ਦੁਨੀਆਂ ਦਾ ਸਭ ਤੋਂ ਵੱਡਾ ਕਿਲ੍ਹਾ ਖ਼ਾਲਸਾ ਰਾਜਧਾਨੀ ਲੋਹਗੜ੍ਹ

ਭਾਗ-1
ਤਕਰੀਬਨ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜਦੋਂ ਬਹਾਦਰ ਸ਼ਾਹ ਦੀ ਡੇਢ ਲੱਖ ਤੋਂ ਵੱਧ ਫੌਜ ਨੇ 29 ਨਵੰਬਰ 1710 ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੇ ਲੋਹਗੜ੍ਹ ਕਿਲ੍ਹੇ’ਤੇ ਹਮਲਾ ਕੀਤਾ ਤਾਂ ਉਨ੍ਹਾਂ ਨੇ ਅਗਲੇ ਦਿਨ ਹੀ (30 ਨਵੰਬਰ ਦੇ ਦਿਨ) ਇਸ ਕਿਲ੍ਹੇ’ਤੇ ਕਬਜ਼ਾ ਕਰ ਲਿਆ। ਪਰ ਇਹ ਦਾਅਵਾ ਹਾਸੋਹੀਣਾ ਜਾਪਦਾ ਹੈ। ਇਹ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਇਹ ਕਿਲ੍ਹਾ ਇਕ ਨਿੱਕੀ ਜਿਹੀ ਇਮਾਰਤ ਜਾਂ ਇਕ ਪਹਾੜੀ ਹੋਵੇ ਜਿਸ ਨੂੰ ਇਤਨੀ ਛੋਟੀ ਜਿਹੀ ਕੋਸ਼ਿਸ਼ ਨਾਲ ਜਿੱਤ ਲਿਆ ਹੋਵੇ। ਪਰ ਲੋਹਗੜ੍ਹ ਦਾ ਭੂਗੋਲਿਕ ਨਕਸ਼ਾ ਅਤੇ ਇਸ ਦੀ ਫ਼ੌਜੀ ਬਣਤਰ ਨੂੰ ਵੇਖ ਕੇ ਸਾਫ਼ ਨਜ਼ਰ ਆਉਂਦਾ ਹੈ ਕਿ ਇਹ ਦਾਅਵਾ ਹਕੀਕਤ ਤੋਂ ਕੋਹਾਂ ਦੂਰ ਹੀ ਨਹੀਂ ਬਲਕਿ ਅਤਿਕਥਨੀ ਤੇ ਝੂਠ ਦੇ ਨਾਲ-ਨਾਲ ਇਹ ਤਵਾਰੀਖ਼ ਨਾਲ ਧੋਖਾ ਵੀ ਹੈ।
ਸਿੱਖ ਰਾਜ ਦੀ (ਖ਼ਾਲਸਾ ਤਖ਼ਤ ਦੀ) ਰਾਜਧਾਨੀ ਲੋਹਗੜ੍ਹ ਕੋਈ 1710 ਵਿਚ ਰੱਖਿਆ ਨਾਂਅ ਨਹੀਂ ਹੈ। ਲੋਹਗੜ੍ਹ ਕਿਲ੍ਹੇ ਦੀ ਨੀਂਹ ਸਿੱਖ ਤਵਾਰੀਖ਼ ਵਿਚ 1609 ਵਿਚ ਰੱਖੀ ਗਈ ਸੀ। ਸਭ ਤੋਂ ਪਹਿਲਾਂ ਇਸੇ ਨਾਂਅ ਦਾ ਕਿਲ੍ਹਾ, ਗੁਰੂ ਕਾ ਚੱਕ, ਚੱਕ ਰਾਮਦਾਸ (ਹੁਣ ਅੰਮ੍ਰਿਤਸਰ) ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਵਾਇਆ ਸੀ ( ਜਿੱਥੇ ਅੱਜਕਲ੍ਹ ਗੁਰਦੁਆਰਾ ਲੋਹਗੜ੍ਹ ਸ਼ਸ਼ੋਭਿਤ ਹੈ)। ਦੂਜਾ ਲੋਹਗੜ੍ਹ ਕਿਲ੍ਹਾ ਗੁਰੂ ਹਰਿ ਰਾਇ ਸਾਹਿਬ ਜੀ ਨੇ ਨਾਹਨ ਰਿਆਸਤ ਵਿਚ ਬਣਾਉਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਇਸ ਕਿਲ੍ਹੇ ਦੀ ਉਸਾਰੀ ਦੀ ਨਿਗਰਾਨੀ 1645 ਤੋਂ 1657 ਵਿਚਕਾਰ ਕੀਤੀ ਸੀ। ਇਸ ਮਗਰੋਂ ਇਸ ਦੀ ਉਸਾਰੀ ਭਾਈ ਲੱਖੀ ਰਾਏ (ਸ਼ਾਹ) ਵਣਜਾਰਾ ਦੇ ਟਾਂਡੇ ਵਿਚ ਸ਼ਾਮਲ ਜਵਾਨਾਂ ਨੇ ਕੀਤੀ ਸੀ। 1685 ਤੋਂ 1688 ਤੱਕ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਰਹੇ ਸਨ ਤੇ ਗੁਰੂ ਸਾਹਿਬ ਵੀ ਇਸ ਦੀ ਉਸਾਰੀ ਦੀ ਨਿਗਰਾਨੀ ਕਰਦੇ ਰਹੇ ਸਨ। ਫਿਰ 1689 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਚ ਵੀ ਇਕ ਕਿਲ੍ਹਾ ਇਸੇ ਨਾਮ ਹੇਠ (ਲੋਹਗੜ੍ਹ) ਬਣਵਾਇਆ ਸੀ। ਉਸ ਵਿਚ ਇਕ ਹਥਿਆਰ ਬਣਾਉਣ ਦਾ ਕਾਰਖਾਨਾ ਵੀ ਲੱਗਾ ਹੋਇਆ ਸੀ ਜਿਸ ਵਿਚ ਸਿਕਲੀਗਰ ਤੇ ਵਣਜਾਰੇ ਰਾਜਪੂਤ ਹਥਿਆਰ ਬਣਾਇਆ ਕਰਦੇ ਸਨ।

ਲੋਹਗੜ੍ਹ ਕਿਲ੍ਹੇ ਦੀ ਬਣਤਰ ਅਤੇ ਭੂਗੋਲਿਕ ਹਾਲਤ
ਲੋਹਗੜ੍ਹ ਕਿਲ੍ਹੇ ਦੀ ਕਿਲ੍ਹਾਬੰਦੀ ਬਹੁਤ ਵੱਡੇ ਰਕਬੇ ਵਿਚ ਮੁਗਲਾਂ ਦੀ ਬਹੁਤ ਵੱਡੀ ਫੌਜ ਦਾ ਟਾਕਰਾ ਕਰਨ ਲਈ ਅਤੇ ਸੁਰੱਖਿਆ ਨੰ ਮੁੱਖ ਰੱਖ ਕੇ ਕੀਤੀ ਗਈ ਸੀ। ਇਸ ਦਾ ਖੇਤਰਫਲ 7200 ਏਕੜ ਅਤੇ ਘੇਰਾ 50 ਕਿਲੋਮੀਟਰ ਦੇ ਲਗਭਗ ਫ਼ੈਲਿਆ ਹੋਇਆ ਹੈ; ਜਿਹੜਾ ਨਾਹਨ ਦੀ ਪੁਰਾਣੀ ਰਿਆਸਤ ਦਾ ਹਿੱਸਾ ਸੀ ਤੇ ਹੁਣ ਹਿਮਾਚਲ ਦੇ ਸਿਰਮੌਰ ਜ਼ਿਲ੍ਹਾ ਅਤੇ ਹਰਿਆਣਾ ਦੇ ਯਮੁਨਾ ਨਗਰ ਜ਼ਿਲ੍ਹੇ ਵਿਚ ਸ਼ਾਮਲ ਹੈ। ਪੁਰਾਤਤਵ ਵਿਭਾਗ (ਆਰਕੀਆਲੋਜੀ) ਦੀ ਗਵਾਹੀ ਅਤੇ ਲੋਹਗੜ੍ਹ ਦੇ ਸਮੇਂ ਅਤੇ ਗਤੀ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਐਨੀ ਵਿਸ਼ਾਲ ਉਸਾਰੀ ਦੇ ਮੁਕੰਮਲ ਹੋਣ ਅਤੇ ਇਸ ਦੀ ਕਿਲ੍ਹਾਬੰਦੀ ਕਰਨ ਵਿਚ 70-80 ਸਾਲ ਲੱਗੇ ਹੋਣਗੇ। ਲੋਹਗੜ੍ਹ ਟਰੱਸਟ ਯਮੁਨਾਨਗਰ ਨੇ ਇਸ ਸਬੰਧੀ ਪੁਰਾਤਤਵ ਵਿਗਿਆਨੀਆਂ ਤੋਂ ਅਤੇ ਸਮੇਂ ਤੇ ਗਤੀ ਦੇ ਮਾਹਿਰਾਂ ਤੋਂ ਸਬੂਤ ਇਕੱਠੇ ਕੀਤੇ ਹਨ। ਇਸ ਕਿਲ੍ਹੇ ਦਾ ਰਕਬਾ (ਲੋਹਗੜ੍ਹ, ਹਰੀਪੁਰ, ਝੀਲ, ਮਹਿਤਾਵੇਲੀ, ਭਲੋਰੀ, ਸੁਕਰਨੋ, ਮਹਾਰੋਂਵਾਲਾ ਪਿੰਡ) ਹਿਮਾਚਲ ਪ੍ਰਦੇਸ਼ ਵਿਚ ਹੈ; ਅਤੇ (ਭਗਵਾਨਪੁਰ, ਨਥੌਰੀ, ਧਨੌਰਾ, ਨੰਗਲੀ ਅਤੇ ਮੋਹਿਦੀਨਪੁਰ ਪਿੰਡ) ਹਰਿਆਣਾ ਵਿਚ ਹੈ। ਸਮੁੱਚੇ ਰੂਪ ਵਿਚ ਇਹ ਇਲਾਕਾ ਯਮੁਨਾ ਨਦੀ ਇਕ ਪਾਸੇ ਅਤੇ ਮਾਰਕੰਡਾ ਨਦੀ ਦੂਜੇ ਪਾਸੇ ਵਿਚਕਾਰ ਦਾ ਹੈ। ਇਸ ਦੀਆਂ ਕਿਲ੍ਹਾਬੰਦੀਆਂ ਵਾਲੀਆਂ ਪਹਾੜੀਆਂ ਨੂੰ ਦਾਬਰ (ਹਿਲ) ਪਹਾੜੀਆਂ ਕਿਹਾ ਜਾਂਦਾ ਹੈ। ਲੋਹਗੜ੍ਹ ਟਰੱਸਟ ਨੇ ਇਸ ਨੂੰ ਕਿਲ੍ਹੇ ਨੂੰ 32 ਸੈਕਟਰਾਂ ਵਿਚ ਵੰਡਿਆ ਹੋਇਆ ਹੈ। ਕਿਲ੍ਹਾ ਬਣਾਉਣ ਵਾਲਿਆਂ ਮਾਹਿਰਾਂ ਨੇ ਲੋਹਗੜ੍ਹ ਦੇ ਮੈਦਾਨੀ ਇਲਾਕੇ ਵਿਚੋਂ ਦੁਸ਼ਮਣ ਦੀ ਫ਼ੌਜ ਦੀ ਚੜ੍ਹਾਈ ਰੋਕਣ ਵਾਸਤੇ ਲਾਡਵਾ ਤੇ ਇੰਦਰੀ (ਕੁਰੂਕਸ਼ੇਤਰ ਤੇ ਕਰਨਾਲ ਜ਼ਿਲਿਆਂ) ਵਿਚ ਜ਼ਬਰਦਸਤ ਹਿਫ਼ਾਜ਼ਤੀ ਇੰਤਜ਼ਾਮ ਕੀਤੇ ਹੋਏ ਸਨ। ਪੁਰਾਤਤਵ ਮਹਿਕਮੇ ਦੇ ਸਰਵੇਖਣ ਹੋਣ ਮਗਰੋਂ ਅਤੇ ਉਸ ਕਾਲ ਦੀਆਂ ਫ਼ਾਰਸੀ ਲਿਖਤਾਂ ਘੋਖਣ ਮਗਰੋਂ ਇਹ ਸਪੱਸ਼ਟ ਹੋ ਗਿਆ ਕਿ ਇਹ ਕਿਲ੍ਹਾਬੰਦੀ, ਚੌਂਕੀਆਂ ਅਤੇ ਮੋਰਚਾਬੰਦੀ ਸ਼ਿਵਾਲਕ ਪਹਾੜੀਆਂ ਵਿਚ ਥਾਂ-ਥਾਂ’ਤੇ (ਅਜੋਕੇ ਯਮੁਨਾਨਗਰ ਜ਼ਿਲ੍ਹੇ, ਅੰਬਾਲਾ ਜ਼ਿਲ੍ਹੇ ਵਿਚ ਗੁਰਦੁਆਰਾ ਟੋਕਾ ਸਾਹਿਬ (ਨਰਾਇਣਗੜ੍ਹ) ਖੇਤਰ ਵਿਚ ਅਤੇ ਪੰਚਕੂਲਾ ਜ਼ਿਲ੍ਹੇ ਵਿਚ ਪਹਿਲੀ ਚੌਂਕੀ ਨਾਡਾ ਸਾਹਿਬ) ਬਣੀ ਹੋਈ ਸੀ। ਇਸ ਇਲਾਕੇ ਵਿਚ ਅੱਜ ਵੀ ਮਸੂਮਪੁਰ ਅਤੇ ਬਵਾਨਾ ਦੇ ਕਿਲ੍ਹੇ ਕਾਇਮ ਹਨ। ਇਸ ਜ਼ੋਨ ਵਿਚ ਸਿੱਖਾਂ ਅਤੇ ਬੰਦਾ ਸਿੰਘ ਬਹਾਦਰ ਵਲੋਂ ਆਖ਼ਰੀ ਕਿਲ੍ਹਾਬੰਦੀ ਪਿੰਜੌਰ ਨੇੜੇ ਮਿਲੀ ਹੈ। ਇਸ ਇਲਾਕੇ ਵਿਚ ਕਈ ਜਗ੍ਹਾ’ਤੇ ਕੁਦਰਤ ਦੀ ਸੁਰੱਖਿਆ ਨੂੰ ਬਹੁਤ ਸੁਚੱਜੇ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਸੀ। ਤੰਗ ਰਸਤੇ ਬਣਾਉਣ ਵਾਸਤੇ ਪਹਾੜੀਆਂ ਨੂੰ ਇਸ ਤਰੀਕੇ ਨਾਲ ਕੱਟਿਆ ਗਿਆ ਸੀ ਕਿ ਜੇਕਰ ਦੁਸ਼ਮਣ ਦੀ ਫ਼ੌਜ ਕਿਲ੍ਹਾਬੰਦੀ ਵਾਲੀ ਥਾਂ ਤੱਕ ਪਹੁੰਚ ਵੀ ਜਾਵੇ ਤਾਂ ਉਹ ਇਕ ਦਮ ਮੋਰਚਿਆਂ ਤੱਕ ਨਾ ਅੱਪੜ ਸਕੇ। ਇਨ੍ਹਾਂ ਤੰਗ ਰਸਤਿਆਂ ਦੀ ਪਲਾਨਿੰਗ ਇਸ ਤਰੀਕੇ ਨਾਲ ਕੀਤੀ ਗਈ ਸੀ ਕਿ ਇਕ ਵਾਰ ਵਿਚ ਸਿਰਫ਼ ਇਕ ਫ਼ੌਜੀ ਹੀ ਇਨ੍ਹਾਂ ਰਸਤਿਆਂ ਵਿਚੋਂ ਲੰਘ ਸਕਦਾ ਸੀ। ਇਸ ਤਰੀਕੇ ਨਾਲ ਲੋਹਗੜ੍ਹ ਵੱਲ ਵਧਦੀ ਦੁਸ਼ਮਣ ਫ਼ੌਜ ਦਾ ਬਹੁਤ ਵੱਡਾ ਜਾਨੀ ਨੁਕਸਾਨ ਕੀਤਾ ਜਾ ਸਕਦਾ ਸੀ। ਇਹ ਵੀ ਕਮਾਲ ਹੈ ਕਿ ਇਹ ਕਿਲ੍ਹਾ ਗੁਰੂ ਸਾਹਿਬਾਂ ਦੀ ਅਗਵਾਈ ਹੇਠ ਲੱਖੀ ਰਾਏ ਵਣਜਾਰਾ ਆਦਿ ਨੇ ਆਮ ਲੋਕਾਂ ਰਾਹੀਂ ਬਣਵਾਇਆ ਸੀ ਨਾ ਕਿ ਕਿਸੇ ਬਾਦਸ਼ਾਹ ਨੇ। ਲੋਹਗੜ੍ਹ ਕਿਲ੍ਹਾ ਬਣਾਉਣ ਵਿਚ ਵੱਡਾ ਹਿੱਸਾ ਉਸ ਇਲਾਕੇ ਵਿਚ ਰਹਿੰਦੇ ਲੋਕਾਂ ਨੇ ਪਾਇਆ ਹੋਵੇਗਾ; ਖ਼ਾਸ ਕਰਕੇ ਵਣਜਾਰਿਆਂ ਅਤੇ ਸਿਕਲੀਗਰਾਂ ਨੇ। ਕਿਉਂਕਿ ਉਹ ਇਸ ਇਲਾਕੇ ਦੀ ਭੂਗੋਲਿਕ ਹਾਲਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਹ ਦੁਨੀਆਂ ਦਾ ਸਭ ਤੋਂ ਵੱਡਾ ਕਿਲ੍ਹਾ ਸੀ, ਤੇ ਇਹ 200 ਦੇ ਕਰੀਬ ਛੋਟੀਆਂ ਵੱਡੀਆਂ ਪਹਾੜੀਆਂ ਵਿਚ ਫੈਲਿਆ ਹੋਇਆ ਸੀ। ਇਸ ਦੀ ਕਿਲ੍ਹਾਬੰਦੀ ਮਜ਼ਬੂਤ ਫ਼ਸੀਲਾਂ (ਦੀਵਾਰਾਂ) ਨਾਲ ਕੀਤੀ ਹੋਈ ਸੀ। ਹਰ ਇਕ ਪਹਾੜ ਦਾ ਆਪਣਾ ਨਿਵੇਕਲਾ ਸੁਰੱਖਿਆ ਇੰਤਜ਼ਾਮ ਸੀ, ਜੋ ਬਾਕੀ ਦੇ ਸੁਰੱਖਿਆ ਇੰਤਜ਼ਾਮਾਂ ਨਾਲ ਜੁੜਿਆ ਹੋਇਆ ਸੀ। ਇਹ ਨਿਆਰਾ ਕਿਲ੍ਹਾ ਦੁਨੀਆਂ ਦੀ ਉਦੋਂ ਦੀ ਸਭ ਤੋਂ ਤਾਕਤਵਰ ਫ਼ੌਜ ਨਾਲ ਜੂਝਣ ਵਾਸਤੇ ਬਣਾਇਆ ਸੀ। ਮੁਗਲਾਂ ਦੀ ਬਹੁਤ ਵੱਡੀ ਫ਼ੌਜ ਸੀ। ਉਨ੍ਹਾਂ ਕੋਲ ਅਤਿ ਆਧੁਨਿਕ ਹਥਿਆਰ ਸਨ। ਜੰਗੀ ਨੀਤੀ ਵਜੋਂ ਮੁਗਲ ਫ਼ੌਜ ਦਾ ਪੈਂਤੜਾ ਇਹ ਹੁੰਦਾ ਸੀ ਕਿ ਲੰਮੇ ਸਮੇਂ ਦਾ ਘੇਰਾ ਪਾਇਆ ਜਾਵੇ। ਜਿਸ ਨਾਲ ਕਿਲ੍ਹੇ ਦੇ ਅੰਦਰ ਦੀਆਂ ਫ਼ੌਜਾਂ ਵਾਸਤੇ ਅਨਾਜ ਅਤੇ ਹੋਰ ਵਸਤਾਂ ਦੀ ਪਹੁੰਚ ਕੱਟ ਦਿੱਤੀ ਜਾਵੇ ਤੇ ਉਹ ਹਥਿਆਰ ਸੁੱਟਣ ਲਈ ਮਜ਼ਬੂਰ ਹੋ ਜਾਣ। ਮੁਗਲ ਫ਼ੌਜਾਂ ਕਿਲ੍ਹੇ ਜਾਂ ਨਗਰ ਦੀ ਫ਼ਸੀਲ ਨੂੰ ਘੇਰ ਲੈਂਦੀਆਂ ਸਨ ਅਤੇ ਬਹੁਤ ਨਿੱਕੇ-ਨਿੱਕੇ ਟਾਕਰੇ ਹੋਇਆ ਕਰਦੇ ਸਨ।
ਲੋਹਗੜ੍ਹ ਕਿਲ੍ਹੇ ਦੀ ਭੂਗੋਲਿਕ ਹਾਲਤ ਅਜਿਹੀ ਸੀ ਕਿ ਇਸ ਕਿਲ੍ਹੇ ਦੇ ਉਤਰ ਵਿਚ ਸੰਘਣੇ ਜੰਗਲ ਹਨ, ਜਿਨ੍ਹਾਂ ਦੀ ਸਮੁੱਚੀ ਚੌੜਾਈ ਤਕਰੀਬਨ 14 ਕਿਲੋਮੀਟਰ ਹੈ। ਸੰਘਣੇ ਜੰਗਲ ਨੂੰ ‘ਵਣਦੁਰਗ’ ਕਿਹਾ ਜਾਂਦਾ ਸੀ ਅਤੇ ਪਹਾੜ ਨੂੰ ‘ਪਰਭਦੁਰਗ’ ਕਿਹਾ ਜਾਂਦਾ ਸੀ। ਲੋਹਗੜ੍ਹ ਕਿਲ੍ਹੇ ਵਿਚ ‘ਵਣਦੁਰਗ’ ਅਤੇ ‘ਪਰਭਦੁਰਗ’ ਦੋਵੇਂ ਸਨ, ਜਿਸ ਦਾ ਸਿੱਖ ਫ਼ੌਜਾਂ ਨੂੰ ਬਹੁਤ ਫ਼ਾਇਦਾ ਹੁੰਦਾ ਸੀ। ਲੋਹਗੜ੍ਹ ਕਿਲ੍ਹੇ ਵਿਚ ਸਿੱਖ ਫ਼ੌਜਾਂ ਕੋਲ ਚੰਗਾ ਖੁੱਲ੍ਹਾ-ਡੁਲ੍ਹਾ ਪਾਣੀ ਦਾ ਭੰਡਾਰ ਵੀ ਸੀ ਅਤੇ ਇਸ ਵਿਚੋਂ ਲੰਘਦੇ ਪਾਣੀ, ਜਿਸ ਦਾ ਵਹਾਅ ਦੁਸ਼ਮਣ ਵੱਲ ਹੋ ਸਕਦਾ ਸੀ, ਦਾ ਕੰਟਰੋਲ ਵੀ ਸੀ। ਕਿਲ੍ਹੇ ਦੀ ਨਕਸ਼ਾਕਸ਼ੀ ਇਸ ਤਰ੍ਹਾਂ ਦੀ ਸੀ ਕਿ ਇਸ ਦੀਆਂ ਦੋ ਕਿਲ੍ਹਾਬੰਦੀਆਂ ਸਨ। ਇਕ ਇਸ ਦਾ ਅੰਦਰੂਨੀ ਸਿੱਖਿਆ ਸਿਸਟਮ ਤੇ ਦੂਜਾ ਇਸ ਦੇ ਦੁਆਲੇ ਪਹਾੜ, ਜੰਗਲ ਤੇ ਦਰਿਆ ਜੋ ਤਿੰਨ ਪਾਸਿਆਂ ਤੋਂ ਇਕ ਤਾਕਤਵਰ ਕੰਧ ਵਾਂਗ ਸਨ ਜੋ ਮੁਕੰਮਲ ਸੁਰੱਖਿਆ ਮੁਹਈਆ ਕਰਦੇ ਸਨ। ਇਕ ਨਦੀ ਕਿਲ੍ਹੇ ਨੂੰ ਦੋ ਹਿੱਸਿਆਂ ਵਿਚ ਵੰਡਦੀ ਸੀ; ਪਰ ਇਹ ਇਸ ਤਰਾ੍ਹਂ ਦੀ ਹਾਲਤ ਵਿਚ ਸੀ ਕਿ ਲੋੜ ਪੈਣ’ਤੇ ਇਕ ਹਿੱਸਾ ਦੂਜੇ ਹਿੱਸੇ ਦੀ ਮਦਦ ਵੀ ਕਰਦਾ ਸੀ; ਪਰ ਕਿਲ੍ਹੇ ਦੇ ਦੋਵੇਂ ਪਾਸੇ ਸੁਰੱਖਿਆ ਪੇਟੀ ਬਣੀ ਹੋਈ ਸੀ। ਜੇ ਕਿਤੇ ਦੁਸ਼ਮਣ ਕਿਲ੍ਹੇ ਦੇ ਇਕ ਹਿੱਸੇ’ਤੇ ਕਬਜ਼ਾ ਕਰ ਵੀ ਲਏ ਤਾਂ ਵੀ ਦੂਜਾ ਹਿੱਸਾ ਫ਼ਤਹ ਨਹੀਂ ਹੋ ਸਕਦਾ ਸੀ। ਚੌਕੀਆਂ ਤੇ ਮੀਨਾਰ ਅਜਿਹੇ ਤਰੀਕੇ ਨਾਲ ਬਣਾਏ ਹੋਏ ਸਨ ਕਿ ਸੋਮ ਨਦੀ ਕਿਲ੍ਹੇ ਦੀ ਕਿਸੇ ਵੀ ਨੁੱਕਰ ਤੋਂ ਵੇਖੀ ਜਾ ਸਕਦੀ ਸੀ। ਇਸ ਕਰ ਕੇ ਜੇਕਰ ਦੁਸ਼ਮਣ ਦੀ ਫ਼ੌਜ ਦੀ ਗਿਣਤੀ ਸਿੱਖ ਫ਼ੌਜਾਂ ਤੋਂ ਬਹੁਤ ਵਧ ਵੀ ਹੋਵੇ ਤਾਂ ਵੀ ਵੈਰੀ ਇਸ ਕਿਲ੍ਹੇ ਨੂੰ ਜਿੱਤ ਨਹੀਂ ਸਕਦਾ ਸੀ। ਬਹੁਤ ਹੀ ਮਜ਼ਬੂਤ ਦੀਵਾਰਾਂ’ਤੇ ਕਿਸੇ ਤਰ੍ਹਾਂ ਦੀ ਵੀ ਤੋਪ ਦੇ ਗੋਲਿਆਂ ਦਾ ਅਸਰ ਨਹੀਂ ਹੁੰਦਾ ਸੀ। ਕਿਲ੍ਹੇ ਦੀਆਂ ਬਾਹੀਆਂ ਅਤੇ ਪਿਛਾੜੀ ਤੰਗ ਖੱਡਾਂ ਕਰ ਕੇ ਮਹਿਫ਼ੂਜ਼ ਸਨ ਅਤੇ ਇਸ ਦਾ ਮੱਥਾ ਢਲਾਣ ਦੇ ਉੱਪਰ ਹੈ। ਦੂਜੇ ਪਾਸੇ ਜੇ ਦੁਸ਼ਮਣ ਦਾ ਘੇਰਾ ਲੰਮਾ ਹੋ ਜਾਵੇ ਤਾਂ ਕਿਲ੍ਹੇ ਵਿਚੋਂ ਬਚ ਕੇ ਨਿਕਲਣ ਦੇ ਬਹੁਤ ਰਸਤੇ ਸਨ। ਇਕ ਦੋ ਸਾਲਾਂ ਦੇ ਥੋੜ੍ਹੇ ਸਮੇਂ ਵਿਚ ਐਡਾ ਵੱਡਾ ਕਿਲ੍ਹਾ ਬਣਾਉਣਾ ਮੁਮਕਿਨ ਨਹੀਂ ਸੀ ਅਤੇ ਖ਼ਾਸ ਕਰ ਕੇ ਉਸ ਜਗ੍ਹਾ ‘ਤੇ ਜੋ ਸਮੁੰਦਰ ਤਲ ਤੋਂ 1200 ਤੋਂ 1900 ਫੁੱਟ ਦੀ ਉਚਾਈ’ਤੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਹੋਵੇ। ਅੱਜ ਵੀ ਇਹ ਧਰਤੀ ਸੰਘਣੇ ਜੰਗਲਾਂ ਵਾਲੀ ਹੈ ਅਤੇ ਇਕ ਆਮ ਬੰਦੇ ਵਾਸਤੇ ਤਾਂ ਇਸ ਦਾ ਸਰਵੇਖਣ ਕਰਨਾ ਤੇ ਨਕਸ਼ਾ ਬਣਾਉਣਾ ਵੀ ਨਾਮੁਮਕਿਨ ਹੈ।
ਲੋਹਗੜ੍ਹ ਕਿਲ੍ਹਾ ਕਿਸ ਨੇ ਬਣਾਇਆ
ਪਰਸ਼ੀਅਨ ਰਿਕਾਰਡ ਮੁਤਾਬਿਕ ਇਸ ਕਿਲ੍ਹੇ ਦਾ ਮੁੱਢ ਗੁਰੁ ਹਰਗੋਬਿੰਦ ਸਾਹਿਬ ਜੀ ਦੇ ਕੀਰਤਪੁਰ ਰਹਿਣ ਵੇਲੇ (1635 ਤੋਂ) ਬੰਨਿਆ ਹੋਵੇਗਾ। ਗੁਰੂ ਹਰਿ ਰਾਇ ਸਾਹਿਬ ਵੇਲੇ (1645 ਤੋਂ) ਇਸ ਕਿਲ੍ਹੇ ਦਾ ਸਭ ਤੋਂ ਵਧ ਕੰਮ ਹੋਇਆ ਹੋਵੇਗਾ। ‘ਦਬਿਸਤਾਨੇ ਮਜ਼ਾਹਿਬ’ ਦੇ ਲੇਖਕ ਜ਼ੁਲਫ਼ਿਕਾਰ ਅਰਦਸਤਾਨੀ ਮੁਤਾਬਿਕ ਗੁਰੂ ਹਰਿ ਰਾਇ ਸਾਹਿਬ 1645 ਤੋਂ 1657 ਤੱਕ ਪਿੰਡ ਥਾਪਲ (ਥਾਪਲਪੁਰਾ) ਰਹੇ ਸਨ। ਗੁਰੂ ਹਰਿ ਰਾਇ ਸਾਹਿਬ ਕੋਲ 2200 ਘੋੜੇ ਸਨ ਜੋ ਏਥੇ ਹੀ ਰਹਿੰਦੇ ਸਨ। ਲੋਹਗੜ੍ਹ ਦੇ ਜੰਗਲ ਅਤੇ ਪਹਾੜ ਇਹਨਾਂ ਘੋੜਿਆਂ ਵਾਸਤੇ ਵਧੀਆ ਚਰਾਂਦ ਸੀ। ਏਥੇ ਗੁਰੂ ਹਰਿ ਰਾਇ ਸਾਹਿਬ ਕੋਲ ਭਾਈ ਲੱਖੀ ਰਾਏ ਵਣਜਾਰਾ ਆਉਂਦਾ ਰਹਿੰਦਾ ਸੀ। ਏਥੋਂ ਹੀ ਗੁਰੂ ਜੀ ਨੇ ਲੋਹਗੜ੍ਹ ਕਿਲ੍ਹਾ ਬਣਾਉਣ ਦੀ ਨਿਗਰਾਨੀ ਕੀਤੀ ਹੋਵੇਗੀ। ਭਾਈ ਲੱਖੀ ਰਾਏ ਦੇ ਵਪਾਰ ਵਿਚ ਹਜ਼ਾਰਾਂ ਮੁਲਾਜ਼ਮ ਨੌਕਰੀ ਕਰਦੇ ਸਨ। ਇਹ ਸਾਰੇ ਸਿੱਖ ਸਨ। ਜਦ ਬਾਬਾ ਬੰਦਾ ਸਿੰਘ ਬਹਾਦਰ ਨੇ ਲੋਹਗੜ੍ਹ ਨੂੰ ਰਾਜਧਾਨੀ ਬਣਾਇਆ ਤਾਂ ਇਹ ਸਾਰੇ ਵਣਜਾਰੇ ਉਸ ਦੇ ਮਦਦਗਾਰ ਬਣ ਗਏ। ਕੁਝ ਉਸ ਦੀ ਫ਼ੌਜ ਦਾ ਹਿੱਸਾ ਬਣ ਗਏ ਸਨ, ਕੁਝ ਉਸ ਨੂੰ ਖਾਣਾ, ਅਸਲਾ ਤੇ ਹੋਰ ਸਮਾਨ ਮੁਹੱਈਆ ਕਰਵਾਉਂਦੇ ਸਨ। ਮੁਗਲਾਂ ਨੂੰ ਵੀ ਅਨਾਜ-ਦਾਲਾਂ ਦੀ ਸਪਲਾਈ ਇਨ੍ਹਾਂ ਵਣਜਾਰਿਆਂ ਤੋਂ ਹੀ ਮਿਲਦੀ ਸੀ, ਇਸ ਕਰਕੇ ਮੁਗਲਾਂ ਦੀਆਂ ਖ਼ਬਰਾਂ ਇਨ੍ਹਾਂ ਨੂੰ ਪਤਾ ਲੱਗਦੀਆਂ ਰਹਿੰਦੀਆਂ ਸਨ ਤੇ ਉਹ ਸਾਰਾ ਕੁਝ ਬਾਬਾ ਬੰਦਾ ਸਿੰਘ ਤੱਕ ਪਹੁੰਚਾ ਦਿਆ ਕਰਦੇ ਸਨ। ਕਾਮਵਰ ਖ਼ਾਨ (ਤਜ਼ਕਿਰਾਤੁ ਸਲਾਤੀਨ ਚਗੱਤਾ, ਸਫ਼ੇ 93-94) ਵੀ ਇਸ ਦੀ ਤਾਈਦ ਕਰਦਾ ਹੈ।
ਲੋਹਗੜ੍ਹ ਕਿਲ੍ਹਾ, ਮੌਜੂਦਾ ਪੱਕੀ ਸੜਕ ਤੋਂ 8 ਕੋਹ (25 ਕਿਲੋਮੀਟਰ) ਪੈਂਦਾ ਹੈ। ਵਿਚਕਾਰ ਸਿਰਫ਼ ਕਲੇਸਰ ਦਾ ਜੰਗਲ (ਹੁਣ ‘ਕਲੇਸਰ ਵਾਈਲਡ ਲਾਈਫ਼ ਸੈਂਚੁਅਰੀ’) ਹੀ ਹੈ। ਇਸ ਦਾ ਇਕ ਰਸਤਾ ਮੌਜੂਦਾ ਸੁਖਚੈਨਪੁਰਾ ਵਲੋਂ ਵੀ ਜਾਂਦਾ ਹੈ। ਅੰਦਾਜ਼ਾ ਹੈ ਕਿ ਸੁਖਚੈਨ ਸਿੰਘ, ਭਾਈ ਲੱਖੀ ਰਾਏ ਵਣਜਾਰਾ ਦੇ ਵਾਰਿਸਾਂ ਵਿਚੋਂ ਇਕ ਹੋਵੇ। ਲੋਹਗੜ੍ਹ ਕਿਲ੍ਹੇ ਵਿਚ ਲੱਗਾ ਪੱਥਰ, ਚੂਨਾ ਤੇ ਇੱਟਾਂ ਸਭ ਭਾਈ ਲੱਖੀ ਰਾਏ ਵਣਜਾਰਾ ਦੇ ਟਾਂਡੇ ਰਾਹੀਂ ਆਏ ਸਨ। ਇਸ ਇਲਾਕੇ ਵਿਚ ਭਾਈ ਲੱਖੀ ਰਾਏ ਨੇ ਭੱਠੇ ਵੀ ਲਗਾਏ ਹੋਏ ਸਨ। ਲੋਹਗੜ੍ਹ ਕਿਲ੍ਹੇ ਦੇ ਉਪਰ ਦਰਜਨਾਂ ਪਹਾੜੀਆਂ ਵਿਚ ਅੱਜ ਵੀ ਬਾਬਾ ਬੰਦਾ ਸਿੰਘ ਕਾਲ਼ ਦੀਆਂ ਕੰਧਾਂ ਦੀਆਂ ਨਿਸ਼ਾਨੀਆਂ ਕਾਇਮ ਹਨ।
ਭਾਗ-2 ਬੰਦਾ ਸਿੰਘ ਦਾ ਪਾਹੁਲ ਲੈਣਾ ਅਤੇ ਲੋਹਗੜ੍ਹ ਪੁੱਜਣ ਤੱਕ ਦਾ ਸਫ਼ਰ
ਪਰਸ਼ੀਅਨ ਲਿਖਤਾਂ ਮੁਤਾਬਿਕ ਬੰਦਾ ਸਿੰਘ ਗੁਰੂ ਸਾਹਿਬ ਜੀ ਨੂੰ ਫ਼ਰਵਰੀ 1694 ਵਿਚ ਰਿਸ਼ੀਕੇਸ਼ ਵਿਚ ਮਿਲਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਪੁੱਜੇ ਤਾਂ ਉਸ ਸਮੇਂ ਬੰਦਾ ਸਿੰਘ ਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ। ਜਿੱਥੇ ਗੁਰੂ ਜੀ ਨੇ ਬੰਦਾ ਸਿੰਘ ਨੂੰ ਪੰਜਾਬ ਦੇ ਤਾਜ਼ਾ ਹਾਲਾਤਾਂ ਬਾਰੇ ਅਤੇ ਅਗਲੀ ਰਣਨੀਤੀ ਤਿਆਰ ਕਰ ਸਿੱਖ ਕੌਮ ਦਾ ਜਰਨੈਲ ਥਾਪ ਕੇ ਪੰਜਾਬ ਵੱਲ ਤੋਰਿਆ।
ਇਤਿਹਾਸਕਾਰ ਬੰਦਾ ਸਿੰਘ ਨੂੰ ਬੈਰਾਗੀ ਸੰਪ੍ਰਦਾ ਨਾਲ ਜੋੜਦੇ ਹਨ ਅਤੇ ਬੰਦਾ ਸਿੰਘ ਬਾਰੇ ਆਮ ਕਿਹਾ ਜਾਂਦਾ ਹੈ ਕਿ ਉਸ ਨੇ ਖੰਡੇ ਦੀ ਪਾਹੁਲ ਨਹੀਂ ਸੀ ਲਈ। ਸ਼ਾਇਦ ਉਹ ਇਤਿਹਾਸਕਾਰ ਸਿੱਖੀ ਰਵਾਇਤ ਅਤੇ ਸਿਧਾਂਤ ਨੂੰ ਨਹੀਂ ਸਮਝ ਸਕੇ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਬੇਅੰਮ੍ਰਿਤੀਏ ਅਤੇ ਸਿੱਖੀ ਤੋਂ ਅਨਜਾਣ ਬੰਦੇ ਨੂੰ ਸਿੱਖ ਕੌਮ ਦੀ ਵਾਗਡੋਰ ਕਿਸ ਤਰ੍ਹਾਂ ਦੇ ਸਕਦੇ ਸੀ। ਬੰਦਾ ਸਿੰਘ ਵਲੋਂ ਪਾਹੁਲ ਲੈਣ ਦਾ ਸਭ ਤੋਂ ਵਧੀਆ ਵੇਰਵਾ ਸਰੂਪ ਸਿੰਘ ਕੌਸ਼ਿਸ਼ ਨੇ ਭੱਟ ਵਹੀਆਂ ਦੇ ਅਧਾਰ’ਤੇ ਲਿਖੀ ਕਿਤਾਬ ਗੁਰੂ ਕੀਆਂ ਸਾਖੀਆਂ (1790) ਵਿਚ ਦਿੱਤਾ ਹੈ।
ਬੰਦਾ ਸਿੰਘ ਦੀ ਪੰਜਾਬ ਵੱਲ ਰਵਾਨਗੀ
ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ’ਤੇ ਪਹਾੜੀਆਂ ਅਤੇ ਮੁਗ਼ਲਾਂ ਦੇ ਹਮਲਿਆਂ, ਤਲਵੰਡੀ ਸਾਬੋ ਪੁੱਜਣ ਅਤੇ ਬਹਾਦਰ ਸ਼ਾਹ ਦੀ ਬਦਨੀਅਤੀ ਦੀ ਜਾਣਕਾਰੀ ਦੱਸੀ। ਇਨ੍ਹੀਂ ਦਿਨੀ ਭਾਈ ਭਗਵੰਤ ਸਿੰਘ ਬੰਗੇਸ਼ਰੀ ਦਾ ਟਾਂਡਾ (ਵਪਾਰਕ ਕਾਫ਼ਲਾ) ਵੀ ਉੱਧਰੋਂ ਲੰਘ ਰਿਹਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਨਾਂਦੇੜ ਵਿਚ ਰੁਕੇ ਹੋਏ ਹਨ ਤਾਂ ਉਹ ਗੁਰੂ ਜੀ ਨੂੰ ਮਿਲਿਆ। ਗੁਰੂ ਜੀ ਨੇ ਉਸ ਨਾਲ ਵਿਚਾਰ ਕਰ ਕੇ ਬੰਦਾ ਸਿੰਘ ਨੂੰ ਉਸ ਦੇ ਟਾਂਡੇ ਵਿਚ ਪੰਜਾਬ ਭੇਜਣ ਦਾ ਫ਼ੈਸਲਾ ਕਰ ਲਿਆ। ਬੰਦਾ ਸਿੰਘ 5 ਅਕਤੂਬਰ 1708 ਦੇ ਦਿਨ ਨਾਂਦੇੜ ਤੋਂ ਪੰਜਾਬ ਵੱਲ ਚੱਲ ਪਿਆ।ਗੁਰੂ ਜੀ ਨੇ ਉਸ ਨੂੰ ਇਕ ਚਿੱਠੀ (ਹੁਕਮਨਾਮਾ) ਦਿੱਤੀ ਜਿਸ ਵਿਚ ਸਿੱਖਾਂ ਦੇ ਨਾਂਅ ਪੈਗ਼ਾਮ ਲਿਖਿਆ ਹੋਇਆ ਸੀ ਕਿ ਉਹ ਬੰਦਾ ਸਿੰਘ ਦਾ ਤਹਿ-ਦਿਲੋਂ ਸਾਥ ਦੇਣ। ਉਸ ਨੇ ਰਸਤੇ ਵਿਚ ਮਹਾਂਰਾਸ਼ਟਰ ਤੇ ਖ਼ਾਨ ਦੇਸ (ਬੁਰਹਾਨਪੁਰ ਵਗ਼ੈਰਾ) ਲੰਘ ਕੇ ਮੰਦਸੌਰ, ਅਜਮੇਰ, ਫੁਲੇਰਾ, ਚੁਰੂ, ਭਰਤਪੁਰਾ ਵਗ਼ੈਰਾ ਵਿਚ ਪੜਾਅ ਕੀਤੇ। ਤਕਰੀਬਨ ਚਾਰ-ਪੰਜ ਮਹੀਨੇ ਵਿਚ ਚੌਦਾਂ ਸੌ ਕਿਲੋਮੀਟਰ ਫ਼ਾਸਲਾ ਤੈਅ ਕਰ ਕੇ, ਬੰਦਾ ਸਿੰਘ ਬਾਂਗਰ ਦੇਸ ਵਿਚ, ਪਰਗਣਾ ਖਰਖੌਦਾ ਦੇ ਇਲਾਕੇ ਵਿਚ ਪੁੱਜ ਗਿਆ। ਬੰਦਾ ਸਿੰਘ ਨੇ ਖਰਖੌਦਾ ਪਰਗਣਾ ਦੇ ਪਿੰਡਾਂ (ਖਰਖੌਦਾ ਤੋਂ ਖਾਂਡਾ 6 ਕਿਲੋਮੀਟਰ ਦੂਰ ਤੇ ਸੇਹਰੀ 9 ਕਿਲੋਮੀਟਰ ਦੂਰ) ਸੇਹਰੀ ਤੇ ਖਾਂਡਾ ਵਿਚਕਾਰਲੇ ਜੰਗਲ ਵਿਚ (ਜਿੱਥੇ ਨੇੜੇ ਹੀ ਦਾਦਾ ਘੋਢਾ ਨਾਂ ਦੀ ਵੱਡੀ ਢਾਬ ਸੀ) ਆਪਣਾ ਪੜਾਅ ਕੀਤਾ। ਖਰਖੌਦਾ, ਸਾਂਪਲਾ ਤਹਿਸੀਲ ਵਿਚ, ਸਾਂਪਲਾ ਤੇ ਸੋਨੀਪਤ ਦੇ ਵਿਚਕਾਰ, ਦਿੱਲੀ ਦੇ ਉਤਰ-ਪੱਛਮ ਵਿਚ, ਦਿੱਲੀ ਤੋਂ ਤਕਰੀਬਨ 40 ਤੇ ਸੋਨੀਪਤ ਤੋਂ 30 ਕਿਲੋਮੀਟਰ ਦੂਰ ਹੈ। ਇੱਥੋਂ ਬੰਦਾ ਸਿੰਘ ਨੇ ਪੰਜਾਬ ਦੇਸ ਵਿਚ ਵੱਖ-ਵੱਖ ਇਲਾਕਿਆਂ ਦੇ ਮੁਖੀ ਸਿੱਖਾਂ ਨੂੰ ਖ਼ਤ ਭੇਜ ਕੇ ਗੁਰੂ ਸਾਹਿਬ ਦਾ ਪੈਗ਼ਾਮ ਦਿੱਤਾ ਅਤੇ ਹਥਿਆਰਬੰਦ ਹੋ ਕੇ ਬਾਂਗਰ ਦੇਸ ਪੁੱਜਣ ਵਾਸਤੇ ਆਖਿਆ। ਕੁਝ ਹੀ ਦਿਨਾਂ ਵਿਚ ਪੰਜ ਸੌ ਦੇ ਕਰੀਬ ਸਿੱਖ ਉਸ ਕੋਲ ਪੁੱਜ ਗਏ। ਬੰਦਾ ਸਿੰਘ ਨੇ ਸੋਨੀਪਤ, ਨਾਰਨੌਲ, ਭਿਵਾਨੀ, ਹਿਸਾਰ, ਕੈਥਲ ਇਤਿਆਦਿ’ਤੇ ਹਮਲੇ ਕਰ ਅਸਲਾ ਤੇ ਖ਼ਜ਼ਾਨੇ ਖੋਹ ਲਏ। ਹੋਰ ਵੀ ਬਹੁਤ ਸਾਰੇ ਸਿੱਖ ਉਸ ਦੇ ਕੈਂਪ ਵਿਚ ਆ ਸ਼ਾਮਲ ਹੋਏ ਸਨ।
ਬਾਬਾ ਬੰਦਾ ਸਿੰਘ ਵਲੋਂ ਲੋਹਗੜ੍ਹ ਨੂੰ ਰਾਜਧਾਨੀ ਬਣਾਉਣਾ
ਨਾਂਦੇੜ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਹਲੀਮੀ ਰਾਜ ਨੂੰ ਕਾਇਮ ਕਰਨ ਲਈ ਬੰਦਾ ਸਿੰਘ ਬਹਾਦਰ ਨੂੰ ਸਿੱਖ ਰਾਜ ਦਾ ਯੋਗ ਜਰਨੈਲ ਸਥਾਪਤ ਕਰ ਪੰਜਾਬ ਵੱਲ ਤੋਰਿਆ ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ, ਘੁੜਾਮ, ਸਨੌਰ, ਠਸਕਾ ਮੀਰਾਂਜੀ, ਕੁੰਜਪੁਰਾ, ਸ਼ਾਹਬਾਦ, ਦਾਮਲਾ, ਮੁਸਤਫ਼ਾਬਾਦ, ਕਪੂਰੀ ਅਤੇ ਸਢੌਰਾ ਫ਼ਤਿਹ ਕਰ ਲਏ ਤਾਂ ਦਸੰਬਰ 1709 ਵਿਚ ਲੋਹਗੜ੍ਹ ਨੂੰ ਖ਼ਾਲਸਾ ਰਾਜਧਾਨੀ ਬਣਾਇਆ ਗਿਆ। ਗੁਰੂ ਨਾਨਕ ਸਾਹਿਬ ਜੀ ਵਲੋਂ ਕੀਤੀ ਗਈ ਨਿਸ਼ਾਨਦੇਹੀ ਅਤੇ ਬਾਕੀ ਗੁਰੂ ਸਾਹਿਬਾਨਾਂ ਵਲੋਂ ਸਮੇਂ-ਸਮੇਂ ਤਿਆਰ ਕੀਤਾ ਗਿਆ ਕਿਲ੍ਹਾ ਲੋਹਗੜ੍ਹ ਸ਼ਿਵਾਲਿਕ ਪਹਾੜੀਆਂ ਵਿਚ ਯਮੁਨਾ ਤੋਂ ਲੈ ਕੇ ਮਾਰਕੰਡਾ ਨਦੀ ਅਤੇ ਘੱਘਰ ਦਰਿਆ (ਪਿੰਜੋਰ) ਦੇ ਵਿਚਕਾਰ ਸਥਿਤ ਹੈ। ਬਾਬਾ ਬੰਦਾ ਸਿੰਘ ਨੇ ਇਸ ਕਿਲ੍ਹੇ ਦੀਆਂ ਦੀਵਾਰਾਂ, ਬੁਰਜ ਅਤੇ ਮੋਰਚੇ ਪੱਕੇ ਬਣਾ ਕੇ ਇਸ ਨੂੰ ਵਧੇਰੇ ਮਹਿਫ਼ੂਜ਼ ਬਣਾ ਲਿਆ। ਇਸ ਕਿਲ੍ਹੇ ਵਿਚ ਖ਼ਜ਼ਾਨਾ, ਹਥਿਆਰ ਅਤੇ ਅਨਾਜ ਆਦਿ ਦੀ ਸੰਭਾਲ ਵਾਸਤੇ ਜ਼ਰੂਰਤ ਅਨੁਸਾਰ ਇੰਤਜ਼ਾਮ ਸਨ। ਇੰਝ ਹੀ ਫ਼ੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਰਹਿਣ ਵਾਸਤੇ ਸ਼ਹਿਰ ਵੀ ਵਸਿਆ ਹੋਇਆ ਸੀ।
ਨਾਨਕਸ਼ਾਹੀ ਸਿੱਕਾ ਚਲਾਉਣਾ
ਬਾਬਾ ਬੰਦਾ ਸਿੰਘ ਨੇ ਇਸੇ ਕਿਲ੍ਹੇ ਤੋਂ ਖ਼ਾਲਸਾ ਰਾਜ ਦਾ ਸਿੱਕਾ ਵੀ ਜਾਰੀ ਕੀਤਾ। ਇਸ ਦੇ ਇਕ ਪਾਸੇ ਇਹ ਲਿਖਿਆ ਸੀ : ”ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ਼ਿ ਨਾਨਕ ਵਾਹਿਬ ਅਸਤ॥ ਫ਼ਤਹਿ ਗੋਬਿੰਦ ਸਿੰਘ ਸ਼ਾਹਿ-ਸ਼ਾਹਾਂ ਫ਼ਜ਼ਲਿ ਸੱਚਾ ਸਾਹਿਬ ਅਸਤ॥” ( ਦੋਹਾਂ ਜਹਾਨਾਂ ਦੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹ ਸਿੱਕਾ ਜਾਰੀ ਕੀਤਾ ਗਿਆ। ਗੁਰੂ ਨਾਨਕ ਦੀ ਤੇਗ਼ ਹਰੇਕ ਦਾਤ ਬਖਸ਼ਦੀ ਹੈ; ਅਕਾਲ ਪੁਰਖ ਦੇ ਫ਼ਜ਼ਲ ਨਾਲ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਗੁਰੁ ਗੋਬਿੰਦ ਸਿੰਘ ਦੀ ਫ਼ਤਹਿ ਹੋਈ ਹੈ)
ਸਿੱਕੇ ਦੇ ਦੂਜੇ ਪਾਸੇ ਲਿਖਿਆ ਸੀ: ”ਜ਼ਰਬਿ ਅਮਾਨੁਲ ਦਹਿਰ ਮੁਸੱਵਰਤ ਸ਼ਹਿਰ, ਜ਼ੀਨਤ ਅਲ ਤਖ਼ਤ ਖ਼ਾਲਸਾ ਮੁਬਾਰਕ ਬਖ਼ਤ॥” (ਦੁਨੀਆਂ ਦੇ ਸਕੂਨ ਭਰੇ ਥਾਂ, ਜ਼ੰਨਤ ਵਰਗੇ ਸ਼ਹਿਰ, ਭਾਗਾਂ ਵਾਲੇ ਖ਼ਾਲਸਾ ਤਖ਼ਤ ਦੀ ਰਾਜਧਾਨੀ ਵਿਚ ਜਾਰੀ ਹੋਇਆ।
ਸਿੱਖ ਰਾਜ ਦੀ ਮੁਹਰ ਜਾਰੀ ਕਰਨਾ
ਖ਼ਾਲਸਾਈ ਸਿੱਕਾ ਜਾਰੀ ਕਰਨ ਮਗਰੋਂ ਸਿੱਖਾਂ ਵਲੋਂ ਖ਼ਾਲਸਾ ਰਾਜ ਦੀ ਮੁਹਰ ਵੀ ਜਾਰੀ ਕੀਤੀ ਗਈ, ਜਿਸ’ਤੇ ਲਿਖਿਆ ਸੀ: ” ਦੇਗ਼ੋ-ਤੇਗ਼ੋ-ਫ਼ਤਿਹ-ਓ-ਨੁਸਰਤ ਬੇਦਿਰੰਗ॥ ਯਾਫ਼ਤ ਅਜ਼ ਨਾਨਕ-ਗੁਰੂ ਗੋਬਿੰਦ ਸਿੰਘ॥ ( ਦੇਗ਼ ਤੇਗ਼ ਅਤੇ ਫ਼ਤਹਿ ਬਿਨਾਂ ਕਿਸੇ ਦੇਰੀ ਤੋਂ ਗੁਰੂ ਨਾਨਕ ਸਾਹਿਬ-ਗੁਰੂ ਗੋਬਿੰਦ ਸਿੰਘ ਤੋਂ ਹਾਂਸਲ ਹੋਈ। ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਬੰਦਾ ਸਿੰਘ ਨੇ ਨਾ ਤਾਂ ਆਪਣੇ ਆਪਣੇ ਨਾਂਅ’ਤੇ ਸਿੱਕਾ ਜਾਰੀ ਕੀਤਾ ਅਤੇ ਨਾ ਹੀ ਉਸ ਨੇ ਆਪਣੇ ਨਾਂਅ ਦੀ ਮੁਹਰ ਚਲਾਈ। ਬੰਦਾ ਸਿੰਘ ਨੇ ਹਰ ਕਾਮਯਾਬੀ ਨੂੰ ਗੁਰੁ ਸਾਹਿਬ ਨੂੰ ਹੀ ਸਮਰਪਣ ਕੀਤਾ ਸੀ। ਦੁਨੀਆਂ ਭਰ ਦੀ ਤਵਾਰੀਖ ਵਿਚ ਕਦੇ ਕਿਸੇ ਜੇਤੂ ਜਾਂ ਹਾਕਮ ਨੇ ਅੱਜ ਤੱਕ ਆਪਣੇ ਨਾਂਅ ਤੋਂ ਸਿਵਾ ਕਦੇ ਕਿਸੇ ਹੋਰ ਦੇ ਨਾਂਅ ਦਾ ਸਿੱਕਾ ਜਾਰੀ ਨਹੀਂ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਖ਼ੁਦ ਨੂੰ ਹਮੇਸ਼ਾਂ ‘ਬੰਦਾ-ਏ-ਗੁਰੂ’ ਆਖਿਆ ਕਰਦਾ ਸੀ। ਸਰਹੰਦ ਦੀ ਜਿੱਤ ਦੇ ਦਿਨ ਤੋਂ ਖ਼ਾਲਸੇ ਦਾ (ਬੰਦਾ ਸਿੰਘ ਦਾ ਨਹੀਂ) ਨਵਾਂ ਸੰਮਤ ਵੀ ਜਾਰੀ ਕੀਤਾ ਗਿਆ।
ਜ਼ਮੀਨ ਵਾਹੁਣ ਵਾਲੇ ਮੁਜ਼ਾਰਿਆਂ ਨੂੰ ਮਾਲਿਕਾਨਾ ਹੱਕ ਦਿਵਾਇਆ
ਇੱਥੇ ਹੀ ਬਸ ਨਹੀਂ ਸਿੱਖ ਰਾਜ ਦੀ ਸਥਾਪਨਾ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਈ ਸਾਲਾਂ ਤੋਂ ਜਮੀਨਾਂ ਵਾਹ ਰਹੇ ਕਿਸਾਨਾਂ ਨੂੰ ਉਹਨਾਂ ਦਾ ਮਾਲਿਕਾਨਾ ਹੱਕ ਦੇ ਕੇ ਸਭ ਤੋਂ ਪਹਿਲਾਂ ਕਾਨੂੰਨੀ ਮਾਨਤਾ ਦਿੱਤੀ। ਦੁਨੀਆਂ ਦੇ ਇਤਿਹਾਸ ਵਿਚ ਪਹਿਲੀ ਵਾਰੀ ਕਿਸੇ ਰਾਜੇ ਵਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਸਮਾਜ ਵਿਚ ਰਾਜਸੀ / ਸਮਾਜਿਕ ਅਤੇ ਆਰਥਿਕਤਾ ਦੇ ਆਧਾਰ’ਤੇ ਸਭ ਮਨੁੱਖ ਬਰਾਬਰ ਹੋਣ। ਇਹ ਕੰਮ ਫਰਾਂਸ ਦੀ ਕ੍ਰਾਂਤੀ ਤੋਂ ਲਗਭਗ 70 ਸਾਲ ਪਹਿਲਾਂ ਹੋਇਆ ਸੀ ਪਰ ਦੁਨੀਆਂ ਭਰ ਵਿਚ ਇਸ ਮਹਾਨ ਕਾਰਜ ਨੂੰ ਪ੍ਰਚਾਰਿਆ ਨਹੀਂ ਗਿਆ।
ਲੋਹਗੜ੍ਹ ਦੀ ਰਾਜਧਾਨੀ ਤੋਂ ਬੰਦਾ ਸਿੰਘ ਦੀ ਕਾਰਵਾਈ
ਅਪ੍ਰੈਲ 1710 ਤੱਕ ਬੰਦਾ ਸਿੰਘ ਨੇ ਸਰਹੰਦ ਦੇ ਆਲੇ-ਦੁਆਲੇ ਦਾ ਬਹੁਤਾ ਇਲਾਕਾ ਮੁਗ਼ਲਾਂ ਤੋਂ ਆਜ਼ਾਦ ਕਰਵਾ ਲਿਆ। ਜਮਨਾ ਅਤੇ ਸਤਲੁਜ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ, ਸਣੇ ਅੱਠ ਕਿਲ੍ਹਿਆਂ ਦੇ ਉਸ ਦੇ ਕਬਜ਼ੇ ਵਿਚ ਸੀ।ਸਰਹੰਦ ਭਾਵੇਂ ਸੂਬਾ ਦਿੱਲੀ ਹੇਠ ਸੀ, ਪਰ ਇਸ ਦੀ ਹੈਸੀਅਤ ਇਕ ਸੂਬੇ ਵਰਗੀ ਸੀ। ਇਸ ਦੇ 28 ਪਰਗਨੇ ਸਨ ਤੇ ਇਸ ਦੀ ਆਮਦਨ 52 ਲੱਖ ਰੁਪਏ ਸਾਲਾਨਾ ਸੀ। ਇਸੇ ਕਰਕੇ ਇਸ ਨੂੰ ‘ਬਾਵਨੀ ਸਰਹੰਦ’ ਵੀ ਆਖਦੇ ਸਨ। ਹੁਣ ਬੰਦਾ ਸਿੰਘ ਦਾ ਵੱਡਾ ਐਕਸ਼ਨ ਸੀ ਸਰਹੰਦ ਦੇ ਜ਼ਾਲਮ ਹਾਕਮਾਂ ਵਜ਼ੀਰ ਖ਼ਾਨ ਅਤੇ ਸੁੱਚਾ ਨੰਦ ਨੂੰ ਉਹਨਾਂ ਦੇ ਜ਼ੁਲਮਾਂ ਦੀ ਸਜ਼ਾ ਦੇਣਾ। ਇੱਧਰ ਬਾਦਸ਼ਾਹ ਨੂੰ ਇਤਲਾਹ ਮਿਲੀ ਕਿ ਸਿੱਖਾਂ ਨੇ ਲੜਾਈਆਂ ਦੌਰਾਨ ਸ਼ਾਹੀ ਫੌਜ ਦੇ ਜਵਾਨ ਬੜੀ ਵੱਡੀ ਗਿਣਤੀ ਵਿਚ ਮਾਰੇ ਹਨ। ਬਾਦਸ਼ਾਹ ਡਰ ਗਿਆ ਅਤੇ ਉਸ ਨੇ ਹੁਕਮ ਜਾਰੀ ਕੀਤਾ ਕਿ ਕੋਈ ਹਿੰਦੂ ਉਸ ਦੇ ਨੇੜੇ ਨਾ ਆਉਣ ਦਿੱਤਾ ਜਾਵੇ।
ਲੋਹਗੜ੍ਹ ਕਿਲ੍ਹੇ’ਤੇ ਹਮਲਾ
ਬਹੁਤੇ ਇਤਿਹਾਸਕਾਰਾਂ ਨੇ ਲਿਖਿਆ ਹੈ ਮੁਗ਼ਲ ਫੌਜ ਨੇ ਸਢੌਰਾ ਜਿੱਤਣ ਮਗਰੋਂ ਲੋਹਗੜ੍ਹ’ਤੇ 30 ਨਵੰਬਰ 1710 ਦੇ ਦਿਨ ਹਮਲਾ ਕੀਤਾ ਅਤੇ ਅਗਲੇ ਦਿਨ ਪਹਿਲੀ ਦਸੰਬਰ ਨੂੰ ਕਬਜ਼ਾ ਕਰ ਲਿਆ। ਬੰਦਾ ਸਿੰਘ ਬਹਾਦਰ ਆਪਣੇ ਬਚੇ ਖੁਚੇ ਕੁਝ ਕੁ ਸਾਥੀਆਂ ਸਣੇ ਨਾਹਨ ਦੀਆਂ ਪਹਾੜੀਆਂ ਵਿਚੋਂ ਨਿੱਕਲ ਗਿਆ। ਲੋਹਗੜ੍ਹ ਕਿਲ੍ਹਾ’ਤੇ ਕਬਜ਼ਾ ਕਰਨ ਦੀ ਕਹਾਣੀ ਸਬੰਧੀ, ਤਕਰੀਬਨ ਇਹੀ ਜਾਂ ਇਸ ਨਾਲ ਮਿਲਦਾ ਜੁਲਦਾ ਵੇਰਵਾ ਬਹੁਤੇ ਇਤਿਹਾਸਕਾਰਾਂ ਦੀਆਂ ਅਹਿਵਾਲ-ਉਲ-ਖ਼ਵਾਕੀਨ, ਪਤਰੇ (ਸਫ਼ੇ) 31-32, ਲਿਖਤਾਂ ਵਿਚ ਮਿਲਦਾ ਹੈ। ਸਾਰੇ ਇਤਿਹਾਸਕਾਰਾਂ ਨੇ ਦਰਅਸਲ ਉਨ੍ਹਾਂ ਮੁਸਲਮਾਨ ਲਿਖਾਰੀਆਂ ਦੀਆਂ ਲਿਖਤਾਂ ਨੂੰ ਆਧਾਰ ਬਣਾਇਆ ਸੀ ਜਿਹੜੇ ਕਿ ਦਾਅਵਾ ਕਰਦੇ ਸਨ ਕਿ ਉਨ੍ਹਾਂ ਨੇ ਇਹ ਸਾਰੀ ਲੜਾਈ ਅੱਖੀਂ ਦੇਖੀ ਸੀ।ਖ਼ਾਸ ਕਰ ਕੇ ਕਾਮਵਰ ਖ਼ਾਨ ਤੇ ਖ਼ਾਫ਼ੀ ਖ਼ਾਨ। ਲੋਹਗੜ੍ਹ ਵਿਚ ਇਸ ਵੇਲੇ ਨਾ ਤਾਂ ਬਹੁਤੀ ਸਿੱਖ ਫੌਜ ਸੀ, ਨਾ ਅਸਲਾ ਤੇ ਨਾ ਰਾਸ਼ਨ। ਸਿਰਫ਼ ਤਿੰਨ ਤੋਪਾਂ ਸਨ ਤੇ ਚੌਥੀ ਤੋਪ ਇਮਲੀ ਦਾ ਤਨਾ ਖੋਦ ਕੇ ਬਣਾਈ ਹੋਈ ਸੀ। ਪਰ ਇਨ੍ਹਾਂ ਤੋਪਾਂ ਵਾਸਤੇ ਵੀ ਬਾਰੂਦ ਬਹੁਤ ਥੋੜ੍ਹਾ ਸੀ। ਉੱਧਰ ਸਿੱਖ, ਅਸਲਾ ਥੋੜ੍ਹਾ ਹੋਣ ਕਰ ਕੇ, ਇਕ ਇਕ ਕਰ ਕੇ ਗੋਲੇ ਸੁੱਟ ਰਹੇ ਸਨ। ਮੁਗ਼ਲ ਫ਼ੌਜਾਂ ਨੇ ਅੰਦਾਜ਼ਾ ਲਾ ਲਿਆ ਸੀ ਕਿ ਸਿੱਖਾਂ ਕੋਲ ਬਾਰੂਦ ਥੋੜ੍ਹਾ ਹੈ। ਉਹੀ ਗੱਲ ਹੋਈ। ਸਿੱਖ ਮੋਰਚਿਆਂ ਵਿਚੋਂ ਨਿੱਕਲੇ ਅਤੇ ਉਹਨਾਂ ਨੇ ਮੁਗ਼ਲ ਫ਼ੌਜਾਂ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਇਸ ਵੇਲੇ ਬੰਦਾ ਸਿੰਘ ਲੋਹਗੜ੍ਹ ਕਿਲ੍ਹੇ ਤੋਂ ਉੱਪਰ, ਨਾਲ ਵਾਲੀ ਪਹਾੜੀ’ਤੇ ਬਣੇ ਇਕ ਹੋਰ ਕਿਲ੍ਹੇ ਸਿਤਾਰਗੜ੍ਹ ਵਿਚ ਬੈਠਾ ਸੀ। ਸ਼ਾਹੀ ਫ਼ੌਜ ਲੋਹਗੜ੍ਹ ਨੂੰ ਘੇਰੀ ਬੈਠੀ ਸੀ। ਸਿੱਖਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਉਨ੍ਹਾਂ ਦਾ ਭਲਾ ਕਿਲ੍ਹੇ ਚੋਂ ਨਿੱਕਲ ਜਾਣ ਵਿਚ ਹੀ ਹੈ। ਰਾਤ ਵੇਲੇ ਉਨ੍ਹਾਂ ਨੇ ਬਹੁਤ ਸਾਰਾ ਬਾਰੂਦ ਭਰ ਕੇ ਇਮਲੀ ਦੀ ਗੇਲੀ ਨਾਲ ਬਣਾਈ ਬੰਦੂਕ ਚਲਾਈ ਜਿਸ ਨਾਲ ਧਰਤੀ ਕੰਬ ਗਈ। ਇਸ ਧਮਾਕੇ ਨਾਲ ਸਾਰੇ ਸ਼ਾਹੀ ਫ਼ੌਜੀ ਡਰ ਕੇ ਲੁਕ ਗਏ।ਸਿੱਖਾਂ ਨੇ ਇਸ ਦਾ ਫ਼ਾਇਦਾ ਉਠਾਇਆ ਅਤੇ ਕਿਲ੍ਹੇ ਵਿਚੋਂ ਨਿੱਕਲ ਕੇ ਪਹਾੜਾਂ ਵਲ ਚਲੇ ਗਏ। ਇਨ੍ਹਾਂ ਵਿਚ ਹੀ ਬੰਦਾ ਸਿੰਘ ਵੀ ਸੀ। ਇਸ ਲੜਾਈ ਵਿਚ 1500 ਸਿੱਖ ਤੇ ਉਨ੍ਹਾਂ ਦੇ ਦੋ ਸਰਦਾਰ ਮਾਰੇ ਗਏ ਸਨ। (ਐਲੀਅਟ ਐਂਡ ਡਾਊਸਨ, ਜਿਲਦ 7, ਸਫ਼ਾ 424)

ਭਾਗ-3 – ਲੋਹਗੜ੍ਹ ‘ਤੇ ਕਬਜ਼ੇ ਦੀ ਝੂਠੀ ਖ਼ਬਰ

ਹਕੀਕਤ ਇਹ ਹੈ ਕਿ ਸਢੌਰੇ ਤੋਂ ਲੋਹਗੜ੍ਹ ਪਹੁੰਚਣ ਵਾਸਤੇ ਬੜਾ ਔਖਾ ਮੋਰਚਾ ਸੀ। ਇਸ ਰਸਤੇ ਵਿਚ ਤਕਰੀਬਨ 52 ਪਿੰਡ ਸਨ ਤੇ ਇਨ੍ਹਾਂ ਸਾਰਿਆਂ ਪਿੰਡਾਂ ਵਿਚ ਹੀ ਗੜ੍ਹੀਆਂ ਬਣੀਆਂ ਹੋਈਆਂ ਸਨ। ਇਨ੍ਹਾਂ ਗੜ੍ਹੀਆਂ ਵਿਚ ਬੁਰਜ ਅਤੇ ਪੱਕੇ ਮੋਰਚੇ ਕਾਇਮ ਸਨ। ਦੂਜੇ ਲਫ਼ਜ਼ਾਂ ਵਿਚ ਲੋਹਗੜ੍ਹ ਪੁੱਜਣ ਤੋਂ ਪਹਿਲਾਂ ਮੁਗ਼ਲ ਫ਼ੌਜ ਨੂੰ 52 ਲੜਾਈਆਂ ਲੜਨੀਆਂ ਪੈਣੀਆਂ ਸਨ। ਉਧਰ ਬੰਦਾ ਸਿੰਘ ਨੂੰ ਪਤਾ ਲੱਗ ਚੁੱਕਾ ਸੀ ਕਿ ਬਾਦਸ਼ਾਹ ਨੇ ਬਹੁਤ ਵੱਡੀ ਫ਼ੌਜ ਨਾਲ ਇਲਾਕੇ ਨੂੰ ਘੇਰਾ ਪਾਇਆ ਹੋਇਆ ਹੈ। ਉਸ ਨੇ ਮਹਿਸੂਸ ਕੀਤਾ ਕਿ ਇਸ ਹਾਲਤ ਵਿਚ ਲੜਾਈਆਂ ਕਰਨਾ ਫ਼ਾਇਦੇਮੰਦ ਨਹੀਂ ਹੋ ਸਕੇਗਾ। ਇਨ੍ਹਾਂ ਲੜਾਈਆਂ ਨਾਲ ਮੁਗ਼ਲਾਂ ਦਾ ਤਾਂ ਨੁਕਸਾਨ ਹੋਵੇਗਾ ਹੀ ਪਰ ਨਾਲ ਸਿੱਖਾਂ ਦਾ ਵੀ ਬਹੁਤ ਨੁਕਸਾਨ ਹੋਵੇਗਾ। ਇਸ ਕਰ ਕੇ ਬੰਦਾ ਸਿੰਘ ਨੇ ਲੰਮੀ ਲੜਾਈ ਲਵਨ ਦੇ ਬਜਾਇ ਇਕ ਪਾਸੇ ਤਾਂ ਮੁਗ਼ਲ ਫ਼ੌਜਾਂ ਨੂੰ ਉਲਝਾ ਦਿੱਤਾ ਤੇ ਦੂਜੇ ਪਾਸੇ ਪੰਜਾਬ ਅਤੇ ਜੰਮੂ ਵੱਲ ਚਾਲੇ ਪਾ ਕੇ ਮੁਗ਼ਲ ਫ਼ੌਜਾਂ ਦਾ ਧਿਆਨ ਉਧਰ ਵੰਡਣ ਦੀ ਤਰਕੀਬ ਘੜੀ। ਇਸ ਲਈ ਉਹ ਕਿਲ੍ਹੇ ਵਿਚੋਂ ਨਿੱਕਲ ਕੇ ਉਪਰਲੇ ਪਹਾੜਾਂ ਵੱਲ ਨਿਕਲ ਗਿਆ ਸੀ। ਬੰਦਾ ਸਿੰਘ ਦੇ ਬਚ ਕੇ ਨਿਕਲ ਜਾਣ ਦੀ ਘਟਨਾ ਨੂੰ ਜਿੱਤ ਕਹਿੰਦੇ ਹਨ। ਉਹ ਦਰਅਸਲ ਪਿੰਡ ਲੋਹਗੜ੍ਹ ਦੀ ਇਕ ਪਹਾੜੀ ਅਤੇ ਸਿਤਾਰਗੜ੍ਹ ਨਾਂ ਦੀ ਇਕ ਪਹਾੜੀ’ਤੇ ਕਬਜ਼ਾ ਕਰਨ ਦੀ ਘਟਨਾ ਸੀ। ਮੁਗ਼ਲ ਜਰਨੈਲਾਂ ਨੇ ਜਿੱਤ ਦਾ ਐਲਾਨ ਕਰ ਕੇ ਬਾਦਸ਼ਾਹ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਖ਼ਾਫ਼ੀ ਖ਼ਾਨ ਮੁਤਾਬਿਕ, ਜਦੋਂ ਬੰਦਾ ਸਿੰਘ ਦੇ ਬਚ ਨਿੱਕਲਣ ਦੀ ਖ਼ਬਰ ਬਹਾਦਰ ਸ਼ਾਹ ਨੂੰ ਮਿਲੀ ਤਾਂ ਉਹ ਬਵਾ ਗੁੱਸੇ ਵਿਚ ਆਇਆ। ਉਸ ਨੇ ਕਿਹਾ ” ਐਨੇ ਕੁੱਤਿਆਂ ਦੇ ਘੇਰੇ ਚੋ ਂਗਿੱਦੜ ਬਚ ਕੇ ਨਿੱਕਲ ਗਿਆ ?”
ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕਰਨਾ
10 ਦਸੰਬਰ 1710 ਨੂੰ ਬਾਦਸ਼ਾਹ ਨੇ ਬਖ਼ਸ਼ੀ-ਉਲ-ਮੁਮਾਲਿਕ ਮਹਾਬਤ ਖ਼ਾਨ ਨੂੰ ਹੁਕਮ ਜਾਰੀ ਕੀਤਾ ਕਿ ਉਸ (ਬਾਦਸ਼ਾਹ) ਦੇ ਨਾਂ’ਤੇ ਸ਼ਾਹਜਹਾਨਾਬਾਦ (ਦਿੱਲੀ) ਦੇ ਆਲੇ-ਦੁਆਲੇ ਫ਼ੌਜਦਾਰਾਂ ਨੂੰ ਫ਼ੁਰਮਾਨ ਜਾਰੀ ਕਰੇ ਕਿ ” ਜਿਥੇ ਵੀ ਕੋਈ ਨਾਨਕ-ਪ੍ਰਸਤ (ਸਿੱਖ) ਨਜ਼ਰ ਆਵੇ ਉਸ ਨੂੰ ਕਤਲ ਕਰ ਦਿੱਤਾ ਜਾਵੇ”। ਮਗਰੋਂ 26 ਮਾਰਚ 1711 ਨੂੰ ਬਾਦਸ਼ਾਹ ਨੇ ਇਹ ਹੁਕਮ ਵੀ ਜਾਰੀ ਕੀਤਾ ਕਿ ਸਿੱਖਾਂ ਨੂੰ ‘ਸਿੱਖ’ ਨਹੀਂ ਬਲਕਿ ‘ਸਿੱਖ-ਚੋਰ’ ਲਿਖਿਆ ਜਾਇਆ ਕਰੇ।
ਲੋਹਗੜ੍ਹ ਕਿਲ੍ਹਾ ਛੱਡਣ ਮਗਰੋਂ ਬੰਦਾ ਸਿੰਘ ਦੀ ਕਾਰਵਾਈ
ਬੰਦਾ ਸਿੰਘ ਨੇ ਇਹ ਵੀ ਪੈਗ਼ਾਮ ਪਹੁੰਚਾ ਦਿੱਤਾ ਕਿ ਉਹ ਲਾਹੌਰ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਨੂੰ ਪਤਾ ਸੀ ਕਿ ਇਸ ਨਾਲ ਮੁਗ਼ਲ ਫ਼ੌਜਾਂ ਲੋਹਗੜ੍ਹ ਛੱਡ ਕੇ ਲਾਹੌਰ ਨੂੰ ਚੱਲ ਪੈਣਗੀਆਂ। ਉਹ ਨਾਹਨ ਤੋਂ ਬਿਲਾਸਪੁਰ ਪੁੱਜਾ ਮਗਰੋਂ ਮੰਡੀ, ਕੁਲੂ, ਕਾਂਗੜਾ ਤੇ ਚੰਬਾ ਪੁੱਜਾ ਤੇ ਉੱਥੋਂ ਊਧਮਪੁਰ ਵਿਚੋਂ ਲੰਘਦਾ ਹੋਇਆ ਉਹ ਝਨਾਂ ਦੇ ਕੰਢੇ ਰਿਆਸੀ ਪਿੰਡ ਪਹੁੰਚ ਗਿਆ ਸੀ ਅਤੇ ਫਿਰ ਬੰਦਾ ਸਿੰਘ ਨੇ ਪਹਾੜੀ ਇਲਾਕਿਆਂ ਵਿਚ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ। ਮੰਡੀ ਤੋਂ ਬਾਅਦ ਬੰਦਾ ਸਿੰਘ ਕੁੱਲੂ ਵੱਲ ਚਲਾ ਗਿਆ।
ਬੰਦਾ ਸਿੰਘ ਦਾ ਚੰਬਾ ਵਿਚ ਵਿਆਹ
ਕੁੱਲੂ ਨੂੰ ਝੁਕਾਉਣ ਮਗਰੋਂ ਜਨਵਰੀ 1711 ਵਿਚ ਬੰਦਾ ਸਿੰਘ ਚੰਬਾ ਪੁੱਜ ਗਿਆ, ਜਿੱਥੇ ਉਸ ਨੂੰ ਰਾਜਾ ਉਦੈ ਸਿੰਹ ਨੇ ਆਪਣੀ ਧੀ ਸ਼ੁਸ਼ੀਲ ਕੁੰਵਰ (ਮਗਰੋਂ ਸ਼ੁਸ਼ੀਲ ਕੌਰ) ਦਾ ਡੋਲਾ ਵੀ ਦਿੱਤਾ। ਇਸ ਤੋਂ ਮਗਰੋਂ ਸੁਸ਼ੀਲ ਕੌਰ ਸਦਾ ਹੀ ਬੰਦਾ ਸਿੰਘ ਦੇ ਨਾਲ ਰਹੀ ਸੀ ਅਤੇ ਉਸ ਨੇ ਮਾਰਚ 1712 ਵਿਚ ਲੋਹਗੜ੍ਹ ਵਿਚ ਹੀ ਅਜੈ ਸਿੰਘ ਨੂੰ ਜਨਮ ਦਿੱਤਾ ਸੀ, ਜਿਸ ਬੱਚੇ ਨੂੰ ਬੰਦਾ ਸਿੰਘ ਦੇ ਨਾਲ 9 ਜੂਨ 1716 ਦੇ ਦਿਨ ਸ਼ਹੀਦ ਕਰ ਦਿੱਤਾ ਗਿਆ ਸੀ। ਸੁਸ਼ੀਲ ਕੌਰ ਨੂੰ ਵੀ ਬੰਦਾ ਸਿੰਘ ਦੇ ਨਾਲ ਗੁਰਦਾਸ ਨੰਗਲ ਦੀ ਗੜ੍ਹੀ ਵਿਚੋਂ ਗ੍ਰਿਫ਼ਤਾਰ ਕਰ ਕੇ ਦਿੱਲੀ ਲਿਜਾਇਆ ਗਿਆ ਸੀ (ਉਸ ਦੇ ਅੰਤ ਸਮੇਂ ਜਾਂ ਮੌਤ ਬਾਰੇ ਕਿਸੇ ਸੋਮੇ ਵਿਚ ਜ਼ਰਾ ਵੀ ਜ਼ਿਕਰ ਨਹੀਂ ਮਿਲਦਾ)। ਚੰਬਾ ਤੋਂ ਮਗਰੋਂ ਸੀਬਾ, ਨੂਰਪੁਰ ਤੇ ਜਸਵਾਨ ਦੇ ਪਹਾੜੀ ਰਾਜਿਆਂ ਤੋਂ ਈਨ ਮਨਵਾ ਕੇ ਰਿਆਸੀ ਪਹੁੰਚ ਗਿਆ।ਇਥੇ ਬੰਦਾ ਸਿੰਘ ਨੇ ਸਿੱਖ ਫ਼ੌਜਾਂ ਨੂੰ ਮੁੜ ਜਥੇਬੰਦ ਕੀਤਾ ਤੇ ਕੁਝ ਚਿਰ ਰਿਆਸੀ (ਜੰਮੂ-ਕਸ਼ਮੀਰ) ਵਿਚ ਟਿਕਣ ਮਗਰੋਂ ਉਸ ਨੇ ਫਿਰ ਪੰਜਾਬ ਵੱਲ ਨੂੰ ਮੂੰਹ ਕਰ ਲਿਆ।
ਬੰਦਾ ਸਿੰਘ ਦਾ ਲੋਹਗੜ੍ਹ ਮੁੜ ਪਰਤਣਾ ਅਤੇ ਸਢੌਰਾ ਦੀ ਦੂਜੀ ਲੜਾਈ
ਮਾਰਚ 1712 ਵਿਚ ਬੰਦਾ ਸਿੰਘ ਲੋਹਗੜ੍ਹ ਵਿਚ ਬੈਠਾ ਹੋਇਆ ਸੀ। ਜਦ ਮੁਹੰਮਦ ਅਮੀਨ ਖ਼ਾਨ ਨੂੰ ਇਹ ਪਤਾ ਲੱਗਾ ਤਾਂ ਉਸ ਨੇ ਇਕ ਵੱਡੀ ਫ਼ੌਜ ਨਾਲ ਲੋਹਗੜ੍ਹ ਵੱਲ ਕੂਚ ਕਰ ਦਿੱਤਾ। ਲੋਹਗੜ੍ਹ ਪਹੁੰਚਣ ਤੋਂ ਪਹਿਲਾਂ ਉਸ ਨੂੰ ਸਢੌਰਾ ਅਤੇ ਲੋਹਗੜ੍ਹ ਦੇ ਵਿਚਕਾਰ ਬਣੇ 50 ਤੋਂ ਵੱਧ ਮੋਰਚਿਆਂ’ਤੇ ਲੜਨਾ ਪੈਣਾ ਸੀ। ਅਖ਼ਬਾਰਾਤਿ ਦਰਬਾਰਿ ਮੁਅੱਲਾ ਮੁਤਾਬਿਕ 1 ਅਪ੍ਰੈਲ 1712 ਦੇ ਦਿਨ ਬਾਦਸ਼ਾਹ ਜਹਾਂਦਾਰ ਖ਼ਾਨ ਨੂੰ ਮੁਹੰਮਦ ਅਮੀਨ ਖ਼ਾਨ ਦੀ ਰਿਪੋਰਟ ਪੁੱਜੀ ਜਿਸ ਵਿਚ ਦੱਸਿਆ ਗਿਆ ਸੀ ਕਿ ਬਹੁਤ ਸਾਰੇ ਸਿੱਖ ਮਾਰਚ 1712 ਦੇ ਸ਼ੁਰੂ ਵਿਚ ਪਹਾੜਾਂ ਤੋਂ ਉਤਰ ਕੇ ਸਢੌਰਾ ਦੇ ਕਿਲ੍ਹੇ ਵਿਚ ਆ ਗਏ ਸਨ ਤੇ ਉਨ੍ਹਾਂ ਨੇ ਸਢੌਰੇ ਵਿਚ ਪੱਕੀ ਗੜ੍ਹੀ ਬਣਾ ਲਈ ਹੋਈ ਸੀ। ਮੁਗ਼ਲ ਫ਼ੌਜਾਂ ਨੇ ਵੀ ਇਸ ਕਿਲ੍ਹੇ ਦੇ ਬਾਹਰ ਇਕ ਕੱਚੀ ਗੜ੍ਹੀ ਬਣਾ ਕੇ ਮੋਰਚੇ ਪੁੱਟ ਲਏ ਸਨ। ਬਾਦਸ਼ਾਹ ਨੂੰ ਦੱਸਿਆ ਗਿਆ ਕਿ ਸਿੱਖ ਹਰ ਰੋਜ਼ ਗੜ੍ਹੀ ਵਿਚੋਂ ਨਿੱਕਲਦੇ ਸਨ ਤੇ ਮੁਗ਼ਲ ਫ਼ੌਜੀ ਉਨਾ੍ਹਂ’ਤੇ ਹਮਲਾ ਕਰਦੇ ਸਨ। ਇੰਝ ਰੋਜ਼ ਲੜਾਈ ਹੁੰਦੀ ਸੀ। ਬਾਦਸ਼ਾਹ ਨੂੰ ਇਹ ਵੀ ਦੱਸਿਆ ਗਿਆ ਸੀ ਕਿ 17 ਅਗਸਤ ਨੂੰ ਬੰਦਾ ਸਿੰਘ ਪਹਾੜਾਂ ਚੋਂ ਉਤਰ ਕੇ ਸਢੌਰੇ ਵੱਲ ਆਇਆ ਤੇ ਦੋਹਾਂ ਧਿਰਾਂ ਵਿਚ ਜ਼ਬਰਦਸਤ ਜੰਗ ਹੋਈ। ਇਸ ਲੜਾਈ ਵਿਚ, ਗਿਣਤੀ ਘੱਟ ਹੋਣ ਕਾਰਨ, ਮੁਗ਼ਲਾਂ ਦਾ ਬਹੁਤ ਨੁਕਸਾਨ ਹੋਇਆ ਸੀ। (ਅਖ਼ਬਾਰਾਤਿ-ਦਰਬਾਰਿ-ਮੁਅੱਲਾ 1 ਸਤੰਬਰ 1712)। ਮੁਹੰਮਦ ਅਮੀਨ ਖ਼ਾਨ ਦੀ ਅਰਜ਼’ਤੇ 8 ਸਤੰਬਰ ਨੂੰ ਬਾਦਸ਼ਾਹ ਨੇ ਉਸ ਵੱਲ ਦੋ ਤੋਪਾਂ ਰਵਾਨਾ ਕਰਨ ਦਾ ਹੁਕਮ ਜਾਰੀ ਕੀਤਾ। ਬਾਦਸ਼ਾਹ ਨੇ ਦਰੋਗ਼ਾਇ-ਤੋਪਖ਼ਾਨਾ ਨੂੰ ਹੁਕਮ ਦਿੱਤਾ ਕਿ ਉਹ ਦੋ ਤੋਪਾਂ ਭੇਜ ਦੇਵੇ। (ਅਖ਼ਬਾਰਾਤਿ-ਦਰਬਾਰ-ਮੁਅੱਲਾ 8 ਸਤੰਬਰ 1712)। ਪਰ, ਛੇ ਮਹੀਨੇ ਦੇ ਘੇਰੇ ਮਗਰੋਂ ਵੀ ਸਢੌਰਾ ਮਗ਼ਲਾਂ ਦੇ ਕਬਜ਼ੇ ਵਿਚ ਨਾ ਆ ਸਕਿਆ। ਅਖ਼ੀਰ ਜਦ ਕਿਲ੍ਹੇ ਦੇ ਅੰਦਰ ਦਾਣਾ-ਪਾਣੀ ਮੁੱਕ ਗਿਆ ਤਾਂ ਬੰਦਾ ਸਿੰਘ ਇਕ ਰਾਤ ਨੂੰ ਘੇਰਾ ਤੋੜ ਕੇ ਉੱਥੋਂ ਨਿੱਕਲ ਗਿਆ। 2 ਅਕਤੂਬਰ 1712 ਨੂੰ ਸਿੱਖਾਂ ਨੇ ਬਨੂੜ ਨੇੜੇ ਛੱਤ ਪਰਗਣੇ ਵਿਚ ਹਮਲਾ ਕਰ ਕੇ ਕਾਜ਼ੀ ਅਤੇ ਮੁਤਸੱਦੀ ਕਤਲ ਕਰ ਦਿੱਤੇ। ਸਰਹੰਦ ਦੇ ਫ਼ੌਜਦਾਰ ਦਾ ਡਿਪਟੀ ਜਾਨ ਬਚਾ ਕੇ ਦੌੜ ਗਿਆ। ਫ਼ੌਜਦਾਰ ਜ਼ੈਨ-ਉਦ-ਦੀਨ ਅਹਿਮਦ ਖ਼ਾਨ ਵੀ ਸਿੱਖਾਂ ਦੇ ਖ਼ਿਲਾਫ਼ ਕੋਈ ਐਕਸ਼ਨ ਨਾ ਲੈ ਸਕਿਆ। ਬਹਾਦਰ ਸ਼ਾਹ ਨੂੰ ਮਰਿਆਂ 8 ਮਹੀਨੇ ਹੋ ਚੁੱਕੇ ਸਨ ਤੇ ਇਸ ਸਮੇਂ ਦੌਰਾਨ ਸਿੱਖਾਂ ਨੇ ਲੋਹਗੜ੍ਹ, ਸਢੌਰਾ ਤੇ ਸਰਹੰਦ ਦੇ ਦੁਆਲੇ ਫਿਰ ਆਪਣਾ ਬੋਲਬਾਲਾ ਕਾਇਮ ਕਰ ਲਿਆ ਸੀ। ( ਅਖ਼ਬਾਰਾਤਿ-ਦਰਬਾਰਿ-ਮੁਅੱਲਾ 15 ਅਕਤੂਬਰ 1712)”।
ਲੋਹਗੜ੍ਹ ਕਿਲ੍ਹੇ ਤੇ ਸ਼ਾਹੀ ਫ਼ੌਜ ਦਾ ਤੀਜਾ ਹਮਲਾ
ਲੋਹਗੜ੍ਹ ਦੀ ਲੜਾਈ ਦਰਅਸਲ ਘਟੋ-ਘਟ 3 ਸਾਲ (ਨਵੰਬਰ 1710 ਤੋਂ ਨਵੰਬਰ 1713 ਤੱਕ) ਲਗਾਤਾਰ ਚੱਲਦੀ ਰਹੀ ਸੀ। ਮੁਗ਼ਲ 6 ਸਾਲ ਤੱਕ ਇਸ ਕਿਲ੍ਹੇ ਦੇ ਕਿਸੇ ਵੀ ਹਿੱਸੇ ਤੇ ਕਾਬਜ਼ ਨਹੀਂ ਹੋ ਸਕੇ ਸਨ। ਇਸ ਦੌਰਾਨ ਤਿੰਨ ਵੱਡੀਆਂ ਲੜਾਈਆਂ ਲੜੀਆਂ ਗਈਆਂ ਸਨ। ਪਹਿਲੀ ਲੜਾਈ (ਨਵੰਬਰ 1710) ਵਿਚ ਇਕ ਲੱਖ ਤੋਂ ਵੱਧ ਫ਼ੌਜੀ ਸ਼ਾਮਲ ਸਨ ਤੇ ਇਨ੍ਹਾਂ ਦੀ ਅਗਵਾਈ ਤੇ ਨਿਗਰਾਨੀ ਮੁਗ਼ਲ ਬਾਦਸ਼ਾਹ ਆਪ, ਉਸ ਦੇ ਚਾਰ ਸ਼ਹਿਜ਼ਾਦੇ, ਸੈਂਕੜੇ ਮੁਗ਼ਲ ਜਰਨੈਲ ਤੇ ਕਈ ਹਿੰਦੂ ਰਾਜੇ ਕਰ ਰਹੇ ਸਨ। ਦੂਜੀ ਲੜਾਈ (ਸਤੰਬਰ 1712) ਵਿਚ ਲੜੀ ਗਈ ਸੀ। ਇਸ ਦੀ ਅਗਵਾਈ ਮੁਗ਼ਲ ਫ਼ੌਜਾਂ ਦਾ ਮੁਖ ਜਰਨੈਲ ਮੁਹੰਮਦ ਅਮੀਨ ਖ਼ਾਨ ਤੇ ਤੀਜੀ ਲੜਾਈ (ਅਕਤੂਬਰ ਨਵੰਬਰ 1713) ਦੀ ਅਗਵਾਈ ਅਬਦੁਸ ਸਮਦ ਖ਼ਾਨ ਸੂਬੇਦਾਰ ਲਾਹੌਰ, ਜ਼ੈਨ-ਉਦ-ਦੀਨ ਅਹਿਮਦ ਖ਼ਾਨ ਫ਼ੌਜਦਾਰ ਸਰਹੰਦ, ਈਨਾਮ ਖ਼ਾਨ ਅਤੇ ਜ਼ਕਰੀਆ ਖ਼ਾਨ ਕਰ ਰਿਹਾ ਸੀ। ਇਸ ਤੀਜੀ ਲੜਾਈ ਮਗਰੋਂ ਬੰਦਾ ਸਿੰਘ ਭਾਵੇਂ ਜੰਮੂ ਵੱਲ ਚਲਾ ਗਿਆ ਸੀ, ਪਰ ਹਜ਼ਾਰਾਂ ਸਿੱਖ ਫ਼ੌਜੀ ਅਜੇ ਵੀ ਲੋਹਗੜ੍ਹ ਤੇ ਸਰਹੰਦ ਦੇ ਵਿਚਕਾਰ ਮੌਜੂਦ ਸਨ। ਉਹ ਸ਼ਾਹੀ ਚੌਕੀਆਂ’ਤੇ ਹਮਲੇ ਕਰਦੇ ਰਹਿੰਦੇ ਸਨ ਤੇ ਅਮੀਰਾਂ ਤੇ ਵਜ਼ੀਰਾਂ ਨੂੰ ਲੁੱਟਦੇ ਰਹਿੰਦੇ ਸਨ। ਬਾਦਸ਼ਾਹ ਨੂੰ 17 ਅਪ੍ਰੈਲ, 7 ਮਈ, 29 ਮਈ, 12 ਜੂਨ, 9 ਤੇ 10, 18 ਤੇ 19 ਜੁਲਾਈ 1714 ਦੇ ਦਿਨ ਇਸ ਸਬੰਧੀ ਖ਼ਬਰਾਂ ਦਿੱਤੀਆਂ ਜਾਂਦੀਆਂ ਰਹੀਆਂ ਸਨ। ਲੋਹਗੜ੍ਹ ਕਿਲ੍ਹੇ’ਤੇ ਮੁਗ਼ਲਾਂ ਦਾ ਅਸਲ ਕਬਜ਼ਾ ਤਾਂ ਬੰਦਾ ਸਿੰਘ ਸ਼ਹੀਦੀ (ਜੂਨ 1716) ਤੋਂ ਮਗਰੋਂ, ਲੋਹਗੜ੍ਹ ਇਲਾਕੇ ਵਿਚ ਬਚੇ ਖੁਚੇ ਸਾਰੇ ਸਿੱਖ ਸ਼ਹੀਦ ਕਰਨ ਮਗਰੋਂ ਹੀ ਹੋਇਆ ਸੀ। ਮੁਗ਼ਲਾਂ ਨੇ ਕਿਲ੍ਹੇ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਸੀ ਤੇ ਇਸ ਨੂੰ ਢਾਹੁਣ ਵਾਸਤੇ ਵੀ 20 ਸਾਲ ਤੋਂ ਵੱਧ ਸਮਾਂ ਲੱਗਾ ਸੀ।
ਬੰਦਾ ਸਿੰਘ ਤੇ ਸਾਥੀਆਂ ਦੀਆਂ ਗ੍ਰਿਫ਼ਤਾਰੀਆਂ ਤੇ ਸ਼ਹੀਦੀਆਂ
ਜਦ ਬਾਦਸ਼ਾਹ ਨੂੰ ਬੰਦਾ ਸਿੰਘ ਦੇ ਕਲਾਨੌਰ, ਬਟਾਲਾ ਅਤੇ ਰਾਇਪੁਰ, ਗੁਰਦਾਸ ਨੰਗਲ ਜਾਣ ਦਾ ਪਤਾ ਲੱਗਾ ਤਾਂ ਬਾਦਸ਼ਾਹ ਨੇ ਅਬਦੁਸ ਸਮਦ ਖ਼ਾਨ ਨੂੰ ਝਿੜਕਾਂ ਮਾਰੀਆਂ ਅਤੇ ਗੁੱਸੇ ਭਰੀ ਚਿੱਠੀ ਲਿਖੀ ਅਤੇ 10 ਮਾਰਚ ਨੂੰ ਕਮਰ-ਉਦ-ਦੀਨ ਖ਼ਾਨ (ਪੁੱਤਰ ਮੁਹੰਮਦ ਅਮੀਨ ਖ਼ਾਨ) ਨੂੰ ਵੀ ਇਕ ਵੱਡੀ ਫ਼ੌਜ ਦੇ ਕੇ ਗੁਰਦਾਸ ਨੰਗਲ ਵੱਲ ਰਵਾਨਾ ਕੀਤਾ। ਪੰਜਾਹ ਹਜ਼ਾਰ ਤੋਂ ਵੱਧ ਫ਼ੌਜ ਨੇ ਇਸ ਗੜ੍ਹੀ ਨੂੰ ਘੇਰਾ ਪਾਇਆ ਹੋਇਆ ਸੀ। (ਅਖ਼ਬਾਰਾਤਿ-ਦਰਬਾਰਿ-ਮੁਅੱਲਾ 10 ਅਪ੍ਰੈਲ 1715)। ਬੜੀ ਵੱਡੀ ਫ਼ੌਜ ਹੋਣ ਦੇ ਬਾਵਜੂਦ ਮੁਗ਼ਲਾਂ ਨੇ ਗੜ੍ਹੀ’ਤੇ ਹਮਲਾ ਨਾ ਕੀਤਾ। ਮੁਸਲਮਾਨ ਫ਼ੌਜੀਆਂ ਕੋਲ ਬੰਦਾ ਸਿੰਘ ਦਾ ਟਾਕਰਾ ਕਰਨ ਵਾਸਤੇ ਹੌਸਲਾ ਤੇ ਬਹਾਦਰੀ ਦੀ ਕਮੀ ਹੈ। ਬਾਦਸ਼ਾਹ ਨੇ ਕੋਈ ਵੀ ਅਜਿਹਾ ਚੌਧਰੀ ਨਹੀਂ ਛੱਡਿਆ ਸੀ ਜਿਸ ਨੂੰ ਉਸ ਨੇ ਸਿੱਖਾਂ ਖ਼ਿਲਾਫ਼ ਨਾ ਭੇਜਿਆ ਹੋਵੇ। ਸਿੱਖਾਂ ਨੂੰ ਘਿਰਿਆਂ ਨੂੰ ਢਾਈ ਮਹੀਨੇ ਹੋ ਚੁੱਕੇ ਸਨ। ਇਬਰਤਨਾਮਾ ਦਾ ਲਿਖਾਰੀ ਮੁਹੰਮਦ ਕਾਸਿਮ ਜੋ ਉਸ ਵੇਲੇ ਨਾਇਬ ਸੂਬੇਦਾਰ ਆਰਿਫ਼ ਬੇਗ਼ ਖ਼ਾਨ ਦੇ ਨਾਲ ਤੈਨਾਤ ਸੀ, ਲਿਖਦਾ ਹੈ ਕਿ ”ਸਿੱਖ ਦਿਨ ਵਿਚ ਦੋ ਤਿੰਨ ਵਾਰ ਗੜ੍ਹੀ ਵਿਚੋਂ 40-50 ਦੇ ਟੋਲਿਆਂ ਵਿਚ ਨਿਕਲਦੇ ਸਨ ਤੇ ਆਪਣੇ ਵਾਸਤੇ ਅਤੇ ਘੋੜਿਆਂ ਵਾਸਤੇ ਦਾਣਾ ਪਾਣੀ ਲੈ ਜਾਇਆ ਕਰਦੇ ਸਨ। ਇਨ੍ਹਾਂ ਸਿੱਖਾਂ ਨੂੰ ਰੋਕਣ ਵਾਸਤੇ ਮੁਗ਼ਲ ਫ਼ੌਜੀ ਕੋਸ਼ਿਸ਼ ਤਾਂ ਕਰਦੇ ਸਨ ਪਰ ਅੰਦਰੋਂ ਸਿੱਖਾਂ ਦੇ ਤੀਰਾਂ ਅਤੇ ਗੋਲੀਆਂ ਦੀ ਬੌਛਾੜ ਨਾਲ ਬਹੁਤ ਸਾਰੇ ਮੁਗ਼ਲ ਫ਼ੌਜੀ ਮਾਰੇ ਜਾਂਦੇ ਸਨ। ਮੁਗ਼ਲ ਫ਼ੌਜੀ ਸਿੱਖਾਂ ਦੀਆਂ ਕਿਰਪਾਨਾਂ ਦਾ ਹੀ ਖਾਜਾ ਬਣ ਜਾਂਦੇ ਸਨ”। ਮੁਹੰਮਦ ਕਾਸਿਮ ਹੋਰ ਲਿਖਦਾ ਹੈ ਕਿ ਮੁਗ਼ਲ ਫ਼ੌਜੀ ਇਥੋਂ ਤੱਕ ਦੁਆ ਕਰਦੇ ਰਹਿੰਦੇ ਸਨ ਕਿ : ”ਹੇ ਅੱਲ੍ਹਾ! ਬੰਦਾ ਸਿੰਘ ਕਿਸੇ ਤਰੀਕੇ ਨਾਲ ਏਥੋਂ ਨਿੱਕਲ ਜਾਵੇ ਤਾਂ ਜੋ ਸਾਡੀ ਜਾਨ ਬਚ ਸਕੇ”। (ਮੁਹੰਮਦ ਕਾਸਿਮ, ਇਬਰਤਨਾਮਾ, ਬ੍ਰਿਟਿਸ਼ ਲਾਇਬਰੇਰੀ ਲੰਡਨ ਵਿਚਲੇ ਦਸਤਾਵੇਜ਼ ਦੇ ਸਫ਼ੇ 57 ਬੀ ਤੋਂ 61 ਏ, ਛਪੀ ਹੋਈ ਐਡੀਸ਼ਨ ਦੇ ਸਫ਼ੇ 180-84)। ਖ਼ਾਫ਼ੀ ਖ਼ਾਨ, ਮੁਸਲਮਾਨ ਫ਼ੌਜੀਆਂ ਵਿਚ ਫ਼ੈਲੇ ਹੋਏ ਡਰ ਅਤੇ ਦਹਿਸ਼ਤ ਬਾਰੇ ਲਿਖਦਾ ਹੈ ਕਿ ”ਜੇ ਕਰ ਗੜ੍ਹੀ ਵਿਚੋਂ ਕੋਈ ਬਿੱਲੀ ਕੁੱਤਾ ਬਾਹਰ ਨਿੱਕਲਦਾ ਤਾਂ ਮੋਰ-ਚਾਲ’ਤੇ ਨੀਅਤ ਕੀਤੇ ਹੋਏ ਸ਼ਾਹੀ ਆਦਮੀ ਇਸ ਨੂੰ ਵੀ ਜਾਦੂ ਦਾ ਕਾਰਾ ਸਮਝ ਕੇ ਦੂਰੋਂ ਹੀ ਤੀਰ ਜਾਂ ਬੰਦੂਕ ਨਾਲ ਮਾਰ ਸੁੱਟਦੇ”। ਯਾਨਿ ਮੁਸਲਮਾਨ ਫ਼ੌਜੀ ਸਮਝਦੇ ਸਨ ਕਿ ਬੰਦਾ ਸਿੰਘ ਜਾਦੂ ਜਾਣਦਾ ਹੈ ਤੇ ਸ਼ਾਇਦ ਉਹ ਕਿਸੇ ਰੂਪ ਵਿਚ ਵੀ ਨਿੱਕਲ ਰਿਹਾ ਹੋਵੇ।
ਬੰਦਾ ਸਿੰਘ ਤੇ ਸਾਥੀਆਂ ਦੇ ਗੜ੍ਹੀ ਵਿੱਚ ਹਾਲਾਤ
ਹੁਣ ਬਰਸਾਤਾਂ ਸ਼ੁਰੂ ਹੋ ਗਈਆਂ ਸਨ, ਜਿਸ ਨਾਲ ਅਗਲੇ ਦੋ ਮਹੀਨੇ ਹੋਰ ਵੀ ਔਖਾ ਸਮਾਂ ਸੀ। ਹੁਣ ਕਿਤੋਂ ਅਨਾਜ, ਅਸਲਾ ਜਾਂ ਮਦਦ ਦੀ ਕੋਈ ਆਸ ਨਹੀਂ ਸੀ ਹੋ ਸਕਦੀ। ਇੰਝ ਸਿੱਖ ਪੂਰੀਆਂ ਗਰਮੀਆਂ, ਪੂਰਾ ਚੁਮਾਸਾ ਤੇ ਅੱਧੀਆਂ ਸਰਦੀਆਂ (ਯਾਨਿ ਮਾਰਚ ਤੋਂ ਨਵੰਬਰ ਤੱਕ, ਤਕਰੀਬਨ 8 ਮਹੀਨੇ) ਗੜ੍ਹੀ ਵਿਚ ਰੁਕੇ ਰਹੇ।ਅਖ਼ੀਰ ਉਹੀ ਹੋਇਆ ਜਿਸ ਦਾ ਹਰ ਕੋਈ ਕਿਆਸ ਕਰ ਸਕਦਾ ਸੀ। 7 ਦਸੰਬਰ 1715 ਨੂੰ ਫ਼ੈਸਲੇ ਦਾ ਦਿਨ ਆ ਗਿਆ। ਗੁਰਦਾਸ ਨੰਗਲ ਵਿਚ ਘਿਰੇ ਸਿੱਖਾਂ ਵਿਚੋਂ ਬਹੁਤ ਸਾਰੇ ਦਸਤ-ਮਰੋੜਾਂ ਨਾਲ ਨਰ ਗਏ૴૴ਜਦ ਸਾਰਾ ਘਾਹ ਮੁੱਕ ਗਿਆ ਤਾਂ ਉਨ੍ਹਾਂ ਦਰੱਖਤਾਂ ਦੇ ਪੱਤੇ ਇਕੱਠੇ ਕਰ ਲਏ। ਜਦ ਇਹ ਵੀ ਮੁਕ ਗਏ ਤਾਂ ਉਨ੍ਹਾਂ ਦਰੱਖ਼ਤਾਂ ਦੇ ਤਣੇ ਛਿੱਲ ਲਏ ਤੇ ਇਸ ਨੂੰ ਸੁਕਾ ਕੇ ਇਸ ਦਾ ਚੂਰਾ ਬਣਾ ਕੇ ਇਸ ਨੂੰ ਵੀ ਇੰਝ ਹੀ ਵਰਤਿਆ।
ਬੰਦਾ ਸਿੰਘ ਸਾਥੀਆਂ ਦੀ ਗੜ੍ਹੀ ਤੋਂ ਗ੍ਰਿਫ਼ਤਾਰੀ
8 ਮਹੀਨੇ ਦੇ ਘੇਰੇ ਦੌਰਾਨ ਹੁਣ ਉਨ੍ਹਾਂ ਕੋਲ ਖਾਣ ਵਾਸਤੇ ਹਵਾ ਤੋਂ ਸਿਵਾ ਕੁਝ ਵੀ ਨਹੀਂ ਸੀ। ਉਹ ਭੁੱਖ ਨਾਲ ਨਿਢਾਲ ਹੋ ਗਏ ਸਨ। ਅਖ਼ੀਰ ਜਦ ਕਈ ਦਿਨਾਂ ਤੱਕ ਗੜ੍ਹੀ ਚੋਂ ਕੋਈ ਹਿਲਜੁਲ ਨਾ ਹੋਈ ਤਾਂ ਮੁਗ਼ਲ ਫ਼ੌਜਾਂ ਦੇ ਇਕ ਹਜੂਮ ਨੇ ਇਕ ਦਮ ਹੱਲਾ ਬੋਲ ਦਿੱਤਾ। ਅੱਗੇ ਅਧਮੋਏ ਪਏ ਹੋਏ ਦੋ-ਚਾਰ ਸੌ ਸਿੱਖ ਨਜ਼ਰ ਆਏ, ਜਿਨ੍ਹਾਂ ਨੂੰ ਉਨ੍ਹਾਂ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਚੋਂ ਜਿਹੜਾ ਵੀ, ਜ਼ਰਾ ਵੀ ਹਿੱਲਿਆ ਉਸ ਨੂੰ ਉੱਥੇ ਹੀ ਕਤਲ ਕਰ ਦਿੱਤਾ। ਤਕਰੀਬਨ ਤਿੰਨ ਸੌ ਸਿੱਖਾਂ ਨੂੰ ਥਾਂਏ ਚੀਰ ਦਿੱਤਾ ਗਿਆ। ਮੁਹੰਮਦ ਕਾਸਿਮ ਔਰੰਗਾਬਾਦੀ (ਅਹਵਾਲ-ਉਲ-ਖ਼ਵਾਕੀਨ, ਸਫ਼ੇ 121-124) ਲਿਖਦਾ ਹੈ ਕਿ ਜਦ ਕਈ ਦਿਨ ਗੜ੍ਹੀ ਵਿਚੋਂ ਕੋਈ ਹਿਲਜੁਲ ਨਾ ਹੋਈ ਤਾਂ ਪੌੜੀਆਂ ਲਾ ਕੇ ਮੁਗ਼ਲ ਫ਼ੌਜੀ ਅੰਦਰ ਜਾ ਵੜੇ ਸਨ : ”ਗੜ੍ਹੀ ਤੋਂ ਜਿਸ ਵੇਲੇ ਉਸ ਗਰੋਹ (ਸਿੱਖਾਂ) ਵਲੋਂ ਲੜਾਈ ਦੀ ਤਾਕਤ ਖ਼ਤਮ ਹੋ ਗਈ ਅਤੇ ਬੇਹੱਦ ਤੰਗੀ ਹੋਣ ਤੇ ਭੁੱਖ ਦੇ ਹਾਵੀ ਹੋਣ ਸਦਕਾ, ਉਨ੍ਹਾਂ ਭੈੜੀ ਤਬੀਅਤ ਵਾਲਿਆਂ (ਸਿੱਖਾਂ) ਦੇ ਜਿਸਮਾਂ ਦੇ ਅੰਗ ਹਰਕਤ ਕਰਨੋਂ ਹਟ ਗਏ ਤੇ ਉਨ੍ਹਾਂ ਵਿਚ ਤਲਵਾਰਾਂ ਉਠਾਉਣ ਦੀ ਤਾਕਤ ਨਾ ਰਹੀ। ਇਥੋਂ ਤੱਕ ਯਕੀਨ ਹੋ ਗਿਆ ਕਿ ਉਹ ਕੋਈ ਜੈਕਾਰਾ ਵੀ ਨਹੀਂ ਛੱਡ ਸਕਦੇ। ਇਸਲਾਮੀ ਫ਼ੌਜਾਂ ਦੇ ਗ਼ਾਜ਼ੀ ਪੌੜੀਆਂ ਲਾ ਕੇ ਲਮਕਦੇ ਹੋਏ ਅਚਾਨਕ ਉਪਰੋਕਤ ਗੜ੍ਹੀ ਵਿਚ ਜਾ ਵੜੇ ਅਤੇ ਨਿਢਾਲ ਪਏ ਸਾਰੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਮਗਰੋਂ ਬੰਦਾ ਸਿੰਘ ਨੂੰ ਅਧਮੋਏ ਨੂੰ ਹੀ ਉਸੇ ਵੇਲੇ ਬੇੜੀਆਂ ਅਤੇ ਸੰਗਲਾਂ ਨਾਲ ਜਕੜ ਦਿੱਤਾ ਗਿਆ।
ਲੋਹਗੜ੍ਹ ਕਿਲ੍ਹਾ ਕਿਸ ਨੇ ਢਾਹਿਆ ਤੇ ਇਸ ਨੂੰ ਢਾਹੁਣ ਵਿਚ ਕਿੰਨਾ ਸਮਾਂ ਲੱਗਾ
ਮੁਗ਼ਲ ਬਾਦਸ਼ਾਹ ਅਤੇ ਫ਼ੌਜਾਂ ਦੇ ਜਰਨੈਲ ਸਢੌਰਾ ਅਤੇ ਲੋਹਗੜ੍ਹ ਕਿਲ੍ਹਿਆਂ ਤੋਂ ਬਹੁਤ ਡਰੇ ਹੋਏ ਸਨ। ਸਢੌਰੇ ਦਾ ਕਿਲ੍ਹਾ ਉਨਾ੍ਹਂ ਨੇ ਸਤੰਬਰ 1713 ਵਿਚ ਢਾਹੁਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੂੰ ਖ਼ੌਫ਼ ਰਹਿੰਦਾ ਸੀ ਕਿ ਜੇ ਸਿੱਖਾਂ ਨੇ ਇਸ ਕਿਲ੍ਹੇ ਤੇ ਫੇਰ ਕਬਜ਼ਾ ਕਰ ਲਿਆ ਤਾ ਮੁਗ਼ਲ ਫ਼ੌਜ ਦੇ ਹਜ਼ਾਰਾਂ ਸਿਪਾਹੀਆਂ ਨੂੰ ਇੱਥੇ ਫੇਰ ਡਾਹ ਕੇ, ਸਾਲਾਂ ਬੱਧੀ ਜੱਦੋਜਹਿਦ ਕਰਕੇ ਤੇ ਹਜ਼ਾਰਾਂ ਫ਼ੌਜੀ ਮਰਵਾ ਕੇ ਅਤੇ ਬਹੁਤ ਵੱਡਾ ਖ਼ਰਚਾ ਕਰ ਕੇ ਵੀ ਸਦੀਵੀ ਕਬਜ਼ਾ ਨਹੀਂ ਮਿਲ ਸਕਣਾ। ਕਿਉਂਕਿ ਸਿੱਖਾਂ ਨੂੰ ਆਪਣੀਆਂ ਫ਼ੌਜੀ ਗਲਤੀਆਂ ਦਾ ਅਹਿਸਾਸ ਹੋ ਚੁੱਕਿਆ ਹੋਣਾ ਹੈ ਤੇ ਉਹ ਬਚਣ ਵਾਸਤੇ ਉਪਾਅ ਕਰ ਲੈਣਗੇ। ਇਸ ਕਿਲ੍ਹੇ ਨੂੰ ਢਾਹੁਣ ਦੀ ਜ਼ਿੰਮੇਵਾਰੀ ਮੰਡਿਆਲਾ ਪਿੰਡ (ਅੰਮ੍ਰਿਤਸਰ ਅਤੇ ਝਬਾਲ ਤੋਂ 13 ਕਿਲੋਮੀਟਰ) ਦੇ ਚੌਧਰੀ ਮੂਸਾ-ਉਲ-ਖ਼ਾਨ, ਜਿਸ ਨੂੰ ਮੱਸਾ ਰੰਗੜ ਕਿਹਾ ਜਾਂਦਾ ਹੈ, ਨੂੰ ਦਿੱਤੀ ਗਈ। (ਇਸ ਨੂੰ ਮਗਰੋਂ 11 ਅਗਸਤ 1740 ਦੇ ਦਿਨ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਕਤਲ ਕੀਤਾ ਸੀ)। ਇਕ-ਇਕ ਪਹਾੜ ਨੂੰ ਯੂਨਿਟ ਬਣਾ ਕੇ ਕਿਲ੍ਹੇ ਦੀਆਂ ਦੀਵਾਰਾਂ, ਮੋਰਚਿਆਂ, ਨੀਹਾਂ ਅਤੇ ਰਸਤਿਆਂ ਨੂੰ ਢਾਹੁਣਾ ਸ਼ੁਰੂ ਕੀਤਾ। ਕਿਆਸ ਲਾਇਆ ਜਾਂਦਾ ਹੈ ਕਿ ਮੁਗ਼ਲਾਂ ਨੇ ਕਿਲ੍ਹੇ ਨਾਲ ਸਬੰਧਤ ਸਾਰੇ ਪਿੰਡਾਂ’ਤੇ ਕਬਜ਼ਾ ਕਰ ਲਿਆ ਹੋਵੇਗਾ ਅਤੇ ਏਥੋਂ ਦੇ ਵਾਸੀ ਵਣਜਾਰਿਆਂ (ਲੱਖੀ ਰਾਏ ਵਣਜਾਰਾ ਦੇ ਟਾਂਡੇ ਨਾਲ ਸਬੰਧਤ) ਨੂੰ ਕਤਲ ਕਰ ਦਿੱਤਾ ਹੋਵੇਗਾ। ਮੁਗ਼ਲ ਸਿਪਾਹੀਆਂ ਅਤੇ ਮਜ਼ਦੂਰਾਂ ਨੂੰ ਵਸਾ ਦਿੱਤਾ ਹੋਵੇਗਾ। 1716 ਤੱਕ ਇਕ ਵੀ ਮੁਸਲਮਾਨ ਨਹੀਂ ਰਹਿੰਦਾ ਸੀ ਤੇ ਇਹ ਸਾਰੀ ਜ਼ਮੀਨ ਲੱਖੀ ਰਾਏ ਵਣਜਾਰਾ ਦੀ ਸੀ। ਅੱਜ ਵੀ ਬਹੁਤ ਸਾਰੇ ਪਿੰਡਾਂ ਵਿਚ ਵਣਜਾਰੇ ਤੇ ਸਿਕਲੀਗਰ ਰਹਿੰਦੇ ਹਨ। ਇਹ ਸਾਰੇ ਗੁਰੁ ਨਾਨਕ ਨਾਮ ਲੇਵਾ ਹਨ ਤੇ ਸਿੱਖ ਕਹਾਉਂਦੇ ਹਨ।

—————————————

ਨੋਟ : ਲੋਹਗੜ੍ਹ ਕਿਲ੍ਹੇ ਦਾ ਪੂਰਾ ਇਤਿਹਾਸ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਦਾ ਵਰਣਨ ਤਕਰੀਬਨ 300 ਸਫ਼ੇ ਦੀ ਪੁਸਤਕ ਵਿਚ ਛਪਿਆ ਹੈ ਜੋ ਅੰਗਰੇਜ਼ੀ ਅਤੇ ਕੰਨੜ ਭਾਸ਼ਾ (ਕਰਨਾਟਕਾ) ਵਿਚ ਜ਼ਾਰੀ ਹੋ ਚੁੱਕਾ ਹੈ। ਤੇਲਗੂ ਵਿਚ ਹੋਇਆ ਅਨੁਵਾਦ ਵੀ ਪਾਠਕਾਂ ਦੇ ਹੱਥਾਂ ਵਿਚ ਜਾ ਚੁੱਕਾ ਹੋਵੇਗਾ। ਕਰਨਾਟਕ ਅਤੇ ਵੱਖ ਵੱਖ ਸੂਬਿਆਂ ਦੇ ਵਣਜਾਰੇ ਅਤੇ ਸਿਕਲੀਗਰ ਭਾਰੀ ਉਤਸ਼ਾਹ ਵਿਚ ਹਨ ਕਿ ਉਹਨਾਂ ਨੂੰ ਉਹਨਾਂ ਦੇ ਵੱਡ-ਵਡੇਰਿਆਂ ਵਲੋਂ ਕੀਤੀਆਂ ਕੁਰਬਾਨੀਆਂ ਬਾਰੇ ਪਤਾ ਲੱਗ ਰਿਹਾ ਹੈ।

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ 300 ਸਾਲਾ ਸ਼ਹਾਦਤ ਮੌਕੇ 3 ਜੂਨ 2016 ਨੂੰ ਹਰਿਆਣਾ ਸਰਕਾਰ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਵਲੋਂ ਐਲਾਨ : ਭਗਵਾਨਪੁਰ ਤੋਂ ਕਿਲ੍ਹਾ ਲੋਹਗੜ੍ਹ ਤੱਕ ਪੱਕੀ ਸੜਕ, ਇਕ ਮੈਮੋਰੀਅਲ, ਮਾਰਸ਼ਲ ਆਰਟ ਸਕੂਲ ਅਤੇ ਲੇਜਰ ਐਂਡ ਸਾਊਂਡ ਸ਼ੋਅ ਸਿਸਟਮ। ਪੀਰ ਬੁੱਧੂ ਸ਼ਾਹ ਜੀ ਦੇ ਨਾਂਅ’ਤੇ ਸਢੌਰਾ ਵਿਖੇ ਮੈਮੋਰੀਅਲ ਲਈ 5 ਏਕੜ ਜ਼ਮੀਨ। ਸ਼ਾਹਬਾਦ ਤੋਂ ਕਿਲ਼੍ਹਾ ਲੋਹਗੜ੍ਹ ਸੜਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਅਤੇ 4 ਯਾਦਗਾਰੀ ਗੇਟ।

ਉਪਰੋਕਤ ਇਤਿਹਾਸ ਬਾਰੇ ਸਾਨੂੰ ਸੰਖੇਪ ਜਿਹੀ ਜਾਣਕਾਰੀ 12-13 ਅਗਸਤ 2017 ਨੂੰ ਭਾਈ ਗੁਰਦਾਸ ਅਕੈਡਮੀ, ਪੰਡੋਰੀ ਰਣ ਸਿੰਘ, ਜ਼ਿਲ੍ਹਾ : ਅੰਮ੍ਰਿਤਸਰ ਵਿਖੇ ਪੰਥ-ਦਰਦੀਆਂ ਦੇ ਇਕ ਮੰਥਨ ਪ੍ਰੋਗਰਾਮ ਵਿਚ ਸ: ਜਰਨੈਲ ਸਿੰਘ ਜੀ ਯਮੁਨਾ ਨਗਰ (ਲੋਹਗੜ੍ਹ ਟਰੱਸਟ ਦੇ ਟਰੱਸਟੀ ਜਿਸ ਨੇ ਰੀਟਾਇਰਮੈਂਟ ਮੌਕੇ ਮਿਲੇ ਫੰਡ ਚੋਂ ਲਗਭਗ 7 ਲੱਖ ਰੁਪਏ ਖ਼ਾਲਸਾ ਰਾਜਧਾਨੀ ਪ੍ਰਗਟ ਕਰਨ ਦੇ ਕਾਰਜ ਲਈ ਭੇਟ ਕਰ ਦਿੱਤੇ) ਤੋਂ ਮਿਲੀ। ਹੁਸ਼ਿਆਰਪੁਰ ਤੋਂ ਅਸੀਂ ਦਾਸ ਰਸ਼ਪਾਲ ਸਿੰਘ, ਇੰਜ: ਹਰਜੀਤਪਾਲ ਸਿੰਘ, ਸ: ਮਨਪ੍ਰੀਤ ਸਿੰਘ ਕੱਪੜਾ ਵਪਾਰੀ ਅਤੇ ਪ੍ਰਿੰਸੀਪਲ ਗੁਰਦੇਵ ਸਿੰਘ ਬੈਂਚਾਂ ਨੇ ਹਾਜ਼ਰੀ ਭਰੀ ਸੀ।
27 ਅਪ੍ਰੈਲ 2018 ਦੀ ਰਾਤ ਨੂੰ ਇਕ ਸੁਭਾਗ ਬਣਿਆ ਕਿ ਇਸ ਕਿਲ੍ਹੇ ਸਬੰਧੀ ਦਿਨ ਰਾਤ ਜੂਝ ਰਹੇ ਸ: ਗਗਨਦੀਪ ਸਿੰਘ ਡੀ.ਡੀ.ਪੀ.ਓ. ਯਮੁਨਾਨਗਰ ਦੀ ਸਰਕਾਰੀ ਰਿਹਾਇਸ਼’ਤੇ ਕੁਝ ਸਮਾਂ ਬੈਠ ਕੇ ਉਹਨਾਂ ਪਾਸੋਂ ਉਹਨਾਂ ਦੇ ਸਾਥੀਆਂ ਦੀ ਹਾਜ਼ਰੀ ਵਿਚ ਇਤਿਹਾਸ ਤੇ ਗੁਰਮਤਿ ਦੀ ਵਡਮੁੱਲੀ ਜਾਣਕਾਰੀ ਸੁਣਨ ਨੂੰ ਮਿਲੀ। ਦਾਸ ਰਸ਼ਪਾਲ ਸਿੰਘ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਗਿਆਨੀ ਹਰਬੰਸ ਸਿੰਘ ਤੇਗ ਹਾਜ਼ਰ ਸਾਂ। ਅਗਲੇ ਦਿਨ 28 ਅਪ੍ਰੈਲ 2018 ਨੂੰ ਦੇਸ਼-ਪੱਧਰੀ ਪ੍ਰਚਾਰਕ ਸੰਸਥਾਵਾਂ ਦੇ ਮੰਥਨ ਪ੍ਰੋਗਰਾਮ ਵਿਚ ਗੁਰੂ ਰਾਮਦਾਸ ਅਕੈਡਮੀ ਦੇਹਰਾਦੂਨ ਵਿਖੇ ਸਲਾਈਡ ਸ਼ੋਅ ਰਾਹੀਂ ਸ: ਗਗਨਦੀਪ ਸਿੰਘ ਨੇ ਬਾ-ਕਮਾਲ ਜਾਣਕਾਰੀ ਸਾਂਝੀ ਕੀਤੀ।

(ਰਸ਼ਪਾਲ ਸਿੰਘ ਹੁਸ਼ਿਆਰਪੁਰ) +91 98554-40151

Install Punjabi Akhbar App

Install
×