ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਕਰਨੈਲ ਸਿੰਘ ਮਾਂਗਟ ਦੀ ਪੁਸਤਕ “ਫ਼ਜ਼ਲ ਇਲਾਹੀ” ਲੋਕ ਅਰਪਣ ਤੇ ਨਵੀਂ ਕਾਰਜਕਾਰਨੀ ਕਮੇਟੀ ਦਾ ਗਠਨ

ਆਸਟ੍ਰੇਲੀਆ ਬ੍ਰਿਸਬੇਨ ਸਥਿੱਤ ਪੰਜਾਬੀ ਸਾਹਿਤ ਤੇ ਭਾਸ਼ਾ ਦੇ ਪਸਾਰ ਲਈ ਜਾਣੀ ਜਾਂਦੀ ਸੰਸਥਾ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ ਵੱਲੋਂ ਬੀਤੇ ਸ਼ਨੀਵਾਰ ਕਵੀ ਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਨਾਮਵਰ ਗੀਤਕਾਰ ਤੇ ਸ਼ਾਇਰ ਕਰਨੈਲ ਸਿੰਘ ਮਾਂਗਟ ਹੁਰਾਂ ਦਾ ਪਹਿਲਾ ਗ਼ਜ਼ਲ ਸੰਗ੍ਰਹਿ ਪਾਠਕਾਂ ਦੇ ਸਨਮੁੱਖ ਕੀਤਾ ਗਿਆ। ਇਸ ਮੌਕੇ ਸਭਾ ਦੇ 2 ਸਾਲ ਦਾ ਕਾਰਜਕਾਲ ਪੂਰਾ ਹੋਇਆ ਤੇ ਆਉਂਦੇ ਸਾਲ ਲਈ ਹਰ ਵਾਰ ਦੀ ਤਰਾਂ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ।

ਮਸ਼ਹੂਰ ਗ਼ਜ਼ਲਗੋ ਅਤੇ ਨਵੇਂ ਚੁਣੇ ਗਏ ਸਹਾਇਕ ਸੈਕਟਰੀ ਜਸਵੰਤ ਵਾਗਲਾ ਜੀ ਨੇ ਕਰਨੈਲ ਸਿੰਘ ਮਾਂਗਟ ਜੀ ਬਾਰੇ ਪਰਚਾ ਪੜਿਆ ਤੇ ਉਹਨਾਂ ਦੇ ਤਕਰੀਬਨ 78 ਸਾਲ ਦੀ ਉਮਰ ਦੀ ਜ਼ਿੰਦਗੀ ਨੂੰ ਸਰੋਤਿਆਂ ਦੇ ਰੂਬਰੂ ਕਰਾਉਂਦਿਆਂ ਉਹਨਾਂ ਦੇ ਲਿਖੇ ਹਜ਼ਾਰਾਂ ਗੀਤਾਂ ਬਾਰੇ ਦੱਸਿਆ। ਇਸ ਦੌਰਾਨ ਮਸ਼ਹੂਰ ਗੀਤਕਾਰ ਨਿਰਮਲ ਸਿੰਘ ਦਿਓਲ ਜੀ ਨੇ ਦਰਸ਼ਕਾਂ ਨੂੰ ਕਵਿਤਾ ਬਾਰੇ ਚਾਨਣਾ ਪਵਾਉਂਦਿਆਂ ਕਿਹਾ ਕਿ ਕਵਿਤਾ ਨਾਲ ਲੋਕ ਹਮੇਸ਼ਾਂ ਇਨਸਾਫ਼ ਕਰਦੇ ਨੇ ਤੇ ਚੰਗੀ ਕਵਿਤਾ ਹਮੇਸ਼ਾਂ ਸਰਾਹੀ ਤੇ ਪੜੀ ਸੁਣੀ ਜਾਂਦੀ ਹੈ। ਗੀਤਕਾਰ ਰੱਤੂ ਰੰਧਾਵਾ ਜੀ ਨੇ ਹਰ ਵਾਰ ਦੀ ਤਰਾਂ ਕਮਾਲ ਦੇ  ਸਾਹਿਤਕ ਗੀਤ ਪੇਸ਼  ਕੀਤੇ। ਕਮੇਟੀ ਦੇ ਨਵੇਂ ਚੁਣੇ ਗਏ ਮੀਡੀਆ ਸਲਾਹਕਾਰ ਵਰਿੰਦਰ ਅਲੀਸ਼ੇਰ ਨੇ ਸਭਾ ਦੇ ਲੋਕਤੰਤਰਿਕ ਢਾਂਚੇ ਦੀ ਸਿਫ਼ਤ ਕਰਦਿਆਂ ਕਿਹਾ ਕਿ ਬੇਸ਼ੱਕ ਇਹ ਸੰਸਥਾ ਚੁਣਿੰਦਾ ਲੋਕਾਂ ਵੱਲੋਂ ਸਥਾਪਿਤ ਕੀਤੀ ਗਈ ਸੀ, ਪਰ ਇਸ ਦੇ ਡੈਮੋਕਰੈਟਿਕ ਬਿਹੇਵੀਅਰ ਨੇ ਇਸ ਨੂੰ ਲੋਕਾਂ ਦੇ ਨਾਮ ਕਰ ਦਿੱਤਾ ਹੈ, ਜਿਸ ਵਿੱਚ ਆ ਕੇ ਉਹ ਪੰਜਾਬੀ ਮਾਂ ਬੋਲੀ ਦੇ ਨੇੜੇ ਹੁੰਦੇ ਹਨ, ਕਵਿਤਾ ਸਿੱਖਦੇ ਹਨ, ਪੇਸ਼ਕਾਰੀ ਕਰਦੇ ਹਨ ਤੇ ਹਸਤੀ ਨੂੰ ਸ਼ਿੰਗਾਰਦੇ ਹਨ। ਦੁਬਾਰਾ ਤੋਂ ਚੁਣੇ ਗਏ ਜਨਰਲ ਸੈਕਟਰੀ ਪਰਮਿੰਦਰ ਸਿੰਘ ਹਰਮਨ ਨੇ ਦੱਸਿਆ ਕਿ ਸਭਾ ਇੱਕ ਉਹ ਸਕੂਲ ਹੈ ਜਿਸ ਵਿੱਚ ਹਰ ਉਮਰ ਵਰਗ ਦਾ ਇਨਸਾਨ ਆ ਕੇ ਕੁਝ ਨਾ ਕੁਝ ਸਿੱਖ ਸਕਦਾ ਹੈ ਤੇ ਤਾ-ਉਮਰ ਡਿਸਿਪਲਿਨ ਦਾ ਪਾਬੰਦ ਰਹਿ ਸਕਦਾ ਹੈ। ਨਵੇਂ ਚੁਣੇ ਗਏ ਪ੍ਰਧਾਨ ਦਲਜੀਤ ਸਿੰਘ ਨੇ ਸਭ ਦੀਆਂ ਵਧਾਈਆਂ ਨੂੰ ਕਬੂਲਦੇ ਹੋਏ ਤਨੋ ਮਨੋ ਅਹੁਦਾ ਨਿਭਾਉਣ ਦਾ ਵਾਅਦਾ ਕੀਤਾ। ਉੱਪ ਪ੍ਰਧਾਨ ਲਈ ਮਹਿਲਾ ਵਰਗ ਤੋਂ ਰੀਤਿਕਾ ਅਹੀਰ ਜੀ ਨੂੰ ਚੁਣਿਆ ਗਿਆ। ਸਾਬਕਾ ਕਮੇਟੀ ਦੇ ਮੀਤ ਸੈਕਟਰੀ ਗੁਰਵਿੰਦਰ ਸਿੰਘ ਨੂੰ ਸਲਾਹਕਾਰ ਘੋਸ਼ਿਤ ਕੀਤਾ ਗਿਆ। ਦੁਬਾਰਾ ਤੋਂ ਫਿਰ ਹਰਮਨਦੀਪ ਗਿੱਲ ਖਜ਼ਾਨਚੀ ਦੇ ਅਹੁਦੇ ਲਈ ਚੁਣੇ ਗਏ। ਸਾਰੀ ਨਵੀਂ ਕਮੇਟੀ ਸਾਬਕਾ ਕਾਰਜਕਾਰਨੀ ਅਤੇ ਨਵੇਂ ਦਿਲਚਸਪ ਮੈਂਬਰਾਂ ਦੀਆਂ ਵੋਟਾਂ ਦੇ ਆਧਾਰ ‘ਤੇ ਚੁਣੀ ਗਈ। ਵਰਿੰਦਰ ਅਲੀਸ਼ੇਰ ਵੱਲੋਂ ਗਲੋਬਲ ਇੰਸਟੀਟਿਊਟ ਤੇ ਆਏ ਹੋਏ ਲੇਖਕਾਂ ਦਾ ਧਨਵਾਦ ਕੀਤਾ ਗਿਆ।

ਸਟੇਜ ਦਾ ਸੰਚਾਲਕ ਰਿਤੀਕਾ ਅਹੀਰ ਜੀ ਵੱਲੋਂ ਬਾਖ਼ੂਬੀ ਨਿਭਾਇਆ ਗਿਆ।

Install Punjabi Akhbar App

Install
×