ʻਖ਼ਾਸ ਖ਼ਬਰ : ਇਕ ਨਜ਼ਰʼ ਡੀ.ਡੀ. ਪੰਜਾਬੀ ਚੈਨਲ ਦਾ ਧੜੱਲੇਦਾਰ ਪ੍ਰੋਗਰਾਮ ਹੁੰਦਾ ਸੀ। ਮੈਂ ਸਤਾਰਾਂ ਸਾਲ ਇਸਨੂੰ ਪੇਸ਼ ਕਰਦਾ ਰਿਹਾ ਹਾਂ। ਜਲੰਧਰ ਮੀਡੀਆ-ਹੱਬ ਹੈ। ਮੀਡੀਆ ਦੀਆਂ ਦਿੱਗਜ ਸ਼ਖ਼ਸੀਅਤਾਂ ਇਸ ਨਾਲ ਜੁੜੀਆਂ ਸਨ। ਕੋਈ ਐਂਕਰ ਵਜੋਂ, ਕੋਈ ਮਾਹਿਰ ਦੇ ਤੌਰ ʼਤੇ। ਰੋਜ਼ਾਨਾ ਸਵੇਰ ਸਮੇਂ ਚਲੰਤ ਮਾਮਲਿਆਂ ਸਬੰਧੀ ਚਰਚਾ ਹੁੰਦੀ ਸੀ।
ਸਤਨਾਮ ਸਿੰਘ ਮਾਣਕ, ਜਤਿੰਦਰ ਪੰਨੂ, ਚੰਦਰ ਮੋਹਨ, ਜਗਜੀਤ ਸਿੰਘ ਆਨੰਦ, ਸੁਰੇਸ਼ ਸੇਠ, ਸੁਰਿੰਦਰ ਸੇਠ, ਪ੍ਰਿਥੀਪਾਲ ਸਿੰਘ ਸੋਹੀ, ਬਲਜੀਤ ਬੱਲੀ, ਮੇਜਰ ਸਿੰਘ, ਬਲਜੀਤ ਸਿੰਘ ਬਰਾੜ, ਜਗਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਬੇਦੀ, ਡਾ. ਕਮਲੇਸ਼ ਸਿੰਘ ਦੁੱਗਲ, ਅਰੁਨਦੀਪ, ਅਵਤਾਰ ਸਿੰਘ ਸ਼ੇਰਗਿਲ, ਦੀਪਕ ਸ਼ਰਮਾ ਚਨਾਰਥਲ, ਰਾਜੀਵ ਭਾਸਕਰ ਆਦਿ ਇਸ ਪ੍ਰੋਗਰਾਮ ਦੇ ਮਾਹਿਰ ਹੁੰਦੇ ਸਨ। ਮੈਂ ਇਨ੍ਹਾਂ ਸਾਰੇ ਮਾਹਿਰਾਂ ਨਾਲ ਪ੍ਰੋਗਰਾਮ ਕੀਤੇ ਹਨ ਪਰੰਤੂ ਸਤਨਾਮ ਸਿੰਘ ਮਾਣਕ ਨਾਲ ਹਰੇਕ ਸੋਮਵਾਰ ਮੈਂ ਕਈ ਸਾਲ ਆਉਂਦਾ ਰਿਹਾ। ਸਾਡੀ ਦੋਹਾਂ ਦੀ ਜੋੜੀ ਮਸ਼ਹੂਰ ਸੀ ਅਤੇ ਦਰਸ਼ਕ ਬੇਸਬਰੀ ਨਾਲ ਉਡੀਕ ਅਤੇ ਦਰਸ਼ਕ ਬੇਸਬਰੀ ਨਾਲ ਉਡੀਕ ਕਰਿਆ ਕਰਦੇ ਸਨ।
ਮੈਨੂੰ ਯਾਦ ਹੈ ਜਦ ਇਹ ਪ੍ਰੋਗਰਾਮ ਆਪਣੇ ਸਿਖ਼ਰ ʼਤੇ ਸੀ ਤਾਂ ਡਾਇਰੈਕਟਰ ਡਾ. ਦਲਜੀਤ ਸਿੰਘ ਕਿਹਾ ਕਰਦੇ ਸਨ, “ਮੈਂ ਕਿਧਰੇ ਜਾਂਦਾ ਹਾਂ ਤਾਂ ਮੈਨੂੰ ਕੋਈ ਨਹੀਂ ਪਛਾਣਦਾ ਪਰੰਤੂ ਸਕਰੀਨ ʼਤੇ ਆਉਣ ਵਾਲਿਆਂ ਦੀ ਵੱਖਰੀ ਪਹਿਚਾਣ ਬਣ ਜਾਂਦੀ ਹੈ।ˮ
ਬੈਠਾ ਲੈਂਦੇ ਸਨ। ਪ੍ਰੋਗਰਾਮ ਸਬੰਧੀ, ਮਾਹਿਰਾਂ ਬਾਰੇ, ਲਾਈਵ ਪ੍ਰਸਾਰਨ ਬਾਰੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦੇ ਸਨ। ਉਨ੍ਹਾਂ ਦੀ ਦਿਲਚਸਪੀ ਵਿਆਹ ਵਿਚ ਘੱਟ, ਖ਼ਾਸ ਖ਼ਬਰ : ਇਕ ਨਜ਼ਰ ਪ੍ਰੋਗਰਾਮ ਸਬੰਧੀ ਗੱਲਾਂ ਕਰਨ ਵਿਚ ਵੱਧ ਹੋ ਜਾਂਦੀ ਸੀ।
ਲੰਮਾ ਸਮਾਂ ਪ੍ਰੋਗਰਾਮ ਪੇਸ਼ ਕਰਨ ਕਾਰਨ ਇਸ ਨਾਲ ਕਈ ਦਿਲਚਸਪ ਯਾਦਾਂ ਜੁੜੀਆਂ ਹਨ। ਸਿੱਧੇ ਅਸਿੱਧੇ ਢੰਗ ਨਾਲ।
ਇਕ ਸਵੇਰ ਘਰ ਬੈਠਾ ਪ੍ਰੋਗਰਾਮ ਵੇਖ ਰਿਹਾ ਸਾਂ। ਨਵਾਂ ਜ਼ਮਾਨਾ ਦੇ ਸਤਿਕਾਰਯੋਗ ਸੰਪਾਦਕ ਸਰਦਾਰ ਜਗਜੀਤ ਸਿੰਘ ਆਨੰਦ ਬਤੌਰ ਮਾਹਿਰ ਮੌਜੂਦ ਸਨ। ਐਂਕਰ ਵਜੋਂ ਐਚ ਐਸ ਬਾਵਾ ਬੈਠੇ ਸਨ। ਐਚ ਐਸ ਬਾਵਾ ਵਧੇਰੇ ਕਰਕੇ ਜਤਿੰਦਰ ਸਿਘ ਪੰਨੂੰ ਨਾਲ ਪ੍ਰੋਗਰਾਮ ਕਰਦੇ ਸਨ। ਉਨ੍ਹਾਂ ਦੇ ਦਿਮਾਗ ਵਿਚ ਉਹੀ ਨਾਂ ਬੈਠਾ ਸੀ। ਜਦ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਉਹ ਵਾਰ-ਵਾਰ ਪੰਨੂ ਸਾਹਿਬ ਕਹਿ ਕੇ ਸੰਬੋਧਨ ਕਰਨ ਲੱਗੇ। ਆਨੰਦ ਸਾਹਿਬ ਖਿਝ ਕੇ ਬੋਲੇ, “ਤੂੰ ਕੀ ਪੰਨੂ ਪੰਨੂ ਲਾਈ ਆ? ਪੰਨੂ ਮੇਰਾ ਅਸਿਸਟੈਂਟ ਹੈ। ਮੈਂ ਜਗਜੀਤ ਸਿੰਘ ਆਨੰਦ ʻਨਵਾਂ ਜ਼ਮਾਨਾʼ ਦਾ ਮੁੱਖ ਸੰਪਾਦਕ ਹਾਂ।” ਪ੍ਰੋਗਰਾਮ ਲਾਈਵ ਜਾ ਰਿਹਾ ਸੀ ਅਤੇ ਐਚ ਐਸ ਬਾਵਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਾ ਸੀ।
ਇਕ ਵਾਰ ਮੈਂ ਪ੍ਰੋਗਰਾਮ ਪੇਸ਼ ਕਰਨਾ ਸੀ ਪਰੰਤੂ ਮਾਹਿਰ ਨਾ ਆਇਆ। ਪ੍ਰੋਡਿਊਸਰ ਉਸਨੂੰ ਵਾਰ-ਵਾਰ ਫ਼ੋਨ ਕਰ ਰਿਹਾ ਸੀ ਪਰੰਤੂ ਉਹ ਫ਼ੋਨ ਨਹੀਂ ਸੁਣ ਰਿਹਾ ਸੀ। ਅਖ਼ੀਰ ਜਦ ਸੁਣਿਆ ਤਾਂ ਕਹਿੰਦਾ, “ਰਾਤ ਜ਼ਿਆਦਾ ਪੀ ਲਈ ਸੀ। ਜਾਗ ਹੀ ਨਹੀਂ ਖੁਲ੍ਹੀ।” ਪ੍ਰੋਡਿਊਸਰ ਪ੍ਰੇਸ਼ਾਨ ਹੋ ਗਿਆ। ਪ੍ਰੋਗਰਾਮ ਸ਼ੁਰੂ ਹੋਣ ਵਿਚ ਕੁਝ ਮਿੰਟ ਹੀ ਬਚੇ ਸਨ। ਟੀ.ਵੀ. ਸੈਂਟਰ ਵਿਚ ਇਧਰ ਓਧਰ ਗੇੜਾ ਲਾਇਆ ਕਿ ਕੋਈ ਖੜ੍ਹੇ ਪੈਰ ਰੈਡੀਮੇਡ ਮਾਹਿਰ ਮਿਲ ਜਾਵੇ। ਉਸਦੀ ਕੋਸ਼ਿਸ਼ ਸਫ਼ਲ ਹੋਈ। ਨਿਊਜ਼ ਸੈਕਸ਼ਨ ਵਿਚ ਨਿਊਜ਼ ਸੰਪਾਦਕ ਸਰਦਾਰ ਹਰਬੰਸ ਸਿੰਘ ਸੋਢੀ ਬੈਠੇ ਸਨ। ਉਨ੍ਹਾਂ ਨੂੰ ਸਮੱਸਿਆ ਦੱਸੀ ਅਤੇ ਬਤੌਰ ਮਾਹਿਰ ʻਖ਼ਾਸ ਖ਼ਬਰ : ਇਕ ਨਜ਼ਰʼ ਪ੍ਰੋਗਰਾਮ ਵਿਚ ਬੈਠਣ ਦੀ ਬੇਨਤੀ ਕੀਤੀ। ਨਿਊਜ਼ ਸੰਪਾਦਕ ਹੋਣ ਕਰਕੇ ਉਨ੍ਹਾਂ ਨੂੰ ਸਾਰੀਆਂ ਖ਼ਬਰਾਂ ਬਾਰੇ ਜਾਣਕਾਰੀ ਤਾਂ ਸੀ। ਕਹਿੰਦੇ, “ਐਂਕਰ ਕੌਣ ਹੈ?” ਪ੍ਰੋਡਿਊਸਰ ਨੇ ਦੱਸਿਆ, “ਪ੍ਰੋ. ਕੁਲਬੀਰ ਸਿੰਘ ਹਨ।” ਕਹਿਣ ਲੱਗੇ, “ਵਾਹ! ਫੇਰ ਕੋਈ ਚਿੰਤਾ ਨਹੀਂ। ਚਲੋ ਪ੍ਰੋਗਰਾਮ ਕਰਦੇ ਹਾਂ।” ਜਦ ਉਹ ਸੈਟ ʼਤੇ ਪੁੱਜੇ ਤਾਂ ਉਨ੍ਹਾਂ ਨੂੰ ਵੇਖ ਕੇ ਮੈਂ ਵੀ ਤਸੱਲੀ ਵਿਚ ਹੋ ਗਿਆ ਅਤੇ ਝੱਟਪੱਟ ਮੇਰੇ ਮੂੰਹੋਂ ਨਿਕਲਿਆ, “ਵਾਹ, ਸੋਢੀ ਸਾਹਿਬ, ਅੱਜ ਮਜ਼ਾ ਆਏਗਾ।” ਦਰਅਸਲ ਅਸੀਂ ਦੋਵੇਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਐਮ ਫ਼ਿਲ ਵਿਚ ਕਲਾਸ-ਫੈਲੋ ਸਾਂ। ਉਹ ਬੜੇ ਜੌਲੀ ਨੇਚਰ ਦੇ ਹਨ ਅਤੇ ਉਨ੍ਹਾਂ ਦਾ ਕਾਰਜ-ਖੇਤਰ ਵਿਅੰਗ ਸੀ। ਕੁਰਸੀ ʼਤੇ ਬੈਠਦਿਆਂ, ਮਾਈਕ ਲਾਉਂਦਿਆਂ ਕਹਿੰਦੇ, “ਕੁਲਬੀਰ ਯਾਰ, ਜ਼ਰਾ ਖ਼ਬਰਾਂ ਦੱਸਦੇ ਕਿਹੜੀਆਂ ਕਿਹੜੀਆਂ ਲੈਣੀਆਂ।” ਸਾਰੀ ਟੈਨਸ਼ਨ ਮੁੱਕ ਗਈ ਸੀ ਅਤੇ ਪ੍ਰੋਗਰਾਮ ਬੜਾ ਵਧੀਆ ਗਿਆ ਸੀ।
ਇਵੇਂ ਹੀ ਇਕ ਵਾਰ ਫੇਰ ਮਾਹਿਰ ਨਾ ਪਹੁੰਚਿਆ। ਪ੍ਰੋਡਿਊਸਰ ਪ੍ਰੇਸ਼ਾਨ ਏਧਰ ਓਧਰ ਘੁੰਮ ਰਿਹਾ ਸੀ। ਅਖ਼ੀਰ ਜਦ ਕੁਝ ਮਿੰਟ ਹੀ ਬਚੇ ਤਾਂ ਮੇਰੇ ਕੋਲ ਸੈਟ ʼਤੇ ਆ ਕੇ ਕਹਿੰਦੇ, “ਪ੍ਰੋ. ਸਾਹਿਬ ਤੁਸੀਂ ਮਾਹਿਰ ਵਜੋਂ ਬੈਠੋ, ਐਂਕਰ ਗੱਲਾਂ ਤੇ ਗੀਤ ਪ੍ਰੋਗਰਾਮ ਵਾਲਾ ਲੈ ਲੈਂਦੇ ਹਾਂ।” ਮੈਂ ਕਿਹਾ, “ਮਾਹਿਰ ਜਿਸਨੂੰ ਮਰਜ਼ੀ ਬਠਾ ਦਿਓ ਮੈਂ ਪ੍ਰੋਗਰਾਮ ਸੰਭਾਲ ਲਵਾਂਗਾ, ਪਰ ਮਾਹਿਰ ਵਜੋਂ ਨਹੀਂ ਬੈਠਾਂਗਾ।” ਮੇਰੀ ਸਪਸ਼ਟ ਨਾਂਹ ਸੁਣ ਕੇ ਦੁਬਾਰਾ ਕਹਿਣ ਦਾ ਉਸਦਾ ਹੌਂਸਲਾ ਨਾ ਪਿਆ। ਉਸ ਦਿਨ ਪ੍ਰੋਗਰਾਮ ਨਹੀਂ ਚਲ ਸਕਿਆ। ਲਾਈਵ ਦੀ ਇਹੀ ਪ੍ਰੇਸ਼ਾਨੀ ਹੈ। ਐਂਕਰ ਅਤੇ ਮਾਹਿਰ ਦੋਵੇਂ ਸਮੇਂ ਸਿਰ ਸਟੂਡੀਓ ਵਿਚ ਸੈਟ ʼਤੇ ਹਾਜ਼ਰ ਹੋਣੇ ਚਾਹੀਦੇ ਹਨ। ਖੜ੍ਹੇ ਪੈਰ ਪ੍ਰੋਡਿਊਸਰ ਨੇ ਫੈਸਲਾ ਲਿਆ ਕਿ ਅੱਜ ʻਖ਼ਾਸ ਖ਼ਬਰ : ਇਕ ਨਜ਼ਰʼ ਪ੍ਰੋਗਰਾਮ ਪ੍ਰਸਾਰਿਤ ਨਹੀਂ ਹੋਵੇਗਾ। ਇਸਦੀ ਥਾਂ ਗੀਤ ਚਲਾਏ ਜਾਣਗੇ। ਕੁਝ ਮਿੰਟਾਂ ਬਾਅਦ ਸਕਰੀਨ ʼਤੇ ਗੀਤ ਚੱਲਣ ਲੱਗੇ ਸਨ। ਮੈਂ ਅਤੇ ਪ੍ਰੋਡਿਊਸਰ ਦੂਰਦਰਸ਼ਨ ਦੀ ਕੰਟੀਨ ਵਿਚ ਗਰਮ ਗਰਮ ਚਾਹ ਦੀਆਂ ਚੁਸਕੀਆਂ ਭਰਨ ਲੱਗੇ। ਸ਼ੀਸ਼ੇ ਵਿਚੋਂ ਬਾਹਰ ਤੱਕਿਆ ਤਾਂ ਸਵੇਰ ਦੀ ਸੰਘਣੀ ਧੁੰਧ ਪਈ ਹੋਈ ਸੀ।
ਇਕ ਦਿਨ ਘਰ ਬੈਠਾ ਪ੍ਰੋਗਰਾਮ ਵੇਖ ਰਿਹਾ ਸਾਂ। ਅਜੇ ਸ਼ੁਰੂ ਹੀ ਹੋਇਆ ਸੀ ਕਿ ਨਵੇਂ ਪਰੰਤੂ ਉਮਰ ਵਿਚ ਸੀਨੀਅਰ ਐਂਕਰ ਦਾ ਖ਼ਬਰਾਂ ਤੇ ਸਵਾਲਾਂ ਵਾਲਾ ਕਾਗਜ਼ ਖਿਸਕ ਕੇ ਮੇਜ਼ ਤੋਂ ਹੇਠਾਂ ਜਾ ਡਿੱਗਾ। ਉਸੇ ਕਾਗਜ਼ ਤੋਂ ਵੇਖ ਕੇ ਪ੍ਰੋਗਰਾਮ ਅੱਗੇ ਵਧਣਾ ਹੁੰਦਾ ਹੈ ਕਿ ਕਿਹੜੀ ਕਿਹੜੀ ਖ਼ਬਰ ਲੈਣੀ ਹੈ। ਲਾਈਵ ਪ੍ਰੋਗਰਾਮ ਵਿਚ ਐਂਕਰ ਉਠ ਕੇ ਕਾਗਜ਼ ਨਹੀਂ ਫੜ੍ਹ ਸਕਦਾ ਸੀ ਅਤੇ ਸਟੂਡੀਓ ਵਿਚ ਮੌਜੂਦ ਕਰਮਚਾਰੀਆਂ ਨੂੰ ਕਾਗਜ਼ ਦੇ ਹੇਠਾਂ ਡਿੱਗਣ ਬਾਰੇ ਜਾਣਕਾਰੀ ਨਹੀਂ ਸੀ। ਬੜੀ ਅਜੀਬ ਸਥਿਤੀ ਬਣ ਗਈ ਸੀ ਐਂਕਰ ਲਈ।
ਪੱਤਰਕਾਰੀ ਦੀ ਸੀਨੀਅਰ ਸ਼ਖ਼ਸੀਅਤ ਚੰਦਰ ਮੋਹਨ ਜਦ ਮੇਰੇ ਨਾਲ ਪ੍ਰੋਗਰਾਮ ਵਿਚ ਹੁੰਦੇ ਤਾਂ ਕੁਝ ਗੱਲਾਂ ਪ੍ਰਤੀ ਚੌਕਸ ਰਹਿਣਾ ਪੈਂਦਾ ਸੀ। ਇਕ ਤਾਂ ਉਹ ਐਨ ਮੌਕੇ ʼਤੇ ਪਹੁੰਚਦੇ ਸਨ। ਜਦ ਪ੍ਰੋਗਰਾਮ ਆਰੰਭ ਹੋਣ ਵਿਚ 10 ਕੁ ਮਿੰਟ ਬਾਕੀ ਹੁੰਦੇ ਸਨ। ਸਿੱਧੇ ਮੇਕਅੱਪ ਰੂਮ ਜਾਂਦੇ। ਮੇਕਅੱਪ ਕਰਵਾ ਕੇ ਸਿੱਧੇ ਸੈਟ ʼਤੇ। ਮੈਨੂੰ ਸਾਰੀ ਤਿਆਰੀ, ਖ਼ਬਰਾਂ ਦੀ ਚੋਣ ਇਕੱਲਿਆਂ ਕਰਨੀ ਪੈਂਦੀ। ਮੇਕਅੱਪ ਕਰਵਾਉਣ ਵੇਲੇ ਪੁੱਛਦੇ, “ਹਾਂ ਕੁਲਬੀਰ, ਖ਼ਬਰਾਂ ਕਿਹੜੀਆਂ ਕਿਹੜੀਆਂ ਲਈਆਂ ਨੇ?” ਜਦ ਸੈਟ ʼਤੇ ਬੈਠਣ ਬਾਅਦ ਪ੍ਰੋਗਰਾਮ ਸ਼ੁਰੂ ਕਰਨ ਲਈ ਮਨ ਦੀ ਇਕਾਗਰਤਾ ਬਣਾ ਰਿਹਾ ਹੁੰਦਾ ਤਾਂ ਉਨ੍ਹਾਂ ਕਾਗਜ਼ ʼਤੇ ਕੁਝ ਗੂੜ੍ਹ ਹਿੰਦੀ ਸ਼ਬਦ ਲਿਖੇ ਹੁੰਦੇ ਸਨ, ਉਨ੍ਹਾਂ ਦੇ ਪੰਜਾਬੀ ਸ਼ਬਦ ਪੁੱਛਦੇ। ਮੈਨੂੰ ਚੰਗਾ ਲੱਗਦਾ ਕਿ ਉਹ ਪੰਜਾਬੀ ਸ਼ਬਦਾਵਲੀ ਪ੍ਰਤੀ ਏਨੇ ਸੁਚੇਤ ਹਨ।
ਜਦ ਨਵਾਂ ਜ਼ਮਾਨਾ ਦੇ ਸੰਪਾਦਕ ਜਗਜੀਤ ਸਿੰਘ ਆਨੰਦ ਹੁਰਾਂ ਨਾਲ ਮੇਰੀ ਡਿਊਟੀ ਲੱਗ ਜਾਂਦੀ ਤਾਂ ਉਹ ਖੁਸ਼ ਹੋ ਜਾਂਦੇ। ਕਹਿੰਦੇ, “ਲੈ ਬਈ ਅੱਜ ਚਿੰਤਾ ਨਹੀਂ। ਮੇਰਾ ਕੰਮ ਘੱਟ ਗਿਆ।” ਦੂਸਰੇ ਪਾਸੇ ਅੰਮ੍ਰਿਤਸਰ ਤੋਂ ਆਉਣ ਵਾਲਾ ਇਕ ਮਾਹਿਰ ਪ੍ਰੋਡਿਊਸਰ ਨੂੰ ਕਹਿੰਦਾ, “ਮੇਰੀ ਡਿਊਟੀ ਕੁਲਬੀਰ ਸਿੰਘ ਨਾਲ ਨਾ ਲਾਇਆ ਕਰੋ। ਉਹ ਡੌਮੀਨੇਟ ਕਰਨ ਦੀ ਕੋਸ਼ਿਸ਼ ਕਰਦੇ ਹਨ।” ਆਪਣਾ ਆਪਣਾ ਨਜ਼ਰੀਆ ਹੈ।
ਪ੍ਰੋਗਰਾਮ ਕਰਨ ਦਾ ਜਨੂੰਨ ਏਨਾ ਸੀ ਕਿ ਕਈ ਐਂਕਰ ਤੇ ਮਾਹਿਰ ਸਰਦੀਆਂ ਦੀ ਸੰਘਣੀ ਧੁੰਦ ਵਿਚ ਤੜਕੇ ਪੰਜ ਵਜੇ ਘਰੋਂ ਚੱਲ ਪੈਂਦੇ ਸਨ। ਕੋਈ ਲੁਧਿਆਣੇ ਤੋਂ, ਕੋਈ ਅੰਮ੍ਰਿਤਸਰ ਤੋਂ, ਕੋਈ ਹੁਸ਼ਿਆਰਪੁਰੋਂ।
ਕਾਲਜ ਵਿਚ ਘਰੇਲੂ ਇਮਤਿਹਾਨ ਚਲ ਰਹੇ ਸਨ। ਮੇਰੀ ਸਵੇਰ ਦੀ ਡਿਊਟੀ ਸੀ। ਓਧਰ ਸਵੇਰੇ ਪ੍ਰੋਗਰਾਮ ਲਈ ਜਾਣਾ ਸੀ। ਪ੍ਰੋਗਰਾਮ ਦੇ ਮੁੱਕਣ ਅਤੇ ਪੇਪਰ ਦੇ ਸ਼ੁਰੂ ਹੋਣ ਵਿਚ 25 ਕੁ ਮਿੰਟ ਦਾ ਅੰਤਰ ਸੀ। ਪ੍ਰੋਗਰਾਮ ਮੁੱਕਣ ਸਾਰ ਰੂੰ ਦੇ ਫੰਬੇ ਨਾਲ ਮੇਕਅੱਪ ਉਤਾਰ ਕੇ ਕਾਰ ਵੱਲ ਭੱਜਿਆ। ਕੋਟ ਟਾਈ ਲਾਹ ਕੇ ਕਾਰ ਵਿਚ ਰੱਖੇ ਹੈਂਗਰ ʼਤੇ ਟੰਗ ਕੇ ਪੰਜ ਮਿੰਟ ਬਾਅਦ ਮੈਂ ਕਾਲਜ ਕੈਂਪਸ ਵਿਚ ਇਮਤਿਹਾਨ ਹਾਲ ਅੰਦਰ ਡਿਊਟੀ ʼਤੇ ਹਾਜ਼ਰ ਸਾਂ। ਜਿਹੜੇ ਸਟਾਫ਼ ਮੈਂਬਰਾਂ ਨੂੰ ਪਤਾ ਸੀ ਕਿ ਮੈਂ ਸਵੇਰੇ ਕੋਟ ਟਾਈ ਲਾ ਕੇ ਟੀ.ਵੀ. ਪ੍ਰੋਗਰਾਮ ਵਿਚ ਬੈਠਾ ਹਾਂ, ਉਹ ਹੈਰਾਨ ਸਨ ਕਿ ਡਰੈਸ ਬਦਲ ਕੇ ਚੰਦ ਮਿੰਟਾਂ ਵਿਚ ਮੈਂ ਕਾਲਜ ਇਮਤਿਹਾਨ ਡਿਊਟੀ ʼਤੇ ਕਿੰਝ ਪਹੁੰਚ ਗਿਆ।
ʻਖ਼ਾਸ ਖ਼ਬਰ : ਇਕ ਨਜ਼ਰʼ ਚਲੰਤ ਮਾਮਲਿਆਂ ʼਤੇ ਅਧਾਰਿਤ ਮਿਆਰੀ ਪ੍ਰੋਗਰਾਮ ਸੀ। ਸੂਝਵਾਨ ਤੇ ਸਿਆਸਤ ਵਿਚ ਰੁਚੀ ਰੱਖਣ ਵਾਲੇ ਦਰਸ਼ਕ ਇਸ ਨਾਲ ਜੁੜੇ ਹੋਏ ਸਨ। ਜਦੋਂ ਚੌਣਾਂ ਆਉਂਦੀਆਂ ਸਨ। ਕੋਛ ਆਫ਼ ਕੰਡਕਟ ਲੱਗਦਾ ਸੀ ਤਾਂ ਇਸਨੂੰ ਬੰਦ ਕਰ ਦਿੱਤਾ ਜਾਂਦਾ ਸੀ। ਨਤੀਜੇ ਆਉਣ ਉਪਰੰਤ ਮੁੜ ਸ਼ੁਰੂ ਕਰ ਦਿੱਤਾ ਜਾਂਦਾ ਸੀ। ਪਰੰਤੂ ਇਸ ਵਾਰ 2022 ਦੀਆਂ ਚੋਣਾਂ ਤੋਂ ਪਹਿਲਾਂ ਬੰਦ ਹੋਇਆ ਤਾਂ ਮੁੜ ਸ਼ੁਰੂ ਹੀ ਨਹੀਂ ਹੋਇਆ।
ਦਰਅਸਲ ਪ੍ਰੋਗਰਾਮ ਮੁਖੀ ਇੰਦੂ ਵਰਮਾ ਵੇਲੇ ਇਹ ਪ੍ਰੋਗਰਾਮ ਅਜਿਹਾ ਲੀਹ ਤੋਂ ਲੱਥਾ ਕਿ ਮੁੜ ਸੰਭਲ ਹੀ ਨਹੀਂ ਸਕਿਆ। ਜਦ ਤੱਕ ਦਲਜੀਤ ਸਿੰਘ, ਮਨੋਹਰ ਭਾਰਜ, ਆਗਿਆਪਾਲ ਸਿੰਘ ਰੰਧਾਵਾ, ਜਸਵਿੰਦਰ ਸਿੰਘ, ਸੁਰਿੰਦਰ ਬਾਲੀ ਜਿਹੇ ਪ੍ਰੋਡਿਊਸਰ ਮਿਆਰ ਨੂੰ ਧਿਆਨ ਵਿਚ ਰੱਖ ਕੇ ਪ੍ਰੋਗਰਾਮ ਚਲਾਉਂਦੇ ਰਹੇ, ਮਿਆਰ ਬਣਿਆ ਰਿਹਾ। ਜਦ ਅਧਿਕਾਰੀਆਂ ਦਾ ਦਖ਼ਲ ਸ਼ੁਰੂ ਹੋ ਗਿਆ ਤਾਂ ਪ੍ਰੋਗਰਾਮ ਮਰਦਾ ਮਰਦਾ ਮਰ ਗਿਆ।
(ਪ੍ਰੋ. ਕੁਲਬੀਰ ਸਿੰਘ)
+91 9417153513