ਕੇਰਨ ਐਂਡ੍ਰਿਊਜ਼ ਕਰੋਨਾ ਪਾਜ਼ਿਟਿਵ

ਘਰੇਲੂ ਮਾਮਲਿਆਂ ਦੇ ਮੰਤਰੀ ਕੇਰਨ ਐਂਡ੍ਰਿਊਜ਼ ਜੋ ਕਿ ਕੁਈਨਜ਼ਲੈਂਡ ਵਿਚਲੀ ਮੈਕਫਰਸਨ ਸੀਟ ਤੋਂ ਐਮ.ਪੀ. ਹਨ, ਨੂੰ ਫੈਡਰਲ ਚੋਣਾਂ ਦੇ ਪ੍ਰਚਾਰ ਤੋਂ ਘੱਟੋ ਘੱਟ ਇੱਕ ਹਫ਼ਤਾ ਪਰ੍ਹਾਂ ਰਹਿਣਾ ਪਵੇਗਾ ਕਿਉਂਕਿ ਬੀਤੇ ਕੱਲ੍ਹ, ਉਨ੍ਹਾਂ ਦੀ ਕੋਵਿਡ-19 ਟੈਸਟ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਅਤੇ ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਮੂਲੀ ਲੱਛਣ ਮਹਿਸੂਸ ਹੋਏ ਸਨ ਅਤੇ ਟੈਸਟ ਕਰਨ ਤੇ ਉਨ੍ਹਾਂ ਦੀ ਕਰੋਨਾ ਰਿਪੋਰਟ ਪਾਜ਼ਿਟਿਵ ਆਈ ਤਾਂ ਉਹਨਾਂ ਨੇ ਤੁਰੰਤ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਹੁਣ ਉਹ ਘਰ ਤੋਂ ਹੀ ਕੰਮ ਕਰਨਗੇ ਅਤੇ 7 ਦਿਨਾਂ ਤੋਂ ਬਾਅਦ, ਨੈਗੇਟਿਵ ਰਿਪੋਰਟ ਆਉਣ ਤੇ ਹੀ ਦੋਬਾਰਾ ਕੰਮ ਤੇ ਆਉਣਗੇ।
ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੂੰ ਨਿਊ ਸਾਊਥ ਵੇਲਜ਼ ਦੀ ਫੌਲਰ ਸੀਟ ਤੋ ਲੇਬਰ ਪਾਰਟੀ ਦੇ ਪ੍ਰਵਕਤਾ -ਕ੍ਰਿਸਟੀਨਾ ਕੈਨੀਲੀ ਦਾ ਵੀ ਕੋਵਿਡ-19 ਟੈਸਟ ਪਾਜ਼ਿਟਿਵ ਆਇਆ ਹੈ ਅਤੇ ਉਹ ਵੀ 7 ਦਿਨਾਂ ਦੇ ਆਈਸੋਲੇਸ਼ਨ ਵਿੱਚ ਹਨ।