
ਚੰਡੀਗੜ –ਲੱਖ ਦਾਤਾ ਪੀਰ ਗਿਆਰਵੀਂ ਵਾਲੀ ਸਰਕਾਰ ਦੇ ਦਰਬਾਰ, ਡਵੀਜ਼ਨ ਨੰਬਰ-3, ਸਿਟੀ ਪੈਲੇਸ ਮਾਰਕੀਟ ਲੁਧਿਆਣਾ ਵਿਖੇ ਦਰਬਾਰ ਤੇ ਸਾਲਾਨਾ ਸੱਭਿਆਚਾਰਕ ਮੇਲਾ ਅਤੇ ਭੰਡਾਰਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਕਰਵਾਇਆ ਗਿਆ, ਜਿਸ ਵਿੱਚ ਪੰਜਾਬ ਦੇ ਨੰਬਰ ਵੰਨ ਕੱਵਾਲ ਵਿਜੇ ਮਾਨ ਨੂੰ ਉਸ ਦੀਆਂ ਸ਼ਾਨਦਾਰ ਸੱਭਿਆਚਾਰਕ ਪ੍ਰਾਪਤੀਆਂ ਬਦਲੇ ਗੋਲਡ ਮੈਡਲ ਨਾਲ ਬੜੀ ਸ਼ਾਨੋ-ਸ਼ੌਕਤ ਨਾਲ ਸਨਮਾਨਿਤ ਕੀਤਾ ਗਿਆ। ਪੀਰਾਂ ਦੇ ਗੁਣਗਾਨ ਦੀ, ‘ਹਿਨਾ ਸਿਸਟਰ’ ਵੱਲੋਂ ਕਵਾਲੀ ਗਾ ਕੇ ਸ਼ੁਰੂਆਤ ਕੀਤੀ ਗਈ। ਉਸ ਤੋਂ ਬਾਅਦ ਲੱਕੀ ਬਾਦਸ਼ਾਹ, ਮੇਸ਼ੀ ਮਾਣਕ, ਰਣਧੀਰ ਚਮਕਾਰਾ, ਇੰਟਰਨੈਸ਼ਨਲ ਲੋਕ-ਗਾਇਕ ਬਲਵਿੰਦਰ ਮੱਤੇਵਾੜੀਆ, ਇੰਟਰਨੈਸ਼ਨਲ ਲੋਕ-ਗਾਇਕ ਅਸ਼ਵਨੀ ਵਰਮਾ, ਇੰਟਰਨੈਸ਼ਨਲ ਲੋਕ-ਗਾਇਕ ਨਰਿੰਦਰ ਨੂਰ, ਇੰਟਰਨੈਸ਼ਨਲ ਲੋਕ-ਗਾਇਕਾ ਕੌਰ ਬਿੱਲੋ ਅਤੇ ਸੁਮਿਤ ਸਹਿਗਲ ਤੋਂ ਇਲਾਵਾ ਵਿਜੇ ਮਾਨ ਨੇ ਆਪਣੀਆਂ ਬਿਹਤਰੀਨ ਕੱਵਾਲੀਆਂ ਨਾਲ ਮੇਲੇ ਦਾ ਖ਼ੂਬ ਰੰਗ ਬੰਨਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਾਸਿਕ ਮੈਗਜ਼ੀਨ, ‘ਫਿਲਮੀ ਫੋਕਸ, ਲੁਧਿਆਣਾ’ ਦੇ ਮੁੱਖ ਸੰਪਾਦਕ ਅਤੇ ਇੰਟਰਨੈਸ਼ਨਲ ਲੋਕ-ਗਾਇਕ ਨਰਿੰਦਰ ਨੂਰ ਨੇ ਦੱਸਿਆ ਕਿ ਆਈਆਂ ਸੰਗਤਾਂ ਨੂੰ ਦਰਬਾਰ ਵੱਲੋਂ ਵਿਸ਼ੇਸ਼ ਤੌਰ ਤੇ ਚਾਹ, ਖੀਰ, ਪਕੌੜੇ ਦਾ ਲੰਗਰ ਵਰਤਾਉਣ ਦੇ ਨਾਲ-ਨਾਲ ਫਰੀ ਵਿੱਚ ਮਾਸਕ ਤੇ ਸੈਨੇਟਾਈਜ਼ਰ ਵੀ ਵੰਡੇ ਗਏ। ਇਸ ਮੌਕੇ ਗੱਦੀ ਨਸ਼ੀਨ ਬਾਬਾ ਸ਼ੇਖ ਪ੍ਰੀਤ ਜੀ ਨੇ ਆਏ ਹੋਏ ਫ਼ੱਕਰ-ਫ਼ਕੀਰਾ ਅਤੇ ਗਾਇਕਾਂ ਦਾ ਟਰਾਫ਼ੀ ਦੇ ਕੇ ਸਨਮਾਨ ਕੀਤਾ। ਕੁੱਲ ਮਿਲਾ ਕੇ ਇਹ ਸੱਭਿਆਚਾਰਕ ਮੇਲਾ ਆਪਣੀਆਂ ਯਾਦਗਾਰੀ ਪੈੜਾਂ ਛੱਡ ਗਿਆ। ਜਿਸ ਦੀ ਹਰ ਪਾਸੇ ਖੂਬ ਚਰਚਾ ਹੋਈ।
(ਪ੍ਰੀਤਮ ਲੁਧਿਆਣਵੀ) ludhianvipritam@gmail.com