪਿੰਜਰੇ ਨੇ ਇਹ—–
ਇਹ ਜੋ ਗਰੰਥ ਨੇ ,ਇਹ ਧਰਮਾਂ ਦੇ ਪੰਥ ਨੇ ,ਸੋਨੇ ਦੇ ਪਿੰਜਰੇ ਨੇ ਹੀਰੇ ਮੋਤੀਆਂ ਜਡ਼ੇ
ਇਹਨਾਂ ਵਿਚ ਕੈਦ ਨੇ ਪਰਿੰਦੇ ਬਡ਼ੇ
ਧਰਮ ਸਿਧਾਂਤ ਨੇ ਦੀਵਾਰਾਂ ਵਲੀਆਂ , ਇਹਨਾਂ ਵਿਚ ਕੈਦ ਫੁੱਲ ਅਤੇ ਕਲੀਆਂ
ਮਾਰੇ ਗਏ ਨੇ ਇਹਨਾਂ ਦੇ ਖਿਲਾਫ ਜੋ ਲਡ਼ੇ- ਸੋਨੇ ਦੇ ਪਿੰਜਰੇ ਨੇ ਹੀਰੇ ਮੋਤੀਆਂ ਜਡ਼ੇ।
ਇਕ ਵਾਰੀ ਪਿੰਜਰੇ ਚ ਜੋ ਵੀ ਵਡ਼ਿਆ,ਜਿਸਨੂੰ ਬੁਖਾਰ ਧਰਮਾਂ ਦਾ ਚਡ਼੍ਹਿਆ
ਉਸਦੀ ਸੁਰਤ ਤੇ ਪੈ ਜਾਂਦੇ ਨੇ ਗਡ਼ੇ–ਸੋਨੇ ਦੇ ਪਿੰਜਰੇ ਨੇ ਇਹ ਮੋਤੀਆਂ ਜਡ਼ੇ।
ਸਾਗਰ ਅਥਾਹ ਨੇ ਗਿਆਨ ਦੇ ਤੇ ਗੁਨੀਆ,ਖੂਹ ਦੇ ਡੱਡੂਆਂ ਦੀ ਸੀਮਿਤ ਹੈ ਦੁਨੀਆ
ਕਿਵੇਂ ਬਾਹਰ ਖੂਹ ਦੇ ਖਿਆਲ ਉਹ ਫਡ਼੍ਹੇ- ਇਹ ਸੋਨੇ ਦੇ ਪਿੰਜਰੇ ਨੇ ਹੀਰੇ ਮੋਤੀਆਂ ਜਡ਼ੇ।
ਖੁਦ ਤਾਈਂ ਸਮਝੀ ਆਜ਼ਾਦ ਫਿਰਦੇ, ਜੋ ਰਸਮਾਂ ਰਿਵਾਜਾਂ ਦੇ ਗੁਲਾਮ ਹਿਰਦੇ
ਕੋਈ ਵਿਗਿਆਨ ਦੀ ਕਿਤਾਬ ਨਾ ਪਡ਼੍ਹੇ–  ਸੋਨੇ ਦੇ ਪਿੰਜਰੇ ਨੇ ਇਹ ਮੋਤੀਆਂ ਜਡ਼ੇ।
ਧਰਮ ਬਣਾਉਂਦਾ ਬੰਦਾ ਭਾਂਤ ਭਾਂਤ ਦੇ ,ਬਡ਼ੇ ਭੈਡ਼ੇ ਕੈਦਖਾਨੇ ਨੇ ਸਿਧਾਂਤ ਦੇ।
ਆਪਣੇ ਸਿਧਾਂਤ ਫਿਰ ਦੂਜੇ ਤੇ ਮਡ਼੍ਹੇ–  ਸੋਨੇ ਦੇ ਪਿੰਜਰੇ ਨੇ ਇਹ ਮੋਤੀਆਂ ਜਡ਼ੇ।
ਲੋਕ ਇਥੇ ਸਿਰਜੀ ਰਹੱਸ ਰਖਦੇ ,ਖੁਦ ਤਾਈਂ  ਕਿਸੇ ਦੇ ਹੈ ਸਦਾ ਵੱਸ ਰਖਦੇ
ਜੋ ਨਹੀਂ ਹੈ ਉਹ ਸਦਾ ਹੀ ਦਿਮਾਗ ਚ ਅਡ਼ੇ– ਇਹ ਸੋਨੇ ਦੇ ਪਿੰਜਰੇ ਨੇ ਮੋਤੀਆਂ ਜਡ਼ੇ।
ਆਦਮੀ ਗੁਲਾਮ ਇਥੇ ਅਗਿਆਨ  ਦਾ ,ਬੱਸ ਇਹ ਹੀ ਗੱਲ ਉਹ ਨਹੀਂ ਪਹਿਚਾਣ ਦਾ।
ਖਡ਼੍ਹੇ ਪਾਣੀ ਵਾਂਗ ਸਡ਼ਿਹਾਂਦ ਚ ਸਡ਼ੇ-  ਸੋਨੇ ਦੇ ਪਿੰਜਰੇ ਨੇ ਇਹ ਮੋਤੀਆਂ ਜਡ਼ੇ।
—–
ਇਹ ਸਾਰੇ ਖਿਆਲ ( ਕਵਿਤਾਵਾਂ ) ਮੌਲਿਕ ਤੇ ਅਪ੍ਰਕਾਸ਼ਤ ਹਨ ਜੀ—ਅਮਰਜੀਤ ਢਿੱਲੋਂ ਦਬਡ਼੍ਹੀਖਾਨਾ  ਵਟਸ ਐਪ 94171 20427

Install Punjabi Akhbar App

Install
×