ਕੰਵਰ ਸੰਧੂ

kanwar sandhu journalist

ਮੈਂ ਬਹੁਤ ਕਰੀਬ ਤੋਂ ਦੇਖਿਆ। ਪਿਛਲੇ 3 ਸਾਲਾਂ ਤੋਂ ਮੈਂ ਉਨ੍ਹਾਂ ਦੀ ਰਾਹਨੁਮਾਈ ਹੇਠ ਕੰਮ ਕਰ ਰਿਹਾ ਹਾਂ। ਪੱਤਰਕਾਰੀ ਦਾ ਗੁਰੂ। ਸਾਫ਼ ਸੁਥਰੀ ਪੱਤਰਕਾਰੀ ਦਾ ਗੁਰੂ। ਗੂੜ੍ਹੇ ਪੀਲ਼ੇ ਪੱਤਰਕਾਰਾਂ ਦੇ ਮੂੰਹ ‘ਤੇ ਕਰਾਰੀ ਚਪੇੜ। ਉਨ੍ਹਾਂ ਸਿਆਸਤਦਾਨਾਂ ਦੇ ਮੂੰਹ ‘ਤੇ ਵੀ ਕਰਾਰੀ ਚਪੇੜ ਜਿਹੜੇ ਉਸ ਨੂੰ ਖਰੀਦ ਨਾ ਸਕੇ। ਤਿੰਨਾਂ ਸਾਲਾਂ ‘ਚ ਮੈਨੂੰ ਪਤਾ ਲੱਗਾ ਕਿ ਪੱਤਰਕਾਰੀ ਕੀ ਹੁੰਦੀ ਹੈ। ਉਨ੍ਹਾਂ ਦੀ ਅਗਵਾਈ ‘ਚ ਬਹੁਤ ਖੋਜ ਖ਼ਬਰਾਂ ਕੀਤੀਆਂ। ਖ਼ਬਰ ਨੂੰ ਸਾਵਾਂ ਕਿਵੇਂ ਬਨਾਉਣਾ ਹੈ, ਮੈਂ ਉਨ੍ਹਾਂ ਕੋਲੋਂ ਸਿੱਖਿਆ। ਕੰਵਰ ਸੰਧੂ ਨੇ ਆਪਣੇ ਨਾਲ ਕੰਮ ਕਰਦੇ ਪੱਤਰਕਾਰਾਂ ਨੂੰ ਹਮੇਸ਼ਾਂ ਕਹਿਣਾ ਕਿ ‘ਮੈਂ ਵਿਕਾਊ ਹਾਂ’ ਦੀ ਤਖ਼ਤੀ ਆਪਣੇ ਗਲ਼ ਕਦੇ ਨਾ ਪਾਉਣਾ, ‌ਇਹੋ ਤੁਹਾਡੀ ਕੌਮ ਲਈ ਕੋਈ ਦੇਣ ਹੋਵੇਗੀ। ਜਦੋਂ ਕਦੇ ਖ਼ਬਰ ਬਣਾਉਂਦਿਆਂ ਸਾਡੇ ਕੋਲੋਂ ਕਿਸੇ ਧਿਰ (ਸਿਆਸੀ ਜਾਂ ਕੋਈ ਵੀ) ਦਾ ਪੱਖ ਰਹਿ ਜਾਂਦਾ ਤਾਂ ਉਹ ਖ਼ਬਰ ਰੋਕ ਲੈਂਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀਆਂ ਧਿਰਾਂ ਦਾ ਪੱਖ ਪੇਸ਼ ਕਰਨ ਦੇ ਬਗੈਰ ਖ਼ਬਰ ਬਣਦੀ ਹੀ ਨਹੀਂ। ‌ਇਹ ਉਨ੍ਹਾਂ ਦੀ ਨਿੱਗਰ ਪੱਤਰਕਾਰੀ ਦਾ ‌ਇੱਕ ਪਹਿਲੂ ਹੈ।

ਜਦੋਂ ਕਦੇ ਸ਼ਹੀਦ ਭਗਤ ਸਿੰਘ ਬਾਰੇ ਡਾਕੂਮੈਂਟਰੀ ਬਨਾਉਣੀ ਤਾਂ ਮੈਨੂੰ ਉਨ੍ਹਾਂ ਦੇ ਚਿਹਰੇ ਤੋਂ ਲੱਗਣਾ, ‌ਇਹ ਬੰਦਾ ਕੰਵਰ ਸੰਧੂ ਨਹੀਂ ‌ਇਹ ਭਗਤ ਸਿੰਘ ਜਿਊਂਦਾ ਹੋ ਗਿਆ ਹੈ। ਜਦੋਂ ਕਦੇ ਅਣਪਛਾਤੀਆਂ ਲਾਸ਼ਾਂ ਬਾਰੇ ਫ਼ਿਲਮ ਜਾਂ ਖ਼ਬਰ ਬਨਾਉਣੀ ਤਾਂ ਮੈਨੂੰ ਲੱਗਣਾ ਕਿ ‌ਇਹ ਬੰਦਾ ਪੁਲਿਸ ਵੱਲੋਂ ਅਣਪਛਾਤੇ ਕਰਾਰ ਦੇ ਕੇ ਸਿਵਿਆਂ ‘ਚ ਸਾੜੇ ਬੇਕਸੂਰ ਲੋਕਾਂ ਦੀ ਰੂਹ ਹੈ। ਜਦੋਂ ਕਦੇ ਪੰਜਾਬ ਜਾਂ ਕਿਸੇ ਹੋਰ ਸੂਬੇ ਦੇ ਲੋਕਾਂ ਦੇ ਹੱਕਾਂ ਦੀ ਖ਼ਬਰ ਬਨਾਉਣੀ ਤਾਂ ਮੈਨੂੰ ਲੱਗਣਾ ‌ਇਹ ਕਾਰਲ ਮਾਰਕਸ ਸਾਡੇ ਦਰਮਿਆਨ ਆ ਖੜ੍ਹਾ ਹੋ‌ਇਆ ਹੈ। ਮੈਂ ਕਦੇ ਕੰਵਰ ਸੰਧੂ ਦੇ ਚਿਹਰੇ ‘ਚੋਂ ਭਗਤ ਸਿੰਘ, ਕਦੇ ਊਧਮ ਸਿੰਘ, ਕਦੇ ਕਰਤਾਰ ਸਿੰਘ ਸਰਾਭਾ, ਕਦੇ ਗਦਰੀ ਬਾਬੇ ਦੇਖਦਾ। ਕਦੇ ਸੁਭਾਸ਼ ਚੰਦਰ ਬੋਸ। ਕਦੇ ਓਪ੍ਰੇਸ਼ਨ ਬਲੂ ਸਟਾਰ ਦੌਰਾਨ ਮਾਰੇ ਗਏ ਸੈਂਕੜੇ ਨਿਰਦੋਸ਼ ਲੋਕਾਂ ਦੇ ਲਹੂ ਭਿੱਜੇ ਨਕਸ਼ ਉਸ ਦੇ ਚਿਹਰੇ ‘ਚ ਦਿਖਾਈ ਦੇਣ ਲੱਗਦੇ। ਅੱਜ ਮੈਂ ਉਦਾਸ ਹਾਂ। ਕੰਵਰ ਸੰਧੂ ਦੀ ਜਾਂ ਆਪਣੀ ਹੋਣੀ ‘ਤੇ ਨਹੀਂ। ਬਲਕਿ ਪੰਜਾਬੀਆਂ ਦੀ ਹੋਣੀ ‘ਤੇ। ਕਿਉਂਕਿ ਹੁਣ ਪੰਜਾਬੀਆਂ ਦੀ ਗੱਲ ਕੌਣ ਕਰੇਗਾ? ਹੁਣ ਪੰਜਾਬੀਆਂ ਦੇ ਅਣਆਈ ਮੌਤੇ ਮੋਏ ਸਕਿਆਂ ਸੰਬੰਧੀਆਂ ਦੀ ਗੱਲ ਕੌਣ ਕਰੇਗਾ? ਹੁਣ ਅਣਆਈ ਮੌਤੇ ਮਰੇ ਪੁੱਤਾਂ ਦੀਆਂ ਮਾਵਾਂ ਦੀਆਂ ਝੁਰੜੀਆਂ ਥਾਣੀਂ ਵਹੇ ਅਥਰੂਆਂ ਦਾ ਮੁੱਲ ਤਾਰਨ ਦੀ ਕੋਸ਼ਿਸ਼ ਕੌਣ ਕਰੇਗਾ? ਕੌਣ ਕਰੇਗਾ ਪੰਜਾਬ ਦੇ ਹੱਕਾਂ ਦੀ ਗੱਲ? ਕੌਣ ਜਗਾਏਗਾ ਸੁੱਤੇ ਪੰਜਾਬੀਆਂ ਨੂੰ? ਪੱਤਰਕਾਰਾਂ ਅਤੇ ਮੀਡੀਆ ਦੀ ਆਜ਼ਾਦੀ ਗੱਲ ਹੁਣ ਕੌਣ ਕਰੇਗਾ?

ਮੈਨੂੰ ‌ਇਸ ਗੱਲ ਦਾ ਮਾਣ ਹੈ ਕਿ ਮੈਂ ਥੋੜ੍ਹੇ ਜਿਹੇ ਸਮੇਂ ‘ਚ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਗਦਰੀ ਬਾਬੇ, ਸੁਭਾਸ਼ ਚੰਦਰ ਬੋਸ, ਝੂਠੇ ਪੁਲਿਸ ਮਕਾਬਲਿਆਂ ‘ਚ ਮਾਰੇ ਗਏ ਨੌਜਵਾਨ, ਪੰਜਾਬ ਦੇ ਹੱਕਾਂ ਲਈ ਮਰ ਮਿਟਣ ਵਾਲੇ ਲੋਕ ਅਤੇ ‌ਇੱਕ ਅਸਲੀ ਅਤੇ ‌ਜਿਊਂਦੇ ਸ਼ਹੀਦ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ। ਮੈਨੂੰ ‌ਇਸ ਗੱਲ ਦਾ ਮਾਣ ਹੈ। ਮੇਰਾ ਸਿਰ ਉੱਚਾ ਹੈ, ਕਿ ਮੈਂ ਕੰਵਰ ਸੰਧੂ ਨਾਲ ਕੰਮ ਕੀਤਾ।

ਮੁਬਾਰਕਾਂ ਸਿਆਸਤਦਾਨਾਂ ਨੂੰ ਜਿਨ੍ਹਾਂ ਨੇ ਹੱਕ ਅਤੇ ਸੱਚ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ…
ਮੁਬਾਰਕਾਂ ਉਨ੍ਹਾਂ ਪੱਤਰਕਾਰਾਂ ਨੂੰ ਜਿਨ੍ਹਾਂ ਨੇ ਕੌਲੀ ਚੱਟ ਬਣ ਕੇ ਆਪਣੀ ਪੂਛ ਹਿਲਾਈ…
ਮੁਬਾਰਕਾਂ ਉਨ੍ਹਾਂ ਨੂੰ ਵੀ ਜਿਹੜੇ ਡਰਦੇ ਸਨ ਕਿ ਉਨ੍ਹਾਂ ਦੇ ਕਾਲ਼ੇ ਕਾਰਨਾਮਿਆਂ ਦਾ ਜ਼ਿਕਰ ਲੋਕ ‌ਇੱਕ ਨਾ ‌ਇੱਕ ਦਿਨ ਟੀਵੀ ‘ਤੇ ਵੇਖਣਗੇ…

ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ…
(ਸੁਰਿੰਦਰ ਸਿੰਘ)

Install Punjabi Akhbar App

Install
×