ਕੋਟਕਪੂਰਾ ਐਸ.ਆਈ.ਟੀ ਨੂੰ ਭੰਗ ਕੀਤੇ ਜਾਣ ਨੇ ਵਿਸ਼ਵ ਭਰ ਵਿੱਚ ਵੱਸਦੇ ਸ਼ਾਂਤੀ ਅਤੇ ਇਨਸਾਫ ਪਸੰਦ ਗੁਰੂ ਨਾਨਕ ਨਾਮ ਲੇਵਾ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਅਤੇ ਦੁੱਖ ਪਹੁੰਚਾਇਆ ਹੈ – ਖਹਿਰਾ

ਦੋਸ਼ੀ ਬਾਦਲ ਅਤੇ ਉਹਨਾਂ ਦੇ ਜੁੰਡਲੀਦਾਰ ਪੁਲਿਸ ਅਫਸਰ ਹੇਠਲੀਆਂ ਅਦਾਲਤਾਂ ਤੋਂ ਤਾਂ ਬੱਚ ਸਕਦੇ ਹਨ ਪਰ ਉਹਨਾਂ ਨੂੰ ਆਪਣੀਆਂ ਕਰਤੂਤਾਂ ਦਾ ਜਵਾਬ ਪਰਮਾਤਮਾ ਦੀ ਅਦਾਲਤ ਵਿੱਚ ਜਰੂਰ ਦੇਣਾ ਪਵੇਗਾ
ਭੁਲੱਥ, 14 ਅਪ੍ਰੈਲ ( ਅਜੈ ਗੋਗਨਾ )—ਹਲਕਾ ਭੁਲੱਥ ਤੋ ਵਿਧਾਇਕ ਅਤੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸ: ਸੁਖਪਾਲ ਸਿੰਘ ਖਹਿਰਾ ਨੇ ਇਕ ਲਿਖਤੀ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਅੱਜ ਇਥੇ ਸਖਤ ਸ਼ਬਦਾਂ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਨੇ ਕੋਟਕਪੂਰਾ ਦੀ ਐਸ.ਆਈ.ਟੀ ਨੂੰ ਭੰਗ ਕੀਤੇ ਜਾਣ ਦੇ ਹਾਈ ਕੋਰਟ ਦੇ ਫੈਸਲੇ ਨੂੰ ਮੰਦਭਾਗਾ, ਦੁੱਖਦਾਈ ਅਤੇ ਕੁਦਰਤੀ ਇਨਸਾਫ ਦੇ ਮੁੱਢਲੇ ਸਿਧਾਂਤਾਂ ਦੇ ਉਲਟ ਦੱਸਿਆ।ਖਹਿਰਾ ਨੇ ਆਪਣੇ ਬਿਆਨ ਚ’ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਫੜਣ ਵਿੱਚ ਹੋ ਰਹੀ ਲੰਬੀ ਦੇਰੀ ਉੱਪਰ “justice delayed is justice denied” ਦੀ ਕਹਾਵਤ ਪੂਰੀ ਢੁੱਕਦੀ ਹੈ। ਉਹਨਾਂ ਕਿਹਾ ਕਿ ਇਹ ਮੁੱਦਾ 2015 ਤੋਂ ਲਟਕ ਰਿਹਾ ਹੈ ਜੋ ਕਿ ਸਾਡੀ ਅਪਰਾਧਿਕ ਨਿਆਂ ਪ੍ਰਣਾਲੀ ਦਾ ਮਜਾਕ ਉਡਾ ਰਿਹਾ ਹੈ।ਖਹਿਰਾ ਨੇ ਹੰਕਾਰੀ ਬਾਦਲਾਂ ਨੂੰ ਤਾੜਣਾ ਕੀਤੀ ਕਿ ਐਸ.ਆਈ.ਟੀ ਰੱਦ ਹੋਣ ਦਾ ਜਸ਼ਨ ਨਾ ਮਨਾਉਣ ਕਿਉਂਕਿ ਇਥੇ ਤਾਂ ਉਹ ਕਾਨੂੰਨ ਅਤੇ ਸਿਸਟਮ ਵਿੱਚ ਹੇਰ ਫੇਰ ਕਰ ਸਕੇ ਪਰੰਤੂ ੳਹਨਾਂ ਨੂੰ ਵਾਹਿਗੂਰੂ ਦੀ ਅਦਾਲਤ ਵਿੱਚ ਆਪਣੀਆਂ ਕਰਤੂਤਾਂ ਦੀ ਸਜ਼ਾ ਜਰੂਰ ਭੁਗਤਣੀ ਪਵੇਗੀ। ਉਹਨਾਂ ਕਿਹਾ ਕਿ ਅਜਿਹੇ ਛੋਟੇ ਛੋਟੇ ਫੈਸਲੇ ਸੱਚ ਨੂੰ ਦਬਾ ਨਹੀਂ ਸਕਦੇ ਜੋ ਕਿ ਇੱਕ ਦਿਨ ਜਰੂਰ ਸਾਹਮਣੇ ਆਵੇਗਾ।ਖਹਿਰਾ ਨੇ ਕਿਹਾ ਕਿ ਜੇਕਰ ਜੂਨੀਅਰ ਬਾਦਲ ਅਤੇ ਖੁਸ਼ਾਮਦੀਆਂ ਦੀ ਉਸ ਦੀ ਫੋਜ ਅਸਲ ਅਕਾਲੀ ਹੁੰਦੀ ਤਾਂ ਉਹ ਆਪਣੇ ਕਾਰਜਕਾਲ ਦੋਰਾਨ ਹੀ ਬੇਅਦਬੀ ਦੇ ਦੋਸ਼ੀਆਂ ਅਤੇ ਕਾਤਿਲ ਪੁਲਿਸ ਅਫਸਰਾਂ ਨੂੰ ਸਜ਼ਾ ਦਿਵਾਉਂਦੇ ਪਰੰਤੂ ਕਿਉਂਕਿ ਉਹ ਖੁਦ ਬੇਅਦਬੀ ਦੇ ਇਸ ਗੰਭੀਰ ਜੁਰਮ ਵਿੱਚ ਸ਼ਾਮਿਲ ਸਨ ਇਸ ਲਈ ਨਾ ਸਿਰਫ ਮੂਕ ਦਰਸ਼ਕ ਬਣੇ ਰਹੇ ਬਲਕਿ ਦੋਸ਼ੀਆਂ ਦਾ ਬਚਾਅ ਵੀ ਕੀਤਾ।ਅਨੇਕਾਂ ਸਾਲਾਂ ਦੀ ਜਾਂਚ ਤੋਂ ਬਾਅਦ ਫਰੀਦਕੋਟ ਦੀ ਟਰਾਇਲ ਕੋਰਟ ਵਿੱਚ 9 ਚਲਾਨ ਪੇਸ਼ ਕਰ ਚੁੱਕੀ ਐਸ.ਆਈ.ਟੀ ਨੂੰ ਰੱਦ ਕੀਤੇ ਜਾਣ ਉੱਪਰ ਖਹਿਰਾ ਨੇ ਹੈਰਾਨੀ ਜਤਾਈ। ਖਹਿਰਾ ਨੇ ਕਿਹਾ ਕਿ ਜੇ ਜਾਂਚ ਵਿੱਚ ਕਿਸੇ ਪ੍ਰਕਾਰ ਦੀ ਕੁਤਾਹੀ ਸੀ ਤਾਂ ਇਹ ਫੈਸਲਾ ਹੇਠਲੀ ਅਦਾਲਤ ਨੇ ਕਰਨਾ ਸੀ ਨਾ ਕਿ ਹਾਈ ਕੋਰਟ ਨੇ। ਖਹਿਰਾ ਨੇ ਕਿਹਾ ਕਿ ਉਹ ਈ.ਡੀ. ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ ਜਦਕਿ ਸੁਪਰੀਮ ਕੋਰਟ ਨੇ ਫਾਜਿਲਕਾ ਦੇ ਐਨ.ਡੀ.ਪੀ.ਐਸ ਕੇਸ ਵਿੱਚ ਕਿਸੇ ਪ੍ਰਕਾਰ ਦੀ ਕਾਰਵਾਈ ਉੱਪਰ ਰੋਕ ਲਗਾਈ ਹੋਈ ਹੈ, ਫਿਰ ਵੀ ਉਹਨਾਂ ਵੱਲੋਂ ਹਾਈ ਕੋਰਟ ਤੱਕ ਪਹੁੰਚ ਕਰਨ ਦੇ ਬਾਵਜੂਦ ਜਾਂਚ ਨੂੰ ਸਟੇਅ ਨਹੀਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪਰ ਇਸ ਮਾਮਲੇ ਵਿੱਚ ਹਾਈ ਕੋਰਟ ਅਸਿੱਧੇ ਤੋਰ ਉੱਪਰ ਦੋਸ਼ੀਆਂ ਨਾਲ ਧਿਰ ਬਣ ਗਈ ਹੈ ਜੋ ਕਿ ਇਨਸਾਫ ਦਾ ਬਲਾਤਕਾਰ ਹੈ।ਖਹਿਰਾ ਨੇ ਕਿਹਾ ਕਿ ਜੇਕਰ ਹਾਈ ਕੋਰਟ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪੱਖਪਾਤੀ ਕਾਰਜਸ਼ੈਲੀ ਉੱਪਰ ਕੋਈ ਸ਼ੱਕ ਸੀ ਤਾਂ ਬੇਅਦਬੀ ਦੇ ਸਮੁੱਚੇ ਮਾਮਲੇ ਦੀ ਜਾਂਚ ਨੂੰ ਲੀਹੋਂ ਲਾਹੁਣ ਦੀ ਬਜਾਏ ਉਹ ਪੰਜਾਬ ਸਰਕਾਰ ਨੂੰ ਐਸ.ਆਈ.ਟੀ ਦੇ ਮੁੱਖੀ ਨੂੰ ਬਦਲਣ ਵਾਸਤੇ ਆਖ ਸਕਦੀ ਸੀ। ਖਹਿਰਾ ਨੇ ਕਿਹਾ ਕਿ ਹਾਈ ਕੋਰਟ ਦੀ ਇਸ ਕਾਰਵਾਈ ਨੇ ਉਹਨਾਂ ਸਾਰਿਆਂ ਦੇ ਮਨੋਬਲ ਨੂੰ ਢਾਹ ਲਗਾਈ ਹੈ ਜੋ ਕਿ ਨਿਆਂ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਹਨਾਂ ਸਾਰਿਆਂ ਨੂੰ ਸ਼ਹਿ ਦਿਤੀ ਹੈ ਜੋ ਕਿ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਂਦੇ ਹਨ, ਜਾਣ ਬੁੱਝ ਕੇ ਕਾਨੂੰਨ ਤੋੜਦੇ ਹਨ ਅਤੇ ਅਪਰਾਧਿਕ ਗਤੀਵਿਧੀਆਂ ਕਰਦੇ ਹਨ।ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਸੁਪਰੀਮ ਕੋਰਟ ਵਿੱਚ ਅਪੀਲ ਦਾਇਰ ਕਰਨ ਤਾਂ ਜੋ ਬੇਅਦਬੀ ਦੇ ਦੋਸ਼ੀ ਅਤੇ ਕਾਤਿਲ ਪੁਲਿਸ ਅਫਸਰ ਅਜਾਦ ਨਾ ਘੁੰਮਣ।

Install Punjabi Akhbar App

Install
×