ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਘਰੋ-ਘਰੀਂ ਜਾ ਕੇ ਵੋਟਾਂ ਦੀ ਅਪੀਲ- ਵੋਟਾਂ ਪੈਣ ਦਾ ਕੰਮ ਵੀ ਲਗਾਤਾਰ ਜਾਰੀ

NZ PIC 11 Sep-1
ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਅਡਵਾਂਸ ਵੋਟਾਂ ਪਾਉਣ ਦਾ ਕੰਮ ਜਾਰੀ ਹੈ। ਬਹੁਤ ਸਾਰੇ ਲੋਕ ਵੋਟਾਂ ਪਾ ਚੁੱਕੇ ਹਨ ਅਤੇ ਬਾਕੀ ਪਾ ਰਹੇ ਹਨ। ਇਸ ਦੌਰਾਨ ਵੋਟਾਂ ਦੇ ਵਿਚ ਖੜੇ ਉਮੀਦਵਾਰ ਵੀ ਆਪੋ-ਆਪਣੇ ਤਰੀਕੇ ਨਾਲ ਵੋਟਰਾਂ ਨੂੰ ਆਕਰਿਸ਼ਤ ਕਰਨ ਵਿਚ ਲੱਗੇ ਹੋਏ ਹਨ। ਮੈਨੁਕਾਓ ਈਸਟ ਹਲਕੇ ਤੋਂ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਜੋ ਕਿ ਤੀਜੀ ਵਾਰ ਸੰਸਦ ਮੈਂਬਰ ਦੀ ਚੋਣ ਲੜ ਰਹੇ ਹਨ, ਅੱਜਕਲ੍ਹ ਘਰੋ-ਘਰੀ ਜਾ ਕੇ ਪ੍ਰਚਾਰ ਕਰ ਰਹੇ ਹਨ। ਅੱਜ ਉਨ੍ਹਾਂ ਆਪਣੇ ਸਾਥੀਆਂ ਸਮੇਤ ਪਾਪਾਟੋਏਟੋਏ ਅਤੇ ਮੈਨੁਕਾਓ ਹਾਈਟਸ ਰਹਿੰਦੇ ਪੰਜਾਬੀ, ਭਾਰਤ ਦੇ ਹੋਰ ਰਾਜਾਂ ਦੇ ਲੋਕਾਂ ਅਤੇ ਫੀਜ਼ੀ ਭਾਰਤੀ ਲੋਕਾਂ ਨੂੰ ਪਾਰਟੀ ਵੋਟ ਅਤੇ ਸਬੰਧਿਤ ਹਲਕੇ ਦੇ ਨੈਸ਼ਨਲ ਪਾਰਟੀ ਦੇ ਉਮਦੀਵਾਰ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੇ ਨਾਲ ਸ. ਦਾਰਾ ਸਿੰਘ, ਸ. ਸਰਵਣ ਸਿੰਘ ਅਗਵਾਨ, ਸ. ਨਿਰਮਜੀਤ ਸਿੰਘ ਅਤੇ ਸ. ਜਗਜੀਤ ਸਿੰਘ ਵੀ ਕਈ ਘਰਾਂ ਦੇ ਵਿਚ ਗਏ ਅਤੇ ਨੈਸ਼ਨਲ ਪਾਰਟੀ ਵਾਸਤੇ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ।

93 ਸਾਲਾ ਮਾਤਾ ਸੁਰਜੀਤ ਕੌਰ ਨੇ ਖੁਦ ਵੋਟ ਪਾਉਣ ‘ਚ ਵਿਖਾਈ ਦਿਲਚਸਪੀ ਤੇ ਕਿਹਾ ”ਮੈਂ ਤਾਂ ਕਾਕਾ ਬਖਸ਼ੀ ਨੂੰ ਹੀ ਵੋਟ ਪਾਊਂ”

ਪੁੱਕੀਕੁਈ ਨਿਵਾਸੀ 93 ਸਾਲਾ ਮਾਤਾ ਸੁਰਜੀਤ ਕੌਰ ਨੇ ਵੋਟਾਂ ਪਾਉਣ ਦੀ ਇਕ ਤਰ੍ਹਾਂ ਪ੍ਰੋੜ੍ਹਤਾ ਕਰਦਿਆਂ ਖੁਦ ਆਪਣੇ ਪਰਿਵਾਰ ਨੂੰ ਵੋਟ ਪਾਉਣ ਦੀ ਇੱਛਾ ਜ਼ਾਹਿਰ ਕੀਤੀ। ਪਰਿਵਾਰਕ ਮੈਂਬਰਾਂ ਨੇ ਜਦੋਂ ਏਦਾਂ ਹਾਸੇ ਵਿਚ ਪੁਛਿਆ ਕਿ ਮਾਤਾ ਜੀ ਵੋਟ ਕਿਸਨੂੰ ਪਾਉਣੀ ਹੈ? ਕਿਉਂਕਿ ਉਹ ਸੋਚਦੇ ਸੀ ਕਿ ਮਾਤਾ ਨੂੰ ਕਿਹੜਾ ਜਿਆਦਾ ਜਾਣਕਾਰੀ ਹੋਣੀ ਆ ਪਈ ਪੁੱਕੀਕੁਈ ਹਲਕੇ ਤੋਂ ਕੋਣ ਤੇ ਕਿਹੜੀ ਪਾਰਟੀ ਦਾ ਉਮੀਦਵਾਰ ਹੈ। ਇਸ ਦੇ ਉਤਰ ਵਿਚ ਮਾਤਾ ਜੀ ਨੇ ਕਿਹਾ ਕਿ ‘ਮੈਂ ਤਾਂ ਕਾਕਾ ਬਖਸ਼ੀ ਨੂੰ ਹੀ ਵੋਟ ਪਾਊਂ”। ਮਾਤਾ ਨੇ ਬੱਸ ਐਨਾ ਪੁਛ ਲਿਆ ਕਿ ‘ਸਹੀ’ ਦਾ ਨਿਸ਼ਾਨ ਕਿਸ ਪਾਰਟੀ ਦੇ ਲੋਗੋ ਉਤੇ ਲਗਾਉਣਾ ਹੈ, ਤੇ ਉਸਨੇ ਸਹੀ ਲਾ ਦਿੱਤੀ। ਭਾਵੇਂ ਪੁੱਕੀਕੁਈ ਹਲਕੇ ਤੋਂ ਸ. ਬਖਸ਼ੀ ਜੀ ਚੋਣ ਨਹੀਂ ਲੜ ਰਹੇ ਪਰ ਫਿਰ ਵੀ ਜੇਕਰ ਮਾਤਾ ਜੀ ਨੇ ਨੈਸ਼ਨਲ ਪਾਰਟੀ ਨੂੰ ਵੋਟ ਪਾਈ ਹੋਵੇ ਤਾਂ ਬਖਸ਼ੀ ਜੀ ਆਪਣੇ ਆਪ ਨੂੰ ਪਈ ਵੋਟ ਹੀ ਸਮਝਦੇ ਹਨ। ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ 93 ਸਾਲਾਂ ਦੀ ਉਮਰ ਵਿਚ ਵੋਟ ਦਾ ਮਹੱਤਵ ਲੋਕਾਂ ਨੂੰ ਦੱਸਣ ਦੇ ਲਈ ਮਾਤਾ ਸੁਰਜੀਤ ਕੌਰ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਅਤੇ ਆਪਣੇ ਆਪ ਨੂੰ ਆਸ਼ੀਰਵਾਦ ਮਿਲਿਆ ਮਹਿਸੂਸ ਕੀਤਾ ਹੈ। ਉਨ੍ਹਾਂ ਮਾਤਾ ਸੁਰਜੀਤ ਕੌਰ ਦੀ ਲੰਬੀ ਉਮਰ ਦੀ ਵੀ ਕਾਮਨਾ ਕੀਤੀ ਹੈ ਅਤੇ ਲੋਕਾਂ ਨੂੰ ਮਾਤਾ ਜੀ ਦੀ ਉਦਾਹਰਣ ਦਿੰਦਿਆ ਅਪੀਲ ਕੀਤੀ ਹੈ ਕਿ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰੋ ਜਿਹੜੀ ਵੀ ਉਮੀਦਵਾਰ ਜਾਂ ਪਾਰਟੀ ਤੁਹਾਡੇ ਅਨੁਸਾਰ ਠੀਕ ਹੈ ਉਸ ਨੂੰ ਵੋਟ ਪਾ ਕੇ ਆਪਣਾ ਫਰਜ਼ ਅਦਾ ਕਰੋ।