ਕਰਤਾਰਪੁਰ ਲਾਂਘੇ ਲਈ ਕਾਰਜ ਕਰਨ ਵਾਲੇ ਕਾਰਕੁੰਨਾਂ ਦਾ ਅਮਰੀਕਾ ਚ ਸਨਮਾਨ  

IMG_1217

ਵਾਸ਼ਿੰਗਟਨ , 17 ਅਪ੍ਰੈਲ — ਵਾਸ਼ਿੰਗਟਨ ਅਧਾਰਤ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਿਰੇ ਚਾੜ੍ਹਨ ਵਿੱਚ ਸੁਚੱਜੀ ਭੂਮਿਕਾ ਨਿਭਾਉਣ ਵਾਲੇ ਕਾਰਕੁੰਨਾਂ ਨੂੰ ਸਨਮਾਨਿਤ ਕੀਤਾ ਗਿਆ। ਲਾਂਘੇ ਦੇ ਖੁੱਲ੍ਹਣ ਨਾਲ ਭਾਰਤ ਵਿੱਚ ਵੱਸਦੇ ਸਿੱਖ ਬਗੈਰ ਵੀਜ਼ੇ ਦੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਧਰਤੀ, ਜਿੱਥੇ ਉਹਨਾਂ ਜਿੰਦਗੀ ਦੇ ਆਖਰੀ ਸਾਲ ਗੁਜ਼ਾਰੇ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਰੋਵਾਲ ਦੇ ਦਰਸ਼ਨ ਕਰ ਸਕਣਗੀਆਂ।ਸਨਮਾਨ ਪ੍ਰਾਪਤ ਕਰਨ ਵਾਲੇ ਸਨ – ਲਾਸ ਏਂਜਲਸ ਦੇ ਯੂਨਾਈਟਡ ਸਿੱਖ ਮਿਸ਼ਨ, ਕੁਲਦੀਪ ਸਿੰਘ ਵਡਾਲਾ(ਮਰਹੂਮ ਅਕਾਲੀ ਆਗੂ), ਮਲਟੀ ਟਰੈਕ ਡਿਪਲੋਮਸੀ (ਵਾਸ਼ਿੰਗਟਨ) ਦੇ ਜੋਹਨ ਮਕਡੋਨਲਡ ਅਤੇ ਇੰਜੀਨੀਅਰ ਸੁਰਿੰਦਰ ਸਿੰਘ ਨੂੰ 2 ਦਹਾਕਿਆਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੇ ਜਾ ਰਹੇ ਯਤਨਾਂ ਲਈ ਸਨਮਾਨਿਆ ਗਿਆ।ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਚੇਅਰਮੈਨ ਸ ਸਰਬਜੀਤ ਸਿੰਘ ਸਿੱਧੂ ਨੇ ਕਿਹਾ ਕਿ ” ਸਾਡੀ ਸੰਸਥਾ ਹਰ ਸਾਲ ਸਿੱਖ ਭਾਈਚਾਰੇ ਦੀ ਭਲਾਈ ਲਈ ਕਾਰਜ ਕਰਨ ਵਾਲੀਆਂ ਅਜਿਹੀਆਂ ਸਖਸ਼ੀਅਤਾਂ ਅਤੇ ਜਥੇਬੰਦੀਆਂ ਨੂੰ ਸਨਮਾਨਿਤ ਕਰਦੀ ਹੈ। ਏਸ ਸਾਲ ਅਸੀਂ ਕਰਤਾਰਪੁਰ ਲਾਂਘੇ,ਜੋ ਕੇ ਸਮੁੱਚੇ ਸੰਸਾਰ ਵਿੱਚ ਵੱਸਦੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੈ, ਲਈ ਜੀਅ ਤੋੜ ਕਾਰਜ ਕਰਨ ਵਾਲੀਆਂ ਸ਼ਖ਼ਸੀਅਤਾਂ ਦੇ ਕਾਰਜ ਦੀ ਮਹਤੱਤਾ ਨੂੰ ਸਮਝਦਿਆਂ ਉਹਨਾਂ ਨੂੰ ਸਨਮਾਨਿਤ ਕਰਨ ਦਾ ਨਿਰਣਾ ਲਿਆ।”ਆਇਰਲੈਂਡ ਵਿੱਚ ਅਮਰੀਕੀ ਦੂਤ ਵਜੋਂ ਸੇਵਾਵਾਂ ਨਿਭਾਅ ਚੁੱਕੇ ਜੋਹਨ ਮਕਡੋਨਲਡ (97) ਵ੍ਹੀਲ ਚੇਅਰ ਉੱਤੇ ਸਨਮਾਨ ਲੈਣ ਲਈ ਆਏ ਅਤੇ ਕਿਹਾ ” ਮੈਂ ਸਿੱਖ ਭਾਈਚਾਰੇ ਲਈ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਦੱਖਣੀ ਏਸ਼ੀਆ ਵਿੱਚ ਇਸ ਲਾਂਘੇ ਨਾਲ ਸ਼ਾਂਤੀ ਬਣੇਗੀ।

ਸ: ਰਸ਼ਪਾਲ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਯੂਨਾਈਟਡ ਸਿੱਖ ਮਿਸ਼ਨ ਵਲੋਂ ਕਰਤਾਰਪੁਰ ਲਾਂਘੇ ਲਈ ਮੁਹਿੰਮ 2005 ਵਿੱਚ ਸ਼ੁਰੂ ਕੀਤੀ ਗਈ ਸੀ। ਉਹਨਾਂ  ਭਾਰਤ ਅਤੇ ਪਾਕਿਸਤਾਨ ਵਿਚਲੇ ਸਿਆਸੀ ਆਗੂਆਂ ਨਾਲ ਲਾਂਘੇ ਸੰਬੰਧੀ ਤਾਲਮੇਲ ਬਣਾਇਆ ਅਤੇ ਜੋਹਨ ਮਕਡੋਨਲਡ ਦੀ ਸੰਸਥਾ ਮਲਟੀ ਟਰੈਕ ਡਿਪਲੋਮਸੀ ਨਾਲ ਲਾਂਘੇ ਦੀ ਮਹਤੱਤਾ ਬਾਰੇ ਪ੍ਰਚਾਰ ਕਰਨ ਲਈ ਕਾਰਜ ਕੀਤਾ। ਜੋਹਨ ਮਕਡੋਨਲਡ ਨੇ 2008 ਵਿਚ ਭਾਰਤ ਪਾਕਿਸਤਾਨ ਸਰਹੱਦ ਦੀ ਯਾਤਰਾ ਕੀਤੀ, ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਨੂੰ ਵੰਡਦੀ ਤਾਰ ਵੇਖਕੇ ਜੋਹਨ ਮਕਡੋਨਲਡ ਬਹੁਤ ਹੈਰਾਨ ਹੋਏ ਸਨ। ਇਸ ਮਗਰੋਂ 2009 ਚ ਭਾਰਤੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਡੇਰਾ ਬਾਬਾ ਨਾਨਕ ਗਏ ਅਤੇ ਲਾਂਘੇ ਦੇ ਮਸਲੇ ਵੱਲ ਧਿਆਨ ਦੇਣ ਦਾ ਵਾਅਦਾ ਕੀਤਾ।ਮਰਹੂਮ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਨੇ ਲਾਂਘੇ ਪ੍ਰਤੀ ਸਿੱਖ ਭਾਵਨਾਵਾਂ ਨੂੰ ਦਰਸਾਉਂਦਿਆ 2003 ਤੋਂ ਆਏ ਮਹੀਨੇ ਦੀ ਸੰਗਰਾਂਦ ਮੌਕੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੀ ਅਰਦਾਸ ਲਈ ਸੰਗਤ ਲੈ ਕੇ ਜਾਣੀ ਸ਼ੁਰੂ ਕੀਤੀ ਸੀ। ਵਡਾਲਾ ਦੀ ਸ਼ੁਰੂ ਕੀਤੀ ਇਹ ਰੀਤ ਅਜੇ ਵੀ ਚੱਲ ਰਹੀ ਹੈ।

IMG_1216

ਮਕਡੋਨਲਡ ਵਲੋਂ ਵਾਸ਼ਿੰਗਟਨ ਅਧਾਰਿਤ ਇੰਜੀਨੀਅਰ ਸੁਰਿੰਦਰ ਸਿੰਘ ਦੀਆਂ ਸੇਵਾਵਾਂ ਲੈ ਲਾਂਘੇ ਦਾ ਨਕਸ਼ਾ ਤਿਆਰ ਕੀਤਾ ਗਿਆ  ਸੀ ਜਿਸ ਨੂੰ ਨੇਪਰੇ ਚਾੜ੍ਹਨ ਮਗਰੋਂ ਇਸ ਨੂੰ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਅੱਗੇ ਪੇਸ਼ ਕੀਤਾ ਗਿਆ।ਪੰਜਾਬ ਵਿਧਾਨ ਸਭਾ ਨੇ 14 ਦਸੰਬਰ,2018 ਨੂੰ ਕਰਤਾਰਪੁਰ ਲਾਂਘੇ ਦੇ ਹੱਕ ਵਿੱਚ ਮਤਾ ਪ੍ਰਵਾਨ ਕੀਤਾ ਅਤੇ ਭਾਰਤ ਅਤੇ ਪਾਕਿਸਤਾਨ ਸਰਕਾਰ ਪਾਸੋਂ ਇਸ ਲਈ ਸਹਿਯੋਗ ਮੰਗਿਆ। ਭਾਰਤੀ ਪੰਜਾਬ ਵਿਚਲੀ ਗੁਰੂ ਨਾਨਕ ਨਾਮ ਲੇਵਾ ਸੰਗਤ ਅੰਦਰ ਇਸ ਲਾਂਘੇ ਨੂੰ ਲੈ ਕੇ ਬਹੁਤ ਉਤਸ਼ਾਹ ਹੈ, ਸਰਹੱਦੀ ਇਲਾਕੇ ਦੇ ਕਿਸਾਨ ਲੱਖਾ ਸਿੰਘ ਨੇ ਆਪਣੀ 16 ਕਿਲ੍ਹੇ ਜਮੀਨ ਮੁਫਤ ਵਿਚ ਲਾਂਘੇ ਦੀ ਉਸਾਰੀ ਲਈ ਸਰਕਾਰ ਨੂੰ ਦੇ ਦਿੱਤੀ।ਅਖੀਰੀ, ਲਾਂਘੇ ਨੂੰ ਖੋਲ੍ਹੇ ਜਾਣ ਦੀ ਮੁਹਿੰਮ ਨੂੰ ਵੱਡਾ ਹੁਲਾਰਾ ੳਦੋ ਮਿਲਿਆ ਜਦੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਜਪੋਸ਼ੀ ਮੌਕੇ ਪਾਕਿਸਤਾਨ ਗਏ ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਦੇ ਫੌਜ ਮੁਖੀ ਕੰਵਰ ਜਾਵੇਦ ਬਾਜਵਾ ਨੇ ਪਾਕਿਸਤਾਨ ਵੱਲੋਂ  ਲਾਂਘਾ ਖੋਲ੍ਹੇ ਜਾਣ ਦੇ ਵਿਚਾਰ ਬਾਰੇ ਦੱਸਿਆ।ਲਾਂਘੇ ਦੀ ਇਸ ਮੁਹਿੰਮ ਵਿਚ ਹੋਰ ਵੀ ਅਨੇਕਾਂ ਸ਼ਖ਼ਸੀਅਤਾਂ ਅਤੇ ਜਥੇਬੰਦੀਆਂ ਨੇ ਉਸਾਰੂ ਭੂਮਿਕਾ ਨਿਭਾਈ ਹੈ।

ਇਸ ਮੌਕੇ ਗੁਰੂ ਗੋਬਿੰਦ ਸਿੰਘ ਸੰਸਥਾ ਦੇ ਸਕੱਤਰ ਡਾ:ਰਾਜਵੰਤ ਸਿੰਘ ਨੇ ਕਿਹਾ “ਅਸੀਂ ਉਹਨਾਂ ਸਾਰਿਆਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਗੁਰੂ ਨਾਨਕ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਸੀਸ ਨਿਵਾਉਣ ਲਈ ਬਹਿਬਲ ਸਿੱਖਾਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਆਪਣਾ ਤਾਣ ਲਾਇਆ।ਉਹਨਾਂ ਅੱਗੇ ਕਿਹਾ ਕਿ ਯੂਨਾਈਟਡ ਸਿੱਖ ਮਿਸ਼ਨ ਅਤੇ ਮਲਟੀ ਟ੍ਰੈਕ ਡਿਪਲੋਮਸੀ ਨੇ ਉਸ ਵੇਲੇ ਵੀ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਜਦੋਂ ਲੱਗਦਾ ਸੀ ਕਿ ਲਾਂਘਾ ਖੁਲ੍ਹਣਾ ਅਸੰਭਵ ਹੈ ਪਰ ਗੁਰੂ ਨਾਨਕ ਦੀ ਕਿਰਪਾ ਨਾਲ ਅੱਜ ਅਸੀਂ ਇਸ ਦੇ ਬਹੁਤ ਨੇੜੇ ਪੁੱਜ ਗਏ ਹਾਂ। ਇਹ ਜਰੂਰੀ ਸੀ ਕਿ ਗੁਰੂ ਨਾਨਕ ਦੇ ਘਰ ਦਾ ਰਾਹ ਖੁੱਲ੍ਹਵਾਉਣ ਲਈ ਅਥੱਕ ਯਤਨ ਕਰਨ ਵਾਲਿਆਂ ਦੀ ਮਿਹਨਤ ਨੂੰ ਪਛਾਣਿਆਂ ਜਾਵੇ ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਦੱਖਣੀ ਏਸ਼ੀਆ ਵਿੱਚ ਸਥਾਈ ਅਮਨ ਲਿਆਉਣ ਲਈ ਸਹਾਈ ਹੋਵੇਗੀ।ਇਸ ਮੌਕੇ ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਦੇ ਪਹਿਲੇ ਸਿੱਖ ਮੈਂਬਰ ਰਮੇਸ਼ ਸਿੰਘ ਅਰੋੜਾ ਨੇ ਵੀ ਆਪਣੇ ਵਿਚਾਰ ਸੰਗਤ ਅੱਗੇ ਰੱਖੇ ਅਤੇ ਉਹਨਾਂ ਨੂੰ ਵੀ ਪੰਜਾਬ ਵਿਧਾਨ ਸਭਾ ਵਿੱਚ ਆਨੰਦ ਮੈਰਿਜ ਐਕਟ ਪਾਸ ਕਰਵਾਉਣ ਲਈ ਕੀਤੇ ਗਏ ਯਤਨਾਂ ਲਈ ਸਨਮਾਨਿਆ ਗਿਆ।

Install Punjabi Akhbar App

Install
×