ਜੀ ਜੀ ਐੱਨ ਖਾਲਸਾ ਕਾਲਜ ਵੱਲੋਂ ਕੈਨੇਡਾ ਅਮਰੀਕਾ ਦੇ ਕਵੀਆਂ ਦਾ ਪਹਿਲਾ ਕਵੀ ਦਰਬਾਰ

ਸਰੀ – ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ (ਸੁੱਖੀ ਬਾਠ) ਦੇ ਸਹਿਯੋਗ ਨਾਲ ਡਾ.ਸ.ਪ. ਸਿੰਘ (ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪ੍ਰਧਾਨ ਗੁੱਜਰਾਂਵਾਲਾ ਐਜੂਕੇਸ਼ਨਲ ਕੌਂਸਲ) ਦੀ ਰਹਿਨੁਮਾਈ ਹੇਠ ਕੈਨੇਡੀਅਨ ਅਮਰੀਕਨ ਪੰਜਾਬੀ ਕਵੀ  ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਜੀ ਚੇਅਰਮੈਨ, ਪੰਜਾਬ ਆਰਟ ਕੌਂਸਲ ਨੇ ਕੀਤੀ। ਡਾ. ਸ ਪ ਸਿੰਘ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਕਿਹਾ ਕਿ ਯੋਰਪ ਤੇ ਇੰਗਲੈਂਡ ਤੋਂ ਬਾਦ ਇਹ ਕਵੀ ਦਰਬਾਰ ਪੈਸੀਫਿਕ ਕੋਸਟ (ਵੈਨਕੁਵਰ ਤੋਂ ਕੈਲੇਫੋਰਨੀਆ) ਦੇ ਕਵੀਆਂ ਤੇ ਆਧਾਰਿਤ ਹੈ ਇਸ ਤੋਂ ਬਾਅਦ ਐਟਲਾਂਟਿਕ ਸਾਗਰ (ਟੋਰਾਂਟੋ ਤੋਂ ਵਾਸ਼ਿੰਗਟਨ ਡੀ ਸੀ ਤੀਕ) ਦੇ ਕੰਢੇ ਵੱਸਦੇ ਕਵੀਆਂ ਦਾ ਕਵੀ ਦਰਬਾਰ ਅਗਲੇ ਮਹੀਨੇ ਕਰਵਾਇਆ ਜਾਵੇਗਾ ਅਤੇ ਫੇਰ ਆਸਟਰੇਲੀਆ ਤੇ ਨਿਊਜ਼ੀਲੈਂਡ ਖੇਤਰ ਨੂੰ ਲਿਆ ਜਾਵੇਗਾ।

ਪੰਜਾਬ ਭਵਨ ਦੇ ਬਾਨੀ ਸੁਖੀ ਬਾਠ ਨੇ ਕਿਹਾ ਕਿ ਪੰਜਾਬ ਭਵਨ ਵੱਲੋਂ ਜੀ ਜੀ ਐੱਨ ਖਾਲਸਾ ਕਾਲਿਜ ਨਾਲ ਪਿਛਲੇ ਚਾਰ ਸਾਲ ਦੀ ਸਾਂਝ ਨਾਲ ਦੋਹਾਂ ਖਿੱਤਿਆਂ ਦੇ ਲੇਖਕ ਨਜ਼ਦੀਕ ਆਏ ਹਨ। ਮੁੱਖ ਬੁਲਾਰੇ ਡਾ. ਸੁਰਿੰਦਰ ਧੰਜਲ ਨੇ ਕਿਹਾ ਕਿ ਗਦਰ ਪਾਰਟੀ ਦੇ ਸੂਰਮਿਆਂ ਨੇ ਕਾਵਿ ਸਿਰਜਣਾ ਰਾਹੀਂ ਇਕ ਸਦੀ ਪਹਿਲਾਂ ਅਮਰੀਕਾ ਤੇ ਕੈਨੇਡਾ ਚ ਮਜ਼ਬੂਤ ਆਧਾਰ ਭੂਮੀ ਤਿਆਰ ਕੀਤੀ ਜਿਸ ਤੋਂ ਬਾਦ ਹੁਣ ਤੀਕ ਇਨ੍ਹਾਂ ਧਰਤੀਆਂ ਦੇ ਸਿਰਜਕਾਂ ਦਾ ਲੋਕ ਪੱਖੀ ਖਾਸਾ ਰਿਹਾ ਹੈ। ਵਿਸ਼ੇਸ਼ ਮਹਿਮਾਨ ਪ੍ਰੋ: ਗੁਰਭਜਨ ਗਿੱਲ ਨੇ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਨੇ ਵਿਸ਼ਵ ਵਿਆਪੀ ਸਾਹਿਤਕ ਲਹਿਰ ਦੀ ਅਗਵਾਈ ਕਰਨ ਦਾ ਬੀੜਾ ਚੁੱਕਿਆ ਹੈ ਜੋ ਸ਼ਲਾਘਾਯੋਗ ਹੈ। ਡਾ. ਤੇਜਿੰਦਰ ਕੌਰ ਨੇ ਪਰਵਾਸੀ ਸਾਹਿਤ ਕੇਂਦਰ ਸਰਗਰਮੀਆਂ ਤੇ ਭਵਿੱਖ ਯੋਜਨਾਵਾਂ ਬਾਰੇ ਚਾਨਣਾ ਪਾਇਆ। ਮੁੱਖ ਮਹਿਮਾਨ ਡਾ: ਸੁਰਜੀਤ ਪਾਤਰ ਨੇ ਕਿਹਾ ਕਿ  ਇਸ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਨੇ ਆਪਣੇ ਨਿੱਜ ਤੋਂ ਪਾਰ ਜਾ ਕੇ ਵਿਸ਼ਵ ਵਰਤਾਰਿਆਂ ਨੂੰ ਵੀ ਆਪਣੇ ਕਲਾਵੇ ਵਿੱਚ ਲਿਆ ਹੈ ਜੋ ਸਾਰਥਿਕ ਹੁੰਗਾਰਾ ਹੈ। ਇਸ ਕਾਲਜ ਦਾ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਿਸ਼ਵ ਪੰਜਾਬੀ ਸਾਹਿਤ ਸਿਰਜਣਾ ਦਾ ਕੇਂਦਰੀ ਧੁਰਾ ਬਣ ਗਿਆ ਹੈ।

ਇਸ ਕਵੀ ਦਰਬਾਰ ਵਿੱਚ ਭਾਰਤ ਤੋਂ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਗਿੱਲ ਕੈਨੇਡਾ ਤੋਂ  ਸੁਰਿੰਦਰ  ਧੰਜਲ, ਮੋਹਨ ਗਿੱਲ, ਚਰਨ ਸਿੰਘ, ਕਵਿੰਦਰ ਚਾਂਦ, ਡਾ. ਲਖਵਿੰਦਰ ਸਿੰਘ ਗਿੱਲ, ਸੁਰਿੰਦਰ ਗੀਤ, ਹਰਦਮ ਸਿੰਘ ਮਾਨ, ਪਰਮਿੰਦਰ ਕੌਰ ਸਵੈਚ,  ਡਾ. ਸ਼ਾਹਗੀਰ ਸਿੰਘ ਗਿੱਲ, ਪ੍ਰੀਤ ਮਨਪ੍ਰੀਤ ਤੇ ਰੁਪਿੰਦਰ ਦਿਓਲ ਅਤੇ ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਹਰਦਿਆਲ ਸਿੰਘ ਚੀਮਾ, ਹਰਜਿੰਦਰ ਕੰਗ, ਬਲਿਹਾਰ ਸਿੰਘ ਲਹਿਲ, ਅਮਨਜੀਤ ਕੌਰ ਸ਼ਰਮਾ ਤੇ ਸੁਖਵੀਰ ਬੀਹਲਾ ਨੇ ਸ਼ਿਰਕਤ ਕੀਤੀ।

ਸਿਆਟਲ (ਅਮਰੀਕਾ) ਵੱਸਦੀ ਕਵਿੱਤਰੀ ਮਨਜੀਤ ਕੌਰ ਗਿੱਲ ਦੇ ਵਿੱਛੜੇ ਜੀਵਨ ਸਾਥੀ ਨੂੰ ਸਭ ਲੇਖਕਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ। ਅਚਾਨਕ ਦੁਖਾਂਤ ਵਾਪਰਨ ਕਾਰਨ ਉਹ ਕਵੀ ਦਰਬਾਰ ਵਿਚ ਸ਼ਾਮਿਲ ਨਹੀਂ ਹੋ ਸਕੇ। ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਸਭ ਦਾ ਧੰਨਵਾਦ ਕੀਤਾ। ਕਵੀ ਦਰਬਾਰ ਦਾ ਸੰਚਾਲਨ ਪ੍ਰੋ. ਸ਼ਰਨਜੀਤ ਕੌਰ ਨੇ ਬਾਖ਼ੂਬੀ ਕੀਤਾ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks