ਟੌਰੰਗਾ ਵਿਖੇ ਕਾਰ ਦੁਰਘਟਨਾ ਵਿਚ ਮਾਰੇ ਗਏ 19 ਸਾਲਾ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਦਾ ਮ੍ਰਿਤਕ ਸਰੀਰ ਇੰਡੀਆ ਭੇਜਿਆ

ਬੀਤੇ 22 ਅਕਤੂਬਰ ਨੂੰ ਟੌਰੰਗਾ ਵਿਖੇ ਇਕ ਕਾਰ ਦੁਰਘਟਨਾ ਦੇ ਵਿਚ ਮਾਰੇ ਗਏ ਪੰਜਾਬੀ ਨੌਜਵਾਨ ਕਰਨਬੀਰ ਸਿੰਘ ਦਾ ਮ੍ਰਿਤਕ ਸਰੀਰ ਅੱਜ ਇੰਡੀਆ ਰਵਾਨਾ ਕਰ ਦਿੱਤਾ ਗਿਆ ਹੈ। ਇਸ ਨੌਜਵਾਨ ਦਾ ਪਿੰਡ ਹੋਠੀਆਂ ਨੇੜੇ ਗੋਇੰਦਵਾਲ ਸਾਹਿਬ ਸੀ। ਇਸਦੇ ਪਿਤਾ ਜੀ ਦੀ ਮੌਤ ਵੀ ਕੁਝ ਸਮਾਂ ਪਹਿਲਾਂ ਹੀ ਹੋਈ ਸੀ ਅਤੇ ਇਹ ਆਪਣੀ ਮਾਤਾ ਸ੍ਰੀਮਤੀ ਦਲਬੀਰ ਕੌਰ ਦਾ ਛੋਟਾ ਲਾਡਲਾ ਪੁੱਤਰ ਸੀ। ਇੰਸ਼ੋਰੈਂਸ ਕਪੰਨੀ, ਕਮਿਊਨਿਟੀ, ਟੌਰੰਗਾ ਸਿੱਖ ਸੁਸਾਇਟੀ, ਇੰਪਲਾਇਰ ਅਤੇ ਸਾਥੀਆਂ ਦੇ ਸਹਿਯੋਗ ਨਾਲ ਇਸ ਬੱਚੇ ਦਾ ਮ੍ਰਿਤਕ ਸਰੀਰ ਇੰਡੀਆ ਭੇਜਿਆ ਗਿਆ ਹੈ। ਇਸ ਦੇ ਸਾਥੀ ਰੋਜ਼ਾਨਾ ਸ਼ਾਮ ਨੂੰ ਉਸਦੇ ਮ੍ਰਿਤਕ ਸਰੀਰ ਕੋਲ ਜਾ ਕੇ ਉਸਦੀ ਆਤਮਿਕ ਸ਼ਾਂਤੀ ਲਈ ਪਾਠ ਅਤੇ ਅਰਦਾਸ ਕਰਿਆ ਕਰਦੇ ਸਨ ਅਤੇ ਸਾਰੇ ਹੀ ਬੜੇ ਸੋਗਮਈ ਵਾਤਾਵਰਣ ਦੇ ਵਿਚ ਇਨ੍ਹੀਂ ਦਿਨੀਂ ਵੇਖੇ ਗਏ। ਵਾਹਿਗੁਰੂ ਵਿਛੜੀ ਆਤਮਾ ਨੂੰ ਸ਼ਾਂਤੀ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ।