ਨਾਟਕਕਾਰ ਕੇਵਲ ਧਾਲੀਵਾਲ ਨੂੰ ‘ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ’ ਪ੍ਰਦਾਨ

ਸਾਹਿਤ ਨਾਲ ਰੰਗਮੰਚ ਦਾ ਨਹੁੰ ਮਾਸ ਵਾਲਾ ਰਿਸ਼ਤਾ – ਡਾ. ਦਰਸ਼ਨ ਸਿੰਘ ‘ਆਸ਼ਟ’

ਸਾਹਿਤਕ ਸਮਾਗਮ ਸਕੂਨ ਪ੍ਰਦਾਨ ਕਰਦੇ ਹਨ-ਮਨਜੀਤ ਸਿੰਘ ਨਾਰੰਗ, ਆਈ.ਏ.ਐਸ.

ਪਟਿਆਲਾ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਉਘੇ ਪੰਜਾਬੀ ਨਾਟਕਕਾਰ ਕਪੂਰ ਸਿੰਘ ਘੁੰਮਣ ਦੀ ਬਰਸੀ ਦੇ ਮੌਕੇ ਤੇ ਅੱਜ ਭਾਸ਼ਾ ਵਿਭਾਗ,ਪਟਿਆਲਾ ਵਿਖੇ ਪੰਜਾਬ ਦੇ ਉਘੇ ਨਾਟਕਕਾਰ ਅਤੇ ਰੰਗਕਰਮੀ ਸ੍ਰੀ ਕੇਵਲ ਧਾਲੀਵਾਲ (ਅੰਮ੍ਰਿਤਸਰ) ਨੂੰ ਸਾਲ 2019 ਲਈ ‘ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ’ ਪ੍ਰਦਾਨ ਕੀਤਾ ਗਿਆ ਜਿਸ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਇਲਾਵਾ ਦੋਸ਼ਾਲਾ,ਸਨਮਾਨ-ਪੱਤਰ ਅਤੇ ਸਨਮਾਨ-ਚਿੰਨ੍ਹ ਭੇਂਟ ਕੀਤੇ ਗਏ।ਅਨੇਕ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਧਾਲੀਵਾਲ ਬਾਰੇ ਸਨਮਾਨ ਪੱਤਰ ਪੜ੍ਹਨ ਦੀ ਰਸਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਨਿਭਾਈ।
ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸਾਬਕਾ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਨਾਰੰਗ,ਆਈ.ਏ.ਐਸ., ਪ੍ਰੋਫ਼ੈਸਰ ਅਤੇ ਅਦਾਕਾਰਾ ਸਵਰਾਜ ਘੁੰਮਣ ਅਤੇ ਰੰਗਕਰਮੀ ਰਮਣੀਕ ਘੁੰਮਣ ਸ਼ਾਮਿਲ ਹੋਏ।ਸਾਹਿਤਕਾਰਾਂ ਅਤੇ ਰੰਗਕਰਮੀਆਂ ਦਾ ਸੁਆਗਤ ਕਰਦਿਆਂ ਡਾ. ‘ਆਸ਼ਟ’ ਨੇ ਸਭਾ ਵੱਲੋਂ ਪ੍ਰੋ. ਸਵਰਾਜ ਘੁੰਮਣ ਦੇ ਵਿਸ਼ੇਸ਼ ਸਹਿਯੋਗ ਨਾਲ ਆਰੰਭ ਕੀਤੇ ਗਏ ਕਪੂਰ ਸਿੰਘ ਘੁੰਮਣ ਯਾਦਗਾਰੀ ਪੁਰਸਕਾਰ ਦੇ ਹਵਾਲੇ ਨਾਲ ਕਿਹਾ ਕਿ ਸਾਹਿਤ ਅਤੇ ਰੰਗਮੰਚ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ।ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਕਿਹਾ ਕਿ ਸਾਹਿਤ ਹਮੇਸ਼ਾ ਸਮਾਜ ਦੀ ਸੁਚੱਜੀ ਅਗਵਾਈ ਕਰਦਾ ਹੈ ਅਤੇ ਅਜਿਹੇ ਸਮਾਗਮ ਸਕੂਨ ਪ੍ਰਦਾਨ ਕਰਦੇ ਹਨ। ਪ੍ਰੋ. ਸਵਰਾਜ ਘੁੰਮਣ ਨੇ ਕਿਹਾ ਕਿ ਭਾਸ਼ਾ ਵਿਭਾਗ ਨੂੰ ਉਹਨਾਂ ਦੇ ਪਿਤਾ ਦੀ ਯਾਦ ਵਿਚ ਕਿਸੇ ਐਵਾਰਡ ਦੀ ਸਥਾਪਨਾ ਕਰਨੀ ਚਾਹੀਦੀ ਹੈ ਜਦੋਂ ਕਿ ਰਮਣੀਕ ਘੁੰਮਣ ਨੇ ਕਿਹਾ ਕਿ ਉਹਨਾਂ ਦੇ ਪਿਤਾ ਜੀ ਦੇ ਜਾਣ ਨਾਲ ਉਹਨਾਂ ਨੂੰ ਹੀ ਨਹੀਂ,ਸਗੋਂ ਪੰਜਾਬੀ ਨਾਟ ਸੰਸਾਰ ਨੂੰ ਵੱਡਾ ਘਾਟਾ ਪਿਆ।ਸਨਮਾਨਿਤ ਸ਼ਖ਼ਸੀਅਤ ਕੇਵਲ ਧਾਲੀਵਾਲ ਨੇ ਘੁੰਮਣ ਨਾਲ ਆਪਣੀ ਸਾਂਝ ਦੇ ਵਿਭਿੰਨ ਪਹਿਲੂ ਉਜਾਗਰ ਕਰਦਿਆਂ ਕਿਹਾ ਕਿ ਉਹ ਅਜਿਹੇ ਕਰਮਯੋਗੀ ਸਨ ਜਿਨ੍ਹਾਂ ਦੇ ਨਾਟਕ ਅੱਜ ਵੀ ਵਿਸ਼ੈ-ਪੱਖ ਤੋਂ ਓਨੇ ਹੀ ਪ੍ਰਸੰਗਿਕ ਹਨ ਜਿੰਨੇ ਚਾਰ-ਪੰਜ ਦਹਾਕੇ ਪਹਿਲਾਂ ਸਨ।ਉਹਨਾਂ ਕਿਹਾ ਕਿ ਉਹ ਕਪੂਰ ਸਿੰਘ ਘੁੰਮਣ ਦੇ ਖਿੰਡੇ ਪੁੰਡੇ ਰੂਪ ਵਿਚ ਪ੍ਰਕਾਸ਼ਿਤ ਅਤੇ ਅਣਪ੍ਰਕਾਸ਼ਿਤ ਨਾਟਕਾਂ ਅਤੇ ਨਾਟ ਸਮੀਖਿਆ ਦੀ ਭਵਿੱਖ ਵਿਚ ਪੰਜਾਬ ਸੰਗੀਤ ਨਾਟਕ ਅਕਾਡਮੀ ਵੱਲੋਂ ਇਕ ਪੁਸਤਕ ਵੀ ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕਰਨਗੇ।ਡਾ. ਕਮਲੇਸ਼ ਉਪਲ ਨੇ ਕਿਹਾ ਕਿ ਕਪੂਰ ਸਿੰਘ ਘੁੰਮਣ ਇਕ ਯੁੱਗ ਪੁਰਸ਼ ਸਨ ਜਿਨ੍ਹਾਂ ਕੋਲੋਂ ਉਹਨਾਂ ਨੂੰ ਨਾਟਕ ਅਤੇ ਰੰਗਮੰਚ ਦੀਆਂ ਬਾਰੀਕੀਆਂ ਜਾਣਨ ਦਾ ਅਵਸਰ ਪ੍ਰਾਪਤ ਹੋਇਆ।ਇਸ ਅਵਸਰ ਤੇ ਰੰਗਕਰਮੀ ਰਾਜੇਸ਼ ਸ਼ਰਮਾ,ਪਰਮਿੰਦਰਪਾਲ ਕੌਰ,ਕੁਲਵੰਤ ਸਿੰਘ,ਪ੍ਰੋ. ਕੁਲਵੰਤ ਸਿੰਘ ਗਰੇਵਾਲ,ਡਾ. ਗੁਰਬਚਨ ਸਿੰਘ ਰਾਹੀ,ਪ੍ਰਾਣ ਸੱਭਰਵਾਲ, ਡਾ. ਜੀ.ਐਸ.ਆਨੰਦ,ਆਸ਼ਾ ਸ਼ਰਮਾ ਅਤੇ ਗੋਪਾਲ ਸ਼ਰਮਾ ਨੇ ਕਪੂਰ ਸਿੰਘ ਘੁੰਮਣ ਅਤੇ ਕੇਵਲ ਧਾਲੀਵਾਲ ਦੇ ਜੀਵਨ ਅਤੇ ਬਹੁਪੱਖੀ ਕਾਰਜਾਂ ਬਾਰੇ ਮੁੱਲਵਾਨ ਚਰਚਾ ਕੀਤੀ।
ਸਮਾਗਮ ਦੇ ਦੂਜੇ ਦੌਰ ਵਿਚ ਮਨਜੀਤ ਪੱਟੀ, ਕੈਪਟਨ ਚਮਕੌਰ ਸਿੰਘ ਚਹਿਲ,ਦੀਦਾਰ ਖ਼ਾਨ ਧਬਲਾਨ ਨੇ ਕਾਵਿ ਵੰਨਗੀਆਂ ਪ੍ਰਸਤੁੱਤ ਕੀਤੀਆਂ।ਇਸ ਸਮਾਗਮ ਵਿਚ ਜੋਗਾ ਸਿੰਘ ਧਨੌਲਾ, ਕੁਲਦੀਪ ਕੌਰ ਧੰਜੂ,ਸੁਖਮਿੰਦਰ ਸਿੰਘ ਸੇਖੋਂ, ਦਰਸ਼ਨ ਸਿੰਘ ਗੋਪਾਲਪੁਰੀ, ਕਵਿਤਾ ਸ਼ਰਮਾ, ਸਤਨਾਮ ਸਿੰਘ ਮੱਟੂ,ਮਿਲਾਪ ਚੰਦ, ਗੁਰਬਚਨ ਸਿੰਘ, ਸੋਨੀਆ, ਬੌਬੀ ਵਾਲੀਆ, ਜਤਿੰਦਰ ਪੰਛੀ, ਅਜੀਤ ਸਿੰਘ, ਹਰਭਜਨ ਸਿੰਘ ਅਤੇ ਅਜੀਤ ਸਿੰਘ ਆਦਿ ਵੀ ਹਾਜ਼ਰ ਸਨ।ਇਸ ਸਮੇਂ ਵੱਖ ਵੱਖ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਪ੍ਰਦਾਨ ਕੀਤੇ ਗਏ।ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਨਿਭਾਇਆ।