‘ਸਰਬੱਤ ਦੇ ਭਲੇ’ਦੇ ਸੰਕਲਪ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਲੀ ਸੰਸਥਾ  ‘ਖ਼ਾਲਸਾ ਏਡ’

Dzbf57fX0AAfyXB

ਅੱਜ ਦੇ ਸਮੇਂ ਜਦੋਂ ਦੁਨੀਆ ਵਿੱਚ ਇਨਸਾਨ ਦੀ ਇਨਸਾਨ ਪ੍ਰਤੀ ਨਫ਼ਰਤ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਇਸ ਨਫ਼ਰਤ ਦੇ ਕਾਰਨ ਕਈ ਹੋ ਸਕਦੇ ਹਨ ਜਿਵੇਂ ਕਿ ਦੇਸ਼ਾਂ ਵਿੱਚ ਰਾਜਨੀਤਕ ਅਫੜਾ-ਤਫੜੀ, ਸਮਾਜ ਵਿੱਚ ਫੈਲੇ ਜਾਤ-ਪਾਤ ਦੇ ਬੀਜ ਜਾਂ ਫਿਰ ਧਰਮਾਂ ਦੀ ਆਪਸੀ ਖਿੱਚੋਤਾਣ, ਕਾਰਨ ਚਾਹੇ ਕੁੱਝ ਵੀ ਹੋਣ ਪਰ ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਜਾਨੀ ਅਤੇ ਮਾਲੀ ਰੂਪ ਵਿੱਚ ਗ਼ਰੀਬ-ਗ਼ੁਰਬੇ, ਨਿਰਦੋਸ਼ ਮਾਸੂਮ ਅਤੇ ਮਜ਼ਲੂਮ ਨੂੰ ਹੀ ਝੱਲਣਾ ਪੈਂਦਾ ਹੈ। ਅਜਿਹੇ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਮਨੁੱਖੀ ਸਮਾਜ ਲਈ ਇੱਕ ਆਸ ਦੀ ਕਿਰਨ ਬਣ ਕੇ ਉੱਭਰ ਰਹੀਆਂ ਹਨ, ਇਨ੍ਹਾਂ ‘ਚੋ ਇੱਕ ਸੰਸਥਾ ‘ਖ਼ਾਲਸਾ ਏਡ’ ਹੈ ਜਿਹੜੀ ਕਿ ”ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਦੇ ਗੁਰਬਾਣੀ ਸਿਧਾਂਤ ਅਨੁਸਾਰ ਮਾਨਵ ਭਲਾਈ ਕਾਰਜ ਕਰ ਰਹੀ ਹੈ।

‘ਖ਼ਾਲਸਾ ਏਡ’ ਦੀ ਸਥਾਪਨਾ ਸੰਨ 1999 ‘ਚ ਬਰਤਾਨੀਆ ਵਿੱਚ ਰਹਿੰਦੇ ਸ. ਰਵਿੰਦਰ ਸਿੰਘ ਜੀ ਨੇ ਕੀਤੀ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੁੰਡੀਆ ਜੱਟਾਂ ਤੋਂ 11 ਸਾਲ ਦੀ ਉਮਰ ਵਿੱਚ ਹੀ ਇੱਥੇ ਆ ਵਸੇ ਸਨ। 1999 ‘ਚ ਖ਼ਾਲਸਾ ਪੰਥ ਦੇ 300 ਸਾਲਾਂ ਸਾਜਨਾ ਦਿਵਸ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਸੀ। ਇਸ ਹੀ ਸਾਲ ਜਦੋਂ ਸ. ਰਵਿੰਦਰ ਸਿੰਘ ਨੇ ਕੋਸੋਵਾਨ/ਅਲਬੈਨੀਆ ਦੇ ਬਾਰਡਰ ਤੇ ਸ਼ਰਨਾਰਥੀਆਂ ਦੀਆਂ ਤਰਸਯੋਗ ਹਾਲਤ ਦੀਆਂ ਤਸਵੀਰਾਂ ਕਿਸੇ ਟੀਵੀ ਚੈਨਲ ਤੇ ਦੇਖੀਆ ਤਾਂ ਉਨ੍ਹਾਂ ਦੇ ਦਿਲ ਅੰਦਰ ਇਨ੍ਹਾਂ ਬੇਕਸੂਰ ਇਨਸਾਨਾਂ ਦੀ ਸਹਾਇਤਾ ਕਰਨ ਦਾ ਵਿਚਾਰ ਆਇਆ, ਤਾਂ ਉਨ੍ਹਾਂ ਨੇ ਸਿੱਖ ਧਰਮ ਦੇ ਸੁਨਹਿਰੀ ਅਸੂਲ ‘ਸਰਬੱਤ ਦਾ ਭਲਾ’ ਤੋਂ ਸੇਧ ਲੈਂਦੇ ਹੋਏ ‘ਖ਼ਾਲਸਾ ਏਡ’ ਸੰਸਥਾ ਦੀ ਸਥਾਪਨਾ ਕੀਤੀ ।

05

‘ਖ਼ਾਲਸਾ ਏਡ’ ਦਾ ਮੁੱਖ ਮਕਸਦ ਸਿੱਖੀ ਸਿਧਾਂਤਾਂ ਤੇ ਅਮਲ ਕਰਦੇ ਹੋਏ ਨਿਸ਼ਕਾਮ ਅਤੇ ਬਿਨਾਂ ਭੇਦਭਾਵ ਤੋਂ ਕੁਦਰਤੀ ਆਫ਼ਤਾਂ ਅਤੇ ਜੰਗਾਂ-ਯੁੱਧਾਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਮਨੁੱਖਤਾ ਦੀ ਸਹਾਇਤਾ ਕਰਨਾ ਹੈ। ਇਸ ਸੰਸਥਾ ਨੇ ਹੁਣ ਤੱਕ ਕੋਸੋਵਾਨ/ਅਲਬੈਨੀਆ, ਤੁਰਕੀ, ਉੜੀਸਾ, ਗੁਜਰਾਤ, ਡੀ.ਆਰ ਕੋਨਗੋ, ਅਫ਼ਗ਼ਾਨਿਸਤਾਨ, ਅੰਡੇਮਾਨ ਨਿਕੋਬਾਰ , ਆਈਸਲੈਂਡ, ਪਾਕਿਸਤਾਨ, ਇੰਡੋਨੇਸ਼ੀਆ, ਪੰਜਾਬ , ਢਾਕਾ, ਕੰਬੋਡੀਆ , ਹੇਤੀ, ਉਤਰਾਖੰਡ, ਮੁਜ਼ੱਫ਼ਰਨਗਰ, ਫਿਲਪੀਨਜ਼, ਯੂ.ਕੇ, ਲਿਬੀਆ, ਸੁਡਾਨ, ਸੀਰੀਆ, ਸਹਾਰਨਪੁਰ, ਜੰਮੂ ਅਤੇ ਕਸ਼ਮੀਰ, ਵਿਸ਼ਾਖਾਪਟਨਮ, ਆਸਟ੍ਰੇਲੀਆ,  ਇਰਾਕ, ਨੇਪਾਲ, ਦਿੱਲੀ, ਕੀਨੀਆ , ਸੋਮਾਲੀਆ, ਮਾਲਾਵੀ , ਸ੍ਰੀਲੰਕਾ, ਲਾਤੂਰ, ਬੋਸਨੀਆ, ਇਰਾਕ, ਇਜ਼ਮੀਰ, ਗ੍ਰੀਸ, ਯਮਨ  ਵਿੱਚ ਕੁਦਰਤੀ ਆਫ਼ਤਾਂ ਅਤੇ ਜੰਗਾਂ-ਯੁੱਧਾਂ ਨਾਲ ਪ੍ਰਭਾਵਿਤ ਸ਼ਰਨਾਰਥੀ ਕੈਂਪਾਂ ਵਿੱਚ ਫਸੇ ਲੋਕਾਂ ਨੂੰ ਲੰਗਰ ਅਤੇ ਰਹਿਣ- ਸਹਿਣ ਲਈ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਹਨ। ਇਸ ਦੇ ਨਾਲ ਨਾਲ ਇਹ ਸੰਸਥਾ ‘ਫੋਕਸ ਪੰਜਾਬ’ ਪ੍ਰੋਜੈਕਟ ਅਧੀਨ 1984 ਦੇ ਸਮੇਂ ਦੌਰਾਨ ਪ੍ਰਭਾਵਿਤ ਪਰਿਵਾਰਾਂ ਨੂੰ ਵੀ ਵਿੱਤੀ ਅਤੇ ਮੁੜ ਵਸੇਬੇ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਮੱਧ ਪ੍ਰਦੇਸ਼ ਵਿੱਚ ਵਾਟਰ ਸੈਨੀਟੇਸ਼ਨ, ਕੰਬੋਡੀਆ ਵਿੱਚ ਡੈਂਟਲ ਕੇਅਰ, ਕੀਨੀਆ ਵਿੱਚ ਪਾਣੀ ਦੇ ਪੰਪ ਆਦਿ ਪ੍ਰੋਜੈਕਟ ਰਾਹੀ ਲੋਕ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ।

ਪਿਛਲੇ ਸਮੇਂ ਬੰਗਲਾਦੇਸ਼ ਦੀ ਸਰਹੱਦ ਤੇ ਮਿਅਮਾਰ ਫ਼ੌਜ ਦੇ ਜ਼ੁਲਮਾਂ ਦੇ ਸ਼ਿਕਾਰ ਬਣੇ ਰੋਹਿੰਗਿਆਂ ਮੁਸਲਮਾਨਾਂ ਲਈ ਲੰਗਰ ਦਾ ਪ੍ਰਬੰਧ ਕਰਨ ਤੇ ਕਈ ਫ਼ਿਰਕੂ ਤਾਕਤਾਂ ਵੱਲੋਂ ਇਸ ਸੰਸਥਾ ਨੂੰ ਆਪਣੇ ਤਿੱਖੇ ਨਿਸ਼ਾਨੇ ਤੇ ਲਿਆ ਗਿਆ ਪਰ ਇਸ ਸਭ ਦੇ ਬਾਵਜੂਦ ਵੀ ਇਹ ਸੰਸਥਾ ਆਪਣੇ ਨਿਰਸਵਾਰਥ ਅਸੂਲਾਂ ਕਾਰਨ ਦੁਨੀਆ ਭਰ ਵੱਸਦੇ ਲੋਕਾਂ ਦੇ ਦਿਲ ਅੰਦਰ ਆਪਣੀ ਸਤਿਕਾਰਯੋਗ ਅਕਸ ਬਣਾਉਣ ਵਿੱਚ ਕਾਮਯਾਬ ਰਹੀ ਹੈ। ਅਗਸਤ 2018  ਮਹੀਨੇ ਜਦੋ ਕੇਰਲ ਨੂੰ ਹੜ੍ਹਾ ਦੀ ਮਾਰ ਝੱਲਣੀ ਪਈ ਤਾਂ ਇਹ ਖਾਲਸਾ ਏਡ ਹੀ ਸੀ ਜਿਸ ਨੇ ਸਭ ਤੋਂ ਪਹਿਲਾ ਜਾ ਕੇ ਹੜ੍ਹਾ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚ ਕੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ । ਮੌਜੂਦਾ ਸਮੇਂ ਵੀ ਜਦੋਂ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਨਾਲ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ ਹੋ ਰਿਹਾ ਹੈ, ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਇਸ ਬਿਪਤਾ ਦੀ ਔਖੀ ਘੜੀ ਵਿੱਚ ਆਮ ਲੋਕਾਂ ਦੀ ਸਹਾਇਤਾ ਵਿੱਚ ਆਪਣਾ-ਆਪਣਾ ਯੋਗਦਾਨ ਪਾ ਰਹੀਆਂ ਹਨ, ਜਿਸ ਵਿੱਚ ਖ਼ਾਲਸਾ ਏਡ ਵੀ ਸ਼ਾਮਿਲ ਹੈ।

ਇਕ ਰਿਪੋਰਟ ਅਨੁਸਾਰ ਹੁਣ ਤੱਕ ਇਹ ਸੰਸਥਾ ਤਕਰੀਬਨ ਦੁਨੀਆ ਦੇ 25 ਤੋਂ ਵੱਧ ਦੇਸ਼ਾਂ ਵਿੱਚ ਸਮਾਜ ਭਲਾਈ ਕਾਰਜਾਂ ਤੇ ਕੰਮ ਕਰ ਚੁੱਕੀ ਹੈ। ਇਸ ਸੰਸਥਾ ਨਾਲ ਤਕਰੀਬਨ ਦੁਨੀਆ ਦੇ ਹਰ ਕੋਨੇ ਤੋਂ ਸਮਾਜਿਕ ਕਾਰਕੁੰਨ ਜੁੜੇ ਹੋਏ ਹਨ।ਇਸ ਸੰਸਥਾ ਨੂੰ ਵਿੱਤੀ ਸਹਾਇਤਾ ਦੁਨੀਆ ਭਰ ਵਿੱਚ ਸਰਬੱਤ ਦਾ ਭਲਾ ਮੰਗਣ ਵਾਲੇ ਨੇਕ ਇਨਸਾਨ ਹੀ ਕਰ ਰਹੇ ਹਨ, ਜਿੰਨਾ ਦੁਆਰਾ ਦਿੱਤੀ ਮਾਇਆ ਨੂੰ ਭਾਈ ਘਨੱਈਆ ਜੀ ਦੇ ਵਾਰਸ ਬਣ ਕੇ ਖ਼ਾਲਸਾ ਏਡ ਦੇ ਸੇਵਾਦਾਰ ਮਨੁੱਖਤਾ ਦੀ ਭਲਾਈ ਕਰਨ ਲਈ ਹਰ ਦਿਨ ਤਿਆਰ ਬਰ ਤਿਆਰ ਰਹਿੰਦੇ ਹਨ। ਜੋ ਇਨਸਾਨ ਧਨ ਨਾਲ ਸਹਾਇਤਾ ਨਹੀਂ ਕਰ ਸਕਦਾ , ਉਹ ਆਪਣੇ ਕੀਮਤੀ ਸਮੇਂ ਵਿਚੋਂ ਸਮਾਂ ਕੱਢ ਕੇ ਸੰਸਥਾ ਦੇ ਸੇਵਾਦਾਰ ਵਜੋਂ ਸੇਵਾ ਨਿਭਾ ਸਕਦਾ ਹੈ।

ਇਸ ਸੰਸਥਾ ਦੇ ਇਸ ਨੇਕ ਅਮਲਾਂ ਨੂੰ ਕਈ ਟੀਵੀ ਚੈਨਲਾਂ ਅਤੇ ਸੰਸਥਾਵਾਂ ਵੱਲੋਂ ਸਮੇਂ ਸਮੇਂ ਤੇ ਮਾਣ ਸਨਮਾਨ ਨਾਲ ਸਤਿਕਾਰ ਵੀ ਦਿੱਤਾ ਗਿਆ ਹੈ।ਜਿਸ ਵਿੱਚ ਜੈਨ ਸਮਾਜ ਵੱਲੋਂ ਸ. ਰਵਿੰਦਰ ਸਿੰਘ ਜੀ ਨੂੰ ‘ਅਹਿੰਮਸਾ ਅਵਾਰਡ’ ਨਾਲ ਸਨਮਾਨਿਤ ਕਰਨਾ ਪ੍ਰਮੁੱਖ ਹੈ, ਇਹ ਸਨਮਾਨ ਸਮਾਜ ਵਿੱਚ ਸ਼ਾਂਤੀ ਅਤੇ ਮਾਨਵਤਾ ਦੇ ਸਿਧਾਂਤ ਲਈ ਸੇਵਾ ਕਰਨ ਲਈ ਦਿੱਤਾ ਜਾਂਦਾ ਹੈ।ਇੱਥੇ ਜ਼ਿਕਰਯੋਗ ਹੈ ਕਿ ਇਸ ਸਨਮਾਨ ਨਾਲ ਸਾਊਥ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਸਵ: ਨੈਲਸਨ ਮਡੈਲਾ ਜੀ ਨੂੰ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਾਬਕਾ ਬਰਤਾਨਵੀ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੀ ਆਪਣੇ ਸੰਦੇਸ਼ ਵਿੱਚ ਇਸ ਸੰਸਥਾ ਦੀ ਪ੍ਰਸੰਸਾ ਕਰ ਚੁੱਕੇ ਹਨ ।

ਬੀਤੇ ਦਿਨੀਂ ਇਸ ਸੰਸਥਾ ਦੇ ਸੰਸਥਾਪਕ ਸ.ਰਵਿੰਦਰ ਸਿੰਘ ਨੂੰ ਆਸਟਰੀਆ ਦੇ ਵਿਆਨਾ ਕੌਮਾਤਰੀ ਹਵਾਈ ਅੱਡੇ  ਉੱਤੇ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਜੋ ਕਿ ਅਤਿ ਨਿੰਦਣਯੋਗ ਹੈ । ਸੰਸਥਾ ਦੇ ਮੁਖੀ ਸ. ਰਵਿੰਦਰ ਸਿੰਘ ਨੇ ਆਪਣੇ ਬਾਰੇ ਇਹ ਵੀ ਐਲਾਨ ਕੀਤਾ ਹੋਇਆ ਹੈ ਕਿ ਜੇਕਰ ਉਸ ਦੀ ਮੌਤ ਜੰਗਾਂ-ਯੁੱਧਾਂ ਦੇ ਸਮੇਂ ਸਮਾਜ ਭਲਾਈ ਕੰਮ ਕਰਦਿਆਂ ਹੋ ਜਾਂਦੀ ਹੈ ਤਾਂ ਇਸ ਦਾ ਜ਼ਿੰਮੇਵਾਰ ਕਿਸੇ ਵੀ ਖ਼ਾਸ ਫ਼ਿਰਕੇ ਜਾਂ ਧਰਮ ਦੇ ਲੋਕਾਂ ਨੂੰ ਨਾ ਮੰਨਿਆ ਜਾਵੇ ਕਿਉਂਕਿ ਹਰੇਕ ਮਜ਼੍ਹਬ ਵਿੱਚ ਬੁਰੇ ਭਲੇ ਇਨਸਾਨ ਹੋ ਸਕਦੇ ਹਨ। ਉਨ੍ਹਾਂ ਦਾ ਇਹ ਐਲਾਨ ਅੱਜ ਦੇ ਨਫ਼ਰਤ ਨਾਲ ਭਰੇ ਸਮੁੱਚੇ ਸਮਾਜ ਨੂੰ ਆਪਸੀ ਪ੍ਰੇਮ ਪਿਆਰ ਦੀ ਗਲਵੱਕੜੀ ਵਿੱਚ ਲੈ ਕੇ ਮਨੁੱਖੀ ਮਨਾਂ ਅੰਦਰ ਇੱਕ ਦੂਜੇ ਦੇ ਪ੍ਰਤੀ ਭਰੀ ਨਫ਼ਰਤ ਨੂੰ ਵੀ ਠੰਢ ਪਾਉਣ ਵਾਲਾ ਹੈ। ਆਸ ਕੀਤੀ ਜਾ ਸਕਦੀ ਹੈ ਕਿ ਭਵਿੱਖ ਵਿੱਚ ਇਸ ਸੰਸਥਾ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਕਈ ਸੰਸਥਾਵਾਂ ਆਪਣਾ ਫ਼ਰਜ਼ ਸਮਝਦੇ ਹੋਏ ਲੋਕ ਹਿਤ ਲਈ ਅੱਗੇ ਆਉਣਗੀਆਂ ਤਾਂ ਜੋ ਇਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੋ ਸਕੇ।

(ਜਗਜੀਤ ਸਿੰਘ ‘ਗਣੇਸ਼ਪੁਰ’)
+91 94655-76022

Install Punjabi Akhbar App

Install
×