ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ

“ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਇਹ ਪੰਗਤੀ ਗੁਰੂ ਗ੍ਰੰਥ ਸਾਹਿਬ ਦੇ (ਪੰਨਾ-੮ ਅਤੇ ਪੰਨਾ-੧੪੬) ਉਤੇ ਅੰਕਿਤ ਹੈ। ਇਸ ਪੰਗਤੀ ਦੇ ਅਰਥ ਪ੍ਰੋ: ਸਾਹਿਬ ਸਿੰਘ ਜੀ ਨੇ ਇਸ ਤਰ੍ਹਾਂ ਕੀਤੇ ਹਨ: ਆਪੋ ਆਪਣੇ (ਇਹਨਾਂ ਕੀਤੇ ਹੋਏ) ਕਰਮਾਂ ਦੇ ਅਨੁਸਾਰ ਕਈ ਜੀਵ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਨ ਅਤੇ ਕਈ ਅਕਾਲ ਪੁਰਖ ਤੋਂ ਦੂਰ ਹੋ ਜਾਂਦੇ ਹਨ। ਹੋਰ ਵਿਦਵਾਨ ਵੀ ਇਸ ਦੇ ਅਰਥ ਕਰੀਬ ਕਰੀਬ ਇਸੇ ਤਰ੍ਹਾਂ ਦੇ ਹੀ ਕਰਦੇ ਹਨ। ਜਿਵੇਂ ਕਿ: ਆਪੋ ਆਪਣੇ ਅਮਲਾਂ ਅਨੁਸਾਰ ਕਈ ਸੁਆਮੀ ਦੇ ਨਜ਼ਦੀਕ ਅਤੇ ਕਈ ਦੁਰੇਡੇ ਹੋਣਗੇ।
ਵਿਦਵਾਨਾਂ ਦੇ ਇਸ ਤਰ੍ਹਾਂ ਦੇ ਕੀਤੇ ਗਏ ਅਰਥਾਂ ਨੂੰ ਠੀਕ ਹੀ ਕਹਿਣਾ ਪਵੇਗਾ, ਪਰ ਗੁਰਬਾਣੀ ਦੇ ਫ਼ਲਸਫ਼ੇ ਅਨੁਸਾਰ ਇਸ ਪੰਗਤੀ ਦੇ ਅਰਥ ਵਿਸਥਾਰ ਵਿਚ ਸਮਝਣ ਦੀ ਲੋੜ ਜ਼ਰੂਰ ਭਾਸਦੀ ਹੈ। ਕਿਉਂਕਿ ਗੁਰਬਾਣੀ ਇਹ ਸਪਸ਼ਟ ਤੌਰ ਤੇ ਸਮਝਾਉਂਦੀ ਹੈ ਕਿ ਅਕਾਲਪੁਰਖ ਜਾਂ ਸੁਆਮੀ ਤਾਂ ਹਰ ਇੱਕ ਦੇ ਹਿਰਦੇ ਵਿਚ ਵਸਦਾ ਹੈ। ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੋ ਅਕਾਲ ਪੁਰਖ (ਸੁਆਮੀ) ਹਿਰਦੇ ਵਿਚ ਵਸਦਾ ਹੈ ਉਸ ਦੇ ਨਜ਼ਦੀਕ ਜਾਂ ਉਸ ਦੇ ਨੇੜੇ ਕਿਵੇਂ ਹੋਇਆ ਜਾ ਸਕਦਾ ਹੈ ਅਤੇ ਜੋ ਉਸ ਹਿਰਦੇ ਵਾਲੇ ਰੱਬ ਤੋਂ ਦੂਰ ਹੁੰਦੇ ਹਨ ਉਸ ਦਾ ਅਰਥ ਕੀ ਹੁੰਦਾ ਹੈ?
ਗੁਰਬਾਣੀ ਇੱਕ ਪ੍ਰੈਕਟੀਕਲ ਜੀਵਨ ਜੀਉਣ ਲਈ ਐਸਾ ਫ਼ਲਸਫ਼ਾ ਹੈ, ਐਸੀ ਵਿਚਾਰਧਾਰਾ ਹੈ ਜੋ ਮਨੁੱਖ ਨੂੰ ਮਨੁੱਖੀ ਧਰਮ ਦੀ ਸੋਝੀ ਪ੍ਰਦਾਨ ਕਰਦੀ ਹੈ। ਇਨਸਾਨ ਨੂੰ ਇਨਸਾਨੀਅਤ ਦੇ ਗੁਣ ਅਪਨਾਉਣ ਲਈ ਪ੍ਰੇਰਦੀ ਹੈ। ਡੰਗਰ ਵਿਚ ਉਤਨੀ ਸੋਝੀ ਨਹੀਂ ਹੁੰਦੀ ਜਿਤਨੀ ਇਨਸਾਨ ਵਿਚ ਹੈ। ਇਸੇ ਲਈ ਗੁਰਬਾਣੀ ਦਾ ਫ਼ਰਮਾਨ ਹੈ: ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾ-੧੨) ਇਸ ਸ਼ਬਦ ਵਿਚ ਮੁਖ ਤੌਰ ਉਤੇ ਇਹ ਹੀ ਸਮਝਾਇਆ ਗਿਆ ਹੈ ਕਿ: ਮਨੁੱਖ ਹੀ ਇੱਕ ਐਸਾ ਪ੍ਰਾਣੀ ਹੈ ਜੋ ਗੋਬਿੰਦ ਨਾਲ ਭਾਵ ਰੱਬ ਜੀ ਨਾਲ ਮਿਲ ਸਕਦਾ ਹੈ ਜਾਂ ਰੱਬ ਜੀ ਦੇ ਨੇੜੇ ਹੋ ਸਕਦਾ ਹੈ।
ਜਾਪਦਾ ਇੰਝ ਹੈ ਕਿ ਗੁਰਬਾਣੀ ਦੇ ਇਸ ਫ਼ਲਸਫ਼ੇ ਨੂੰ ਨਾ ਤਾਂ ਸਮਝਿਆ ਗਿਆ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਸਮਝਾਇਆ ਗਿਆ ਹੈ। ਸਗੋਂ ਇਸ ਦੇ ਉਲਟ ਕੁਝ ਚਤੁਰ, ਚਲਾਕ, ਲੋਭੀ ਅਤੇ ਮਤਲਬੀ ਧਰਮ ਦੇ ਪੁਜਾਰੀਆਂ ਨੇ ਕਈ ਬਾਹਰ ਦੇ ਰੱਬ ਘੜ ਲਿੱਤੇ ਹਨ ਅਤੇ ਆਪੋ ਆਪਣੇ ਕਰਮਕਾਂਡ ਸਥਾਪਤ ਕਰਕੇ ਵਿਅਕਤੀ ਨੂੰ ਰੱਬ ਜੀ ਦੇ ਨੇੜੇ ਕਰਨ ਦੇ ਜਾਂ ਰੱਬ ਜੀ ਨਾਲ ਮਿਲਾਪ ਕਰਵਾਉਣ ਦੇ ਝਾਂਸੇ ਦੇ ਕੇ, ਅਤੇ ਵਕਤ ਦੇ ਹਾਕਮਾਂ ਦੀ ਮਦਦ ਨਾਲ ਭੋਲੇ ਭਾਲੇ ਜਾਂ ਕੁਝ ਘੱਟ ਬੁੱਧੀ ਵਾਲੇ ਮਨੁੱਖਾਂ ਨੂੰ ਆਪਣੇ ਸੁਆਰਥ ਵਾਸਤੇ ਇਸਤੇਮਾਲ ਕਰਦੇ ਹਨ ਅਤੇ ਉਨ੍ਹਾਂ ਦਾ ਹਰ ਤਰ੍ਹਾਂ ਦਾ ਸ਼ੋਸ਼ਣ ਕਰਦੇ ਹਨ। ਇਸ ਚਤੁਰ ਪੁਜਾਰੀ ਵਰਗ ਨੇ ਭਾਵ ਧਰਮ ਦੇ ਠੇਕੇਦਾਰਾਂ ਨੇ ਆਪੋ ਆਪਣੀ ਚਤੁਰਾਈ ਅਨੁਸਾਰ ਕਈ ਧਰਮ ਬਣਾ ਲਿੱਤੇ ਅਤੇ ਭੋਲੀ ਭਾਲੀ ਜਨਤਾ ਨੂੰ ਇਹ ਯਕੀਨ ਦਿਵਾਉਂਦੇ ਹਨ ਕਿ ਉਨ੍ਹਾਂ ਦੇ ਧਰਮ ਨੂੰ ਅਪਣਾ ਕੇ ਹੀ ਰੱਬ ਜੀ ਨਾਲ ਮਿਲਾਪ ਹੋ ਸਕਦਾ ਹੈ।ਇਸੇ ਝਾਂਸੇ ਕਾਰਨ ਆਮ ਲੋਕਾਂ ਨੂੰ ਕਰਮਕਾਂਡਾਂ ਦੇ ਚੱਕਰ ਵਿਚ ਉਲਝਾ ਦਿੱਤਾ ਜਾਂਦਾ ਹੈ। ਇਸੇ ਆੜ ਵਿਚ ਵੱਖੋ ਵੱਖ ਧਰਮ ਹੀ ਨਹੀਂ ਬਨਾਏ ਸਗੋਂ ਵੱਖੋ ਵੱਖਰੀਆਂ ਜਾਤੀਆਂ ਵੀ ਸਥਾਪਤ ਕਰ ਦਿਤੀਆਂ ਅਤੇ ਮਨੁੱਖਾਂ ਵਿਚ ਵੰਡੀ ਪਾ ਦਿੱਤੀ।
ਗੁਰੂ ਸਾਹਿਬ ਜਦੋਂ ਇਹ ਆਖਦੇ ਹਨ: ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ ਇਸ ਦੇ ਨਾਲ ਇਹ ਵੀ ਸਮਝਾਉਂਦੇ ਹਨ: ਅਵਰਿ ਕਾਜ ਤੇਰੈ ਕਿਤੈ ਨ ਕਾਮ॥ (ਪੰਨਾ-੧੨) ਭਾਵ ਰੱਬ ਜੀ ਦੇ ਨਾਲ ਮਿਲਾਪ ਵਾਸਤੇ, ਅਕਾਲਪੁਰਖ ਦੇ ਨੇੜੇ ਹੋਣ ਵਾਸਤੇ ਅਵਰਿ ਕਾਜ ਭਾਵ ਕਰਮਕਾਂਡਾਂ ਵਾਲੇ ਕਾਜ, ਕੋਈ ਕੰਮ ਨਹੀਂ ਸੰਵਾਰਦੇ, ਵਿਖਾਵੇ ਵਾਲੇ ਕਰਮ ਰੱਬ ਜੀ ਦੇ ਨੇੜੇ ਨਹੀਂ ਲੈਕੇ ਜਾਂਦੇ। ਜੇ ਰੱਬ ਜੀ ਦੇ ਨੇੜੇ ਹੋਣਾ ਹੈ ਤਾਂ ਨਾਲ ਹੀ ਗੁਰੂ ਸਾਹਿਬ ਸਮਝਾਉਂਦੇ ਹਨ: ਮਿਲੁ ਸਾਧਸੰਗਤਿ ਭਜੁ ਕੇਵਲ ਨਾਮ॥ (ਪੰਨਾ-੧੨) ਭਾਵ ਸਾਧਸੰਗਤਿ, ਚੰਗੀ ਸੁਚੱਜੀ ਸੋਚ ਵਾਲੇ ਮਨੁੱਖਾਂ ਦੀ ਸੰਗਤ ਕਰਕੇ ਭਜੁ ਕੇਵਲ ਨਾਮ- ਨਾਮ ਤੋਂ ਭਾਵ ਹੈ: ਰੱਬੀ ਗੁਣ। ਇਸ ਲਈ ਰੱਬੀ ਗੁਣਾਂ ਨੂੰ ਯਾਦ ਰੱਖ ਕੇ ਉਨ੍ਹਾਂ ਗੁਣਾਂ ਮੁਤਾਬਕ ਕਰਮ ਕੀਤੇ ਜਾਣ। ਰੱਬੀ ਗੁਣਾਂ ਨੂੰ ਅਪਨਾਇਆ ਜਾਵੇ ਅਤੇ ਉਨ੍ਹਾਂ ਗੁਣਾਂ ਅਨੁਸਾਰ ਜੀਵਨ ਜੀਵਿਆ ਜਾਵੇ। ਇਹ ਢੰਗ ਹੈ ਰੱਬ ਜੀ ਦੇ ਨੇੜੇ ਹੋਣ ਦਾ।
ਮੁਸ਼ਕਲ ਇਹ ਹੈ ਕਿ ਕਈ ਸਦੀਆਂ ਪਹਿਲਾਂ ਹੀ ਕਰਮਕਾਂਡਾਂ ਵਾਲੀ ਕੂੜ ਦੀ ਦੀਵਾਰ ਖੜ੍ਹੀ ਕਰ ਦਿੱਤੀ ਗਈ ਸੀ ਜਿਸ ਕਾਰਨ ਮਨੁੱਖ, ਮਨੁੱਖੀ ਧਰਮ, ਭਾਵ ਸਚਿਆਰ ਹੋਣਾ ਭੁਲ ਕੇ ਕਰਮਕਾਂਡਾਂ ਦੇ ਜਾਲ ਵਿਚ ਫਸ ਕੇ ਰਹਿ ਗਿਆ ਅਤੇ ਰੱਬ ਜੀ ਤੋਂ ਭਾਵ ਅਕਾਲਪੁਰਖ ਤੋਂ ਦੂਰ ਹੋ ਗਿਆ।
ਜੇਕਰ ਗੁਰਬਾਣੀ ਦੇ ਫ਼ਲਸਫ਼ੇ ਨੂੰ ਸਮਝਿਆ ਜਾਵੇ ਤਾਂ ਗੁਰਬਾਣੀ ਦਾ ਮਨੋਰਥ ਇਹ ਹੀ ਹੈ ਕਿ ਇਸ ਕੂੜ ਦੀ ਦੀਵਾਰ ਨੂੰ ਤੋੜ ਦਿੱਤਾ ਜਾਵੇ; ਇਸ ਕੂੜ ਦੀ ਦੀਵਾਰ ਤੋਂ ਬਾਹਰ ਨਿਕਲਿਆ ਜਾਵੇ ਅਤੇ ਮਨੁੱਖੀ ਧਰਮ, ਇਨਸਾਨੀਅਤ ਦਾ ਧਰਮ ਅਪਨਾਇਆ ਜਾਵੇ ਭਾਵ ਸਚਿਆਰਾ ਜੀਵਨ ਜੀਵਿਆ ਜਾਵੇ। ਇਸੇ ਲਈ ਗੁਰਬਾਣੀ ਆਰੰਭ ਹੀ ਇਥੋਂ ਹੁੰਦੀ ਹੈ: ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ॥ (ਪੰਨਾ-੧) ਇਸ ਦੇ ਅਰਥ ਇਸ ਤਰ੍ਹਾਂ ਕੀਤੇ ਗਏ ਹਨ: ਮਨੁੱਖ ਕਿਸ ਤਰ੍ਹਾਂ ਸੱਚਾ ਸੁੱਚਾ ਸੁਹਿਰਦ ਇਨਸਾਨ ਬਣ ਸਕਦਾ ਹੈ ਅਤੇ ਕਿਸ ਤਰ੍ਹਾਂ ਝੂਠੀ ਕਰਮਕਾਂਡਾਂ ਵਾਲੀ ਦੀਵਾਰ ਤੋੜੀ ਜਾ ਸਕਦੀ ਹੈ ਤਾਂ ਕਿ ਮਨੁੱਖ (ਰੱਬ ਜੀ) ਅਕਾਲਪੁਰਖ ਦੇ ਨੇੜੇ ਹੋ ਸਕੇ, ਰੱਬ ਜੀ ਨਾਲ ਮਿਲ ਸਕੇ। ਕਰਮਕਾਂਡਾਂ ਵਾਲੀ ਝੂਠ ਦੀ ਦੀਵਾਰ ਨੇ ਹੀ ਮਨੁੱਖ ਦੀ ਰੱਬ ਨਾਲੋਂ ਦੂਰੀ ਬਣਾ ਰੱਖੀ ਹੈ। ਜੇਕਰ ਸੱਚਾ-ਸੁੱਚਾ ਜੀਵਨ ਜੀਉਣਾ ਹੈ ਤਾਂ ਸੱਚ ਅਤੇ ਸੁੱਚ ਨੂੰ ਸਮਝਣਾ ਪਵੇਗਾ। ਇਸੇ ਲਈ ਕਿਹਾ ਗਿਆ ਹੈ: To lead a truthful life, we have to understand the Truth, and not live in delusion.
ਸੁਆਮੀ ਭਾਵ ਰੱਬ ਜੀ ਦੇ ਨੇੜੇ ਹੋਣ ਵਾਸਤੇ ਗੁਰਬਾਣੀ ਸਮਝਾਉਂਦੀ ਹੈ ਕਿ ਕਰਮ ਐਸੇ ਹੋਣੇ ਚਾਹੀਦੇ ਹਨ ਜੋ ਕੁਦਰਤ ਦੇ ਨਿਯਮਾਂ ਅਨੁਸਾਰ ਹੋਣ। ਇਸੇ ਲਈ ਗੁਰੂ ਸਾਹਿਬ ਨੇ ਜਦੋਂ ਇਹ ਸਵਾਲ ਉਠਾਇਆ ਕਿ: ਕਿਵ ਸਚਿਆਰਾ ਹੋਈਐ ਕਿਵ ਕੁੜੈ ਤੁਟੈ ਪਾਲਿ॥ ਨਾਲ ਹੀ ਇਹ ਸਮਝਾ ਦਿੱਤਾ: ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥ (ਪੰਨਾ-੧) ਭਾਵ ਕੁਦਰਤ ਦੇ ਨਿਯਮ ਅਨੁਸਾਰ ਜੀਵਨ ਜੀਵਿਆ ਜਾਵੇ ਕਿਉਂਕਿ ਕੁਦਰਤ ਦੇ ਨਿਯਮ ਦੇ ਉਲਟ ਕੁਝ ਨਹੀਂ ਹੋ ਸਕਦਾ। ਬਾਣੀ ਸਪਸ਼ਟ ਕਰਦੀ ਹੈ: ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥ (ਪੰਨਾ-੧) ਭਾਵ ਇਹ ਕਿ ਸਭ ਕੁਝ ਕੁਦਰਤ ਦੇ ਨਿਯਮ ਅਨੁਸਾਰ ਹੀ ਹੁੰਦਾ ਹੈ।
ਸਮੁੱਚਾ ਭਾਵ ਇਹ ਹੋਇਆ ਕਿ ਮਨੁੱਖ ਨੇ ਜੇਕਰ ਸਚਿਆਰ ਹੋਣਾ ਹੈ, ਰੱਬ ਜੀ ਦੇ ਨੇੜੇ ਹੋਣਾ ਹੈ ਤਾਂ ਉਸ ਨੂੰ ਐਸੇ ਕਰਮ ਕਰਨੇ ਚਾਹੀਦੇ ਹਨ ਜਿਹੜੇ ਉਸ ਨੂੰ ਸਚਿਆਰ ਹੋਣ ਵਿਚ ਸਹਾਈ ਹੋਣ। ਫਿਰ ਗੁਰੂ ਸਾਹਿਬ ਜਪੁ (ਜਪੁਜੀ ਸਾਹਿਬ) ਦੀ ਬਾਣੀ ਵਿਚ ਸਚਿਆਰ ਹੋਣ ਦੇ ਢੰਗ ਵੀ ਦਸਦੇ ਹਨ ਅਤੇ ਅੰਤ ਵਿਚ ਜੋ ਸਲੋਕ ਉਚਾਰਿਆ ਹੈ ਉਸ ਵਿਚ ਇਹ ਸਪਸ਼ਟ ਕੀਤਾ ਹੈ ਕਿ:

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ (ਪੰਨਾ-੮)।

ਚੰਗਿਆਈਆ ਬੁਰਿਆਈਆ ਤੋਂ ਭਾਵ ਇਹ ਹੈ ਕਿ ਜੋ ਚੰਗੇ ਕਰਮ ਜਾਂ ਬੁਰੇ ਕਰਮ ਕੀਤੇ ਜਾਂਦੇ ਹਨ ਉਹ- ਵਾਚੈ ਧਰਮੁ ਹਦੂਰਿ॥ ਧਰਮ ਹਦੂਰਿ ਤੋਂ ਭਾਵ ਅੰਦਰ ਹਿਰਦੇ ਵਿਚ; ਅੰਤਰ ਆਤਮਾ ਉਤੇ ਉਨ੍ਹਾਂ ਚੰਗੇ ਜਾਂ ਮੰਦੇ ਕੰਮਾਂ ਦਾ ਪ੍ਰਭਾਵ ਪੈਂਦਾ ਹੈ। ਇਸ ਪ੍ਰਭਾਵ ਅਨੁਸਾਰ ਹੀ ਮਨੁੱਖ ਦੀ ਸੋਚ ਬਣਦੀ ਹੈ, ਫਿਰ ਆਪਣੀ ਸੋਚ ਅਨੁਸਾਰ ਜੋ ਕਰਮ ਕਰਦਾ ਹੈ ਉਸ ਅਨੁਸਾਰ ਉਸ ਦਾ ਸੁਭਾਅ ਅਤੇ ਉਸ ਦੀਆਂ ਆਦਤਾਂ ਪੱਕੀਆਂ ਹੋ ਜਾਂਦੀਆਂ ਹਨ ਅਤੇ ਉਸੇ ਅਨੁਸਾਰ ਹੀ ਉਹ ਕਰਮ ਕਰਦਾ ਰਹਿੰਦਾ ਹੈ ਅਤੇ ਉਸੇ ਅਨੁਸਾਰ ਉਹ ਸਮਾਜ ਵਿਚ ਵਿਚਰਦਾ ਹੈ। ਫਿਰ ਕਰਮ ਹੀ ਦੱਸਦੇ ਹਨ ਕਿ ਕੋਈ ਕਿਤਨਾ-ਕੁ ਸਚਿਆਰ ਹੈ। ਬੱਸ ਜੋ ਜਿਤਨਾ ਸਚਿਆਰ ਉਤਨਾ ਹੀ ਉਹ ਅਕਾਲਪੁਰਖ ਭਾਵ ਰੱਬ ਜੀ ਦੇ ਨੇੜੇ ਹੋ ਜਾਂਦਾ ਹੈ। ਜੇਕਰ ਅਕਾਲਪੁਰਖ ਦੇ ਨੇੜੇ ਹੋਣਾ ਹੈ ਤਾਂ ਵੇਖਣਾ ਇਹ ਹੋਵੇਗਾ ਕਿ ਕੋਈ ਮਨੁੱਖ ਕਿਤਨਾ ਕੁ ਸਚਿਆਰ ਹੋਇਆ ਹੈ। ਰੱਬ ਜੀ ਦੇ ਬੇਅੰਤ ਗੁਣਾਂ ਵਿਚੋਂ ਜਿਤਨੇ ਗੁਣ ਅਪਨਾ ਲਿੱਤੇ ਜਾਣ ਉਤਨਾ ਹੀ ਵਿਅਕਤੀ ਰੱਬ ਜੀ ਦੇ ਨੇੜੇ ਹੋ ਜਾਂਦਾ ਹੈ। ਰੱਬੀ ਗੁਣ ਅਪਨਾਉਣਾ ਹੀ ਨਾਮੁ ਧਿਆਉਣਾ ਹੈ ਜੋ ਕਿ ਬਹੁਤ ਮੁਸ਼ਕਲ ਕੰਮ ਹੈ। ਇਸੇ ਲਈ ਇਸੇ ਸਲੋਕ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥

(ਪੰਨਾ-੮ ਅਤੇ ੧੪੬)

ਭਾਵ ਜੋ ਵਿਅਕਤੀ ਰੱਬੀ ਗੁਣ ਅਪਨਾ ਲੈਂਦੇ ਹਨ, ਜੋ ਵਿਅਕਤੀ ਰੱਬੀ ਗੁਣ ਅਪਨਾਉਣ ਲਈ ਮਿਹਨਤ ਕਰ ਲੈਂਦੇ ਹਨ ਉਨ੍ਹਾਂ ਦੇ ਮੁਖ ਉਜਲੇ ਹੁੰਦੇ ਹਨ। ਉਹ ਹੀ ਸਚਿਆਰ ਹੁੰਦੇ ਹਨ। ਐਸੇ ਮਨੁੱਖ ਹੀ ਰੱਬ ਜੀ ਦੇ ਨੇੜੇ ਹੁੰਦੇ ਹਨ ਅਤੇ ਇਨ੍ਹਾਂ ਦੀ ਸੰਗਤ ਨਾਲ ਹੋਰ ਵਿਅਕਤੀ ਵੀ ਰੱਬ ਜੀ ਦੇ ਨੇੜੇ ਹੋਣ ਦੇ ਲਾਇਕ ਬਣ ਜਾਂਦੇ ਹਨ।
ਇਸ ਦੇ ਉਲਟ ਜੇਕਰ ਮਨ ਵਿਚ ਮੈਲ ਹੈ, ਮਨ ਵਿਚ ਖੋਟ ਹੈ, ਮਨ ਵਿਚ ਵੈਰ ਵਿਰੋਧ, ਈਰਖਾ, ਦਵੈਸ਼, ਕਪਟ ਹੈ ਜਾਂ ਇਸੇ ਤਰ੍ਹਾਂ ਦੇ ਹੋਰ ਬੁਰੇ ਜਾਂ ਨਕਾਰਾਤਮਕ ਵਿਚਾਰ ਹਨ ਜਾਂ ਇਸ ਤਰ੍ਹਾਂ ਦਾ ਮਨ ਵਿਚ ਹੋਰ ਕੂੜਾ ਕਰਕਟ ਭਰਿਆ ਹੈ ਤਾਂ ਉਹ ਰੱਬ ਜੀ ਤੋਂ ਦੂਰ ਹੁੰਦਾ ਹੈ। ਇਹ ਕੂੜਾ ਕਰਕਟ ਆਪਣੀ ਮਾੜੀ ਜਾਂ ਬੇਅਕਲ ਸੋਚ ਅਤੇ ਵਾਸਨਾਵਾਂ ਕਾਰਨ ਹੀ ਪੈਦਾ ਹੁੰਦਾ ਹੈ। ਇਸੇ ਕਾਰਨ ਮਨੁੱਖ ਅਕਾਲਪੁਰਖ ਤੋਂ ਦੂਰ ਹੋ ਜਾਂਦਾ ਹੈ। ਜੇਕਰ ਅਕਾਲਪੁਰਖ ਦੇ ਨਜ਼ਦੀਕ ਹੋਣਾ ਹੈ ਤਾਂ ਬਾਣੀ ਬੜਾ ਸਰਲ ਰਾਹ ਸਮਝਾਉਂਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥ (ਪੰਨਾ-੪੮੮) ਕਿਤਨਾ ਸਰਲ ਰਸਤਾ ਹੈ। ਬਾਬਾ ਫਰੀਦ ਜੀ ਸਮਝਾਉਂਦੇ ਹਨ ਕਿ ਜੇਕਰ ਰੱਬ ਜੀ ਨੂੰ ਮਿਲਣਾ ਹੈ ਜਾਂ ਰੱਬ ਜੀ ਦੇ ਨੇੜੇ ਹੋਣਾ ਹੈ ਤਾਂ ਇਹ ਜੋ ਇੰਦਰੀਆਂ ਤੈਨੂੰ ਨਚਾਉਂਦੀਆਂ ਹਨ, ਤੇਰੇ ਮਨ ਵਿਚ ਬੁਰੇ ਖਿਆਲ ਪੈਦਾ ਕਰਦੀਆਂ ਹਨ, ਇਨ੍ਹਾਂ ਨੂੰ ਕਾਬੂ ਕਰ ਲੈ, ਜੇ ਇਨ੍ਹਾਂ ਨੂੰ ਕਾਬੂ ਕਰ ਲਿੱਤਾ ਜਾਵੇ ਤਾਂ ਅੱਜ ਹੀ ਰੱਬ ਜੀ ਨਾਲ ਮਿਲਾਪ ਹੋ ਸਕਦਾ ਹੈ; ਅਕਾਲਪੁਰਖ ਦੇ ਨੇੜੇ ਹੋਇਆ ਜਾ ਸਕਦਾ ਹੈ; ਨਹੀਂ ਤਾਂ ਅਕਾਲਪੁਰਖ ਤੋਂ ਦੂਰ ਤੇ ਉਹ ਹੈ ਹੀ।
ਵਾਹਿਗੁਰੂ ਨਾਲ ਮਿਲਣ ਦਾ, ਉਸ ਦੇ ਨੇੜੇ ਹੋਣ ਦਾ ਗੁਰਬਾਣੀ ਵਿਚ ਇਕ ਬੜਾ ਸਪਸ਼ਟ ਫਾਰਮੂਲਾ ਇਸ ਤਰ੍ਹਾਂ ਵੀ ਦੱਸਿਆ ਹੈ। ਪਹਿਲਾ ਇਕ ਪ੍ਰਸ਼ਨ ਹੁੰਦਾ ਹੈ: ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ (ਪੰਨਾ-੭੨੯) ਭਾਵ ਪ੍ਰਸ਼ਨ ਹੈ, ਕਿ ਹੇ ਸੱਜਣ! ਜੀਵਨ-ਸਫਰ ਦੇ ਹੇ ਪਿਆਰੇ ਪਾਂਧੀ! (ਕੀ ਤੈਨੂੰ ਪਤਾ ਹੈ ਕਿ) ਪ੍ਰਭੂ ਨਾਲ ਮਿਲਾਪ ਕਿਵੇਂ ਹੁੰਦਾ ਹੈ? ਅਤੇ ਫਿਰ ਮਿਲਣ ਦਾ ਫਾਰਮੂਲਾ ਇਸ ਤਰ੍ਹਾਂ ਦੱਸਿਆ ਹੈ: ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ (ਪੰਨਾ-੭੨੯) ਭਾਵ ਜੇ ਪੱਲੇ ਗੁਣ ਹੋਣ ਤਾਂ ਉਹ ਆਪ ਹੀ (ਆਪਣੇ ਨਾਲ) ਮਿਲਾ ਲੈਂਦਾ ਹੈ। ਗੱਲ ਤਾਂ ਕੇਵਲ ਗੁਣ ਅਪਨਾਉਣ ਦੀ ਹੈ ਫਿਰ ਮਿਲਾਪ ਆਪਣੇ ਆਪ ਹੋ ਜਾਂਦਾ ਹੈ।
ਇਹ ਤਾਂ ਹੁਣ ਹਰ ਇੱਕ ਨੂੰ ਆਪਣੀ ਪੜਚੋਲ ਆਪ ਹੀ ਕਰਨੀ ਹੋਵੇਗੀ ਕਿ ਕੋਈ ਕਿਤਨਾ ਕੁ (ਸਚਿਆਰ ਹੈ) ਜਾਂ ਕਿਸ ਨੇ ਕਿਤਨੇ ਕੁ ਗੁਣ ਧਾਰਨ ਕੀਤੇ ਹਨ, ਤਾਂ ਆਪਣੇ ਆਪ ਪਤਾ ਚੱਲ ਜਾਵੇਗਾ ਕਿ ਕੌਣ ਕਿਤਨਾ ਕੁ ਰੱਬ ਜੀ ਦੇ ਨੇੜੇ ਹੈ ਅਤੇ ਕੌਣ ਕਿਤਨਾ-ਕੁ ਦੂਰ ਹੈ।

ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

ਐਡਵੋਕੇਟ ਸੁਰਿੰਦਰ ਸਿੰਘ ਕੰਵਰ
WhatsApp No. +61-468432632
kanwar238@yahoo.com