ਪਤਨੀ ਕਤਲ ਦੇ ਦੋਸ਼ੀ ਕੇਵਲ ਸਿੰਘ ਨੂੰ ਬੈਲਜ਼ੀਅਮ ਸੁਪਰੀਮ ਕੋਰਟ ਵੱਲੋਂ 25 ਸਾਲ ਸਜ਼ਾ

9 ਸਾਲ ਬਾਅਦ ਵੀ ਨਹੀ ਮਿਲੀ ਮ੍ਰਿਤਕ ਦੇਹ

ਈਪਰ, ਬੈਲਜ਼ੀਅਮ -ਅਗਸਤ 2012 ਵਿੱਚ ਅਚਾਨਕ ਗੁੰਮ ਹੋਈ ਜੁਗਵਿੰਦਰ ਕੌਰ ਨੁੰ ਲੱਭਣ ਵਿੱਚ ਨਾਕਾਮ ਰਹੀ ਬੈਲਜ਼ੀਅਮ ਪੁਲਿਸ ਨੇ ਅਪਣੀ ਜਾਂਚ-ਪੜਤਾਲ ਵਿੱਚ ਉਸਦੇ ਪਤੀ ਕੇਵਲ ਸਿੰਘ ਦੋਸ਼ੀ ਠਹਿਰਾਉਦਿਆਂ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ। ਹੇਠਲੀਆਂ ਅਦਾਲਤਾਂ ਅਤੇ ਹਾਈਕੋਰਟ ‘ਤੋਂ ਸੁਪਰੀਮ ਕੋਰਟ ਦੀ 12 ਮੈਂਬਰੀ ਜਿਊਰੀ ਨੇ ਇਸ ਮੁਕੱਦਮੇਂ ਦਾ ਅੰਤ ਕਰਦਿਆਂ ਅਪਣੇ ਫੈਸਲੇ ਵਿੱਚ ਕੇਵਲ ਸਿੰਘ ਨੂੰ ਅਪਣੀ ਪਤਨੀ ਦੇ ਕਤਲ ਦਾ ਅਤੇ ਉਸਦੀ ਮ੍ਰਿਤਕ ਦੇਹ ਗਾਇਬ ਕਰਨ ਦਾ ਦੋਸ਼ੀ ਐਲਾਨਦਿਆਂ 25 ਸਾਲ ਦੀ ਸਜ਼ਾ ਸੁਣਾਈ ਹੈ। ਕੇਵਲ ਸਿੰਘ ਜਿਹੜਾ ਅਖੀਰ ਤੱਕ ਵੀ ਅਪਣੇ ਵੱਲੋਂ ਇਸ ਕਤਲ ‘ਤੋਂ ਅਣਜਾਣ ਹੋਣ ਦੇ ਬਿਆਨਾਂ ਤੇ ਹੀ ਕਾਇਮ ਰਿਹਾ ਦੇ ਚੋਟੀ ਦੇ ਵਕੀਲਾਂ ਨੇ ਆਖਰੀ ਦਾਅ ਖੇਡਦਿਆਂ ਉਸਦੀ ਢਿੱਲੀ ਸਿਹਤ, ਵੱਧ ਉਮਰ ਅਤੇ ਹੁਣ ਕਿਸੇ ਜੁਰਮ ਵਿੱਚ ਸ਼ਰੀਕ ਨਾਂ ਹੋਣ ਦਾ ਤਰਲਾ ਵੀ ਅਦਾਲਤ ਅੱਗੇ ਪਾਇਆ ਪਰ ਅਦਾਲਤ ਨੇ ਅਪਣੇ ਸਖ਼ਤ ਰੁੱਖ ਬਰਕਰਾਰ ਰਖਦਿਆਂ ਫੈਸਲੇ ਵਿੱਚ ਲਿਖਿਆ ਕਿ ਇਹ ਅਣਖ ਖਾਤਰ ਕੀਤਾ ਗਿਆ ਕਤਲ ਹੈ ਤੇ ਅਜਿਹੇ ਘਿਨਾਉਣੇ ਜੁਰਮ ਲਈ ਇਸ ਸਭਿਅਕ ਸਮਾਜ ਵਿੱਚ ਕੋਈ ਨਰਮੀ ਨਹੀ ਹੈ। ਫੈਸਲੇ ਵਿਚ ਜਿਊਰੀ ਕਹਿੰਦੀ ਹੈ ਕਿ ਅਭਾਗੀ ਜੁਗਵਿੰਦਰ ਕੌਰ ਅਪਣਾ ਕਿਰਿਆ ਕਰਮ ਵੀ ਨਸੀਬ ਨਹੀ ਹੋਇਆ।

ਅਦਾਲਤ ਦਾ ਮੰਨਣਾ ਹੈ ਕਿ ਪਤਨੀ ਜੁਗਵਿੰਦਰ ਕੌਰ ਵੱਲੋਂ ਮੰਗੇ ਤਲਾਕ ਕਾਰਨ ਅਪਣੇ ਭਾਈਚਾਰੇ ਵਿੱਚ ਨੱਕ ਵੱਢੇ ਜਾਣ ਕਾਰਨ ਕੇਵਲ ਸਿੰਘ ਨੇ ਅਜਿਹਾ ਕੀਤਾ ਹੈ। ਹੁਣ ਤੱਕ ਸਹਿ ਦੋਸ਼ੀ ਮੰਨਿਆਂ ਜਾ ਰਿਹਾ ਕੇਵਲ ਸਿੰਘ ਦਾ ਸਾਬਕਾ ਕਾਮਾ ਪ੍ਰਮਿੰਦਰ ਸਿੰਘ ਕਾਨੀਆ ਇਸ ਉੱਚ ਅਦਾਲਤ ਨੇ ਬਰੀ ਕਰ ਦਿੱਤਾ ਹੈ ਜੋ ਕਿ ਪੁਲਿਸ ਕੋਲ ਦਿੱਤੇ ਬਿਆਨਾਂ ਬਾਅਦ ਹੁਣ ਤੱਕ ਰੂਪੋਸ਼ ਹੈ। ਅਦਾਲਤ ਦੇ ਫੈਸਲੇ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕ ਜੁਗਵਿੰਦਰ ਕੌਰ ਦੇ ਆਸਟਰੇਲੀਆਂ ਰਹਿੰਦੇ ਭਰਾ ਹਰਜੀਤ ਸਿੰਘ ਸੇਖੋਂ ਨੇ ਆਖਿਆ ਕਿ ਬੇਸੱਕ ਉਹਨਾਂ ਦੀ ਭੈਣ ਦੇ ਕਤਲ ਦਾ ਭੇਤ ਸਦਾ ਲਈ ਉਸ ਦੇ ਨਾਲ ਹੀ ਦਫਨ ਹੋ ਗਿਆ ਪਰ ਦੋਸ਼ੀ ਨੂੰ ਮਿਲੀ ਮਿਸਾਲੀ ਸਜ਼ਾ ਕਾਰਨ ਉਹ ਬੈਲਜ਼ੀਅਮ ਪੁਲਿਸ ਪ੍ਰਸ਼ਾਸਨ ਨਿਆਂਇਕ ਪ੍ਰਬੰਧ ਦੇ ਧੰਨਵਾਦੀ ਹਨ। ਜਿਕਰਯੋਗ ਹੈ ਕਿ ਕੇਵਲ ਸਿੰਘ ਮੋਗਾ ਜਿਲ੍ਹੇ ਦੇ ਪਿੰਡ ਭਾਗੀਕਾ ਅਤੇ ਜੁਗਵਿੰਦਰ ਕੌਰ ਲੁਧਿਆਣਾ ਜਿਲ੍ਹੇ ਦੇ ਪਿੰਡ ਦਾਖਾ ਦੀ ਜੰਮਪਲ ਸੀ ਜਿਨ੍ਹਾਂ ਦਾ ਵਿਆਹ 2005 ਵਿੱਚ ਹੋਇਆ ਸੀ ਤੇ ਉਹਨਾਂ ਦੇ ਟੈਸਟ ਟਿਊਬ ਵਿੱਧੀ ਰਾਂਹੀ ਇੱਕ ਪੁੱਤਰ ਵੀ ਹੈ ਜੋ ਇੱਕ ਸਾਲ ਦੀ ਉਮਰ ਵਿੱਚ ਹੀ ਮਾਂ ਦੀ ਮਮਤਾ ‘ਤੋਂ ਵਾਂਝਾ ਹੋ ਗਿਆ ਸੀ।

(ਪ੍ਰਗਟ ਸਿੰਘ ਜੋਧਪੁਰੀ) psjodhpuri@hotmail.com

Welcome to Punjabi Akhbar

Install Punjabi Akhbar
×
Enable Notifications    OK No thanks