‘ਸੰਨ ਆਫ਼ ਮਨਜੀਤ ਸਿੰਘ ‘ ਨਾਲ ਕਾਮੇਡੀਅਨ ਕਪਿਲ ਸ਼ਰਮਾਂ ਦੀ ਹੁਣ ਪੰਜਾਬੀ ਪਰਦੇ ‘ਤੇ ਦਸਤਕ

kapil sharma and son of manjit singh

ਛੋਟੇ ਪਰਦੇ ਦੀ ਦੁਨੀਆਂ ਨੂੰ ਹਸਾਉਣ ਵਾਲਾ ਕਾਮੇਡੀਅਨ ਕਪਿਲ ਸ਼ਰਮਾਂ ਇੰਨ੍ਹੀ ਮੌਜੂਦਾ ਦੌਰ ਦੀਆਂ ਫ਼ਿਲਮਾਂ ਤੋਂ ਹਟਕੇ ਇੱਕ ਸਮਾਜਿਕ ਵਿਸ਼ੇ ਅਧਾਰਤ ਫ਼ਿਲਮ ‘ ਸੰਨ ਆਫ਼ ਮਨਜੀਤ ਸਿੰਘ ‘ ਕਰਕੇ ਕਾਫ਼ੀ ਚਰਚਾ ਵਿੱਚ ਹੈ। ਚਰਚਾ ਇਸ ਗੱਲ ਦੀ ਹੈ ਕਿ ਉਸਨੇ ਇਹ ਫ਼ਿਲਮ ਬਤੌਰ ਨਿਰਮਾਤਾ ਹੀ ਕੀਤੀ ਹੈ ਜਦਕਿ ਫ਼ਿਲਮ ਵਿੱਚ ਮੁੱਖ ਭੂਮਿਕਾ ਗੁਰਪ੍ਰੀਤ ਘੁੱਗੀ ਨੇ ਨਿਭਾਈ ਹੈ ਜੋ ਉਸਦੀਆਂ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਬੜੇ ਸੰਜੀਦਾ ਕਿਸਮ ਦੀ ਹੈ। ਫ਼ਿਲਮ ਦੇ ਵਿਸ਼ੇ ਬਾਰੇ ਗੱਲ ਕਰੀਏ ਤਾਂ ਇਹ ਪਿਉ-ਪੁੱਤ ਦੇ ਪਿਆਰ, ਭਾਵਨਾਵਾਂ ਅਤੇ ਜਿੰਦਗੀ ਵਿੱਚ ਵੱਡਾ ਬਣਨ ਦੇ ਸੁਪਨਿਆਂ ਅਧਾਰਤ ਹੈ। ਸਕੂਲੀ ਪੜ੍ਹਾਈ ਅਤੇ ਖੇਡਾਂ ਨੂੰ ਕੇਂਦਰਿਤ ਕੀਤਾ ਗਿਆ ਹੈ। ਕਪਿਲ ਸ਼ਰਮਾਂ ਕਾਮੇਡੀ ਦਾ ਬਾਦਸ਼ਾਹ ਹੈ ਪਰ ਇਸ ਫ਼ਿਲਮ ਵਿੱਚ ਕਾਮੇਡੀ ਦੀ ਹਲਕੀ ਫੁੱਲਕੀ ਰੰਗਤ ਹੀ ਨਜ਼ਰ ਆਵੇਗੀ। ਪਰ ਫ਼ਿਲਮ ਦਾ ਵਿਸ਼ਾ ਬਹੁਤ ਜਬਰਦਸਤ ਹੈ ਜੋ ਮਿਡਲ ਕਲਾਸ ਲੋਕਾਂ ਦੀ ਜਿੰਦਗੀ ਦਾ ਹਿੱਸਾ ਪੇਸ਼ ਕਰੇਗਾ। ਫਿਲ਼ਮ ਵਿੱਚ ਪਿਆਰ, ਭਾਵੁਕਤਾ ਅਤੇ ਦਿਲਾਂ ਦਾ ਦਰਦ ਵੀ ਹੈ ਜੋ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦੇਵੇਗਾ। ਇਹ ਵੀ ਖ਼ਾਸ ਗੱਲ ਹੈ ਕਿ ਇਸ ਵਿੱਚ ਕਿਸੇ ਵੀ ਗਾਇਕ ਨੇ ਅਦਾਕਾਰੀ ਨਹੀਂ ਕੀਤੀ।
ਟੈਲੀਵਿਜ਼ਨ ਦੀ ਦੁਨੀਆਂ ਵਿੱਚ ਸਰਗਰਮ ਕਪਿਲ ਨੇ ਆਪਣੇ ਸੁਰੂਆਤ ਪੰਜਾਬ ਦੇ ਚੈਨਲਾਂ ਤੋਂ ਕੀਤੀ ਸੀ ਅੱਜ ਉਹ ਸੋਨੀ ਵਰਗੇ ਵੱਡੇ ਚੈਨਲਾਂ ਦਾ ਸ਼ਿੰਗਾਰ ਹੈ। ‘ਕਾਮੇਡੀ ਨਾਇਟ ਵਿੱਦ ਕਪਿਲ ਸ਼ਰਮਾ,ਦਾ ਕਪਿਲ ਸ਼ਰਮਾ ਸ਼ੋਅ, ਫ਼ੈਮਲੀ ਟਾਇਮ ਵਿੱਦ ਕਪਿਲ’ ਜਿਹੇ ਚਰਚਿਤ ਪ੍ਰੋਗਰਾਮਾਂ ਦਾ ਹੋਸਟ ਕਪਿਲ ਸ਼ਰਮਾਂ ਨੇ ‘ਭਾਵਨਾਓ ਕੋ ਸਮਝੋ, ਏ ਬੀ ਸੀ ਡੀ -2’ , ਕਿਸ ਕਿਸ ਕੋ ਪਿਆਰ ਕਰੂੰ , ਅਤੇ ‘ਫਰੰਗੀ’ ਨਾਂ ਦੀਆਂ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ।
ਫ਼ਿਲਮ ਦੇ ਨਿਰਮਾਤਾ ਕਪਿਲ ਸ਼ਰਮਾ ਤੇ ਸੁਮੀਤ ਸਿੰਘ ਦਾ ਕਹਿਣਾ ਹੈ ਕਿ ਸਿਨੇਮਾ ਸਾਡੇ ਸਮਾਜ ਦਾ ਦਰਪਣ ਹੈ ਜੋ ਸਮਾਜ ਵਿੱਚ ਹੋ ਰਹੇ ਚੰਗੇ-ਮਾੜੇ ਨੂੰ ਪਰਦੇ ‘ਤੇ ਵਿਖਾਉਂਦਾ ਹੈ। ਮਨਜੀਤ ਸਿੰਘ ਵਰਗੇ ਪਾਤਰ ਸਾਡੇ ਸਮਾਜ ਦਾ ਹਿੱਸਾ ਹਨ। ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਸਦੀ ਔਲਾਦ ਪੜ੍ਹ ਲਿਖਕੇ ਚੰਗੀ ਤੇ ਕਮਾਊ ਇੰਨਸਾਨ ਬਣੇ ਪਰ ਕਈ ਵਾਰ ਔਲਾਦ ਦੇ ਵੀ ਸੁਪਨੇ ਹੁੰਦੇ ਨੇ ਜੋ ਉਹ ਘਰ ਦੇ ਮਾਹੌਲ ‘ਚ ਦੱਬ ਕੇ ਰਹਿ ਜਾਂਦੇ ਹਨ। ਅਜਿਹੀਆਂ ਫ਼ਿਲਮਾਂ ਅੱਜ ਦੇ ਸਮੇਂ ਦੀ ਲੋੜ ਹਨ।
ਕੇ-9 ਅਤੇ ਸੈਵਨ ਕਲਰਸ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਗੁਰਪ੍ਰੀਤ ਘੁੱਗੀ ਦੀ ਪੇਸ਼ਕਸ਼ 12 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਦਮਨਪ੍ਰੀਤ ਸਿੰਘ, ਤਾਨੀਆਂ, ਕਰਮਜੀਤ ਅਨਮੋਲ, ਮਲਕੀਤ ਰੌਣੀ, ਬੀ ਐਨ ਸ਼ਰਮਾ, ਦੀਪ ਮਨਦੀਪ ਹਾਰਬੀ ਸੰਘਾ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।ਫ਼ਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਨੇ ਦਿੱਤਾ ਹੈ। ਫ਼ਿਲਮ ਦਾ ਸੰਗੀਤ ਵਿਲਸਨ, ਦਰਸ਼ਨ ਉਮੰਗ ਤੇ ਹੈਰੀ ਆਨੰਦ ਨੇ ਤਿਆਰ ਕੀਤਾ ਹੈ, ਜੋ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਹੋਵੇਗਾ। ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਇਹ ਫ਼ਿਲਮ ਮਨੋਰੰਜਨ ਦੇ ਨਾਲ ਨਾਲ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਮਨੁੱਖੀ ਭਾਵਨਾਵਾਂ ਦੀ ਵੀ ਪੇਸ਼ਕਾਰੀ ਹੋਵੇਗੀ।

(ਸੁਰਜੀਤ ਜੱਸਲ)

Welcome to Punjabi Akhbar

Install Punjabi Akhbar
×