ਪੂਰਬੀ ਚਿੰਤਨ ਯੂਰਪੀ ਚਿੰਤਨ ਦੇ ਮੁਕਾਬਲੇ ਕੁਦਰਤ ਪੱਖੀ ਹੈ: — ਡਾ. ਸਵਰਾਜ ਸਿੰਘ

‘ਢਾਹਾਂ ਪੁਰਸਕਾਰ’ ਲਈ ਕੇਸਰਾ ਰਾਮ ਕਹਾਣੀਕਾਰ ਦਾ ਸਨਮਾਨ

ਗੁਰੂ ਨਾਨਕ ਦੇਵ ਜੀ ਨੇ ਵਾਸਤਵਿਕ ਸੰਸਾਰ ਦੀ ਹੋਂਦ ਨੂੰ ਸਵਿਕਾਰਦਿਆਂ ਇਸ ਵਿੱਚ ਕੁਦਰਤ ਵਿਰੋਧੀ ਹੋ ਰਹੇ ਅਨੇਤਿਕ ਕਾਰਜਾਂ ਨੂੰ ਰੱਦ ਕਰਨ ਲਈ ਰਟਨ ਕੀਤਾ ਤਾਂ ਕਿ ਉਹ ਇਸ ਵਿਵਸਥਾ ਨੂੰ ਇੱਛਤ ਮਾਨਵੀ ਕਿਰਤ ਦੇ ਸਰਬਤ ਦੇ ਭਲੇ ਦੇ ਸੀਰਤ ਅਤੇ ਸੂਰਤੀ ਕਾਲਪਨਿਕ ਸੁਭਾਅ ਨੂੰ ਕਰਤਾਰੀ ਵਾਸਤਵਿਕਤਾ ਵਿੱਚ ਬਦਲਾ ਸਕਣ। ਉਨ੍ਹਾਂ ਆਪਣੇ ਇੱਕ ਕਾਰਜ ਲਈ ਕੋਈ ਮੱਠ ਵਿਵਸਥਾ ਕਾਇਮ ਨਹੀਂ ਕੀਤੀ, ਸਗੋਂ ਰਟਨ ਦੀ ਜੁਗਤ ਨੂੰ ਵਰਤਿਆ। ਇਹ ਵਿਚਾਰ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਪ੍ਰਧਾਨਗੀ ਵਿੰਚ ਹੋਏ ਪੰਜਾਬੀ ਸਪਤਾਹ ਦੇ ਅਵਸਰ ਤੇ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਸਮਾਗਮ ਵਿੱਚ ਉੱਭਰੇ। ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ ਵਿਸ਼ਵਚਿੰਤਕ, ਡਾ. ਨਰਵਿੰਦਰ ਸਿੰਘ ਕੌਸ਼ਲ ਡੀਨ ਕੁਰੂਕਸ਼ੇਤਰਾ ਯੂਨੀ., ਡਾ. ਭਗਵੰਤ ਸਿੰਘ, ਪਵਨ ਹਰਚੰਦਪੁਰੀ, ਡਾ. ਦੇਵਿੰਦਰ ਕੌਰ ਸ਼ਾਮਲ ਹੋਏ। ਸਮਾਗਮ ਦਾ ਆਰੰਭ ਅੰਮ੍ਰਿਤਪਾਲ ਸਿੰਘ ਅਜੀਜ਼ ਦੇ ਸ਼ਬਦ ਗਾਇਨ ਨਾਲ ਹੋਇਆ। ਮਾਨਵ ਵਿਕਾਸ ਦੀ ਨਿਰੰਤਰ ਗਤੀਸ਼ੀਲ ਇਤਿਹਾਸਕਧਾਰਾ ਦੀ ਵਿਆਖਿਆ ਕਰਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਇਹ ਵਿਕਾਸ ਟੁਕਿੜਆਂ ਵਿੱਚ, ਖਾਨਿਆਂ ਵਿੱਚ ਨਹੀਂ ਹੋਇਆ ਸਗੋਂ ਇੱਕ ਲੜੀ ਬੱਧ ਰੂਪ ਵਿੱਚ ਅਜੋਕੀ ਵਾਸਤਵਿਕਤਾ ਤੱਕ ਪਹੁੰਚਿਆ ਹੈ। ਗੁਰੂ ਨਾਨਕ ਦੇਵ ਜੀ ਸਮੇਂ ਦੀ ਵਾਸਤਵਿਕਤਾ ਵਿੱਚ ਦਵੰਦ ਮਨਮੁੱਖ (ਮਾਇਆ), ਗੁਰਮੁਖ (ਕਿਰਤੀ), ਵਿਚਕਾਰ ਸੀ। ਗੁਰੂ ਸਾਹਿਬ ਕਿਰਤ ਨਾਲ ਖੜ੍ਹੇ। ਅੱਜ ਦਾ ਦਵੰਦ ਵੀ ਮਨਮੁੱਖ (ਪੂੰਜੀਪਤੀ), ਗੁਰਮੁਖ (ਕਿਰਤ) ਦੀ ਵਾਸਤਵਿਕਤਾ ਵਿੱਚ ਹੈ। ਜਿਸ ਬਾਰੇ ਸਾਡੇ ਸਮੇਂ ਦੇ ਲੇਖਕਾਂ ਨੂੰ ਮਾਨਵ ਹਿਤੈਸ਼ੀ ਫੈਸਲਾ ਲੈਣਾ ਚਾਹੀਦਾ ਹੈ। ਮੈਨੂੰ ਤਸੱਲੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਮਾਇਆ ਨੂੰ ਰੱਦਨ ਦੀ ਪ੍ਰਕਿਰਿਆ ਦਾ ਹਾਮੀ ਬਣਕੇ ਸਾਡਾ ਅੱਜ ਦਾ ਲੇਖਕ ਕੇਸਰਾ ਰਾਮ ਵੀ ਆਪਣੀ ਰਚਨਾ ਵਿੱਚ ਪੂੰਜੀਪਤੀ ਦੀ ਅਨੇਤਿਕ ਵਾਸਤਵਿਕਤਾ ਨੂੰ ਰੱਦ ਕਰਕੇ ਕਿਰਤ ਦੀ ਸਾਪੇਖੀ ਵਾਸਤਵਿਕਤਾ ਨੂੰ ਮਾਨਤਾ ਦਿੰਦਾ ਹੈ।  ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਨੇ ਯੂਰਪੀ ਅਤੇ ਪੂਰਬੀ ਚਿੰਤਨ ਦੀ ਤੁਲਨਾ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਪੂਰਬੀ ਚਿੰਤਨ ਨੂੰ ਯੂਰਪੀ ਚਿੰਤਨਾਂ ਦੇ ਮੁਕਾਬਲੇ ਕੁਦਰਤ ਪੱਖੀ ਸਿਰਜਨਾਤਮਿਕ ਦੱਸਿਆ। ਗੁਰੂ ਨਾਨਕ ਦੇਵ ਜੀ ਦਾ ਚਿੰਤਨ ਸਮਕਾਲ ਵਿੱਚ ਸਮੁੱਚੇ ਸੰਸਾਰ ਚਿੰਤਨਾ ਨਾਲੋਂ ਸਿਖਰ ਤੇ ਹੈ। ਇਸ ਵਿਚਾਰ ਚਰਚਾ ਵਿੱਚ ਡਾ. ਨਰਵਿੰਦਰ ਸਿੰਘ ਕੌਸ਼ਲ, ਡਾ. ਭਗਵੰਤ ਸਿੰਘ, ਡਾ. ਦਵਿੰਦਰ ਕੌਰ, ਡਾ. ਰਾਜੀਵ ਕੁਮਾਰ, ਡਾ. ਕਰਾਂਤੀ ਪਾਲ, ਅਮਰ ਗਰਗ ਕਲਮਦਾਨ, ਐਡਵੋਕੇਟ ਜਗਦੀਪ ਸਿੰਘ, ਕੁਲਵੰਤ ਕਸਕ, ਭਰਗਾ ਨੰਦ ਨਾਵਲਕਾਰ, ਕੇਸਰਾ ਰਾਮ ਦੀ ਕਹਾਣੀ ਕਲਾ ਬਾਰੇ ਵਿਸਥਾਰ ਵਿੱਚ ਆਪਣੇ ਮੁਲੰਕਣੀ ਵਿਚਾਰ ਦਿੱਤੇ। ਕੇਸਰਾ ਰਾਮ ਨੇ ਆਪਣੀ ਕਹਾਣੀ ਕਲਾ ਬਾਰੇ ਅਤੇ ਸੰਗਰੂਰ ਰਹਿਣ ਸਮੇਂ ਪੰਜਾਬੀ ਸਾਹਿਤ ਸਭਾ ਸੰਗਰੂਰ ਨਾਲ ਜੁੜੀਆਂ ਯਾਦਾਂ ਤਾਜ਼ਾ ਕਰਦਿਆਂ ਸਵੀਕਾਰ ਕੀਤੇ, ਉਨ੍ਹਾਂ ਨੇ ਪੰਜਾਬੀ ਕਹਾਣੀ ਲਿਖਣੀ ਸੰਗਰੂਰ ਦੀ ਸਾਹਿਤ ਲਹਿਰ ਵਿੱਚੋਂ ਹੀ ਸਿੱਖੀ ਹੈ। ਸਭਾ ਵੱਲੋਂ ਕੇਸਰਾ ਰਾਮ ਜੀ ਦਾ ਸਨਮਾਨ ਚਿੰਨ੍ਹ ਅਤੇ ਸ਼ਾਲ ਨਾਲ ਸਨਮਾਨ ਕੀਤਾ। ਇਸ ਸਮੇਂ ਕਰਾਂਤੀਪਾਲ ਵੱਲੋਂ ਸੰਪਾਦਤ ‘ਕਹਾਣੀ ਪੰਜਾਬ ਦੇ 100ਵੇਂ ਅੰਕ ਦੀ ਚੌਥੀ ਲੜੀ* ਲੋਕ ਅਰਪਣ ਕੀਤੀ ਗਈ। ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਮੀਤ ਸਕਰੌਦੀ, ਕੁਲਵੰਤ ਕਸੱਕ, ਸੁਰਿੰਦਰ ਪਾਲ, ਕ੍ਰਿਸ਼ਨ ਬੇਤਾਬ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਗੁਰਚਰਨ ਸਿੰਘ ਢੀਂਡਸਾ, ਮਨਟੇਕ ਵਾਲੀਆ, ਸੁਖਜੀਤ ਕੌਰ, ਅਨਮੋਲ ਮਡਾਹੜ, ਅਮਰ ਗਰਗ ਨੇ ਕਵਿਤਾਵਾਂ ਸੁਣਾਈਆਂ। ਅਜਾਦ ਸੋਚ ਟੀ.ਵੀ. ਚੈਨਲ ਵੱਲੋਂ ਸਮਾਗਮ ਦਾ ਸਾਰਾ ਪ੍ਰੋਗਰਾਮ ਲਾਈਵ ਟੀ.ਵੀ. ਉਤੇ ਚਲਾਇਆ। ਸਮਾਗਮ ਦਾ ਅੰਤ ਵਿੱਚ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਨੂੰ ਅੰਮ੍ਰਿਤਪਾਲ ਦੁਆਰਾ ਸੁਰੀਲੀ ਅਵਾਜ ਵਿੱਚ ਗਾਉਣ ਨਾਲ ਹੋਇਆ। ਸ. ਗੁਰਨਾਮ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਸਭਾ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਚਾਹ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

Install Punjabi Akhbar App

Install
×