ਕੰਵਰ ਗਰੇਵਾਲ ਦੇ ਲਾਈਵ ਸ਼ੋਅ ਕਰਨ ਨਿਊਜ਼ੀਲੈਂਡ ਪਹੁੰਚੇ-ਹਵਾਈ ਅੱਡੇ ‘ਤੇ ਸਵਾਗਤ

NZ PIC 1 July-2

ਪਾਲ ਪ੍ਰੋਡਕਸ਼ਨ ਵੱਲੋਂ ਪਹਿਲੀ ਵਾਰ ਇਕ ਸੂਫੀਆਨਾ, ਗੀਤਾਂ ਵਰਗੀਆਂ ਗੱਲਾਂ ਤੇ ਗੱਲਾਂ ਵਰਗੇ ਗੀਤ ਗਾਉਣ ਵਾਲੇ ਦੇਸ਼-ਵਿਦੇਸ਼ ਮਸ਼ਹੂਰ ਹੋਏ ਗਾਇਕ ਕੰਵਰ ਗਰੇਵਾਲ ਦਾ ਲਾਈਵ ਸ਼ੋਅ ਕੱਲ੍ਹ 2 ਜੁਲਾਈ ਨੂੰ ਸ਼ਾਮ 6.30 ਵਜੇ ਲੋਗਨ ਕੈਂਪਬਲ ਸੈਂਟਰ ਗ੍ਰੀਨਲੇਨ ਕਰਵਾਇਆ ਜਾ ਰਿਹਾ ਹੈ। ਕੰਵਰ ਗਰੇਵਾਲ ਆਪਣੇ ਸਾਥੀਆਂ ਨਾਲ ਅੱਜ ਰਾਤ ਆਕਲੈਂਡ ਪਹੁੰਚ ਗਏ ਹਨ। ਪਾਲ ਪ੍ਰੋਡਕਸ਼ਨ ਤੋਂ ਹਰਪਾਲ ਸਿੰਘ ਪਾਲ ਹੋਰਾਂ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਫੁੱਲ ਮੁਕੰਮਲ ਕਰ ਲਈਆਂ ਗਈਆਂ ਹਨ।
ਕੰਵਰ ਗਰੇਵਾਲ ਦੇ ਲਾਈਵ ਸ਼ੋਅ ‘ਮਸਤਾਨਾ ਜੋਗੀ’ ਲਈ ਚੰਗੇ ਗੀਤਾਂ ਦੇ ਸਰੋਤਿਆਂ ਦਾ ਕਰੇਜ਼ ਇਥੇ ਕਾਫੀ ਵਧਿਆ ਨਜ਼ਰ ਆ ਰਿਹਾ ਹੈ। ਉਨ੍ਹਾਂ ਦੀ ਸਧਾਰਨ ਜ਼ਿੰਦਗੀ ਅਤੇ ਗੁਰਬਾਣੀ ਪ੍ਰਤੀ ਸ਼ਰਧਾ ਭਾਵਨਾ ਨੂੰ ਵੇਖ  ਪ੍ਰਬੰਧਕਾਂ ਦਾ ਉਨ੍ਹਾਂ ਪ੍ਰਤੀ ਸਤਿਕਾਰ ਹੋਰ ਵਧਿਆ ਹੈ। ਸਟੇਜ ਕਲਾਕਾਰੀ ਵੱਖਰੀ ਕਲਾ ਹੈ ਅਤੇ ਜ਼ਿੰਦਗੀ ਜੀਉਣ ਦੀ ਕਲਾ ਵੱਖਰੀ। ਇਹ ਸਖਸ਼ ਦੋਵਾਂ ਦਾ ਮੇਲ ਜਾਪ ਰਿਹਾ ਹੈ। ਅੱਜ ਰਾਤ ਮੀਡੀਆ ਦੇ ਨਾਲ ਪ੍ਰੈਸ ਕਾਨਫਰੰਸ ਅਤੇ ਦਿਨੇ ਰੇਡੀਓ ਟਾਕ ਸ਼ੋਆਂ ਦੇ ਵਿਚ ਭਾਗ ਲੈਣ ਤੋਂ ਬਾਅਦ ਸਰੋਤਿਆਂ ਦੇ ਕੁਝ ਅਜਿਹੇ ਵਿਚਾਰ ਸੁਨਣ ਨੂੰ ਮਿਲੇ ਕਿ ”ਇੰਝ ਲੱਗਾ ਜਿਵੇਂ ਉਨ੍ਹਾਂ ਸ਼ੋਅ ਤੋਂ ਪਹਿਲਾਂ ਹੀ ਨਿਊਜ਼ੀਲੈਂਡ ਦੇ ਪੰਜਾਬੀਆਂ ਦਾ ਦਿਲ ਜਿੱਤ ਲਿਆ ਹੋਵੇ।” ਸ. ਖੜਗ ਸਿੰਘ, ਸ. ਹਰਪਾਲ ਸਿੰਘ ਲੋਹੀ, ਸਰਦਾਰ ਮਨਪ੍ਰੀਤ ਸਿੰਘ ਜਲੰਧਰ, ਜਸਮੀਤ ਸਿੰਘ ਬਾਜਵਾ ਜੋ ਕਿ ਬੀਤੀ ਰਾਤ ਤੋਂ ਉਨ੍ਹਾਂ ਦਾ ਸਾਥ ਦੇ ਰਹੇ ਹਨ, ਕਾਫੀ ਖੁਸ਼ ਤੇ ਉਤਸ਼ਾਹਿਤ ਨਜ਼ਰ ਆਏ। ਸੂਫੀਆਨਾ ਗਾਇਕੀ ਦੇ ਨਾਲ-ਨਾਲ ਉਹ ਹੋਰ ਐਨੀਆਂ ਡੂੰਘੀਆਂ ਗੱਲਾਂ ਦਾ ਪ੍ਰਵਾਹ ਚਲਾਉਂਦੇ ਹਨ ਜਿਵੇਂ ਗੀਤਾਂ ਦੇ ਨਾਲ-ਨਾਲ ਸਰੋਤੇ ਕੋਈ ਸਤਿਸੰਗ ਵੀ ਸੁਣ ਰਹੇ ਹੋਣ।
ਗੀਤਾਂ ਦੀ ਚੋਣ ਬਾਰੇ ਉਨ੍ਹਾਂ ਇਸ ਪੱਤਰਕਾਰ ਦਾ ਜਵਾਬ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਕੁਟੀਆਂ ਦੇ ਵਿਚ ਉਨ੍ਹਾਂ ਦੀ ਧਰਮੀ ਮਾਂ (ਬੇਬੇ) ਅਤੇ ਸੰਗਤ ਦੇ ਵਿਚ ਪਹਿਲਾਂ ਗੀਤਾਂ ਨੂੰ ਵਿਚਾਰਿਆ ਅਤੇ ਸੁਣ ਲਿਆ ਜਾਂਦਾ ਹੈ, ਜਦੋਂ ਗੱਲ ਨਿਖਰ ਜਾਂਦੀ ਹੈ ਕਿ ਗੀਤ ਪਰਿਵਾਰਕ ਹੈ ਤਾਂ ਹੀ ਉਹ ਗੀਤ ਸਟੇਜ ਉਤੇ ਗਾਇਆ ਜਾਂਦਾ ਹੈ। ਨਿਊਜ਼ੀਲੈਂਡ ਉਹ ਪਹਿਲੀ ਵਾਰ ਆਏ ਹਨ। ਉਨ੍ਹੰਾਂ ਦੇ ਨਾਲ ਸਾਜ਼ੀ ਅਤੇ ਹੋਰ ਸਾਥੀ ਕਲਾਕਾਰ ਵੀ ਹਨ।

Install Punjabi Akhbar App

Install
×