ਲਾਹੌਰ ਵਿਖੇ ਮਿੰਟੂ ਬਰਾੜ ਦੀ ਕਿਤਾਬ ‘ਕੈਂਗਰੂਨਾਮਾ’ ਦੋ ਵੱਡੇ ਸਮਾਗਮਾਂ ਵਿਚ ‘ਸ਼ਾਹਮੁਖੀ’ ਵਿਚ ਲੋਕ ਅਰਪਿਤ

ਵਿਸ਼ਵ ਪੰਜਾਬੀ ਅਮਨ ਕਾਨਫ਼ਰੰਸ ਵਿੱਚ ਸ਼ਾਮਲ ਡੈਲੀਗੇਟਸ ਗੁਰਭਜਨ ਗਿੱਲ, ਗੁਰਭੇਜ ਸਿੰਘ ਗੁਰਾਇਆ, ਸਹਿਜਪ੍ਰੀਤ ਸਿੰਘ ਮਾਂਗਟ, ਸੁਸ਼ੀਲ ਦੁਸਾਂਝ, ਹਰਵਿੰਦਰ ਚੰਡੀਗੜ੍ਹ, ਆਸਿਫ਼ ਰਜ਼ਾ, ਖ਼ਾਲਿਦ ਹੁਸੈਨ, ਸਤੀਸ਼ ਗੁਲ੍ਹਾਟੀ, ਅਮਨ ਫੱਲ੍ਹੜ ਤੇ ਅਜ਼ੀਮ ਸ਼ੇਖਰ ਦੀ ਹਾਜ਼ਰੀ ਵਿੱਚ ਪਾਕਿਸਤਾਨ ਦੇ ਦੋ ਪ੍ਰਮੁੱਖ ਸ਼ਾਇਰਾਂ ਬਾਬਾ ਨਜ਼ਮੀ ਅਤੇ ਅਫ਼ਜ਼ਲ ਸਾਹਿਬ ਨੇ ਆਸਟ੍ਰੇਲੀਆ ਵੱਸਦੇ ਪੰਜਾਬੀ, ਜਾਣੇ ਪਛਾਣੇ ਸਮਾਜ ਸੇਵੀ, ਲਿਖਾਰੀ, ਪੱਤਰਕਾਰ ਅਤੇ ਪੇਸ਼ਕਾਰ ਮਿੰਟੂ ਬਰਾੜ ਦੀ ਕਿਤਾਬ ਨੂੰ ਲਾਹੌਰ ਵਿਖੇ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਬਾਬਾ ਨਜ਼ਮੀ ਨੇ ਕਿਹਾ ਕਿ ਮਿੰਟੂ ਨੇ ਜਿੱਥੇ ਦੇਸ਼ੋਂ ਬਾਹਰ ਇੱਜ਼ਤ ਕਮਾਈ ਹੈ ਓਥੇ ਹੁਣ ਉਹ ਲਹਿੰਦੇ ਪੰਜਾਬ ਵਿਚ ਆਪਣੀ ਕਿਤਾਬ ਦੇ ਉਲੱਥੇ ਤੋਂ ਬਾਅਦ ਨਵਾਂ ਨਾਮ ਨਹੀਂ ਰਹਿ ਗਿਆ। ਉਹਨਾਂ ਕਿਹਾ ਕਿ ਮਿੰਟੂ ਆਪਣੀ ਹਰ ਲਿਖਤ ਵਿਚ ਪੰਜਾਬ ਤੇ ਪੰਜਾਬੀਆਂ ਦਾ ਵਕੀਲ ਬਣ ਗਲ ਕਰਦਾ ਹੈ। ਉਸ ਨੂੰ ਪੰਜਾਬ ‘ਚ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਨਵੀਂ ਨਸਲ ਦੀ ਚਿੰਤਾ ਰਹਿੰਦੀ ਹੈ। ਇਹ ਸਭ ਕੁਝ ਉਸ ਦੇ ਆਪਣੇ ਪੰਜਾਬ ਤੇ ਪੰਜਾਬੀਅਤ ਨਾਲ ਪਿਆਰ ਦਾ ਵਿਖਾਲਾ ਹੈ। ਉਹਨਾਂ ਕਿਹਾ ਕਿ ਇਹੋ ਜਿਹੀਆਂ ਕਿਤਾਬਾਂ ਦਾ ਸ਼ਾਹਮੁਖੀ ਵਿਚ ਛਪਣਾ ਇਕ ਵਧੀਆ ਉਪਰਾਲਾ ਹੈ। ਪਾਕਿਸਤਾਨੀ ਸ਼ਾਇਰ ਤੇ ਚਿੱਤਰਕਾਰ ਆਸਿਫ਼ ਰਜ਼ਾ ਨੇ ਕਿਹਾ ਕਿ ਮਿੰਟੂ ਦੀ ਕਿਤਾਬ ਦਾ ਉਲੱਥਾ ਕਰਦਿਆਂ ਹੋਇਆਂ ਮੈਨੂੰ ਥਾਂ ਥਾਂ ਤੇ ਉਸ ਦੀ ਬਰੀਕ ਅਤੇ ਦੂਰ ਅੰਦੇਸ਼ੀ ਸੋਚ ਤੇ ਹੈਰਤ ਹੁੰਦੀ ਰਹੀ ਹੈ। ਉਸ ਦੀ ਕਿਤਾਬ ਨਿਰੇ ਆਰਟੀਕਲ ਨਹੀਂ ਨੇ ਸਗੋਂ ਉਸ ਦਾ ਪੰਜਾਬ ਪ੍ਰਤੀ ਮੋਹ ਹੈ। ਉਸ ਦਾ ਰੋਣਾ ਆਪਣੇ ਦੇਸ ਤੇ ਦੇਸ਼ੋਂ ਬਾਹਰ ਵੱਸਦੇ ਕੁੱਲ ਪੰਜਾਬੀ ਦਾ ਬਿਆਨਿਆਂ ਹੈ। ਰਜ਼ਾ ਹੋਰਾਂ ਕਿਹਾ ਕਿ ਹੁਣ ਪੰਜਾਬੀ ਬੋਲੀ ਲਿਪੀਆਂ ਤੋਂ ਉਪਰ ਜਾ ਬੈਠੀ ਹੈ। ਹੁਣ ਦੋਹਾਂ ਪੰਜਾਬਾਂ ਦੇ ਲਿਖਣ ਵਾਲੇ ਦੋਹਾਂ ਪੰਜਾਬਾਂ ਵਿਚ ਹੀ ਇੱਕੋ ਜਿਹਾ ਮਾਣ ਹਾਸਲ ਕਰ ਰਹੇ ਨੇ। ਯਾਦ ਰਹੇ ਕਿ ਇਹ ਕਿਤਾਬ ਬਾਬਾ ਫ਼ਰੀਦ ਬੁੱਕ ਫਾਊਂਡੇਸ਼ਨ ਲਾਹੌਰ ਵੱਲੋਂ ਸ਼ਾਹਮੁਖੀ ਵਿੱਚ ਲਿਪੀਅੰਤਰ ਕਰਕੇ ਪ੍ਰਕਾਸ਼ਿਤ ਕੀਤੀ ਹੈ ਅਤੇ ਗੁਰੂ ਬਾਬਾ ਨਾਨਕ ਯੂਨੀਵਰਸਿਟੀ ਨਨਕਾਣਾ ਸਾਹਿਬ ਦੇ ਵਾਈਸ ਚਾਂਸਲਰ ਤੋਂ ਇਲਾਵਾ ਮੁਦੱਸਰ ਇਕਬਾਲ ਬੱਟ, ਇਲਿਆਸ ਘੁੰਮਣ, ਗੁਰਭਜਨ ਗਿੱਲ ਤੇ ਸਹਿਜਪ੍ਰੀਤ ਸਿੰਘ ਮਾਂਗਟ ਵੱਲੋਂ ਵੀ ਇਕ ਵੱਖਰੇ ਸਮਾਗਮ ਵਿਚ ਲੋਕ ਅਰਪਿਤ ਕੀਤੀ ਗਈ ਹੈ। ਪਾਕਿਸਤਾਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਕਿਹਾ ਕਿ ਕਿਤਾਬਾਂ ਦਾ ਇੰਜ ਦਾ ਦਾਨ ਪ੍ਰਦਾਨ ਬਹੁਤ ਚੰਗੀ ਗੱਲ ਹੈ। ਸਭ ਲੇਖਕ ਦੋਸਤਾਂ ਨੇ ‘ਕੈਂਗਰੂਨਾਮਾ’ ਦੇ ਲੋਕ ਅਰਪਣ ਦੀਆਂ ਮਿੰਟੂ ਬਰਾੜ ਤੇ ਉਲੱਥਾਕਾਰ ਮੁਹੰਮਦ ਆਸਿਫ਼ ਰਜ਼ਾ ਨੂੰ ਮੁਬਾਰਕਾਂ ਦਿੱਤੀਆਂ।

Install Punjabi Akhbar App

Install
×