ਵਾਹ ਨੀ ਭਾਰਤ ਸਰਕਾਰੇ! ਤੇਰੀ ਇਕਪਾਸੜ ਨੀਤੀ ਤੇ ਕਾਲੇ ਕਾਰੇ

kau-de-heereਭਾਰਤੀ ਸੈਂਸਰ ਬੋਰਡ ਮਤਲਬ ਕਿ ‘ਸੈਂਟਰਲ ਬੋਰਡ ਆਫ਼ ਦਾ ਫਿਲਮ ਸਰਟੀਫਿਕੇਸ਼ਨ-ਇੰਡੀਆ’ ਨੇ ਪਹਿਲਾਂ ਜਨਵਰੀ 2014 ਦੇ ਅਖੀਰ ਵਿਚ ਨਵੀਂ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਉਤੇ ਪਾਬੰਦੀ ਲਗਾ ਕੇ ਕੁਝ ਦ੍ਰਿਸ਼ਾਂ ਨੂੰ ਕੱਟਣ ਵਾਸਤੇ ਕਿਹਾ ਸੀ। ਇਹ ਦ੍ਰਿਸ਼ ਕੱਟਣ ਤੋਂ ਬਾਅਦ ਅਤੇ ਲੰਬੀ ਜੱਦੋ-ਜਹਿਦ ਤੋਂ ਬਾਅਦ ਜਦੋਂ 22 ਅਗਸਤ ਤੋਂ ਭਾਰਤ ਦੇ ਵੱਖ-ਵੱਖ ਸਿਨਮਿਆਂ ਵਿਚ ਲੱਗਣ ਵਾਲੀ ਸੀ ਤਾਂ ਫਿਰ ਸੈਂਸਰ ਬੋਰਡ, ਪ੍ਰਸਾਰਣ ਮੰਤਰਾਲੇ ਤੇ ਗ੍ਰਹਿ ਮੰਤਰਾਲੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ।  ਕੀ ਇਹ ਫੈਸਲਾ ਸਿੱਖਾਂ ਪ੍ਰਤੀ ਭਾਰਤ ਸਰਕਾਰ ਦੀ ਇਕਪਾਸੜ ਨੀਤੀ ਅਤੇ ਕਾਲੇ ਕਾਰਿਆਂ ਨੂੰ ਸਾਬਿਤ ਨਹੀਂ ਕਰਦਾ? ਨਿਊਜ਼ੀਲੈਂਡ ਵਸਦੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਛੋਟੇ ਭਰਾਤਾ ਅਤੇ ਇਥੇ ਦੀਆਂ ਸਿੱਖ ਸੰਗਤਾਂ ਨੇ ਭਾਰਤ ਸਰਕਾਰ ਨੂੰ ਸੰਬੋਧਨ ਨੂੰ ਹੁੰਦਿਆ ਇਹ ਪ੍ਰਸ਼ਨ ਪੁਛਿਆ ਹੈ। ਭਾਈ ਸਰਵਣ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਚੰਦ ਕੁ ਫਿਰਕਾਪ੍ਰਸਤ ਲੋਕਾਂ ਦੀ ਸ਼ਹਿ ਉਤੇ ਇਹ ਮੰਨ ਲਿਆ ਕਿ ਭਾਰਤ ਵਿਚ ਇਸ ਫਿਲਮ ਦੇ ਚੱਲਣ ਨਾਲ ਅਮਨ ਕਾਨੂੰਨ ਨੂੰ ਖਤਰਾ ਹੋ ਸਕਦਾ ਹੈ, ਤਾਂ ਸਰਕਾਰ ਦੀ ਵੱਡੀ ਕਾਇਰਤਾ ਹੈ। ਉਨ੍ਹਾਂ ਅੱਗੇ ਪ੍ਰਸ਼ਨ ਕੀਤਾ ਕਿ ਜਦੋਂ ਸਿੱਖਾਂ ਦੇ ਧਾਰਮਿਕ ਅਸਥਾਨਾਂ, ਸ੍ਰੀ ਅਕਾਲ ਤਖਤ ਅਤੇ ਸ੍ਰੀ ਦਰਬਾਰ ਸਾਹਿਬ ਉਤੇ ਗੋਲੀਆਂ ਤੇ ਤੋਪਾਂ ਦਾ ਮੀਂਹ ਵਰ੍ਹਾਇਆ ਜਾ ਰਿਹਾ ਸੀ ਉਦੋਂ ਅਮਨ ਕਾਨੂੰਨ ਕਿਵੇਂ ਬਣਿਆ ਰਿਹਾ? ਹੁਣ ਤਾਂ ਸਿਰਫ ਫਿਲਮ ਹੀ ਹੈ ਜੋ ਕਿ ਸਰਕਾਰ ਦੇ ਕਾਲੇ ਕਾਰਨਾਮਿਆਂ ਦਾ ਰੂਪਾਂਤਰ ਹੀ ਕਰਦੀ ਹੈ, ਇਸ ਨਾਲ ਅਮਨ ਕਾਨੂੰਨ ਕਿਵੇਂ ਵਿਗੜੇਗਾ। ਅੱਜ ਸੈਂਕੜੇ ਫਿਲਮਾਂ ਇਤਿਹਾਸ ਉਤੇ ਬਣਦੀਆਂ ਹਨ ਕੀ ਕਦੀ ਉਨ੍ਹਾਂ ਉਤੇ ਰੋਕ ਲਗਾਈ ਗਈ ਹੈ? ਨਿਰਦੇਸ਼ਕ ਰਵਿੰਦਰ ਰਵੀ ਨੇ ਵੀ ਕਿਹਾ ਹੈ ਕਿ ਜਦੋਂ ਮਹਾਤਮਾ ਗਾਂਧੀ ਨੂੰ ਖਤਮ ਕਰਨ ਵਾਲੇ ਨੱਥੂ ਰਾਮ ਗੌਡਸੇ ਉਤੇ ਫਿਲਮ ਬਣ ਕੇ ਪਾਸ ਹੋ ਸਕਦੀ ਹੈ ਤਾਂ ਇੰਦਰਾ ਗਾਂਧੀ ਨੂੰ ਖਤਮ ਕਰਨ ਵਾਲਿਆਂ ‘ਤੇ ਕਿਉਂ ਨਹੀਂ? 
ਗਾਇਕ ਤੇ ਨਾਇਕ ਰਾਜ ਕਾਕੜਾ ਵੱਲੋਂ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਜੀਵਨ ਉਤੇ ਅਧਾਰਤ ਇਹ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਵਿਦੇਸ਼ਾਂ ਦੇ ਵਿਚ ਸਾਰੀ ਦੁਨੀਆ ਵੇਖ ਚੁੱਕੀ ਹੈ।  ਇਸ ਫਿਲਮ ਦੇ ਵਿਚ ਜੂਨ 1984 ਦਾ ਸਾਕਾ, ਇਸ ਤੋਂ ਬਾਅਦ ਇਸ ਸਾਕੇ ਲਈ ਜਿੰਮੇਵਾਰ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਉਸਦਾ ਕਤਲ ਅਤੇ ਉਪਰੋਕਤ ਤਿੰਨਾਂ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਬੜੇ ਸੁਲਝੇ ਤਰੀਕੇ ਨਾਲ ਵਿਖਾਇਆ ਗਿਆ ਹੈ। ਇਹ ਫਿਲਮ ਇਨ੍ਹਾਂ ਤਿੰਨਾਂ ਨਾਇਕਾਂ, ਇਨ੍ਹਾਂ ਦੇ ਨਾਲ ਜੁੜੇ ਪਰਿਵਾਰਕ ਮੈਂਬਰਾਂ ਅਤੇ ਸਾਧਾਰਨ ਸਿੱਖਾਂ ਦੇ ਧਾਰਮਿਕ ਜ਼ਜਬਾਤਾਂ ਦੀ ਹੋਏ ਕਤਲ ਦੀ ਕਹਾਣੀ ਬਿਆਨ ਕਰਦੀ ਹੈ ਜੋ ਕਿ 100% ਸੱਚੀਆਂ ਘਟਨਾਵਾਂ ਉਤੇ ਅਧਾਰਿਤ ਹੈ। ਫਿਲਮ ਦੇ ਨਿਰਦੇਸ਼ਕ ਹੁਣ ਸੁਪਰੀਮ ਕੋਰਟ ਦੇ ਵਿਚ ਆਪਣੀ ਅਰਜ਼ੀ ਦਾਖਲ ਕਰਨਗੇ ਅਤੇ ਨਿਊਜ਼ੀਲੈਂਡ ਤੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਭਰੋਸਾ ਦਿੱਤਾ ਗਿਆ ਹੈ।