ਨਿਊਜ਼ੀਲੈਂਡ ‘ਚ ਖਾਲਸਾ ਸਾਜਨਾ ਦਿਵਸ ਮੌਕੇ ਸੰਗਤਾਂ ਦਾ ਭਾਰੀ ਉਤਸ਼ਾਹ 

ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ

NZ PIC 15 April-2

ਔਕਲੈਂਡ 15 ਅਪ੍ਰੈਲ -ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊਲਿਨ ਵਿਖੇ ਖਾਲਸਾ ਪੰਥ ਦਾ ਖਾਲਸਾ ਸਾਜਨਾ ਦਿਵਸ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿਚ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ। ਸ਼ੁੱਕਰਵਾਰ ਤੋਂ ਆਰੰਭ ਸ਼੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਰਾਗੀ ਭਾਈ ਰਣਜੀਤ ਸਿੰਘ ਦੇ ਜੱਥੇ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਨੌਜਵਾਨਾਂ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਵਿਚ ਵੱਡਾ ਯੋਗਦਾਨ ਪਾਇਆ।
ਗੁਰਦੁਆਰਾ ਨਾਨਕਸਰ ਠਾਠ ਵਿਖੇ ਵਿਸ਼ੇਸ਼ ਸਮਾਗਮ – ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਵਿਸ਼ੇਸ਼ ਸਵੇਰ ਦੇ ਅਤੇ ਸ਼ਾਮ ਦੇ ਦੀਵਾਨ ਸਜਾਏ ਗਏ, ਸ੍ਰੀ ਅਖੰਠ ਪਾਠ ਦੇ ਭੋਗ ਉਪਰੰਤ ਹਜ਼ੂਰੀ ਰਾਗੀ ਭਾਈ ਜੋਗਿੰਦਰ ਸਿੰਘ ਦੇ ਜੱਥੇ ਨੇ ਸ਼ਬਦ ਕੀਰਤਨ ਰਾਹੀਂ ਹਾਜਰੀ ਲਗਵਾਈ। ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਵਿਚ ਗਤਕੇ ਦੇ ਜੌਹਰ ਵਿਖਾਏ ਗਏ।
ਗੁਰਦੁਆਰਾ ਬੇਗਮਪੁਰਾ ਸਾਹਿਬ – ਗੁਰਦੁਆਰਾ ਬੇਗਮਪੁਰਾ ਸਾਹਿਬ ਪਾਪਾਕੁਰਾ ਵਿਖੇ ਵਿਸਾਖੀ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਭਾਈ ਰਣਜੀਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਯਾਦਵਿੰਦਰ ਸਿੰਘ, ਭਾਈ ਖੁਸ਼ਵਿੰਦਰ ਸਿੰਘ ਕਿਸ਼ਨ ਸਿੰਘ ਦੇ ਰਾਗੀ ਜੱਥਿਆਂ ਨੇ ਕੀਰਤਨ ਕੀਤਾ। ਇਸ ਮੌਕੇ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ।

ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਰੋਟੋਰੂਆ – ਸਿੱਖ ਸੰਗਤ ਨਿਊਜ਼ੀਲੈਂਡ ਵੱਲੋਂ ਸਥਾਪਿਤ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਰੋਟੋਰੂਆ ਵਿਖੇ ਸ਼ਾਮ ਦਾ ਪ੍ਰੋਗਰਾਮ ਸ਼ਨੀਵਾਰ ਨੂੰ ਰੱਖਿਆ ਗਿਆ। ਇਸ ਮੌਕੇ ਜਿੱਥੇ ਕੀਰਤਨ, ਕਥਾ ਅਤੇ ਹੋਰ ਵਿਚਾਰਾਂ ਹੋਣਗੀਆਂ ਉਥੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਕੀਤਾ ਗਿਆ। ਅੰਮ੍ਰਿਤ ਅਭਿਲਾਖੀਆਂ ਨੇ ਅੰਮ੍ਰਿਤ ਛਕਿਆ ਅਤੇ ਕਕਾਰਾਂ ਦੀ ਸੇਵਾ ਗੁਰਦੁਆਰਾ ਸਾਹਿਬ ਤੋਂ ਕੀਤੀ ਗਈ।

ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ ਛੇਵੀਂ ਵੱਲੋਂ ਐਤਵਾਰ ਦਾ ਵਿਸ਼ੇਸ਼ ਸਮਾਗਮ ਇਸ ਵਾਰ 84 ਲੇਡੀ ਰੂਬੀ ਡ੍ਰਾਈਵ ਈਸਟ ਟਮਾਕੀ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤਾ ਕੀਤਾ ਗਿਆ।  ਇਸ ਅਸਥਾਨ ਉਤੇ ਵੀਰੀ ਸਟੇਸ਼ਨ ਰੋਡ ਵਾਲਾ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤਬਦੀਲ ਹੋਣਾ ਹੈ ਅਤੇ ਰਹਿੰਦੇ ਕਾਰਜ ਜਾਰੀ ਹਨ। ਖਾਲਸੇ ਦੇ ਪਵਿਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਇਸ ਅਸਥਾਨ ਉਤੇ ਗੁਰੂ ਸਾਹਿਬਾਂ ਦੀਆਂ ਖੁਸ਼ੀਆਂ ਲੈਣ ਦਾ ਫੈਸਲਾ ਕੀਤਾ ਗਿਆ ਸੀ।

Install Punjabi Akhbar App

Install
×