ਮਹਾਂ ਕੰਜੂਸ ਵਿਆਜੜੀਆ ਸੇਠ ਦਮੜੀ ਲਾਲ ਮਰਨ ਕਿਨਾਰੇ ਪਿਆ ਸੀ। ਉਸ ਨੇ ਜ਼ਿੰਦਗੀ ਵਿੱਚ ਲੱਖਾਂ ਰੁਪਏ ਕਮਾਏ ਸਨ, ਪਰ ਕਦੇ ਇੱਕ ਪੈਸਾ ਵੀ ਫਜੂਲ ਨਹੀਂ ਸੀ ਖਰਚਿਆ। ਉਸ ਦੇ ਲੜਕੇ ਉਸ ਨਾਲੋਂ ਵੀ ਚਾਰ ਹੱਥ ਅੱਗੇ ਸਨ। ਜਦੋਂ ਸੇਠ ਦਾ ਘੋਰੜੂ ਵੱਜਣ ਲੱਗ ਪਿਆ ਤਾਂ ਤਿੰਨੇ ਲੜਕੇ ਉਸ ਦੀ ਅਰਥੀ ਨੂੰ ਸ਼ਮਸ਼ਾਨ ਘਾਟ ਲਿਜਾਉਣ ਬਾਰੇ ਸਲਾਹ ਮਸ਼ਵਰਾ ਕਰਨ ਲੱਗੇ। ਛੋਟਾ ਲੜਕਾ ਕੁਝ ਘੱਟ ਕੰਜੂਸ ਸੀ, ਉਹ ਬੋਲਿਆ, ”ਸਾਡੇ ਬਾਪ ਨੇ ਸਾਨੂੰ ਕਰੋੜਾਂ ਦੀ ਜਾਇਦਾਦ ਬਣਾ ਕੇ ਦਿੱਤੀ ਹੈ। ਆਪਾਂ ਇਸ ਦੀ ਅਰਥੀ ਫੁੱਲਾਂ ਨਾਲ ਸਜਾ ਕੇ ਬੈਂਡ ਵਾਜਿਆਂ ਨਾਲ ਲੈ ਕੇ ਜਾਣੀ ਹੈ।”
ਵਿਚਕਾਰਲਾ ਉਸ ਨੂੰ ਟੁੱਟ ਕੇ ਪਿਆ, ”ਚੁੱਪ ਕਰ ਉਏ ਵੱਡਿਆ ਸਿਆਣਿਆਂ। ਤੈਨੂੰ ਪਤਾ ਬਾਪੂ ਨੂੰ ਫਿਜ਼ੂਲ ਖਰਚੀ ਪਸੰਦ ਨਹੀਂ, ਐਨਾ ਖਰਚਾ ਕਰ ਕੇ ਉਸ ਦੀ ਆਤਮਾ ਨੂੰ ਦੁਖੀ ਕਰਨਾ ਤੂੰ? ਸਾਦੇ ਜਿਹੇ ਢੰਗ ਨਾਲ ਅਰਥੀ ਲੈ ਕੇ ਜਾਵਾਂਗੇ ਤੇ ਭੋਗ ‘ਤੇ ਪੰਜ ਚਾਰ ਬੰਦਿਆਂ ਤੋਂ ਵੱਧ ਨਹੀਂ ਬੁਲਾਉਣੇ। ਵੱਧ ਤੋਂ ਵੱਧ ਮੂੰਗੀ ਦੀ ਦਾਲ ਨਾਲ ਦੋ ਦੋ ਰੋਟੀਆਂ ਖਵਾ ਕੇ ਦਫਾ ਕਰ ਦਿਆਂਗੇ।”
ਸਭ ਤੋਂ ਵੱਡਾ ਲੜਕਾ ਦਮੜੀ ਮੱਲ ਦਾ ਹੀ ਦੂਸਰਾ ਰੂਪ ਸੀ, ”ਬੰਦ ਕਰੋ ਆਪਣੀ ਬਕਵਾਸ। ਮੈਨੂੰ ਲੱਗਦਾ ਤੁਸੀਂ ਦੋਵੇਂ ਦਾਨਵੀਰ ਕਰਣ ਘਰ ਦਾ ਬੇੜਾ ਗਰਕ ਕਰੋਗੇ। ਕੀ ਜਰੂਰਤ ਆ ਪੰਚਾਇਤ ਨੂੰ ਅਰਥੀ ਵਾਲੇ ਫੱਟੇ ਦਾ ਸੌ ਰੁਪਿਆ ਕਿਰਾਇਆ ਦੇਣ ਦੀ? ਜਿਹੜੀ ਸੜੀ ਹੋਈ ਚਾਦਰ ‘ਤੇ ਬਾਪੂ ਪਿਆ ਆ, ਉਸੇ ਵਿੱਚ ਗਠੜੀ ਬੰਨ੍ਹ ਕੇ ਲੈ ਜਾਵਾਂਗੇ। ਨਾਲੇ ਮਰਨ ਤੋਂ ਬਾਅਦ ਬੰਦਾ ਵੈਸੇ ਵੀ ਮਿੱਟੀ ਹੋ ਜਾਂਦਾ ਆ, ਬਹੁਤੇ ਤਾਮ ਝਾਮ ਦੀ ਜਰੂਰਤ ਨਹੀਂ ਹੁੰਦੀ।”
ਦਮੜੀ ਲਾਲ ਦੇ ਸਾਹ ਅਜੇ ਚੱਲ ਰਹੇ ਸਨ। ਮੁੰਡਿਆਂ ਦੀਆਂ ਗੱਲਾਂ ਸੁਣ ਕੇ ਉਸ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ ਕਿ ਮੇਰੇ ਮਰਨ ਤੋਂ ਬਾਅਦ ਕਿ ਇਹ ਮੇਰੀ ਮਿਹਨਤ ਨਾਲ ਬਣਾਈ ਜਾਇਦਾਦ ਨੂੰ ਖਰਾਬ ਨਹੀਂ ਕਰਨਗੇ।
ਉਹ ਬੋਲਿਆ, ”ਭੂਤਨੀ ਦਿਉ, ਕਿਉਂ ਐਵੇਂ 200 ਰੁਪਏ ਦੀ ਚਾਦਰ ਖਰਾਬ ਕਰਨ ਲੱਗੇ ਉ? ਲਿਆਉ ਮੇਰੀਆਂ ਚੱਪਲਾਂ, ਮੈਂ ਮੜ੍ਹੀਆਂ ਵਿੱਚ ਜਾ ਕੇ ਹੀ ਮਰਦਾ ਹਾਂ।”