ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਵਿਖੇ ਅੱਜ ਖਾਲਸਾ ਸਾਜਨਾ ਦਿਵਸ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ ਉਪਰੰਤ 10.30 ਵਜੇ ਸਹਿਜ ਪਾਠ ਦੇ ਭੋਗ ਪਾਏ ਗਏ। ਭਾਈ ਸਤਨਾਮ ਸਿੰਘ ਦੇ ਰਾਗੀ ਜੱਥੇ ਵੱਲੋਂ ਸ਼ਬਦ ਕੀਰਤਨ ਕੀਤਾ ਗਿਆ ਜਦ ਕਿ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਢਾਡੀ ਭਾਈ ਹਰਦੀਪ ਸਿੰਘ ਬੱਲੋਵਾਲ ਵਾਲਿਆਂ ਨੇ ਖਾਲਸਾ ਸਾਜਨਾ ਦਿਵਸ ਦਾ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਵਾਇਆ। ਇਕ ਹੋਰ ਬੱਚੀ ਗੁਰਲੀਨ ਕੌਰ ਗਿੱਲ ਨੇ ਵੀ ਗੁਰਬਾਣੀ ਸ਼ਬਦ ਗਾਇਨ ਕਰਕੇ ਆਪਣੀ ਹਾਜ਼ਰੀ ਲਗਵਾਈ। ਅੱਜ ਦੇ ਸਮਾਗਮ ਵਿਚ ਲੰਗਰ ਦੀ ਸੇਵਾ ਮਹਿੰਦਰ ਸਿੰਘ ਫੌਜੀ ਦੇ ਪਰਿਵਾਰ ਵੱਲੋਂ ਕੀਤੀ ਗਈ। ਗੁਰਦੁਆਰਾ ਕਮੇਟੀ ਵੱਲੋਂ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ ਗਿਆ।
13 ਸਾਲਾਂ ਬੱਚੀ ਜਸਲੀਨ ਕੌਰ ਗਿੱਲ ਨੇ ਦਿਲਰੁਬਾ ਦੇ ਨਾਲ ਕੀਰਤਨ ਕਰਕੇ ਤੰਤੀ ਸਾਜ਼ਾਂ ਦੀ ਸਾਂਝ ਪਾਈ
ਅੱਜ ਦੇ ਇਸ ਸਮਾਗਮ ਦੇ ਵਿਚ ਇਕ 13 ਸਾਲਾ ਬੱਚੀ ਜਸਲੀਨ ਕੌਰ ਗਿੱਲ ਸਪੁੱਤਰੀ ਸ. ਹਰਪ੍ਰੀਤ ਸਿੰਘ ਗਿਲ ਨੇ ਨਿਊਜ਼ੀਲੈਂਡ ਦੇ ਵਿਚ ਸ਼ਾਇਦ ਪਹਿਲੀ ਵਾਰ ‘ਦਿਲਰੁਬਾ’ (ਤੰਤੀ ਸਾਜ਼) ਦੇ ਨਾਲ ਬਿਲਾਵਲ ਰਾਗ ਦੇ ਵਿਚ ਗੁਰਬਾਣੀ ਸ਼ਬਦ ਗਾਇਨ ਕਰਕੇ ਸੰਗਤ ਨੂੰ ਵਿਸਰ ਰਹੇ ਤੰਤੀ ਸਾਜ਼ਾਂ ਨਾਲ ਸਾਂਝ ਪੁਆਈ। ਕੋਈ ਚਾਰ ਕੁ ਮਹੀਨੇ ਪਹਿਲਾਂ ਇਸ ਬੱਚੀ ਨੇ ਰਾਗੀ ਭਾਈ ਗਗਨਦੀਪ ਸਿੰਘ (ਦਿਲਰੁਬਾ ਵਾਦਕ) ਦੇ ਰਾਹੀਂ ਇਹ ਦਿਲਰੁਬਾ ਇਥੇ ਮੰਗਵਾਇਆ ਸੀ ਅਤੇ ਉਨ੍ਹਾਂ ਕੋਲੋਂ ਸਿਖਿਆ ਲੈ ਕੇ ਕੀਰਤਨ ਰਾਹੀਂ ਪਹਿਲੀ ਹਾਜ਼ਰੀ ਲਗਵਾਈ। ਆਮ ਤੌਰ ‘ਤੇ ਦਿਲਰੁਬਾ ਹਾਰਮੋਨੀਅਮ ਦੇ ਨਾਲ ਸੰਗਤ ਕਰਨ ਦੇ ਲਈ ਵਰਤਿਆ ਜਾਂਦਾ ਹੈ ਪਰ ਇਸ ਬੱਚੀ ਨੇ ਦਿਲਰੁਬਾ ਦੇ ਨਾਲ ਹੀ ਪੂਰਾ ਸ਼ਬਦ ‘ਗੁਰ ਪੂਰੇ ਮੇਰੀ ਰਾਖ ਲਈ’ ਗਾਇਨ ਕਰਕੇ ਆਪਣੇ ਉਪਜ ਰਹੇ ਸੰਗੀਤਕ ਹੁਨਰ ਦਾ ਪ੍ਰਦਰਸ਼ਨ ਕੀਤਾ। ਸੰਗਤ ਵੱਲੋਂ ਇਸ ਬੱਚੀ ਵੱਲੋਂ ਗਾਏ ਸ਼ਬਦ ਨੂੰ ਖੂਬ ਸਲਾਹਿਆ ਗਿਆ। ਇਸ ਬੱਚੀ ਨੇ ਧਾਰਮਿਕ ਫਿਲਮ ‘ਚਾਰ ਸਾਹਿਬਜਾਦੇ’ ਦੇ ਵਿਚ ਦਿਲਰੁਬਾ ਦੇ ਨਾਲ ਗਾਇਨ ਕੀਤੇ ਗਏ ਇਕ ਸ਼ਬਦ ਨੂੰ ਵੇਖ ਕੇ ਮਨ ਬਣਾਇਆ ਸੀ ਕਿ ਉਹ ਵੀ ਇਕ ਦਿਨ ਇਸੇ ਤਰ੍ਹਾਂ ਕੀਰਤਨ ਕਰੇਗੀ। ਵਰਨਣਯੋਗ ਹੈ ਕਿ ਦਿਲਰੁਬਾ ਅਸਲ ਵਿਚ ਅਫਗਾਨੀਆ ਦਾ ਸਾਜ਼ ਸੀ ਜੋ ਕਿ ਭਾਰਤ ਵਿਚ ਵੀ ਧਾਰਮਿਕ ਗੀਤਾਂ ਅਤੇ ਸ਼ਬਦਾਂ ਲਈ ਵਰਤਿਆ ਗਿਆ। ਸ੍ਰੀ ਦਰਬਾਰ ਸਾਹਿਬ ਵਿਖੇ ਤੰਤੀ ਸਾਜ਼ਾਂ ਦੇ ਵਿਚ ਦਿਲਰੁਬਾ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸੰਗੀਤਕ ਮਾਹਿਰਾਂ ਨੇ ਇਸ ਦੇ ਅਰਥ ‘ਦਿਲ ਨੂੰ ਲੁੱਟਣ’ ( Robber of the Heart.) ਵਾਲਾ ਸਾਜ਼ ਮੰਨਿਆ ਹੈ।
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਨਿਊਜ਼ੀਲੈਂਡ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ
One thought on “ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟੌਰੰਗਾ ਨਿਊਜ਼ੀਲੈਂਡ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ”
Comments are closed.
veer ji wadeaa ji meve baher gurdware wich granthi de deuty karni hai ji kirpa karke madad karo ji