71 ਖੇਡਾਂ 17 ਤਮਾਸ਼ੇ

ਲੇਖਕ: ਜਗਤਾਰ ਸਿੰਘ ਸੋਖੀ
ਪ੍ਰਕਾਸ਼ਕ:ਕੈਫੇਵਰਲਡ ਜਲੰਧਰ ,ਪੰਨੇ:96 ,ਮੁੱਲ:175

ਜਗਤਾਰ ਸਿੰਘ ਸੋਖੀ ਪੰਜਾਬ ਰਾਜ ਅਧਿਆਪਕ ਪੁਰਸਕਾਰ ਜੇਤੂ ਪੰਜਾਬੀ ਅਧਿਆਪਕ ਹੈ ।ਸਾਹਿਤ ਅਤੇ ਕਲਾ ਨਾਲ ਉਸਦਾ ਅਥਾਹ ਪਿਆਰ ਹੈ।ਇਸੇ ਕਰਕੇ ਸਾਹਿਤ ਸਿਰਜਣਾ ਦੇ ਨਾਲ ਨਾਲ ਚਿੱਤਰਕਾਰੀ ਵੀ ਕਰਦਾ ਹੈ।ਕਲਾ ਦੇ ਸਾਗਰ ਵਿਚ ਚੁੱਭੀਆਂ ਮਾਰਦਾ ਹੋਇਆ ਵਿਦਿਆਰਥੀਆਂ ਅਤੇ ਪਾਠਕਾਂ ਲਈ ਹੀਰੇ ਮੋਤੀ ਲੱਭ ਲਿਆਉਂਦਾ ਹੈ।ਉਹ ਕਲਾ ਅਤੇ ਕਲਾਕਾਰ ਦੀ ਭਾਲ ਵਿਚ ਰਹਿੰਦਾ ਹੈ ਤਾਂ ਕਿ ਉਸਦੀ ਕਲਾ ਨੂੰ ਹੋਰ ਸ਼ਿੰਗਾਰਿਆ ਤੇ ਨਿਖਾਰਿਆ ਜਾ ਸਕੇ।ਇਸ ਉਦੇਸ਼ ਦੀ ਪੂਰਤੀ ਲਈ ਉਸ ਲਈ ਦਿਨ ਰਾਤ ਇਕ ਬਰਾਬਰ ਹਨ।ਉਹ ਮਾਂ ਬੋਲੀ ਦਾ ਅਣਥੱਕ ਕਾਮਾ ਹੈ ਅਤੇ ਸਿੱਖਿਆ ਜਗਤ ਦਾ ਚਹੁਮੁਖੀਆਂ ਚਿਰਾਗ।ਆਪਣੇ ਆਲੇ ਦੁਆਲੇ ਨੂੰ ਰੁਸ਼ਨਾਉਣ ਲਈ ਹਰ ਹੀਲਾ ਵਸੀਲਾ ਵਰਤਦਾ ਹੈ।ਸ਼ਬਦਜੋੜਾਂ ਅਤੇ ਅੱਖਰਕਾਰੀ ਬਾਰੇ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਦੀ ਸਿਰਜਣਾ ਕਰ ਚੁੱਕਾ ਹੈ। ਅਨੇਕਾਂ ਕਾਰਜਸ਼ਲਾਵਾਂ ਰਾਹੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਕਲਾ ਨੂੰ ਸਹੀ ਦਿਸ਼ਾ ਵੱਲ ਤੋਰ ਰਿਹਾ ਹੈ।ਉਹ ਹਰ ਪਲ ਕਲਾ ਨਾਲ ਗਹਿ ਗੱਚ ਹੋਇਆ ਦਿਖਾਈ ਦਿੰਦਾ ਹੈ।ਇਸ ਮੁਹੱਬਤ ਸਦਕਾ ਉਹ ਹਰ ਕਿਸੇ ਲਈ ਪਥ ਪਰਦਰਸ਼ਕ ਬਣ ਜਾਂਦਾ ਹੈ
ਹੱਥਲੀ ਪੁਸਤਕ ’71 ਖੇਡਾਂ 17 ਤਮਾਸ਼ੇ’ ਵਿਚ ਉਸਨੇ ਵਿਸਰ ਚੁੱਕੀਆਂ ਬਾਲ ਖੇਡ ਤਮਾਸ਼ਿਆਂ ਦੀਆਂ ਬਾਤਾਂ ਬੜੇ ਰੌਚਕ ਢੰਗ ਨਾਲ ਪਾਈਆਂ ਹਨ।ਅਜੋਕੀ ਪੀੜੀ ਦੇ ਬੱਚੇ ਇਹ ਖੇਡਾਂ ਤੇ ਤਮਾਸ਼ਿਆਂ ਬਾਰੇ ਪੜ੍ਹਕੇ ਜਿਥੇ ਹੈਰਾਨ ਹੁੰਦੇ ਹਨ ਉਥੇ ਉਹਨਾਂ ਦੇ ਗਿਆਨ ਵਿਚ ਵੀ ਚੋਖਾ ਵਾਧਾ ਹੁੰਦਾ ਹੈ।ਮਨੋਰੰਜਨ ਦੇ ਆਧੁਨਿਕ ਸਾਧਨਾ ਵਿਚ ਲਿਪਤ ਹੋਏ ਬੱਚੇ ਇਹਨਾਂ ਵਿਰਾਸਤੀ ਖੇਡਾਂ ਬਾਰੇ ਪੜ੍ਹਦੇ ਪੜ੍ਹਦੇ ਇਹਨਾਂ ਨੂੰ ਖੇਡਣਾ ਵੀ ਸਿੱਖ ਜਾਂਦੇ ਹਨ।ਲੇਖਕ ਨੇ ਇਸ ਪੁਸਤਕ ਵਿਚ ਹਰ ਖੇਡ ਦੇ ਖਿਡਾਰੀਆਂ ਅਤੇ ਖੇਡਣ ਦੀ ਵਿਧੀ ਨੂੰ ਬਾਖੂਬੀ ਪੇਸ਼ ਕੀਤਾ ਹੈ।ਇਹਨਾਂ ਦਾ ਪਾਠ ਕਰਦਿਆਂ ਪਾਠਕ ਖੁਦ ਨੂੰ ਖੇਡ ਖੇਡਦਾ ਮਹਿਸੂਸ ਕਰਦਾ ਹੈ।ਸਰਲਤਾ ਅਤੇ ਸੰਖੇਪਤਾ ਇਸ ਪੁਸਤਕ ਦਾ ਨੁਮਾਇਆ ਗੁਣ ਹੈ।ਲੇਖਕ ਨੇ ਬੇਲੋੜਾ ਵਿਸਥਾਰ ਨਾ ਦੇ ਕੇ ਬਾਲ ਮਾਨਸਿਕਤਾ ਦਾ ਖਾਸ ਖਿਆਲ ਰੱਖਿਆ ਹੈ।ਇਸ ਵਿਸ਼ੇ ਤੇ ਸੋਖੀ ਤੋਂ ਪਹਿਲਾਂ ਕੁਝ ਹੋਰ ਲੇਖਕਾਂ ਨੇ ਵੀ ਕੰਮ ਕੀਤਾ ਹੈ ਪਰ ਵਿਸ਼ੇਸ਼ ਕਾਰਜ ਸਵਰਗਵਾਸੀ ਸੁਖਦੇਵ ਸਿੰਘ ਮਾਦਪੁਰੀ ਵਲੋਂ ਕੀਤਾ ਜਾ ਚੁੱਕਾ ਹੈ।ਪੁਸਤਕ ਵਿਚ ਦਰਜ ਸਤ੍ਹਾਰਾਂ ਤਮਾਸ਼ਿਆਂ ਬਾਰੇ ਪੜ੍ਹਕੇ ਬੱਚੇ ਭਰਪੂਰ ਮਨੋਰੰਜਨ ਕਰਦੇ ਹਨ।ਇਹ ਪੁਸਤਕ ਸਾਨੂੰ ਪੁਰਾਣੇ ਸਮਿਆਂ ਵਿਚ ਬੱਚਿਆਂ ਵਲੋਂ ਖੇਡੀਆਂ ਜਾਂਦੀਆਂ ਖੇਡਾਂ ਅਤੇ ਮਨੋਰੰਜਨ ਦੇ ਢੰਗ ਤਰੀਕਿਆਂ ਬਾਰੇ ਬੜੀ ਰੌਚਕ ਜਾਣਕਾਰੀ ਪ੍ਰਦਾਨ ਕਰਦੀ ਹੈ।ਇਸ ਖੋਜ ਕਾਰਜ ਲਈ ਜਗਤਾਰ ਸਿੰਘ ਸੋਖੀ ਨੂੰ ਵਧਾਈ ਦੇਣੀ ਬਣਦੀ ਹੈ।

(ਬਲਜਿੰਦਰ ਮਾਨ) +91 98150-18947

Install Punjabi Akhbar App

Install
×