ਕੇਜਰੀਵਾਲ ਦੀ ਦਿੱਲੀ ਜਿੱਤ ਕੀ ਪੰਜਾਬ ਵਿਚ ”ਆਪ” ਨੂੰ ਖੜਾ ਕਰੇਗੀ?

ਫਰਵਰੀ ਮਹੀਨੇ ਦਾ ਪਹਿਲਾ ਪੱਖ ਭਾਰਤੀ ਸਿਆਸਤ ਵਿਚ ਅਹਿਮ ਰਿਹਾ। ਜਦੋਂ ਕੇਜਰੀਵਾਲ ਦੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਤਕਰੀਬਨ 2015 ਵਾਲਾ ਸਿਆਸੀ ਪਰਚਮ ਲਹਿਰਾਕੇ ਨਿਰਾਸ਼ ਹੋਈ ਸਮੁੱਚੀ ਵਿਰੋਧੀ ਧਿਰ ਵਿਚ ਨਵੀਂ ਇੱਛਾਂ ਸ਼ਕਤੀ ਦਾ ਜਾਗ ਲਾਇਆ ਹੈ। ਕੇਜਰੀਵਾਲ ਦੀ ਇਸ ਜਿੱਤ ਨੇ ਵੀਹਵੀਂ ਸਦੀ ਦੇ ਆਖਰੀ ਦਹਾਕੇ ਵਿਚ ਮੁਲਕ ਦੀ ਸਿਆਸਤ ਵਿਚ ਖੇਤਰੀ ਦਲਾਂ ਦੀ ਅਹਿਮ ਭੂਮਿਕਾ ਨੂੰ ਮੁੜ ਪ੍ਰਭਾਸ਼ਿਤ ਕੀਤਾ ਹੈ। ਵੀਹਵੀਂ ਸਦੀ ਦਾ ਆਖਰੀ ਦਹਾਕਾ ਮਜਬੂਤ ਕਾਂਗਰਸ ਦੀਆਂ ਨੀਤੀਆਂ ਦਾ ਬਦਲ ਬਣਿਆ ਸੀ। ਇਹ ਚੋਣਾਂ ਦੇ ਨਤੀਜੇ ਦੱਸਦੇ ਹਨ ਕੀ ਇਹ ਦਹਾਕਾ ਮਜਬੂਤ ਭਾਜਪਾ ਦੇ ਬਦਲ ਦਾ ਦਹਾਕਾ ਵੀ ਬਣ ਸਕਦਾ ਹੈ। ਅਜਿਹੇ ਦੌਰ ਵਿਚ ਕਾਂਗਰਸ ਵੀ ਭਾਜਪਾ ਦੇ ਸਾਹਮਣੇ ਉਸ ਸਮੇਂ ਦੀ ਖੇਤਰੀ ਭਾਜਪਾ ਹੀ ਨਜ਼ਰ ਆ ਰਹੀ ਹੈ। ਜੋ ਕੁਝ ਸੂਬਿਆਂ ਵਿਚ ਆਪਣੀ ਜ਼ਮੀਨ ਬਚਾਉਣ ਵਿਚ ਲੱਗੀ ਹੋਈ ਹੈ। ਜਿਸ ਲਈ ਉਸਦੇ ਸਿਆਸੀ ਸਰੈਂਡਰ ਸਾਨੂੰ ਸਾਫ਼ ਰੂਪ ਵਿਚ ਨਜ਼ਰ ਵੀ ਆ ਰਹੇ ਹਨ। ਇਸਦਾ ਪ੍ਰਤੱਖ ਪ੍ਰਮਾਣ ਦਿੱਲੀ ਚੋਣਾਂ ਵਿਚ ਸਾਨੂੰ ਸਾਫ਼ ਨਜ਼ਰ ਆਇਆ ਹੈ। ਜਿਥੇ ਸਮੁੱਚੀ ਕਾਂਗਰਸ ਦੀ ਸਿਰਮੌਰ ਲੀਡਰਸ਼ਿਪ ਦੇ ਮਹਾਂਨਗਰ ਵਿਚ ਹਾਜ਼ਿਰ ਹੁੰਦਿਆਂ ਵੀ ਉਹ ਆਮ ਆਦਮੀ ਪਾਰਟੀ ਦੇ ਪੱਖ ਵਿਚ ਗੈਰ ਹਾਜ਼ਿਰ ਹੋ ਗਈ। ਕੁਝ ਮਹੀਨਿਆਂ ਵਿਚ ਭਾਵ ਕਿ 2019 ਦੀਆਂ ਲੋਕ ਸਭਾ ਚੋਣਾਂ ਵਿਚ ਦਿੱਲੀ ਦੀ ਦੂਸਰੀ ਵੱਡੀ ਪਾਰਟੀ ਬਣੀ ਕਾਂਗਰਸ 22 ਫ਼ੀਸਦ ਲੋਕਾਂ ਦੇ ਭਰੋਸੇ ਨੂੰ 4 ਫ਼ੀਸਦ ਕਰਕੇ ਆਪਣੇ ਮੁੱਖ ਵਿਰੋਧੀ ਭਾਜਪਾ ਨੂੰ ਵਿਚਾਰਕ ਤੇ ਸਿਆਸੀ ਢਾਹ ਲਾਉਣ ਨੂੰ ਆਉਣੀ ਜਿੱਤ ਮੰਨਦੀ ਹੈ। ਜਿਸ ਤਹਿਤ ਕਾਂਗਰਸ ਦੁਸ਼ਮਣ ਦੇ ਦੁਸ਼ਮਣ ਦੀ ਆਪਣੇ ਸਿਆਸੀ ਪ੍ਰੋਗਰਾਮ ਰਾਹੀਂ ਮਿੱਤਰ ਹੀ ਬਣ ਜਾਂਦੀ ਹੈ। ਕਾਂਗਰਸ ਦਾ ਅਜਿਹਾ ਕਰਨਾ ਕੌਮੀ ਪੱਧਰ ਤੇ ਉਸਦੀ ਸਿਆਸਤ ਨੂੰ ਬਚਾਉਣ ਦਾ ਹੰਭਲੇ ਵਜੋਂ ਨਜ਼ਰ ਆਉਂਦਾ ਹੈ। ਪਰ ਇਸਦੇ ਉਸਦੀ ਖੇਤਰੀ ਸਿਆਸਤ ਭਾਵ ਪੰਜਾਬ ਵਿਚ ਅਰਥ ਵੱਖਰੇ ਰੂਪ ਵਿਚ ਦੇਖੇ ਜਾਣਗੇ। ਕਿਓਂਕਿ ਇਥੇ ਇਸਦੇ ਅਰਥ ਬਦਲ ਹੀ ਜਾਂਦੇ ਹਨ।
ਅਸੀਂ ਜਾਣਦੇ ਹਾਂ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਆਪਣੇ ਉਤਰ ਆਧੁਨਿਕ ਸਿਆਸੀ ਫਰੇਮ ਵਰਕ ਨੂੰ ਲਾਗੂ ਕਰਨ ਲਈ ਆਉਣ ਵਾਲੇ ਸਮੇਂ ‘ਚ ਹਰ ਸੰਭਵ ਯਤਨ ਕਰੇਗੀ। ਜਿਸ ਵਿਚ ਪਿਛਲੀ ਬਾਰ ਦੀਆਂ ਗਲਤੀਆਂ ਨੂੰ ਸੁਧਾਰਨ ਲਈ ਜਿਥੇ ਯਤਨ ਹੋਣਗੇ, ਓਥੇ ਹੀ ਆਮ ਆਦਮੀ ਪਾਰਟੀ ਆਪਣੇ ਦਿੱਲੀ ਵਾਲੇ ਅੱਧੇ ਕੱਚੇ ਸੂਬੇ ਵਿਚ ਕਿਲੇ ਨੂੰ ਪੱਕਾ ਕਰਨ ਤੋਂ ਬਾਅਦ ਅਗਲੇਰੀ ਵੱਡੀ ਮੁਹਿੰਮ ਵਜੋਂ ਵੀ ਪੇਸ਼ ਕਰੇਗੀ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਨੂੰ ਪੂਰੀ ਤਰਾਂ ਆਪਣੀ ਪਰਿਵਾਰਕ ਸਿਆਸੀ ਪਾਰਟੀ ਬਣਾਉਣ ਤੋਂ ਬਾਅਦ ਉਸੇ ਤਰਾਂ ਦੀ ਸਿਆਸੀ ਭੁੱਖ ਰੱਖਦੇ ਹਨ। ਜੋ ਭੁੱਖ ਮਮਤਾ ਬੈਨਰਜੀ, ਮਾਇਆਵਤੀ, ਮੁਲਾਇਮ ਸਿੰਘ ਯਾਦਵ, ਚੰਦਰ ਬਾਬੂ ਨਾਇਡੂ ਅਤੇ ਸ਼ਰਦ ਪਵਾਰ ਵਿਚ ਸਮੇਂ ਸਮੇਂ ਤੇ ਦੇਖੀ ਜਾਂਦੀ ਰਹੀ ਹੈ। ਪਰ ਉਹਨਾਂ ਦੇ ਉਲਟ ਕੇਜਰੀਵਾਲ ਮੁਕਾਬਲਤਨ ਲੋਕਾਂ ਨੂੰ ਆਪਣੇ ਪੋਸਟ ਮਾਡਰੇਟ ਸਿਆਸੀ ਮਾਡਲ ਕਰਕੇ ਅਪੀਲ ਵੀ ਕਰਦਾ ਹੈ। ਪਰ ਪੰਜਾਬ ਵਿਚ ਉਸਦੀ ਲੜਾਈ ਐਨੀ ਸੌਖੀ ਨਹੀਂ ਹੋਵੇਗੀ। ਹਾਲਾਂਕਿ ਭਗਵੰਤ ਮਾਨ ਨੇ ਕੇਜਰੀਵਾਲ ਦੀ ਇਛਾਵਾਂ ਨੂੰ ਆਪਣੇ ਉਸ ਬਿਆਨ ਰਾਹੀਂ ਦਰਸਾ ਵੀ ਦਿੱਤਾ ਹੈ ਕਿ ਕੇਜਰੀਵਾਲ ਇਸੇ ਮਹੀਨੇ ਦੇ ਅੰਤ ਵਿਚ ਪੰਜਾਬ ਵਿਚ ਦੌਰਾ ਹੀ ਨਹੀਂ ਸਗੋਂ ਰੋਡ ਸ਼ੋ ਵੀ ਕਰਨਗੇ। ਹਾਲਾਂਕਿ ਅਰਵਿੰਦ ਕੇਜਰੀਵਾਲ ਬਿਕਰਮ ਜੀਤ ਸਿੰਘ ਮਜੀਠੀਆ ਬਾਬਤ ਆਪਣੇ ਬਿਆਨ ਤੇ ਮੁਆਫੀ ਮੰਗਣ ਤੋਂ ਬਾਅਦ ਪੰਜਾਬ ਆਉਣ ਤੋਂ ਟਾਲੀ ਵੱਟਦੇ ਰਹੇ ਹਨ। ਜਿਸ ਸਦਕਾ ਲੋਕ ਸਭਾ ਚੋਣਾਂ ਵਿਚ ਕੇਜਰੀਵਾਲ ਨੇ ਪੰਜਾਬ ਦੇ ਸਿਆਸੀ ਭੂ ਖੰਡ ਨੂੰ ਸੁੰਨਾ ਹੀ ਛੱਡ ਦਿੱਤਾ ਸੀ। ਪਰ ਉਹ ਹੁਣ ਐਨੇ ਕੁ ਸਿਆਸੀ ਹੋ ਚੁੱਕੇ ਹਨ ਕਿ, ਲੋਕ ਸਿਆਸੀ ਤੌਰ ਬਹੁਤ ਕੁਝ ਛੇਤੀ ਭੁੱਲ ਵੀ ਜਾਂਦੇ ਹਨ।
ਪੰਜਾਬ ਵਿਚ ਇਸ ਸਮੇਂ ਸਿਆਸੀ ਖਲਾਅ ਹੀ ਨਹੀਂ ਸਗੋਂ ਲੋਕਾਂ ਦੇ ਨਾਲ ਨਾਲ ਸਿਆਸੀ ਖੇਤਰ ਵਿਚ ਵੀ ਨੀਰਸਤਾ ਆਪਣੀ ਚਰਮ ਸੀਮਾਂ ਤੇ ਹੈ। ਆਮ ਆਦਮੀ ਪਾਰਟੀ ਤੋਂ ਇਲਾਵਾ ਦੋਵੇਂ ਮੁੱਖ ਪਾਰਟੀਆਂ ਆਪੋ ਆਪਣੇ ਗ੍ਰਹਿ ਯੁੱਧ ਤੋਂ ਬੁਰੀ ਤਰਾਂ ਪ੍ਰਭਾਵਿਤ ਹਨ। ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਕਾਰਗੁਜ਼ਾਰੀ ਉਸਦੀ ਆਪਣੀ ਪਾਰਟੀ ਦੇ ਸਥਾਨਕ ਵੱਡੇ ਤੋਂ ਛੋਟੇ ਆਗੂਆਂ ਨੂੰ ਹੀ ਨਹੀਂ ਸਗੋਂ ਕੇਂਦਰੀ ਟੀਮ ਨੂੰ ਵੀ ਚੁਭਵੀਂ ਲੱਗਦੀ ਹੈ। ਇਸੇ ਖਲਾਅ ਵਿਚ ਨਵਜੋਤ ਸਿੰਘ ਸਿੱਧੂ ਵਰਗੇ ਨੇਤਾ ਲਟਕ ਰਹੇ ਹਨ। ਸੁਖਬੀਰ ਬਾਦਲ ਕਿਸੇ ਸਮੇਂ ਆਪਣੇ ਬਾਪ ਦੇ ਵਿਸ਼ਵਾਸ ਪਾਤਰ ਰਹੇ ਬੁਜ਼ਰਗਾਂ ਦੇ ਟੋਲੇ ਨਾਲ ਜਿਥੇ ਜੂੰਝ ਰਹੇ ਹਨ। ਉਥੇ ਹੀ ਉਸਦੀ ਭਾਈਵਾਲ ਪਾਰਟੀ ਭਾਜਪਾ ਦਾ ਅਕਾਲੀ ਦਲ ਪ੍ਰਤੀ ਅਸਾਵਾਂਪਣ ਵੀ ਉਸਦੇ ਸਿਆਸੀ ਭਵਿੱਖ ਉੱਪਰ ਸਿਵਾਲੀਆ ਨਿਸ਼ਾਨ ਲਗਾ ਰਿਹਾ ਹੈ। ਐਨਾ ਹੀ ਨਹੀਂ ਸ਼ਿਰੋਮਣੀ ਅਕਾਲੀ ਦਲ ਨੂੰ ਆਪਣੇ ਦਸ ਸਾਲਾਂ ਦੇ ਕਾਰਜ਼ਕਾਲ ਵਿਚ ਕੀਤੇ ਸਿਆਸੀ ਜ਼ੋਰ ਜਬਰ ਤੇ ਉਸ ਸਮੇਂ ਦੌਰਾਨ ਅਕਾਲੀ ਦਲ ਦੇ ਸਿੱਖਾਂ ਦੀ ਪਾਰਟੀ ਵਲੋਂ ਪ੍ਰਭਾਸ਼ਿਤ ਧਿਰ ਦੇ ਆਪਣੀ ਸੱਤਾ ਦੌਰਾਨ ਹੋਈਆਂ ਬੇਅਦਵੀਆਂ ਤੇ ਪੁਲਸੀਆ ਫਾਇਰਿੰਗ ਵਿਚ ਮਾਰੇ ਲੋਕਾਂ ਦੇ ਵਿਰੋਧ ਵਿਚੋਂ ਉਪਜੇ ਰੋਸ ਨੂੰ ਅਜੇ ਤੱਕ ਕਾਬੂ ਕਰਨ ਵਿਚ ਅਸਫ਼ਲ ਰਹੀ। ਜਿਸਦਾ ਫਾਇਦਾ ਦੋ ਬਾਰ ਕਾਂਗਰਸ ਨੇ ਚੁੱਕਿਆ ਹੈ। ਬਦਲੇ ਵਿਚ ਉਸਦੀ ਆਪਣੀ ਕਾਰਗੁਜ਼ਾਰੀ ਸਿਫ਼ਰ ਦੇ ਇਰਦ ਗਿਰਦ ਘੁੰਮ ਰਹੀ ਹੈ। ਪੰਜਾਬ ਦੀ ਹਵਾ ਵਿਚ ਨਸ਼ਾ, ਬੇਰੁਜ਼ਗਾਰੀ, ਕਿਸਾਨ ਖੁਦਕੁਸ਼ੀਆਂ, ਫ਼ਸਲ ਸੰਕਟ, ਪਾਣੀਆਂ ਦੇ ਮੁੱਦੇ ਤੇ ਪਰਵਾਸ ਜਿਓਂ ਦੇ ਤਿਓਂ ਤੈਰ ਰਹੇ ਹਨ।
ਇਹਨਾਂ ਤੈਰਦੇ ਸਵਾਲਾਂ ਦੇ ਜੁਆਬ ਇੱਕ ਬਾਰ ਫੇਰ ਆਮ ਆਦਮੀ ਪਾਰਟੀ ਦਿੱਲੀ ਦੇ ਸੰਦਰਭ ਵਿਚੋਂ ਆਸ ਲੈਕੇ ਆ ਸਕਦੀ ਹੈ। ਜਿਸ ਤਹਿਤ ਆਪ ਦਿੱਲੀ ਦੀ ਜਿੱਤ ਤੇ ਕੁਝ ਕੁ ਕੀਤੇ ਕੰਮਾਂ ਨੂੰ ਰਿਕਾਰਡ ਵਜੋਂ ਵਰਤਣ ਦੀ ਕੋਸ਼ਿਸ ਵਿਚ ਕੰਮ ਕਰਨ ਦਾ ਵੀ ਯਤਨ ਕਰੇਗੀ। ਪਰ ਉਸਦੇ ਚੁਣੇ ਵਿਧਾਇਕਾਂ ਦੀ ਮਾੜੀ ਕਾਰਗੁਜ਼ਾਰੀ ਤੇ ਪਾਟੋ ਧਾੜ, ਭਗਵੰਤ ਮਾਨ ਦਾ ਮੁੱਖ ਮੰਤਰੀ ਦਾ ਸੁਪਨਾ, ਡਾਕਟਰ ਧਰਮਵੀਰ ਗਾਂਧੀ ਅਤੇ ਸੁਖਪਾਲ ਸਿੰਘ ਖਹਿਰਾ ਵਰਗੇ ਧਾਕੜ ਨੇਤਾਵਾਂ ਦਾ ਪਾਰਟੀ ਦੇ ਵਤੀਰੇ ਕਰਕੇ ਖੁਸਣਾ, ਸੰਜੇ ਸਿੰਘ ਅਤੇ ਦੁਰਝਗੇਸ਼ ਪਾਠਕ ਉੱਪਰ ਲੱਗੇ ਦੋਸ਼ ਕਾਡਰ ਨੂੰ ਅਜੇ ਤੱਕ ਨਿਰਾਸ਼ ਕਰਦੇ ਹਨ।
ਆਪ ਕੋਲ 2019 ਦੀਆਂ ਲੋਕ ਸਭਾ ਚੋਣਾਂ ਵਿਚ 7 38 ਫ਼ੀਸਦ ਵੋਟ ਸ਼ੇਅਰ ਹੁੰਦਾ ਹੈ। ਜਿਸ ਵਿਚ ਆਪਣੇ ਦਮ ਤੇ ਜਿੱਤੇ ਭਗਵੰਤ ਮਾਨ ਦਾ ਆਪਣਾ ਵੱਡਾ ਹਿੱਸਾ ਹੈ। ਪਰ ਇਹੀ ਵੋਟ ਸ਼ੇਅਰ 2014 ਦੀਆਂ ਵੋਟਾਂ ਵਿਚ ਤਕਰੀਬਨ 24 ਫ਼ੀਸਦ ਹੁੰਦਾ ਹੈ। ਜੋ 2014 ‘ਚ ਪਈਆਂ ਵੋਟਾਂ ਤੋਂ ਅੱਧਾ ਕੁ ਫ਼ੀਸਦ ਘੱਟ ਹੀ ਹੁੰਦਾ ਹੈ। ਪਰ ਪੰਜਾਬ ਵਿਚ 2022 ‘ਚ ਕਿਸੇ ਵੀ ਪਾਰਟੀ ਨੂੰ ਜਿੱਤਣ ਲਈ 40 ਫ਼ੀਸਦ ਦੇ ਨੇੜੇ ਤੇੜੇ ਵੋਟਾਂ ਦੀ ਜਰੂਰਤ ਹੈ। ਜਿਸ ਲਈ ਆਮ ਆਦਮੀ ਪਾਰਟੀ ਨੂੰ 2019 ਦੀ ਕਾਰਗੁਜ਼ਾਰੀ ਤੋਂ ਤਕਰੀਬਨ 30 ਫ਼ੀਸਦ ਹੋਰ ਜਿਆਦਾ ਵੋਟਾਂ ਚਾਹੀਦੀਆਂ ਹਨ। ਇਸ ਕਰਕੇ ਇਹ ਰਾਹ ਇਕੱਲੇ ਦਿੱਲੀ ਦੇ ਰਿਪੋਰਟ ਕਾਰਡ ਜਾਂ ਕੇਜਰੀਵਾਲ ਦੇ ਦਮ ਤੇ ਸਰ ਨਹੀਂ ਕੀਤਾ ਜਾ ਸਕਦਾ।
ਇਸ ਲਈ ਜਿਥੇ ਪਾਰਟੀ ਦੀ ਮੁੜ ਉਸਾਰੀ ਕਰਨੀ ਪਵੇਗੀ। ਉਥੇ ਹੀ ਲੋਕਾਂ ਦੇ ਵਿਸ਼ਵਾਸ ਨੂੰ ਵੀ ਮੁੜ ਬਹਾਲ ਕਰਨਾ ਪਵੇਗਾ। ਪਾਰਟੀ ਦੇ ਪੰਜਾਬ ਵਿਚ ਵੱਡੇ ਸਿਰ ਭਗਵੰਤ ਮਾਨ ਨੂੰ ਆਪਣੇ ਸਿਆਸੀ ਕੱਲ ਲਈ ਭੂਮਿਕਾ ਪਛਾਣਨੀ ਪਵੇਗੀ। ਭਾਵੇਂ ਡਾਕਟਰ ਧਰਮਵੀਰ ਗਾਂਧੀ ਤੇ ਸੁਖਪਾਲ ਖਹਿਰਾ ਵਰਗੇ ਆਗੂ ਪਾਰਟੀ ਤੋਂ ਕਾਫੀ ਦੂਰ ਜਾ ਚੁੱਕੇ ਹਨ। ਪਰ ਉਹਨਾਂ ਨਾਲ ਸੰਵਾਦ ਦੇ ਰਾਹ ਖੋਲਣੇ ਪੈਣਗੇ। ਅਸੀਂ ਜਾਣਦੇ ਹਾਂ ਡਾਕਟਰ ਗਾਂਧੀ ਅਤੇ ਖਹਿਰਾ ਭਾਵੇਂ ਵੋਟ ਰਾਜਨੀਤੀ ਵਿਚ ਉਸ ਤਰੀਕੇ ਨਾਲ ਸਫ਼ਲ ਨਹੀਂ ਹੋਏ। ਪਰ ਪੰਜਾਬ ਦੀ ਹਵਾ ਵਿਚ ਮੌਲਦੇ ਤੇ ਖੌਲਦੇ ਸਵਾਲ ਉਹ ਅਡਰੈਸ ਕਰਨੇ ਜਾਣਦੇ ਹਨ। ਉਹ ਫੈਡਰਲਿਜ਼ਮ ਦੇ ਸਿਧਾਂਤ ਤੇ ਅੰਦਰੂਨੀ ਪਾਰਟੀ ਲੋਕਤੰਤਰ ਤੇ ਕੇਜਰੀਵਾਲ ਨਾਲ ਪਹਿਲਾ ਭਿੜ ਚੁੱਕੇ ਹਨ। ਐਨਾ ਹੀ ਨਹੀਂ ਉਹ ਕੇਜਰੀਵਾਲ ਜਿੰਨੇ ਹੀ ਜ਼ਿੱਦੀ ਵੀ ਹਨ। ਜਿਸ ਕਰਕੇ ਉਹਨਾਂ ਨਾਲ ਸੰਵਾਦ ਤਾਂ ਕਰਨਾ ਹੀ ਪਵੇਗਾ। ਜੇਕਰ ਉਹ ਅਜੋਕੀ ਪਾਰਟੀ ਲਾਈਨ ਨਾਲ ਸਹਿਮਤ ਨਹੀਂ ਹੁੰਦੇ ਤਾਂ ਵਕਤ ਦੀ ਨਜ਼ਾਕਤ ਦੇ ਅਧਾਰ ਤੇ ਉਹਨਾਂ ਨਾਲ ਸਾਂਝੇ ਨੁਕਤੇ ਵਾਲੇ ਸਮਝੌਤੇ ਦੀ ਰੂਪ ਰੇਖਾ ਤਿਆਰ ਕਰਨੀ ਪਵੇਗੀ। ਕਿਓਂਕਿ ਆਪ ਦੇ ਮੁੜ ਉਸਾਰੀ ਦੇ ਦੌਰ ਵਿਚ ਇਹੀ ਆਗੂ ਆਪ ਦੀ ਨੁਕਤਾਚੀਨੀ ਕਰਨਗੇ। ਜਿਸਨੂੰ ਵਿਰੋਧੀ ਧਿਰਾਂ ਵਲੋਂ ਆਪਣੀ ਅੰਤਿਮ ਢਾਲ ਬਣਾਇਆ ਜਾਵੇਗਾ। ਜਿਸ ਤਹਿਤ ਕੁਝ ਸੀਟਾਂ ਅਜਿਹੇ ਸਾਫ਼ ਹਸਤੀ ਵਾਲੇ ਆਗੂਆਂ ਨੂੰ ਛੱਡਕੇ ਜਿਤੇ ਜਾਣ ਦਾ ਰਾਹ ਫੜਨਾ ਪਵੇਗਾ। ਕਿਓਂਕਿ ਭਾਰਤ ਦੇ ਉਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ, ਬਸਪਾ ਤੇ ਕਾਂਗਰਸ ਇਹ ਤਜੁਰਬੇ ਸਿਆਸੀ ਹੋਂਦ ਬਚਾਉਣ ਲਈ ਸਮੇਂ ਸਮੇਂ ਤੇ ਕਰ ਚੁੱਕੇ ਹਨ। ਐਨਾ ਹੀ ਨਹੀਂ ਮੌਨ ਹੋ ਚੁੱਕੇ ਨਵਜੋਤ ਸਿੱਧੂ ਵਰਗੇ ਆਗੂਆਂ ਪ੍ਰਤੀ ਵੀ ਉਦਾਰ ਪਹੁੰਚ ਦੇ ਨਾਲ ਨਾਲ ਕੰਵਰ ਸੰਧੂ ਸਮੇਤ ਵੱਖਰੀ ਸੁਰ ਰੱਖਦੇ ਹੋਰ ਆਗੂਆਂ ਨਾਲ ਮੁੜ ਸਿਰ ਜੋੜਨਾ ਵੀ ਆਮ ਆਦਮੀ ਪਾਰਟੀ ਲਈ ਰਾਹ ਸੁਖਾਲੀ ਕਰ ਸਕਦਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਿਆਸਤ ਵਿਚ ਝੁਕਣਾ ਅਤੇ ਝੁਕਾਉਣਾ ਸਮੇਂ ਦੀ ਰਾਜਨੀਤੀ ਦਾ ਹਿੱਸਾ ਹੁੰਦਾ ਹੈ।
ਦਿੱਲੀ ਦੀ ਵੱਡੀ ਜਿੱਤ ਨੇ ਇੱਕ ਬਾਰ ਪੰਜਾਬ ਦੇ ਆਮ ”ਆਪ” ਵਰਕਰ ਵਿਚ ਉਤਸ਼ਾਹ ਭਰਿਆ ਹੈ। ਜਿਸਨੂੰ ਬਰਕਰਾਰ ਰੱਖਕੇ ਆਮ ਆਦਮੀ ਪਾਰਟੀ 2022 ਦੀ ਸਿਆਸੀ ਲੜਾਈ ਇੱਕ ਵੱਡੀ ਧਿਰ ਵਜੋਂ ਖੜਨ ਤੇ ਲੜਨ ਦੇ ਸਮਰੱਥ ਹੈ। ਐਨਾ ਹੀ ਨਹੀਂ ਆਮ ਆਦਮੀ ਪਾਰਟੀ ਕੋਲ ਇਸ ਮੌਕੇ ਚੋਣ ਰਣਨੀਤੀ ਦਾ ਸਿਰਮੌਰ ਭਾਰਤੀ ਹਸਤਾਖਰ ਪ੍ਰਸ਼ਾਂਤ ਕਿਸ਼ੋਰ ਵੀ ਪਿੱਛੇ ਖੜਾ ਨਜ਼ਰ ਆ ਰਿਹਾ ਹੈ। ਪ੍ਰਸ਼ਾਂਤ ਕਿਸ਼ੋਰ ਦੇ ਇੱਕ ਇੰਟਰਵਿਊ ‘ਚ ਕਹਿਣ ਮੁਤਾਬਿਕ ਸਿਆਸਤ ਵਿਚ ਹਵਾ ‘ਚ ਮੌਲਦੇ ਸਵਾਲਾਂ ਨੂੰ ਫੜਨਾ ਹੀ ਉਸਦਾ ਕੰਮ ਹੈ। ਉਹ ਲੋਕ ਮਸਲੇ ਤੇ ਸੰਭਾਵਨਾਵਾਂ ਨੂੰ ਜਾਣਦਾ ਹੈ। ਇਹੀ ਸਭ ਉਹ ਸਿਆਸੀ ਧਿਰਾਂ ਨੂੰ ਕਰਕੇ ਦਿੰਦਾ ਹੈ। ਪਰ ਜਿਹਨਾਂ ਨੂੰ ਅਮਲੀ ਜਾਮਾ ਪਹਿਨਾਉਣਾ ਸਬੰਧਿਤ ਧਿਰ ਦਾ ਕੰਮ ਹੁੰਦਾ ਹੈ। ਉਹ ਖੁੱਲ ਕੇ ਕਹਿੰਦਾ ਹੈ ਕਿ ਇਸ ਸਾਰੇ ਕਾਸੇ ਵਿਚ ਪੰਜਾਬ ਦੀ ਕੈਪਟਨ ਸਰਕਾਰ ਅਸਫ਼ਲ ਸਿੱਧ ਹੋਈ ਹੈ। ਇਥੋਂ ਤੱਕ ਕਿ ਲੋਕ ਕਈ ਬਾਰ ਉਸ ਤੋਂ ਵੀ ਸਵਾਲ ਪੁੱਛਦੇ ਹਨ ਕਿ ਉਹ ਪੰਜਾਬ ਦੀ ਇਸ ਨਖਿੱਧ ਸਰਕਾਰ ਦੀ ਚੋਣ ਲਈ ਜਿੰਮੇਵਾਰ ਹੈ। ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਮੁਤਾਬਿਕ ਸਿਆਸਤ ਵਿਚ ਚੋਣ ਰਾਜਨੀਤੀ ਤਜਰਬਿਆਂ ਅਧਾਰਿਤ ਹੈ। ਜਿਸਦੇ ਤਹਿਤ ਉਹ ਹੁਣ ਆਪਣੀਆਂ ਸੇਵਾਵਾਂ ਕੁਝ ਕਰਨ ਦਾ ਜਜਬਾ ਰੱਖਦੀਆਂ ਧਿਰਾਂ ਨੂੰ ਹੀ ਦਿੰਦਾ ਹੈ। ਇਸੇ ਸਿਲਸਿਲੇ ਤਹਿਤ ਪ੍ਰਸ਼ਾਂਤ ਕਿਸ਼ੋਰ ਇਸ ਮੌਕੇ ਆਮ ਆਦਮੀ ਪਾਰਟੀ ਦੇ ਨਾਲ ਨਜ਼ਰ ਆ ਰਿਹਾ ਹੈ। ਸੋ, ਦੇਖਦੇ ਹਾਂ ਪ੍ਰਸ਼ਾਂਤ ਕਿਸ਼ੋਰ ਦੇ ਇਹ ਕਥਨ ਤੇ ਉਸਦਾ ਕੰਮ ਪੰਜਾਬ ਦੇ 2022 ਦੇ ਸਿਆਸੀ ਦੰਗਲ ਵਿਚ ਕੀ ਭੂਮਿਕਾ ਨਿਭਾਵੇਗਾ।

(ਤਰਨਦੀਪ ਬਿਲਾਸਪੁਰ)
ਆਕਲੈਂਡ (0064220491964)