ਕਿਸਾਨੀ ਸੰਘਰਸ਼ ਤੇ ਮਾਤ-ਭਾਸ਼ਾ ਸਤਿਕਾਰ ਨੂੰ ਸਮਰਪਿਤ ਹੋਇਆ ਕਰਤਾਰ ਸਿੰਘ ਯਾਦਗਾਰੀ ਸਮਾਗਮ

ਕ੍ਰਾਂਤੀਕਾਰੀ ਲੇਖਕ ਜਗਸੀਰ ਜੀਦਾ ਨੂੰ ਮਿਲਿਆ ਕਰਤਾਰ ਸਿੰਘ ਯਾਦਗਾਰੀ-ਸਨਮਾਨ

ਫਰੀਦਕੋਟ:- ਨੇੜਲੇ ਪਿੰਡ ਮੋਰਾਂਵਾਲੀ ਵਿਖੇ ਕਰਤਾਰ ਸਿੰਘ ਯਾਦਗਾਰੀ ਮੰਚ ਵਲੋਂ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਹਿਜ ਪਾਠ ਦੇ ਭੋਗ ਉਪਰੰਤ ਵਿਸ਼ਾਲ ਇਕੱਤਰਤਾ ਸਾਹਮਣੇ ਸਾਹਿਬ ਸਿੰਘ ਕੈਨੇਡਾ ਨੇ ਸਿੱਖ ਮੋਰਚਿਆਂ ਦਾ ਇਤਿਹਾਸ ਦੱਸ ਕੇ ਕਿਸਾਨੀ ਸੰਘਰਸ਼ ਬਾਰੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਉੱਘੇ ਲੋਕ ਗਾਇਕ ਜਗਸੀਰ ਜੀਦਾ ਨੇ ਕ੍ਰਾਂਤੀਕਾਰੀ ਬੋਲੀਆਂ ਅਤੇ ਮਾਂ ਬੋਲੀ ਪਿਆਰ ਭਾਵਨਾ ਵਾਲੇ ਗੀਤਾਂ ਨਾਲ ਭਰਵੀਂ ਹਾਜ਼ਰੀ ਲਵਾਈ। ਸੁਹਜਮਈ ਗਾਇਕ ਸੁਖਵਿੰਦਰ ਸਾਰੰਗ ਨੇ ਮਾਂ ਬੋਲੀ ਮੋਹ ਵਾਲੀਆਂ ਪੇਸ਼ਕਾਰੀਆਂ ਕੀਤੀਆਂ। ਇਸ ਮੌਕੇ ਬੋਲਦਿਆਂ ਡਾ. ਦੇਵਿਦੰਰ ਸੈਫ਼ੀ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨੇ ਸਬਰ, ਸਿਦਕ, ਹਲੀਮੀ ਤੇ ਕਿਰਤ ਦਾ ਜੋ ਸਬਕ ਦਿੱਤਾ ਸੀ, ਉਸੇ ਨੂੰ ਅੱਗੇ ਵਧਾ ਕੇ ਹਰ ਸਾਲ ਦੀ ਤਰ੍ਹਾਂ ਮਾਤਾ ਮਹਿੰਦਰ ਕੌਰ ਦੀ ਅਗਵਾਈ ਹੇਠ ਉਹਨਾਂ ਦੇ ਪਰਿਵਾਰ ਕਾਂਤਾ ਰਾਣੀ, ਅਸ਼ੋਕ ਕੁਮਾਰ ਅਤੇ ਮੰਚ ਦੇ ਹੋਰ ਨੁਮਾਇੰਦਿਆਂ ਵਲੋਂ ਸਮਾਗਮ ਵਿਉਂਤਿਆ ਗਿਆ ਤੇ ਜੁਗਾੜਬਾਜ਼ੀ ਤੋਂ ਮੁਕਤ ਸੱਚੇ ਸੁੱਚੇ ਲੇਖਕ ਜਗਸੀਰ ਜੀਦਾ ਦੀ ਇਸੇ ਲੜੀ ਤਹਿਤ ਚੋਣ ਕੀਤੀ ਗਈ। ਇਸ ਮਹੱਤਵਪੂਰਨ ਇਕੱਤਰਤਾ ‘ਚ ਜੀਦਾ ਦੇ ਸਨਮਾਨ ਉਪਰੰਤ ਸੀਨੀ. ਸੈਕੰ. ਸਕੂਲ ਮੋਰਾਂਵਾਲੀ ਦੇ ਵਿਦਿਆਰਥੀਆਂ ਨੂੰ ਵਰਦੀਆਂ ਵੀ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਸੁਖਚੈਨ ਸਿੰਘ ਬਰਾੜ ਪ੍ਰਿੰਸੀਪਲ/ਡਾਇਰੈਕਟਰ ਮੇਜਰ ਅਜਾਇਬ ਸਿੰਘ ਸਿੱਖਿਆ ਸੰਸਥਾ, ਪ੍ਰਿੰਸੀਪਲ ਮੈਡਮ ਕੁਲਦੀਪ ਕੌਰ ਬਾਬਾ ਫਰੀਦ ਪਬਲਿਕ ਸਕੂਲ, ਕਰਨਵੀਰ ਸਿੰਘ ਪ੍ਰਿੰਸੀਪਲ ਦਸ਼ਮੇਸ਼ ਪਬਲਿਕ ਸਕੂਲ, ਗੁਰਭਗਤ ਸਿੰਘ ਹਰਗੋਬਿੰਦ ਪਬਲਿਕ ਸਕੂਲ, ਰਾਜ ਥਾਪਰ ਸੰਤ ਮੋਹਨ ਦਾਸ ਵਿਦਿਅਕ ਸੰਸਥਾਵਾਂ, ਐਡਵੋਕੇਟ ਰਾਜਿੰਦਰ ਸਿੰਘ ਰੋਮਾਣਾ ਅਤੇ ਸ਼ਬਦ ਸਾਂਝ ਮੰਚ ਦੇ ਨੁਮਾਇੰਦਿਆਂ ਕੁਲਵਿੰਦਰ ਵਿਰਕ ਤੇ ਸਾਥੀਆਂ ਨੇ ਉਚੇਚੀ ਹਾਜ਼ਰੀ ਭਰਦਿਆਂ ਬਾਪੂ ਕਰਤਾਰ ਸਿੰਘ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਅੰਗਰੇਜ਼ ਬਰਾੜ ਕੈਨੇਡਾ ਅਤੇ ਮੈਡਮ ਸੁਖਵੰਤ ਕੌਰ ਇੰਗਲੈਂਡ ਨੇ ਜਗਸੀਰ ਜੀਦਾ ਲਈ ਉਚੇਚੇ ਵਧਾਈ ਸੰਦੇਸ਼ ਭੇਜੇ। ਮੰਚ ਸੰਚਾਲਨ ਦੇ ਨਾਲ-ਨਾਲ ਖ਼ੂਬਸੂਰਤ ਨੈਤਿਕ ਸੁਨੇਹੇ ਦਿੰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਇਸ ਸਮਾਗਮ ਨੂੰ ਵਿਲੱਖਣ ਸਮਾਗਮ ਕਿਹਾ। ਸਮਾਗਮ ਦੇ ਅੰਤ ‘ਚ ਜਗਸੀਰ ਜੀਦਾ ਦੀ ਨਵੀਂ ਪੁਸਤਕ ‘ਚਾਨਣ ਵੰਡਦੇ ਲੋਕ’ ਅਤੇ ਜੀਤ ਸਿੰਘ ਸੰਧੂ ਦੇ ਨਾਵਲ ‘ਕਿੱਤਾ ਭਵਨ’ ਨੂੰ ਜਾਰੀ ਕੀਤਾ ਗਿਆ। ਇਸ ਮੌਕੇ ਲਾਲ ਸਿੰਘ ਕਲਸੀ, ਬੇਅੰਤ ਸਿੱਧੂ, ਰਿਟਾ. ਡੀ. ਐਸ. ਪੀ ਕੁਲਦੀਪ ਸਿੰਘ, ਸਰਪੰਚ ਜਸਵੰਤ ਸਿੰਘ, ਜਸਵਿੰਦਰ ਸਿੰਘ ਬਰਾੜ (ਕਾਕਾ), ਸ਼ਰਨਜੀਤ ਸਿੰਘ ਬੈਂਸ, ਸੁਮੇਲ ਆਨੰਦ, ਬਿੱਕਰ ਸਿੰਘ ਹਾਂਗਕਾਂਗ, ਜਸਵੀਰ ਭਲੂਰੀਆ, ਆਤਮਾ ਸਿੰਘ ਦਲੇਰ, ਬਲਵਿੰਦਰ ਸਿੰਘ ਆਦਿ ਪਤਵੰਤਿਆਂ ਸਮੇਤ ਵੱਖ-ਵੱਖ ਸਾਹਿਤਕਾਰ, ਅਧਿਆਪਕ ਵਿਦਿਆਰਥੀ ਤੇ ਪਿੰਡ ਦੀ ਸੰਗਤ ਵੀ ਮੌਜੂਦ ਸੀ।
23ਜੀ ਐਸ ਸੀ ਐਫ ਡੀ ਕੇ ਸਬੰਧਤ ਤਸਵੀਰ।

Install Punjabi Akhbar App

Install
×