ਸਰੀ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਸਵੈ-ਜੀਵਨੀ “ਕੰਡਿਆਰੇ ਪੰਧ” ਉਪਰ ਵਿਚਾਰ ਚਰਚਾ

ਸਰੀ -ਗੁਲਾਟੀ ਪਬਲਿਸ਼ਰਜ਼ ਲਿਮਟਿਡ, ਸਰੀ ਵੱਲੋਂ ਵੈਨਕੂਵਰ ਵਿਚਾਰ ਮੰਚ ਦੇ ਸਹਿਯੋਗ ਨਾਲ “ਮੇਡ ਇਨ ਇੰਡੀਆ ਪਲਾਜ਼ਾ’ ਸਰੀ ਵਿਚ ਕਰਵਾਏ ਸਾਹਿਤਕ ਸਮਾਗਮ ਦੌਰਾਨ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਸਵੈ-ਜੀਵਨੀ “ਕੰਡਿਆਰੇ ਪੰਧ” ਰਿਲੀਜ਼ ਕੀਤੀ ਗਈ ਅਤੇ ਇਸ ਪੁਸਤਕ ਉਪਰ ਵਿਚਾਰ ਚਰਚਾ ਕਰਵਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਡਾ. ਸਾਧੂ ਸਿੰਘ, ਡਾ. ਰਘਬੀਰ ਸਿੰਘ ਸਿਰਜਣਾ ਅਤੇ ਜਰਨੈਲ ਸਿੰਘ ਸੇਖਾ ਨੇ ਕੀਤੀ।

ਸਟੇਜ ਸੰਚਾਲਨ ਕਰਦਿਆਂ ਮੋਹਨ ਗਿੱਲ ਨੇ ਜਰਨੈਲ ਸਿੰਘ ਸੇਖਾ ਦੀਆਂ ਸਾਹਿਤਕ ਕ੍ਰਿਤਾਂ ਨਾਲ ਜਾਣ ਪਛਾਣ ਕਰਵਾਈ। ਜਰਨੈਲ ਸਿੰਘ ਆਰਟਿਸਟ ਨੇ ਜਰਨੈਲ ਸਿੰਘ ਸੇਖਾ ਨਾਲ ਆਪਣੀ ਨੇੜਤਾ, ਉਨ੍ਹਾਂ ਦੇ ਨਿਮਰ ਸੁਭਾਅ ਅਤੇ ਉਨ੍ਹਾਂ ਦੀ ਸਾਊ ਸ਼ਖ਼ਸੀਅਤ ਬਾਰੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਉੱਚੀ ਅਤੇ ਸਾਕਾਰਤਮਿਕ ਸੋਚ ਨੂੰ ਪ੍ਰਣਾਏ ਹੋਏ ਹਨ। ਡਾ. ਗੁਰਮਿੰਦਰ ਸਿੱਧੂ ਨੇ ਆਪਣੀ ਕਾਵਿਕ ਸ਼ੈਲੀ ਵਿਚ ਕੰਡਿਆਰੇ ਪੰਧ ਦੇ ਵੱਖ ਵੱਖ ਲੇਖਾਂ ਬਾਰੇ ਆਪਣੇ ਬਹੁਤ ਹੀ ਸਾਰਥਿਕ ਵਿਚਾਰ ਪੇਸ਼ ਕਰਦਿਆਂ ਸ. ਸੇਖਾ ਦੀ ਵਾਰਤਕ ਸ਼ੈਲੀ ਦੀ ਪ੍ਰਸੰਸਾ ਕੀਤੀ ਅਤੇ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਅਹਿਮ ਦਸਤਾਵੇਜ ਦੱਸਿਆ। ਹਰਿੰਦਰ ਕੌਰ ਸੋਹੀ ਨੇ ਕਿਹਾ ਕਿ ਇਸ ਪੁਸਤਕ ਦੇ ਵਾਰਤਾਲਾਪ ਅਤੇ ਸ਼ੈਲੀ ਏਨੀ ਦਿਲਕਸ਼ ਹੈ ਕਿ ਪਾਠਕ ਨੂੰ ਆਪਣੇ ਨਾਲ ਤੋਰ ਲੈਂਦੀ ਹੈ ਅਤੇ ਪਾਠਕ ਦੀ ਪੜ੍ਹਨ ਰੁਚੀ ਵਧਦੀ ਜਾਂਦੀ ਹੈ। ਡਾ. ਗੁਰਬਾਜ਼ ਬਰਾੜ ਨੇ ਕਿਹਾ ਕਿ ਪੁਸਤਕ ਪੜ੍ਹਦਿਆਂ ਕਈ ਵਾਰ “ਮੇਰਾ ਪਿੰਡ” ਦਾ ਭੁਲੇਖਾ ਪੈਦਾ ਹੈ। ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਸੇਖਾ ਨੇ ਇਸ ਪੁਸਤਕ ਲਈ ਕੋਈ ਵਿਸ਼ੇਸ਼ ਉਚੇਚ ਨਹੀਂ ਕੀਤਾ ਸਗੋਂ ਪੁਸਤਕ ਵਿਚਲਾ ਬਿਰਤਾਂਤ ਆਪ ਮੁਹਾਰੇ ਅੱਗੇ ਚਲਦਾ ਹੈ।

ਪ੍ਰਸਿੱਧ ਸਾਹਿਤਕਾਰ ਅਜਮੇਰ ਰੋਡੇ ਨੇ ਕਿਹਾ ਕਿ ਜਰਨੈਲ ਸਿੰਘ ਸੇਖਾ ਦਾ ਇਹ ਵਡੱਪਣ ਹੈ ਕਿ ਉਨ੍ਹਾਂ ਆਪਣੀ ਸਵੈ-ਜੀਵਨੀ ਵਿਚ ਕਿਤੇ ਵੀ ਆਪਣੇ ਆਪ ਨੂੰ ਵਡਿਆਉਣ ਦੀ ਕੋਸ਼ਿਸ਼ ਨਹੀਂ ਕੀਤੀ (ਜੋ ਕਿ ਆਮ ਕਰਕੇ ਲੇਖਕ ਦੀ ਕਮਜ਼ੋਰੀ ਹੁੰਦੀ ਹੈ) ਸਗੋਂ ਬੜੀ ਸਹਿਜਤਾ ਨਾਲ ਆਪਣੀ ਸ਼ਖ਼ਸੀਅਤ ਦੇ ਸਾਰੇ ਪੱਖਾਂ ਦਾ ਪ੍ਰਗਟਾਵਾ ਕੀਤਾ ਹੈ। ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਕਿਹਾ ਕਿ ਜਰਨੈਲ ਸਿੰਘ ਸੇਖਾ ਨੇ ਇਸ ਪੁਸਤਕ ਰਾਹੀਂ ਪੌਣੀ ਸਦੀ ਦੇ ਮਲਵਈ ਪੇਂਡੂ ਸੱਭਿਆਚਾਰ ਦੀ ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਅਤੇ ਇਸ ਪੁਸਤਕ ਨੂੰ ਇਕ ਸਾਂਭਣਯੋਗ ਦਸਤਾਵੇਜ ਬਣਾ ਦਿੱਤਾ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।

ਰਾਜਵੰਤ ਰਾਜ ਨੇ ਕਿਹਾ ਕਿ ਇਹ ਪੁਸਤਕ ਪੜ੍ਹਦਿਆਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਦਾ ਵੀ ਪਤਾ ਲੱਗਿਆ ਕਿ ਸਾਡੇ ਸਮਾਜ ਵਿਚ ਇਸ ਤਰ੍ਹਾਂ ਦਾ ਵੀ ਵਰਤਾਰਾ ਰਿਹਾ ਹੈ। ਉਨ੍ਹਾਂ ਸ. ਸੇਖਾ ਦੀ ਵਾਰਤਕ ਸ਼ੈਲੀ ਦੀ ਸ਼ਲਾਘਾ ਕੀਤੀ। ਸਤੀਸ਼ ਗੁਲਾਟੀ ਨੇ ਇਸ ਪੁਸਤਕ ਦੀ ਪ੍ਰਕਾਸ਼ਨਾ ਦੇ ਸੰਦਰਭ ਵਿਚ ਗੱਲ ਕੀਤੀ। ਅੰਗਰੇਜ਼ ਬਰਾੜ ਨੇ ਕਿਹਾ ਕਿ ਓਹੀ ਸਾਹਿਤਕ ਰਚਨਾ ਮਹਾਨ ਹੁੰਦੀ ਹੈ ਜਿਸ ਵਿਚ ਲੇਖਕ ਦਾ ਨਿੱਜੀ ਪ੍ਰਗਟਾਵਾ ਬਹੁਤ ਨਾ ਹੋਵੇ ਅਤੇ ਸ. ਸੇਖਾ ਦੀ ਇਸ ਪੁਸਤਕ ਵਿਚ ਇਕ ਚੰਗੀ ਸਾਹਿਤਕ ਕ੍ਰਿਤ ਵਾਲੇ ਸਾਰੇ ਗੁਣ ਮੌਜੂਦ ਹਨ।

ਡਾ. ਸਾਧੂ ਸਿੰਘ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬੜਾ ਚੰਗਾ ਲੱਗ ਰਿਹਾ ਹੈ ਕਿ ਜਰਨੈਲ ਸਿੰਘ ਸੇਖਾ ਨੇ ਕੈਨੇਡਾ ਆ ਕੇ ਆਪਣੇ ਆਪ ਨੂੰ ਬੜਾ ਸੰਤੁਲਿਤ ਰੱਖਿਆ, ਆਪਣਾ ਕੰਮ ਵੀ ਕੀਤਾ, ਆਪਣੀ ਪਰਿਵਾਰਕ ਜ਼ਿੰਮੇਂਵਾਰੀ ਨੂੰ ਬਾਖੂਬੀ ਨਿਭਾਇਆ ਅਤੇ ਆਪਣੇ ਸਾਹਿਤਕ ਸਫਰ ਨੂੰ ਨਿਰੰਤਰ ਜਾਰੀ ਰੱਖਿਆ। ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਇਸ ਪੁਸਤਕ ਵਿਚ ਪੰਜਾਬ ਦੇ ਬਟਵਾਰੇ ਦੇ ਦੁਖਾਂਤ, ਪੰਜਾਬੀ ਸੂਬਾ ਅੰਦੋਲਨ, ਉਨੀ ਸੌ ਚੁਰਾਸੀ ਦੇ ਕਤਲੇਆਮ ਬਾਰੇ ਵਰਨਣ ਮਿਲਦਾ ਹੈ। ਸਹੀ ਮਾਅਨਿਆਂ ਵਿਚ ਇਸ ਪੁਸਤਕ ਰਾਹੀਂ ਜਰਨੈਲ ਸਿੰਘ ਸੇਖਾ ਦੇ ਜੀਵਨ ਬਾਰੇ ਹੀ ਨਹੀਂ ਸਗੋਂ ਪੌਣੀ ਸਦੀ ਪਹਿਲਾਂ ਦੇ ਪੰਜਾਬ ਵਿਚਲੇ ਸਾਹਿਤਕ, ਸਮਾਜਿਕ, ਰਾਜਨੀਤਕ, ਆਰਥਿਕ ਹਾਲਾਤ ਬਾਰੇ ਬੜੀ ਅਹਿਮ ਜਾਣਕਾਰੀ ਮਿਲਦੀ ਹੈ।

ਅੰਤ ਵਿਚ ਜਰਨੈਲ ਸਿੰਘ ਸੇਖਾ ਨੇ ਇਸ ਪੁਸਤਕ ਦੇ ਹੋਂਦ ਵਿਚ ਆਉਣ ਬਾਰੇ ਦੱਸਿਆ ਅਤੇ ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕਰਨ ਵਾਲੇ ਸਾਰੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਚਾਹਲ, ਸੁਖਵਿੰਦਰ ਸਿੰਘ ਚੋਹਲਾ, ਅਮਰਜੀਤ ਚਾਹਲ, ਅਮਰੀਕ ਸਿੰਘ ਲੇਹਲ, ਹਰਦਮ ਸਿੰਘ ਮਾਨ, ਸੁਰਜੀਤ ਸਿੰਘ ਬਾਠ, ਡਾ. ਬਲਦੇਵ ਸਿੰਘ ਖਹਿਰਾ, ਮਨਜੀਤ ਸਿੰਘ ਮੱਲ੍ਹਾ, ਬਿੰਦਰ ਰੋਡੇ, ਗੁਰਦੀਪ ਭੁੱਲਰ ਅਤੇ ਸ. ਸੇਖਾ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×