ਬੇਅਦਬੀ ਅਤੇ ਬਹਿਬਲ ਗੋਲੀਕਾਂਡ ਲਈ ਬਾਦਲ ਪੂਰੀ ਤਰਾਂ ਨਾਲ ਜਿੰਮੇਵਾਰ, ਜੇਕਰ ਸੁਖਬੀਰ ਬਾਦਲ ਵਿੱਚ ਹਿੰਮਤ ਹੈ ਤਾਂ ਉਹ ਇਸ ਸਬੰਧੀ ਮੇਰੇ ਨਾਲ ਜਦੋ ਮਰਜ਼ੀ ਜਿਥੇ ਮਰਜ਼ੀ ਜਨਤਕ ਬਹਿਸ ਕਰ ਲਵੇ – ਖਹਿਰਾ

ਭੁਲੱਥ —ਅੱਜ ਇਥੇ ਇੱਕ ਪ੍ਰੈਸ ਨੋਟ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਭੁਲੱਥ ਨੇ ਸੁਖਬੀਰ ਬਾਦਲ ਨੂੰ ਚੁਣੋਤੀ ਦਿੱਤੀ ਕਿ ਉਸਦੇ ਅਤੇ ਉਸਦੇ ਪਿਤਾ ਖਿਲਾਫ ਬੇਅਦਬੀ ਅਤੇ ਬਹਿਬਲ ਗੋਲੀਕਾਂਡ ਦੇ ਇਲਜਾਮਾਂ ਸਬੰਧੀ ਜਦੋਂ ਮਰਜੀ ਜਿਥੇ ਮਰਜੀ ਖੁੱਲੀ ਬਹਿਸ ਕਰ ਲਵੇ।ਖਹਿਰਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਹੀਂ ਹੋਣੀ ਸੀ ਅਤੇ ਉਪਰੰਤ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਦੋ ਸਿੱਖ ਮਾਰੇ ਨਹੀਂ ਜਾਣੇ ਸਨ ਜੇਕਰ ਉਸ ਵੇਲੇ ਦੀ ਸੱਤਾਧਾਰੀ ਬਾਦਲ ਜੋੜੀ ਚੰਦ ਵੋਟਾਂ ਦੀ ਖਾਤਿਰ ਡੇਰਾ ਸੱਚਾ ਸੋਦਾ ਦੇ ਮੁੱਖੀ ਨਾਲ ਗੁਪਤ ਸਮਝੋਤਾ ਨਾ ਕਰਦੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਾ ਕਰਦੇ।ਖਹਿਰਾ ਨੇ ਕਿਹਾ ਕਿ ਨਫਰਤ ਦੇ ਬੀਜ ਪਹਿਲਾਂ ਡੇਰਾ ਰਾਮ ਰਹੀਮ ਵੱਲੋਂ 11 ਮਈ 2007 ਨੂੰ ਬੀਜੇ ਗਏ ਸਨ ਜਦ ਉਸ ਨੇ ਬਠਿੰਡਾ ਦੇ ਸਲਾਬਤਪੁਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਹਿਨ ਕੇ ਆਪਣੇ ਸ਼ਰਧਾਲੂਆਂ ਦੇ ਇਕੱਠ ਨੂੰ ਸੰਬੋਧਨ ਕੀਤਾ ਸੀ। ਖਹਿਰਾ ਨੇ ਕਿਹਾ ਕਿ ਸਿੱਖ ਮਾਪਿਆਂ ਘਰ ਜੰਮੇ ਡੇਰਾ ਮੁੱਖੀ ਨੂੰ ਚੰਗੀ ਤਰਾਂ ਨਾਲ ਪਤਾ ਸੀ ਕਿ ਉਸ ਦਾ ਇਹ ਬੇਅਦਬੀ ਭਰਿਆ ਕਾਰਾ ਵਿਸ਼ਵ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਏਗਾ ਪਰ ਫਿਰ ਵੀ ਉਸ ਨੇ ਇਹ ਅਪਰਾਧ ਕੀਤਾ। ਖਹਿਰਾ ਨੇ ਦੱਸਿਆ ਕਿ ਸਿੱਖਾਂ ਅਤੇ ਡੇਰਾ ਸ਼ਰਧਾਲੂਆਂ ਵਿਚਾਲੇ ਸਲਾਬਤਪੁਰਾ ਵਿਖੇ ਖੂਨੀ ਵਿਵਾਦ ਹੋਇਆ ਜਿਸ ਵਿੱਚ ਕਿ ਇੱਕ ਵਿਅਕਤੀ ਮਾਰਿਆ ਗਿਆ ਅਤੇ 50 ਗੰਭੀਰ ਜਖਮੀ ਹੋਏ। ਖਹਿਰਾ ਨੇ ਕਿਹਾ ਕਿ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਦਰਮਿਆਨ ਫੈਲੀ ਨਫਰਤ ਦਾ ਇਹ ਮੁੱਢਲਾ ਕਾਰਨ ਸੀ, ਜੇਕਰ ਬਾਦਲਾਂ ਨੇ ਇਸ ਬੇਅਦਬੀ ਕਾਰੇ ਲਈ ਡੇਰਾ ਮੁੱਖੀ ਖਿਲਾਫ ਸਖਤ ਕਾਰਵਾਈ ਕੀਤੀ ਹੁੰਦੀ ਤਾਂ ਭਾਵਨਾਵਾਂ ਸ਼ਾਂਤ ਹੋ ਜਾਣੀਆਂ ਸਨ। ਪਰੰਤੂ ਡੇਰਾ ਮੁੱਖੀ ਨੂੰ ਖੁਸ਼ ਕਰਨ ਵਾਸਤੇ ਮਾਮੂਲੀ 295-ਏ ਦਾ ਮੁਕੱਦਮਾ ਦਰਜ ਕੀਤਾ ਗਿਆ ਅਤੇ ਨਾ ਹੀ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ।ਖਹਿਰਾ ਨੇ ਕਿਹਾ ਕਿ ਬਾਦਲਾਂ ਨੇ ਫਿਰ ਭੱਦੀ ਅਤੇ ਕੋਝੀ ਭੂਮਿਕਾ ਅਦਾ ਕਰਦੇ ਹੋਏ ਜਨਵਰੀ 2012 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੈਸ਼ਨ ਜੱਜ ਬਠਿੰਡਾ ਦੀ ਅਦਾਲਤ ਵਿੱਚ ਉਕਤ ਬੇਅਦਬੀ ਮੁੱਕਦਮੇ ਦੀ ਕੈਂਸਲੇਸ਼ਨ ਰਿਪੋਰਟ ਫਾਈਲ ਕਰ ਦਿੱਤੀ। ਖਹਿਰਾ ਨੇ ਕਿਹਾ ਕਿ ਬਾਦਲਾਂ ਦਾ ਇਹ ਸਿੱਖ ਵਿਰੋਧੀ ਕਦਮ ਅਗਾਮੀ ਚੋਣਾਂ ਵਿੱਚ ਡੇਰਾ ਮੱੁਖੀ ਵੱਲੋਂ ਉਹਨਾਂ ਦੀ ਹਮਾਇਤ ਕੀਤੇ ਜਾਣ ਸਬੰਧੀ ਹੋਏ ਗੁਪਤ ਸਮਝੌਤੇ ਦਾ ਨਤੀਜਾ ਸੀ। ਅਤੇ ਜਿਵੇਂ ਕਿ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਸਰਕਾਰ ਖਿਲਾਫ ਭਾਰੀ ਵਿਰੋਧ ਦੇ ਬਾਵਜੂਦ ਬਾਦਲ ਡੇਰਾ ਪ੍ਰੇਮੀਆਂ ਦੀ ਹਮਾਇਤ ਨਾਲ ਮਾਲਵਾ ਖੇਤਰ ਜਿੱਤਣ ਵਿੱਚ ਸਫਲ ਰਹੇ।ਖਹਿਰਾ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਸੂਬੇ ਵਿੱਚ ਚੋਣ ਕਮੀਸ਼ਨ ਦਾ ਰਾਜ ਹੋਣ ਦੇ ਕੀਤੇ ਜਾ ਰਹੇ ਬੋਗਸ ਬਚਾਅ ਦੀ ਵੀ ਹਵਾ ਨਿਕਲ ਗਈ ਹੈ ਕਿਉਂਕਿ ਜਨਵਰੀ 2012 ਵਿੱਚ ਉਕਤ ਐਫ.ਆਈ.ਆਰ ਦੀ ਪੁਲਿਸ ਵੱਲੋਂ ਕੈਸਲੇਂਸ਼ਨ ਰਿਪੋਰਟ ਫਾਈਲ ਕੀਤੇ ਜਾਣ ਦੀ ਸ਼ੁਰੂਆਤ ਘੱਟੋ ਘੱਟ 2-3 ਮਹੀਨੇ ਪਹਿਲਾਂ ਹੋਈ ਹੋਵੇਗੀ ਜਦ ਉਹ ਸੂਬੇ ਦਾ ਗ੍ਰਹਿ ਮੰਤਰੀ ਸੀ ਇਸ ਲਈ ਉਹ ਆਪਣੀ ਜਿੰਮੇਵਾਰੀ ਤੋਂ ਨਹੀਂ ਭੱਜ ਸਕਦਾ।ਖਹਿਰਾ ਨੇ ਕਿਹਾ ਕਿ ਇਸ ਨਫਰਤ ਅਤੇ ਬੇਅਦਬੀਆਂ ਦਾ ਇੱਕ ਹੋਰ ਮੁੱਖ ਕਾਰਨ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਵਿਵਾਦਿਤ ਫਿਲਮ ਐਮ.ਐਸ.ਜੀ(MSG) ਰਿਲੀਜ ਕਰਵਾਉਣ ਦਾ ਰਾਹ ਪੱਧਰਾ ਕਰਨ ਵਾਸਤੇ 24 ਸਿਤੰਬਰ 2015 ਨੂੰ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ 2007 ਵਿੱਚ ਡੇਰਾ ਮੁੱਖੀ ਨੂੰ ਸਜ਼ਾ ਦੇਣ ਵਾਲਾ ਹੁਕਮਨਾਮਾ ਸਾਜਿਸ਼ੀ ਤੋਰ ਉੱਪਰ ਵਾਪਿਸ ਲਿਆ ਜਾਣਾ ਸੀ। ਖਹਿਰਾ ਨੇ ਦੱਸਿਆ ਕਿ ਬਾਦਲਾਂ ਅਤੇ ਡੇਰਾ ਮੁੱਖੀ ਦਰਮਿਆਨ ਹੋਏ ਸਮਝੋਤੇ ਤਹਿਤ ਉਕਤ ਐਮ.ਐਸ.ਜੀ(MSG) ਫਿਲਮ ਅਗਲੇ ਦਿਨ ਹੀ 25 ਸਿਤੰਬਰ ਨੂੰ ਪੰਜਾਬ ਭਰ ਵਿੱਚ ਰਿਲੀਜ ਹੋ ਗਈ। ਖਹਿਰਾ ਨੇ ਕਿਹਾ ਕਿ ਇਸ ਡੀਲ ਤਹਿਤ ਬਾਦਲ ਜੋੜੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ, ਜਥੇਦਾਰ ਤਖਤ ਤਲਵੰਡੀ ਸਾਬੋ ਗਿਆਨੀ ਗੁਰਮੁੱਖ ਸਿੰਘ ਅਤੇ ਜਥੇਦਾਰ ਮੱਲ ਸਿੰਘ ਨੂੰ 16 ਦਿਸੰਬਰ 2015 ਨੂੰ ਆਪਣੀ 2 ਸੈਕਟਰ ਵਿਚਲੀ ਸਰਕਾਰੀ ਰਿਹਾਇਸ਼ ਉੱਪਰ ਤਲਬ ਕੀਤਾ। ਉਹਨਾਂ ਕਿਹਾ ਕਿ ਉਕਤ ਤਿੰਨੋ ਜਥੇਦਾਰ ਪਹਿਲਾਂ ਸੈਕਟਰ 5 ਵਿੱਚ ਐਸ.ਜੀ.ਪੀ.ਸੀ ਚੰਡੀਗੜ ਦਫਤਰ ਵਿਖੇ ਇਕੱਠੇ ਹੋਏ ਅਤੇ ਇਨੋਵਾ ਕਾਰ ਨੰ ਪੀ.ਬੀ. 02 ਸੀ.ਬੀ 9513 ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਤੇ ਪਹੁੰਚੇ। ਖਹਿਰਾ ਨੇ ਕਿਹਾ ਕਿ ਜਥੇਦਾਰ ਗੁਰਮੁੱਖ ਸਿੰਘ ਦੇ ਭਰਾ ਹਿੰਮਤ ਸਿੰਘ ਨੇ ਇਸ ਮੀਟਿੰਗ ਬਾਰੇ ਜਸਟਿਸ ਰਣਜੀਤ ਸਿੰਘ ਕਮੀਸ਼ਨ ਨੂੰ ਦੱਸਿਆ ਅਤੇ ਕਬੂਲ ਕੀਤਾ ਕਿ ਉਸ ਦੇ ਭਰਾ ਨੇ ਦੱਸਿਆ ਸੀ ਕਿ ਬਾਦਲ ਜੋੜੀ ਜਥੇਦਾਰ ਅਕਾਲ ਤਖਤ ਉੱਪਰ ਦਬਾਅ ਬਣਾ ਰਹੀ ਹੈ ਕਿ 2007 ਵਿੱਚ ਅਕਾਲ ਤਖਤ ਸਾਹਿਬ ਮੁੱਖੀ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਬੇਅਦਬੀ ਮਾਮਲੇ ਸਬੰਧੀ ਡੇਰਾ ਮੁੱਖੀ ਨੂੰ ਸਜ਼ਾ ਦਿੱਤੇ ਜਾਣ ਸਬੰਧੀ ਜਾਰੀ ਕੀਤੇ ਗਏ ਹੁਕਮਨਾਮੇ ਨੂੰ ਵਾਪਿਸ ਲੈ ਕੇ ਡੇਰਾ ਮੁੱਖੀ ਨੂੰ ਮੁਆਫ ਕੀਤਾ ਜਾਵੇ।(ਜਸਟਿਸ ਰਣਜੀਤ ਸਿੰਘ ਕਮੀਸ਼ਨ ਦੀ ਰਿਪੋਰਟ ਅਨੁਸਾਰ, ਖਹਿਰਾ ਨੇ ਕਿਹਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਹੁਕਮਨਾਮੇ ਦੀ ਸਰਾਸਰ ਗਲਤ ਅਤੇ ਹੇਰਫੇਰ ਵਾਲੀ ਵਾਪਸੀ ਕਾਰਨ ਵਿਸ਼ਵ ਭਰ ਦੇ ਸਿੱਖਾਂ ਵਿੱਚ ਭਾਰੀ ਰੋਸ ਫੈਲ ਗਿਆ ਅਤੇ ਪ੍ਰਦਰਸ਼ਨ ਹੋਏ, ਜਿਸ ਕਾਰਨ ਕੋੋਟਕਪੂਰਾ ਅਤੇ ਬਹਿਬਲ ਗੋਲੀਕਾਂਡ ਉਪਰੰਤ 16 ਅਕਤੂਬਰ 2015 ਨੂੰ ਡੇਰਾ ਮੁੱਖੀ ਨੂੰ ਮੁਆਫ ਕਰਨ ਵਾਲਾ ਹੁਕਮਨਾਮਾ ਉਹਨਾਂ ਨੂੰ ਵਾਪਿਸ ਲੈਣਾ ਪਿਆ।ਖਹਿਰਾ ਨੇ ਕਿਹਾ ਕਿ ਬਾਦਲ ਵੱਲੋਂ ਕੀਤੇ ਗਏ ਇਹ ਦੋ ਕਾਰੇ ਜਨਵਰੀ 2012 ਵਿੱਚ ਬਠਿੰਡਾ ਕੋਰਟ ਵਿੱਚ 295-ਏ ਮਾਮਲਾ ਕੈਂਸਲ ਕਰਾਉਣਾ ਅਤੇ ਸਿਰਫ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਮਕਸਦ ਨਾਲ 24 ਸਿਤੰਬਰ 2015 ਨੂੰ ਅਕਾਲ ਤਖਤ ਸਾਹਿਬ ਤੇ ਹੰਗਾਮੀ ਮੀਟਿੰਗ ਬੁਲਾ ਕੇ ਜਥੇਦਾਰ ਗੁਰਬਚਨ ਸਿੰਘ ਵੱਲੋਂ ਫਰਜੀ ਮੁਆਫੀ ਦਿਵਾਉਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮੁੱਖ ਕਾਰਨ ਹਨ। ਖਹਿਰਾ ਨੇ ਕਿਹਾ ਕਿ ਜੇਕਰ ਬਾਦਲਾਂ ਨੇ ਸੋੜੇ ਸਿਆਸੀ ਲਾਹੇ ਖਾਤਿਰ ਡੇਰਾ ਸੱਚਾ ਸੋਦਾ ਮੁੱਖੀ ਨੂੰ ਬਚਾ ਅਤੇ ਪ੍ਰਮੋਟ ਕਰਕੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਨਾ ਮਾਰਿਆ ਹੁੰਦਾ ਤਾਂ ਬੇਅਦਬੀ ਅਤੇ ਬਹਿਬਲ ਗੋਲੀਕਾਂਡ ਵਰਗੀਆਂ ਘਟਨਾਵਾਂ ਹੀ ਨਹੀਂ ਹੋਣੀਆਂ ਸਨ।ਖਹਿਰਾ ਨੇ ਕਿਹਾ ਕਿ ਉਹ ਜੂਨੀਅਰ ਬਾਦਲ ਨੂੰ ਚੁਣੋਤੀ ਦਿੰਦੇ ਹਨ ਕਿ ਹੇਠ ਦੱਸੇ ਸਵਾਲਾਂ ਸਬੰਧੀ ਖੁੱਲੀ ਬਹਿਸ ਕਰਨ ਵਾਸਤੇ ਆਪਣੀ ਮਰਜੀ ਦਾ ਸਮਾਂ ਅਤੇ ਸਥਾਨ ਚੁਣ ਲਵੇ ਕਿਉਂਕਿ ਨਾ ਸਿਰਫ ਉਹ ਬਲਕਿ ਸਾਰੇ ਗੁਰੂ ਨਾਨਕ ਨਾਮ ਲੇਵਾ ਉਸ ਨੂੰ ਬੇਅਦਬੀ ਦੇ ਕਾਰਿਆਂ ਅਤੇ ਬਹਿਬਲ ਕਲਾਂ ਵਿਖੇ ਦੋ ਸਿੱਖਾਂ ਦੇ ਕਤਲ ਦਾ ਜਿੰਮੇਵਾਰ ਮੰਨਦੇ ਹਨ। ਖਹਿਰਾ ਨੇ ਕਿਹਾ ਕਿ ਬਾਦਲ ਮਨੁੱਖੀ ਅਦਾਲਤਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹਨ ਪਰੰਤੂ ਵਾਹਿਗੁਰੂ ਦੀ ਅਦਾਲਤ ਵਿੱਚ ਉਹਨਾਂ ਨੂੰ ਸਜ਼ਾ ਜਰੂਰ ਮਿਲੇਗੀ।

10 ਸਵਾਲ :— 1. ਸੁੰਹ ਖਾ ਕੇ ਦੱਸ ਸਕਦੇ ਹੋ ਕਿ ਚੋਣਾਂ ਤੋਂ ਪਹਿਲਾਂ ਜਨਵਰੀ 2012 ਵਿੱਚ ਬਠਿੰਡਾ ਅਦਾਲਤ ਤੋਂ ਬੇਅਦਬੀ ਮਾਮਲਾ ਵਾਪਿਸ ਕਿਉਂ ਲਿਆ? 2. ਅਕਾਲ ਤਖਤ ਸਾਹਿਬ ਤੇ ਸੁੰਹ ਖਾ ਕੇ ਦੱਸੋ ਕਿ ਕੀ ਤੁਸੀਂ 16 ਸਿਤੰਬਰ 2015 ਨੂੰ ਜਥੇਦਾਰ ਸਾਹਿਬਾਨ ਨੂੰ ਮੁੱਖ ਮੰਤਰੀ ਰਿਹਾਇਸ਼ ਤੇ ਤਲਬ ਕੀਤਾ ਸੀ? ਇਸ ਸਬੰਧੀ ਯੂਟਿਊਬ ਉੱਪਰ ਜਥੇਦਾਰ ਗੁਰਮੁੱਖ ਸਿੰਘ ਦੀ ਵੀਡੀਉ ਹੈ। 3.ਦੱਸੋ ਕਿ ਜਥੇਦਾਰਾਂ ਨੂੰ ਮੁਆਫੀ ਦਿੱਤੇ ਜਾਣ ਲਈ ਤਲਬ ਕੀਤਾ ਸੀ ਤਾਂ ਕਿ ਐਮ.ਐਸ.ਜੀ (MSG) ਫਿਲਮ ਰਿਲੀਜ ਹੋ ਸਕੇ? 4.ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਅਤੇ ਬੇਅਦਬੀ ਦੀ ਲੜੀ ਉਪਰੰਤ ਤੁਸੀਂ ਗ੍ਰਹਿ ਮੰਤਰੀ ਵਜੋਂ ਕੀ ਕੀਤਾ ਜਦਕਿ ਡੇਰਾ ਪ੍ਰੇਮੀਆਂ ਨੇ ਸਿਤੰਬਰ 2015 ਨੂੰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੋਸਟਰ ਲਗਾ ਕੇ ਚਿਤਾਵਨੀ ਦਿੱਤੀ ਸੀ? 5.ਕਿਸੇ ਵੀ ਡੇਰਾ ਪ੍ਰੇਮੀ ਕੋਲੋਂ ਪੁੱਛ ਗਿੱਛ ਕਿਉਂ ਨਹੀਂ ਕੀਤੀ ਜਦਕਿ ਤੁਸੀਂ ਚੰਗੀ ਤਰਾਂ ਪੋਸਟਰਾਂ ਅਤੇ ਬੇਅਦਬੀ ਮਾਮਲਿਆਂ ਵਿੱਚ ਉਹਨਾਂ ਦੀ ਭੂਮਿਕਾ ਸਬੰਧੀ ਜਾਣਦੇ ਸੀ? 6.ਬੇਅਦਬੀ ਦੇ ਜਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦੇਣ ਲਈ ਤੁਹਾਡੀ ਸਰਕਾਰ ਨੇ ਲਗਭਗ 2 ਸਾਲਾਂ ਵਿੱਚ ਕੀ ਕੀਤਾ? 7.ਤੁਹਾਡੀ ਸਰਕਾਰ ਦੇ ਲਗਭਗ 2 ਸਾਲ ਦੇ ਕਾਰਜਕਾਲ ਦੋਰਾਨ 14 ਅਕਤੂਬਰ 2015 ਨੂੰ ਬਹਿਬਲ ਵਿਖੇ ਮਾਰੇ ਗਏ ਦੋ ਸਿੱਖਾਂ ਦੀ ਐਫ.ਆਈ.ਆਰ ਵਿੱਚ ਕਿਸੇ ਪੁਲਿਸ ਅਫਸਰ ਦਾ ਨਾਮ ਕਿਉਂ ਨਹੀਂ ਸੀ? 8.ਕੀ ਮੁੱਖ ਮੰਤਰੀ ਬਾਦਲ ਨੇ 14 ਅਕਤੂਬਰ 2015 ਨੂੰ ਸਵੇਰ ਦੇ 2 ਵਜੇ ਡੀ.ਜੀ.ਪੀ ਸੈਣੀ ਨੂੰ ਫੋਨ ਕੀਤਾ ਸੀ ਅਤੇ ਡੀ.ਜੀ.ਪੀ ਨੇ 10 ਮਿੰਟਾਂ ਵਿੱਚ ਕੋਟਕਪੂਰਾ ਖਾਲੀ ਕਰਵਾਉਣ ਦਾ ਵਾਅਦਾ ਕੀਤਾ ਸੀ ਜਿਸ ਕਾਰਨ ਗੋਲੀ ਚੱਲੀ? 9.ਕੋਟਕਪੂਰਾ ਧਰਨਾ ਚੁਕਾਏ ਜਾਣ ਦੋਰਾਨ ਅਜੀਤ ਸਿੰਘ ਉੱਪਰ ਗੋਲੀ ਚਲਾਉਣ ਵਾਲੇ ਪੁਲਿਸ ਅਫਸਰਾਂ ਖਿਲਾਫ 307 ਦਾ ਮੁਕੱਦਮਾ ਕਿਉਂ ਨਹੀਂ ਦਰਜ਼ ਕੀਤਾ ਗਿਆ? 10….. 14 ਅਕਤੂਬਰ 2015 ਨੂੰ ਜਬਰਦਸਤੀ ਕੋਟਕਪੂਰਾ ਧਰਨਾ ਚੁਕਾਏ ਜਾਣ ਦੋਰਾਨ ਪੁਲਿਸ ਫਾਇਰਿੰਗ ਅਤੇ ਅੱਤਿਆਚਾਰ ਦੀ ਸੀ.ਸੀ.ਟੀ.ਵੀ ਫੁਟੇਜ ਤੁਸੀਂ ਕਿਉਂ ਲੁਕੋਈ? ਜੋ ਕਿ ਬਾਅਦ ਵਿੱਚ ਜਸਟਿਸ ਰਣਜੀਤ ਸਿੰਘ ਕਮੀਸ਼ਨ ਦੁਆਰਾ ਰਿਕਾਰਡ ਵਿੱਚ ਲਿਆਂਦੀ ਗਈ।

Install Punjabi Akhbar App

Install
×