ਲੋਕਲ ਬੋਰਡ ਮੈਂਬਰ: ਤੁਹਾਡੀ ਗੱਲ ਕੌਂਸਿਲ ਤੱਕ – ਲੇਬਰ ਪਾਰਟੀ ਨੇ ਸ. ਖੜਗ ਸਿੰਘ ਨੂੰ ਹੌਵਿਕ ਲੋਕਲ ਬੋਰਡ ਮੈਂਬਰ ਲਈ ਆਪਣਾ ਉਮੀਦਵਾਰ ਐਲਾਨਿਆ

  • ਲੇਬਰ ਪਾਰਟੀ ਦੇ ਲਾਲ ਰੰਗ ਵਾਲੀ ਬੰਨ੍ਹ ਪੱਗ ਦਿੱਤਾ ਸਾਥ ਦਾ ਭਰੋਸਾ

NZ PIC 21 July-1

 

ਔਕਲੈਂਡ 21 ਜੁਲਾਈ -ਔਕਲੈਂਡ ਸਿਟੀ ਕੌਂਸਿਲ ਦੀਆਂ ਚੋਣਾਂ 12 ਅਕਤੂਬਰ ਨੂੰ ਨੇਪਰੇ ਚੜ੍ਹ ਰਹੀਆਂ ਹਨ। ਇਨ੍ਹਾਂ ਚੋਣਾਂ ਦੌਰਾਨ ਜਿੱਥੇ ਕੌਂਸਿਲਰ ਚੁਣੇ ਜਾਣੇ ਹਨ ਉਥੇ ਵੱਖ-ਵੱਖ ਹਲਕਿਆਂ ਤੋਂ ਲੋਕਲ ਬੋਰਡ ਮੈਂਬਰ ਵੀ ਚੁਣੇ ਜਾਂਣੇ ਹਨ ਜਿਹੜੇ ਕਿ ਸਥਾਨਕ ਲੋਕਾਂ ਦੀਆਂ ਮੰਗਾਂ ਨੂੰ ਕੌਂਸਿਲਰ ਦੇ ਕੋਲ ਪਹੁੰਚਾ ਕੇ ਫਿਰ ਸਿਟੀ ਕੌਂਸਿਲ ਤੱਕ ਲੈ ਕੇ ਜਾਂਦੇ ਹਨ। ਵੱਖ-ਵੱਖ ਰਾਜਨੀਤਕ ਪਾਰਟੀਆਂ ਆਪਣੇ ਉਮੀਦਵਾਰ ਖੜੇ ਕਰ ਰਹੀਆਂ ਹਨ। ਦੇਸ਼ ਦੀ ਸੱਤਾਧਾਰ ਪਾਰਟੀ ਲੇਬਰ ਨੇ ਬੋਟਨੀ ਸਬਡਿਵੀਜ਼ਨ ਦੇ ਵਿਚ ਪੈਂਦੇ ਹਲਕੇ ਹੌਵਿਕ ਤੋਂ ਲੋਕਲ ਬੋਰਡ ਮੈਂਬਰ (ਉਮੀਦਵਾਰ) ਦੇ ਤੌਰ ‘ਤੇ ਉਘੇ ਸਮਾਜ ਸੇਵਕ ਸ. ਖੜਗ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਲੇਬਰ ਪਾਰਟੀ ਦੀ ਸਿਲੈਕਸ਼ਨ ਪ੍ਰੀਕ੍ਰਿਆ ਦੇ ਬਾਅਦ ਉਨ੍ਹਾਂ ਦੀ ਚੋਣ ਕੀਤੀ ਗਈ ਹੈ। ਮੂਲ ਰੂਪ ‘ਚ ਚੰਡੀਗੜ੍ਹ ਦੇ ਵਾਸੀ ਅਤੇ ਉਥੇ ਦੇ ਹੀ ਪੜ੍ਹੇ-ਲਿਖੇ ਸ. ਖੜਗ ਸਿੰਘ 1997 ਤੋਂ ਇਥੇ ਰਹਿ ਰਹੇ ਹਨ ਅਤੇ ਇਸ ਵੇਲੇ ਇਕ ਸਫਲ ਬਿਜ਼ਨਸਮੈਨ ਦੇ ਤੌਰ ‘ਤੇ ‘ਫੋਰ ਸੁਕੇਅਰ’ ਨਾਂਅ ਦਾ ਸੁਪਰ ਸਟੋਰ ਐਵਰਗਲੇਡ ਮੈਨੁਕਾਓ ਵਿਖੇ ਚਲਾ ਰਹੇ ਹਨ। ਇਕ ਸਿਆਹੀ ਕੰਪਨੀ ਦੇ ਵਿਚ ਬਤੌਰ ਕਰਮਚਾਰੀ ਦਾਖਲ ਹੋ ਕੇ ਉਹ ਮੈਨੇਜਰ ਦੀ ਪੋਸਟ ਤੱਕ ਗਏ। ਉਨ੍ਹਾਂ ਦੇ ਸਤਿਕਾਰੋਗ ਪਿਤਾ ਸ. ਤਜਿੰਦਰ ਸਿੰਘ ਰਾਇਲ ਬ੍ਰਿਟਿਸ਼ ਏਅਰਫੋਰਸ ਤੋਂ ਫਲਾਇੰਗ ਅਫਸਰ ਦੇ ਅਹੁਦੇ ਤੋਂ ਰਿਟਾਇਰਡ ਹਨ। ਸ. ਖੜਗ ਸਿੰਘ ਵਧੀਆ ਗੋਲਫਰ ਹਨ ਅਤੇ ਇੰਡੀਆ ਦੇ ਵਿਚ ਜਾ ਕੇ ਵੀ ਮੁਕਾਬਲਿਆਂ ਵਿਚ ਭਾਗ ਲੈਂਦੇ ਹਨ ਅਤੇ ਜਿਤਦੇ ਰਹੇ ਹਨ। ਨਿਊਜ਼ੀਲੈਂਡ ਅਤੇ ਭਾਰਤ ਦੇ ਕਈ ਸਿਆਸਤਦਾਨਾਂ ਦੀ ਸੇਵਾ ਦੇ ਵਿਚ ਉਨ੍ਹਾਂ ਆਪਣਾ ਕਾਫੀ ਸਮਾਂ ਅਤੇ ਪੈਸਾ ਲਗਾਇਆ ਹੈ, ਪਰ ਇਸ ਵਾਰ ਉਹ ਆਪਣੇ ਉਤੇ ਪੈਸਾ ਲਗਾ ਕੇ ਸਿਆਸਤ ਨੂੰ ਆਪਣੇ ਕੋਲ ਹੀ ਰੱਖਣਗੇ। ਸਥਾਨਕ ਚੋਣਾਂ ਦੇ ਵਿਚ ਭਾਗ ਲੈਣ ਦਾ ਫੈਸਲਾ ਉਨ੍ਹਾਂ ਵੱਲੋਂ ਇਕ ਤਰ੍ਹਾਂ ਨਾਲ ਆਪਣੇ ਇਲਾਕੇ ਲਈ ਕੁਝ ਕਰਨ ਦਾ ਮੌਕਾ ਹਾਸਿਲ ਕਰਨਾ ਹੈ, ਜਿੱਥੇ ਉਨ੍ਹਾਂ 32 ਸਾਲ ਦਾ ਸਮਾਂ ਬਿਤਾਇਆ ਹੈ। ਉਨ੍ਹਾਂ ਦਾ ਬੇਟੀ ਚਾਰਟਡ ਅਕਾਊਂਟੈਂਟ ਹੈ ਅਤੇ ਕੰਮ ਕਾਰ ਵਧੀਆ ਹੈ।  ਉਨ੍ਹਾਂ ਨੂੰ ਸਮਾਜ ਸੇਵਾ ਲਈ ਕਈ ਸੰਸਥਾਵਾਂ ਵੱਲੋਂ ਐਵਾਰਡ ਹਾਸਿਲ ਹੋ ਚੁੱਕੇ ਹਨ। ਉਨ੍ਹਾਂ ਭਾਈਚਾਰੇ ਨੂੰ ਖਾਸ ਕਰ ਹੌਵਿਕ ਹਲਕੇ ਦੇ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਥਾਨਕ ਚੋਣਾਂ ਦੌਰਾਨ ਆਪਣੀ ਕੀਮਤੀ ਵੋਟ ਉਨ੍ਹਾਂ ਨੂੰ ਪਾ ਕੇ ਕਾਮਯਾਬ ਕਰਨ, ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਉਹ ਵੀ ਭਾਈਚਾਰੇ ਦੀ ਸੇਵਾ ਲਈ ਸਦਾ ਹਾਜ਼ਿਰ ਰਹਿਣਗੇ। ਅੱਜ ਗੁਰਦੁਆਰਾ ਨਾਨਕਸਰ ਠਾਠ ਮੈਨੁਰੇਵਾ ਵਿਖੇ ਪਹੁੰਚੇ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਦੇ ਨਾਲ ਵੀ ਸ. ਖੜਗ ਸਿੰਘ ਲੇਬਰ ਪਾਰਟੀ ਦੇ ਲਾਲ ਰੰਗ ਵਾਲੀ ਪੱਗ ਬੰਨ੍ਹ ਕੇ ਪਹੁੰਚੇ ਹੋਏ ਸਨ ਤੇ ਇਸ ਗੱਲ ਦਾ ਇਸ਼ਾਰਾ ਕਰ ਗਏ  ਸਨ ਕਿ ਉਹ ਲੇਬਰ ਦਾ ਸਾਥ ਦੇਣਗੇ ਅਤੇ ਲੇਬਰ ਉਨ੍ਹਾਂ ਦੀ।
ਨਾਮਜ਼ਦਗੀਆਂ ਸ਼ੁਰੂ: 19 ਜੁਲਾਈ ਤੋਂ ਨਾਮਜ਼ਦਗੀਆਂ ਦਾਖਿਲ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ 21 ਅਗਸਤ ਨੂੰ ਠੀਕ ਪਾਈਆਂ ਗਈਆਂ ਅਰਜ਼ੀਆਂ ਤੋਂ ਬਾਅਦ ਉਮੀਦਵਾਰਾਂ ਦੀ ਲਿਸਟ ਸਾਹਮਣੇ ਆ ਜਾਵੇਗੀ।
ਇਲੈਕਸ਼ਨ ਵਿਭਾਗ ਵੱਲੋਂ ਇਸ ਵੇਲੇ ਲੋਕਾਂ ਨੂੰ ਆਪਣੀਆਂ ਵੋਟਾਂ ਬਨਾਉਣ, ਐਡਰੈਸ ਤਬਦੀਲ ਕਰਾਉਣ ਜਾਂ ਨਵੀਂਆਂ ਬਨਾਉਣ ਵਾਸਤੇ ਕਿਹਾ ਜਾਣ ਲੱਗ ਪਿਆ ਹੈ 16 ਅਗਸਤ ਤੱਕ ਵੋਟਾਂ ਬਣਾਈਆਂ ਜਾ ਸਕਦੀਆਂ ਹਨ। ਜੇਕਰ ਬਾਅਦ ਵਿਚ ਵੋਟ ਬਨਾਉਣੀ ਹੋਵੇ ਤਾਂ ਵਿਸ਼ੇਸ਼ ਤੌਰ ‘ਤੇ ਅਰਜੀ ਦੇਣੀ ਹੋਵੇਗੀ। 20 ਤੋਂ 25 ਸਤੰਬਰ ਦਰਮਿਆਨ ਔਕਲੈਂਡ ਕੌਂਸਿਲ ਦੀਆਂ ਵੋਟਾਂ ਦੇ ਪੇਪਰ ਆਉਣੇ ਸ਼ੁਰੂ ਹੋ ਜਾਣੇ ਹਨ। 11 ਅਕਤੂਬਰ ਤੱਕ ਵੋਟਾਂ ਦਿੱਤੀਆਂ ਜਾ ਸਕਣੀਆਂ ਅਤੇ 12 ਅਕਤੂਬਰ ਨੂੰ ਦੁਪਹਿਰ 12 ਵਜੇ ਤੱਕ ਇਹ ਵੋਟਾਂ  ਦਾ ਕੰਮ ਖਤਮ ਹੋ ਜਾਵੇਗਾ। ਲਾਇਬ੍ਰੇਰੀਆਂ ਅਤੇ ਡਾਕਖਾਨਿਆਂ ਦੇ ਵਿਚ 12 ਅਕਤੂਬਰ 12 ਵਜੇ ਤੱਕ ਹੀ ਵੋਟਾਂ ਡ੍ਰੋਪ ਕੀਤੀਆਂ ਜਾ ਸਕਣੀਆਂ।19 ਜੁਲਾਈ ਤੋਂ ਨਾਮਜ਼ਦਗੀਆਂ ਦਾਖਲ ਕਰਨੀਆਂ ਸ਼ੁਰੂ ਹੋ ਜਾਣਗੀਆਂ। 21 ਅਗਸਤ ਨੂੰ ਉਮਦੀਵਾਰਾਂ ਦੀ ਲਿਸਟ ਤਿਆਰ ਹੋ ਜਾਵੇਗੀ।

Install Punjabi Akhbar App

Install
×