ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ

ਕਮਲਜੀਤ ਸਿੰਘ ਬਨਵੈਤ ਪ੍ਰੌੜ੍ਹ ਪੱਤਰਕਾਰ ਅਤੇ ਸੰਜੀਦਾ ਵਿਸ਼ਿਆਂ ਦਾ ਖੋਜੀ ਲੇਖਕ ਹੈ। ਪੱਤਰਕਾਰ ਹੋਣ ਕਰਕੇ ਉਸ ਦਾ ਜ਼ਿੰਦਗੀ ਦਾ ਵਿਸ਼ਾਲ ਤਰਜ਼ਬਾ ਹੈ। ਉਸ ਦੀਆਂ ਹੁਣ ਤੱਕ  8 ਵਾਰਤਕ ਦੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਦੋ ਕਹਾਣੀ ਸੰਗ੍ਰਹਿ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਸਮਰੱਥ ਕਾਲਮ ਨਵੀਸ ਵੀ ਹੈ। ਚਲੰਤ ਮਸਲਿਆਂ ‘ਤੇ ਉਸ ਦੇ ਜਾਣਕਾਰੀ ਭਰਪੂਰ ਲੇਖ ਪੰਜਾਬੀ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ। ਤਿੰਨ ਟੀ.ਵੀ.ਸੀਰੀਅਲ ਜੀ.ਟੀ.ਵੀ. ਲਈ ਲਿਖੇ ਸਨ। ਅੱਜ ਕਲ੍ਹ ਉਹ ਇਕ ਚੈਨਲ ‘ਤੇ ਪ੍ਰੋਗਰਾਮ ਵੀ ਕਰ ਰਿਹਾ ਹੈ। ‘ਅੱਧੇ ਪਾਗਲ ਹੋ ਜਾਈਏ’ ਪੁਸਤਕ ਵਿੱਚ ਉਸ ਦੇ 28 ਲੇਖ ਹਨ, ਜਿਹੜੇ ਸਮਾਜਿਕ ਮੁੱਦਿਆਂ ਦੀ ਤਰਜਮਾਨੀ ਕਰਦੇ ਹਨ। ਸਮਾਜ ਵਿੱਚ ਜੋ ਵਾਪਰ ਰਿਹਾ ਹੈ, ਉਸ ਨੂੰ ਉਹ ਆਪਣੇ ਲੇਖਾਂ ਦੇ ਵਿਸ਼ੇ ਬਣਾਉਂਦਾ ਹੈ। ਉਹ ਬਹੁਤ ਹੀ ਦਬੰਗ ਅਤੇ ਦਲੇਰ ਲੇਖਕ ਹੈ, ਜਿਹੜਾ ਹਰ ਸਮਾਜਿਕ ਬੁਰਿਆਈ ਦਾ ਪਰਦਾ ਫਾਸ਼ ਕਰਨ ਲੱਗਿਆਂ ਕਿਸੇ ਤੋਂ ਡਰਦਾ ਨਹੀਂ। ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਨਿੱਜੀ ਤਜਰਬਿਆਂ ‘ਤੇ ਲਿਖਣ ਲੱਗਿਆਂ ਉਨ੍ਹਾਂ ਨੂੰ ਲੋਕਾਈ ਦੇ ਮੁੱਦੇ ਬਣਾ ਦਿੰਦਾ ਹੈ। ਭਾਵ ਉਹ ਆਪਣੇ ਇਨ੍ਹਾਂ ਲੇਖਾਂ ਦੇ ਮਾਧਿਅਮ ਰਾਹੀਂ ਆਮ ਲੋਕਾਂ ਦੀ ਆਵਾਜ਼ ਬਣ ਰਿਹਾ ਹੈ। ਉਸ ਦੇ ਇਸ ਪੁਸਤਕ ਵਿਚਲੇ ਲੇਖ ਨਿੱਜੀ ਤਜ਼ਰਬਿਆਂ ‘ਤੇ ਅਧਾਰਤ ਹਨ ਪ੍ਰੰਤੂ ਜੋ ਸਮਾਜ ਵਿੱਚ ਘਟਨਾਵਾਂ ਵਾਪਰ ਰਹੀਆਂ ਹਨ, ਉਨ੍ਹਾਂ ਬਾਰੇ ਵੀ ਬੜੀ ਬਾਰੀਕੀ ਨਾਲ ਲਿਖਦਾ ਹੈ। ਉਸ ਦੇ ਲੇਖ ਦੇ ਅਖ਼ੀਰਲੇ ਪਹਿਰੇ ਵਿੱਚ ਸਾਰੇ ਲੇਖ ਦਾ ਤੱਤ ਕੱਢਿਆ ਹੁੰਦਾ ਹੈ।

ਇਸ ਪੁਸਤਕ ਦੇ ਪਹਿਲੇ ਹੀ ਲੇਖ ‘ਕਿਹੜਾ ਅੰਬਾਨੀ, ਕੌਣ ਅਡਾਨੀ’ ਰਾਹੀਂ ਉਹ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਅਮੀਰ ਲੋਕਾਂ ਦੀ ਕਦੀ ਵੀ ਇੱਛਾ ਪੂਰੀ ਨਹੀਂ ਹੁੰਦੀ, ਭਾਵੇਂ ਉਹ ਕਿਤਨੇ ਹੀ ਅਮੀਰ ਹੋ ਜਾਣ ਪਰੰਤੂ ਇਸ ਦੇ ਬਿਲਕੁਲ ਉਲਟ ਆਮ ਗ਼ਰੀਬ ਲੋਕ ਜਿਤਨਾ ਵੀ ਪੈਸਾ ਉਨ੍ਹਾਂ ਕੋਲ ਹੈ, ਉਹ ਉਸ ਨਾਲ ਹੀ ਸੰਤੁਸ਼ਟ ਹਨ। ‘ਸਟੇਟਸ’ ਲੇਖ ਵਿੱਚ ਉਹ ਦਰਸਾ ਰਿਹਾ ਹੈ ਕਿ ਮਿਹਨਤ ਹਮੇਸ਼ਾ ਰੰਗ ਲਿਆਉਂਦੀ ਹੈ। ਕਿੱਤਾ ਕੋਈ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ, ਪਰੰਤੂ ਸਭ ਕੁਝ ਇਨਸਾਨ ਦੀ ਸੋਚ ਤੇ ਨਿਰਭਰ ਕਰਦਾ ਹੈ। ਇਨਸਾਨ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ। ‘ਆਸ ਪਿਆਸੀ’ ਲੇਖ ਵਿੱਚ ਬਜ਼ੁਰਗਾਂ ਦੀ ਉਨ੍ਹਾਂ ਦੇ ਬੱਚਿਆਂ ਵੱਲੋਂ ਕੀਤੀ ਜਾ ਰਹੀ ਅਣਵੇਖੀ ਦੀ ਤਸਵੀਰ ਖਿਚ ਕੇ ਰੱਖ ਦਿੱਤੀ। ਬਜੁਰਗ ਸਾਰੀ ਉਮਰ ਮਿਹਨਤ ਕਰਕੇ ਪਰਿਵਾਰ ਦੀ ਬਿਹਤਰੀ ਲਈ ਕੰਮ ਕਰਦੇ ਹਨ ਪਰੰਤੂ ਬੱਚੇ ਉਨ੍ਹ ਦੀ ਔਕਾਤ ਦਾ ਅੰਦਾਜ਼ਾ ਪਹਿਰਾਵਾ ਅਤੇ ਜੀਵਨ ਸ਼ੈਲੀ ਤੋਂ ਲਾ ਕੇ ਭੁਲੇਖੇ ਵਿੱਚ ਰਹਿੰਦੇ ਹਨ। ‘ਕੋਟਾ’ ਲੇਖ ਵਿੱਚ ਲੇਖਕ ਦਸਦਾ ਹੈ ਕਿ ਮਾਪੇ ਸਾਧਾਰਨ ਸਕੂਲਾਂ ਵਿੱਚ ਪੜ੍ਹਕੇ ਸਫਲ ਹੁੰਦੇ ਰਹੇ ਹਨ ਪਰੰਤੂ ਅੱਜ ਕਲ੍ਹ ਦੇ ਬੱਚੇ ਵੱਡੇ ਸਕੂਲਾਂ, ਵਧੇਰੇ ਫੀਸਾਂ ਦੇ ਚਕਰਾਂ ਵਿੱਚ ਪੈ ਕੇ ਪਰਿਵਾਰ ਦੀ ਆਰਥਿਕ ਹਾਲਤ ਵਿੱਚ ਕਮਜ਼ੋਰੀ ਲਿਆ ਦਿੰਦੇ ਹਨ। ਮਾਪੇ ਦਾਖ਼ਲੇ ਲਈ ਸਿਫਾਰਸ਼ ਅਤੇ ਡੋਨੇਸ਼ਨ ਦੇ ਕੇ ਵੀ ਮਠਿਆਈਆਂ ਵੰਡਦੇ ਹਨ।

‘ਪਰੌਨ ਮਸਾਲਾ’ ਲੇਖ ਬੜੇ ਹੀ ਸੰਵੇਦਸ਼ੀਲ ਵਿਸ਼ੇ ‘ਤੇ ਹੈ ਜਦੋਂ ਕਰੋਨਾ ਵਿੱਚ ਗ਼ਰੀਬਾਂ ਦਾ ਗੁਜ਼ਾਰਾ ਮੁਸ਼ਕਲ ਨਾਲ ਹੁੰਦਾ ਸੀ ਤਾਂ ਘਨ ਸ਼ਾਮ ਨੌਕਰ ਨੂੰ ਉਸ ਦੇ ਮਾਲਕ ਨੇ ਨੌਕਰੀ ਦਿਵਾ ਦਿੱਤੀ। ਨੌਕਰਾਂ ਨਾਲ ਜੋ ਮਾਲਕਾਂ ਦਾ ਵਿਵਹਾਰ ਹੁੰਦਾ ਹੈ, ਉਹ ਵੀ ਵਿਖਾ ਦਿੱਤਾ। ਨੌਕਰਾਂ ਦੇ ਬੱਚੇ ਭੁੱਖ ਨਾਲ ਤੜਪਦੇ ਰਹਿੰਦੇ ਹਨ ਅਤੇ ਮਾਲਕ ਉਸੇ ਘਰ ਵਿੱਚ ਸਵਾਦਿਸ਼ਟ ਭੋਜਨ ਦਾ ਆਨੰਦ ਮਾਣਦੇ ਹਨ। ‘ਲੰਗਰ ਬਾਬਾ’ ਸਮਾਜ ਸੇਵਾ ਦਾ ਨਮੂਨਾ ਹੈ, ਜਿਸ ਨੇ ਆਪਣੇ ਬੱਚੇ ਦੇ ਅੰਗ ਦਾਨ ਅਤੇ ਲੰਗਰ ਦੀ ਸੇਵਾ ਕਰਕੇ ਮਾਨਵਤਾ ਦੀ ਅਹਿਮੀਅਤ ਨੂੰ ਸਮਝਿਆ ਹੈ। ‘ਮਿਸ਼ਨ ਫਤਿਹ’ ਲੇਖ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਬਾਰੇ ਹੈ, ਉਸ ਸਮੇਂ ਪਾਰਟੀਆਂ ਬਦਲਕੇ ਚੋਣ ਲੜਨ ਵਾਲੇ ਉਮੀਦਵਾਰਾਂ ਬਾਰੇ ਦੱਸਿਆ ਗਿਆ ਹੈ। ‘ਆਪਣਾ ਘਰ’ ਸਮਾਜ ਸੇਵਾ ਦਾ ਵਿਲੱਖਣ ਨਮੂਨਾ ਹੈ। ਦਸਵੰਦ ਦੀ ਪ੍ਰਥਾ ਪੰਜਾਬੀਆਂ ਦੇ ਦਿਲ ਤੇ ਦਿਮਾਗ ਵਿੱਚ ਬੈਠੀ ਹੋਈ ਹੈ, ਜਿਸ ਦਾ ਗ਼ਰੀਬ ਅਤੇ ਆਮ ਲੋਕਾਂ ਨੂੰ ਲਾਭ ਮਿਲਦਾ ਹੈ। ‘ਹੱਕਾਂ ਦਾ ਰਾਖਾ’ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਕਾਰਗੁਜ਼ਾਰੀ ਦਾ ਪਰਦਾ ਫਾਸ਼ ਕਰਦਾ ਹੈ ਕਿ ਕਿਵੇਂ ਉਹ ਲੋਕ ਹਿੱਤਾਂ ‘ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ।

‘ਹਰ ਹੱਥ ਕਲਮ’ ਬਹੁਤ ਹੀ ਭਾਵਨਾਤਮਿਕ ਲੇਖ ਹੈ, ਜਿਸ ਵਿੱਚ ਕਿਸਾਨ ਅੰਦੋਲਨ ਦੌਰਾਨ ਇਕ ਲੜਕੀ ਵੱਲੋਂ ਆਪਣੇ ਆਪ ਨੂੰ ਗ਼ਰੀਬ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿਖ ਲਈ ਸਮਾਜ ਸੇਵਾ ਕਰਨ ਦਾ ਬੀੜਾ ਚੁਕਿਆ ਗਿਆ ਹੈ। ‘ਕਾਂਗੜੀ’ ਲੇਖ ਵੀ ਬਹੁਤ ਹੀ ਸੰਜੀਦਾ ਵਿਸ਼ੇ ਨਸ਼ੇ, ਸਰਕਾਰ ਦੀ ਅਣਗਹਿਲੀ ਅਤੇ ਪਿਤਰੀ ਪਿਆਰ ਦੀ ਤਸਵੀਰ ਪੇਸ਼ ਕਰਦਾ ਹੈ। ਇਸੇ ਤਰ੍ਹਾਂ ‘ਗੁਰੂ ਦੀ ਰਸੋਈ’ ਪ੍ਰਵਾਸੀ ਅਤੇ ਦੇਸ਼ ਵਾਸੀਆਂ ਵੱਲੋਂ ਸਮਾਜ ਸੇਵਾ ਦਾ ਕਾਰਜ਼ ਸ਼ੁਰੂ ਕਰਕੇ ਗ਼ਰੀਬ ਲੋਕਾਂ ਦੇ ਹਿੱਤਾਂ ‘ਤੇ ਪਹਿਰਾ ਦੇਣ ਦੀ ਸ਼ੁਰੂਆਤ ਕੀਤੀ ਗਈ ਹੈ। ‘ਤੀਜ ਤਿਓਹਾਰ’ ਲੇਖ ਵਿੱਚ ਪਿੰਡਾਂ ਦੀ ਮਹਿਮਾਨ ਨਿਵਾਜ਼ੀ, ਮੰਗਤਿਆਂ ਦੀ ਆਧੁਨਿਕ ਤਕਨੀਕ ਅਤੇ ਲੋੜਵੰਦਾਂ ਦੀ ਮਦਦ ਬਾਰੇ ਵਿਲੱਖਣ ਵਿਚਾਰ ਦੱਸੇ ਗਏ ਹਨ।  ‘ਹਮ ਲੋਗ’ ਲੇਖ ਜੰਮੂ ਕਸ਼ਮੀਰ ਦੇ ਲੋਕਾਂ ਦੀ ਆਤਮਾ ਦੀ ਆਵਾਜ਼ ਬਾਰੇ ਦੱਸਿਆ ਗਿਆ ਹੈ ਕਿ ਉਹ ਸ਼ਾਂਤੀ ਚਾਹੁੰਦੇ ਹਨ ਪਰੰਤੂ ਸਰਕਾਰਾਂ ਸਿਆਸਤ ਕਰ ਰਹੀਆਂ ਹਨ। ‘ਰਿਟਰਨ ਗਿਫ਼ਟ’ ਲੇਖ ਵਿੱਚ ਵਰਤਮਾਨ ਸਮਾਜਿਕ ਵਾਤਾਵਰਨ ਵਿੱਚ ਲੜਕੀਆਂ, ਲੜਕਿਆਂ ਨਾਲੋਂ ਮਾਪਿਆਂ ਬਿਹਤਰੀਨ ਮਦਦਗਾਰ ਸਾਬਤ ਹੋ ਸਕਦੀਆਂ ਹਨ। ‘ਗੋਸ਼ਟੀ ਕਰਾਉਣ ਦਾ ਚੱਜ’ ਲੇਖ ਵਿੱਚ ਬਨਵੈਤ ਨੇ ਸਾਹਿਤਕਾਰਾਂ ਦੀ ਮਾਨਸਿਕਤਾ ਦੇ ਖੋਖਲੇਪਨ ਦਾ ਪਰਦਾ ਫਾਸ਼ ਕਰ ਦਿੱਤਾ ਹੈ। ‘ਮਿੱਠਾ’ ਲੇਖ ਮਰਦਾਂ ਦੀ ਔਰਤ ਪ੍ਰਤੀ ਮਾਨਸਿਕਤਾ ਦਾ ਸਬੂਤ ਹੈ।

‘ਅਮਲੀ ਦੀ ਪਿਆਰੋ’ ਲੇਖ ਵਿੱਚ ਦਰਸਾਇਆ ਗਿਆ ਹੈ ਕਿ ਮਿਹਨਤ ਹਰ ਮੁਸ਼ਕਲ ਸਮੱਸਿਆ ਦਾ ਹਲ ਕਰ ਸਕਦੀ ਹੈ। ਇਸ ਦੇ ਨਾਲ ਇਨਸਾਨ ਨੂੰ ਸਮਾਜ ਵਿੱਚ ਵਿਚਰਣ ਦਾ ਸਲੀਕਾ ਹੋਣਾ ਚਾਹੀਦਾ ਹੈ। ‘ਚੈਰੀ ਆਂਟੀ’ ਵਿੱਚ ਲੇਖਕ ਨੇ ਦੱਸਿਆ ਹੈ ਕਿ ਜੇਕਰ ਨੌਜਵਾਨਾ ਨੂੰ ਆਪਣੀ ਜ਼ਿੰਦਗੀ ਦਾ ਆਨੰਦ ਮਾਨਣ ਦਾ ਹੱਕ ਹੈ ਤਾਂ ਬਜ਼ੁਰਗਾਂ ਨੂੰ ਕਿਉਂ ਨਹੀਂ? ਅਜੋਕੇ ਦੌਰ ਵਿੱਚ ਬੱਚੇ ਮਾਪਿਆਂ ਨੂੰ ਅਣਡਿਠ ਕਰ ਰਹੇ ਹਨ, ਮਾਪਿਆਂ ਨੂੰ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ। ‘ਚਿੜੀ ਦੀ ਚੁੰਝ’ ਵਿੱਚ ਦਰਸਾਇਆ ਗਿਆ ਹੈ ਕਿ ਪ੍ਰਾਈਵੇਟ ਹਸਪਤਾਲ ਵਿਓਪਾਰਕ ਅਦਾਰੇ ਬਣ ਗਏ ਹਨ। ਸਰਕਾਰੀ ਹਸਪਤਾਲ ਪ੍ਰਾਈਵੇਟ ਨਾਲੋਂ ਬਿਹਤਰੀਨ ਸਹੂਲਤਾਂ ਦੇ ਸਕਦੇ ਹਨ ਬਸ਼ਰਤੇ ਕਿ ਸਰਕਾਰ ਜਾਂ ਡਾ.ਸ਼ਰਮਾ ਵਰਗੇ ਦਾਨੀ ਸੱਜਣ ਮਦਦ ਕਰਨ। ਇਸ ਤੋਂ ਅਗਲਾ ਲੇਖ ‘ਖ਼ਾਸ ਬੰਦਾ’ ਸਰਕਾਰੀ ਡਾਕਟਰਾਂ ਦੀ ਹਸਪਤਾਲ ਦੀਆਂ ਬਾਹਰਲੀਆਂ ਦੁਕਾਨਾ ਤੋਂ ਸਮਾਨ ਮੰਗਾਉਣ ਦੀ ਲੁੱਟ ਬਾਰੇ ਜਾਣਕਾਰੀ ਦੇ ਰਿਹਾ ਹੈ। ‘ਐਮ.ਐਲ.ਏ.ਨਹੀਂ ਡਾਕੀਆ’ ਲੇਖ ਵਿੱਚ ਪਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਵਿਧਾਨਕਾਰਾਂ ਦੇ ਫਰਜਾਂ ਬਾਰੇ ਦੱਸਿਆ ਹੈ। ਪਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਦੀ ਗ੍ਰਾਂਟ ਦਾ ਚੈਕ ਦੇਣ ਸਮੇਂ ਕਹਿੰਦੇ ਸਨ ਕਿ ਥੋੜ੍ਹਾ ਵਿਕਾਸ ‘ਤੇ ਵੀ ਲਾ ਦੇਣਾ। ਇਸ ਦਾ ਅਰਥ ਇਹ ਹੁੰਦਾ ਸੀ ਕਿ ਉਹ ਘੱਟ ਭਰਿਸ਼ਟਾਚਾਰ ਕਰਨ। ਕੈਪਟਨ ਦੇ ਰਾਜ ਵਿੱਚ ਵਿਧਾਨਕਾਰ ਡਾਕੀਏ ਦਾ ਕੰਮ ਹੀ ਕਰਦੇ ਸਨ। ਲੋਕਾਂ ਦੀਆਂ ਅਰਜੀਆਂ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਦੇ ਦਿੰਦੇ ਸਨ।

‘ਲਾਲੇ ਦੀ ਸਿਆਹੀ’ ਲੇਖ ਗ਼ਰੀਬ ਲੋਕਾਂ ਵੱਲੋਂ ਵਿਆਜ਼ ਤੇ ਲਏ ਕਰਜ਼ੇ ਦੀ ਰਕਮ ਉਨ੍ਹਾਂ ਤੋਂ ਮੁੜਦੀ ਨਹੀਂ ਸਗੋਂ ਵਿਆਜ ਲੱਗ ਦੇ ਦੁਗਣੀ ਚੌਗੁਣੀ ਹੁੰਦੀ ਰਹਿੰਦੀ ਹੈ। ਵਿਆਜੂ ਪੈਸੇ ਦੇਣ ਵਾਲਿਆਂ ਵਿੱਚ ਇਨਸਾਨੀਅਤ ਹੀ ਨਹੀਂ ਹੁੰਦੀ। ‘ਬੁਲੀ’ ਸੇਵਾ ਮੁਕਤ ਅਧਿਕਾਰੀਆਂ ਦੀਆਂ ਗੱਲਾਂ ਦੇ ਆਧਾਰ ‘ਤੇ ਦੱਸਿਆ ਗਿਆ ਹੈ ਕਿ ਪੁਲਿਸ ਵਾਲੇ ਤਪਦੀਸ਼ ਕਰਨ ਸਮੇਂ ਥਰਡ ਡਿਗਰੀ ਢੰਗ ਤਾਂ ਵਰਤਦੇ ਹੀ ਹਨ ਪ੍ਰੰਤੂ ਜਿਥੋਂ ਪੈਸੇ ਮਿਲ ਜਾਣ ਉਥੇ ਢੰਗ ਬਦਲ ਲੈਂਦੇ ਹਨ। ਸਾਰੇ ਵਿਭਾਗਾਂ ਦੇ ਅਧਿਕਰੀ ਬਦਲਾਖੋਰੀ ਨਾਲ ਕੰਮ ਕਰਦੇ ਸਨ। ‘ਰੱਬ ਦਾ ਬੰਦਾ’ ਲੇਖ ਵਿੱਚ ਪੀ.ਜੀ.ਆਈ.ਵਿੱਚ ਮਰੀਜਾਂ ਦੀ ਭੀੜ ਅਤੇ ਖਾਸ ਤੌਰ ਤੇ ਕਿਡਨੀ ਵਿਭਾਗ ਵਿੱਚ ਮਰੀਜਾਂ ਦੇ ਵਾਰਸਾਂ ਦੇ ਟੈਸਟ ਕਿਡਨੀ ਬਦਲਣ ਲਈ ਨਾ ਮਿਲਣ ਕਰਕੇ ਰੁਲ ਰਹੇ ਹਨ। ਜੇਕਰ ਡਾ.ਸ਼ਰਮਾ ਦੀ ਤਰ੍ਹਾਂ ਹੋਰ ਡਾਕਟਰ ਵੀ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਆਪਸ ਵਿੱਚ ਇਕ ਦੂਜੇ ਦੇ ਮਰੀਜ ਲਈ ਗੁਰਦੇ ਦਾਨ ਕਰਨ ਲਈ ਤਿਆਰ ਕਰਵਾ ਲੈਣ ਜਿਨ੍ਹਾਂ ਦੇ ਟੈਸਟ ਮਿਲਦੇ ਹਨ ਤਾਂ ਸਾਰੇ ਮਸਲੇ ਹਲ ਹੋ ਸਕਦੇ ਹਨ। ਡਾਕਟਰ ਸ਼ਰਮਾ ਮਰੀਜਾਂ ਦੇ ਰਿਸ਼ਤੇਦਾਰਾਂ ਨੂੰ ਰੱਬ ਦੇ ਬੰਦੇ ਕਹਿੰਦੇ ਹਨ।  ‘ਬੇਬੇ, ਤੂੰ ਭੁੱਲਦੀ ਨੀ’ ਵਿੱਚ ਇਹ ਦੱਸਿਆ ਗਿਅ ਹੈ ਕਿ ਪੜ੍ਹੇ ਲਿਖੇ ਬੱਚੇ ਬਾਹਰ ਨੌਕਰੀਆਂ ਕਰਨ ਚਲੇ ਜਾਂਦੇ ਹਨ ਤੇ ਮਾਪੇ ਇਕਲਾਪਾ ਹੰਢਾਉਂਦੇ ਹਨ। ਵੱਡੇ ਸ਼ਹਿਰਾਂ ਵਿੱਚ ਰਹਿਣ ਕਰਕੇ ਗੁਜ਼ਾਰੇ ਵੀ ਨਹੀਂ ਹੁੰਦੇ। ਜਿਨ੍ਹਾਂ ਦੇ ਬੱਚੇ ਪੜ੍ਹਦੇ ਨਹੀਂ ਉਹ ਮਾਪਿਆਂ ਦੇ ਕੋਲ ਰਹਿੰਦੇ ਹਨ ਤੇ ਘੱਟ ਤਨਖਾਹਾਂ ਨਾਲ ਗੁਜ਼ਾਰਾ ਕਰਕੇ ਵੀ ਖ਼ੁਸ਼ ਹੁੰਦੇ ਹਨ। ‘ਅੱਧੇ ਪਾਗਲ ਹੋ ਜਾਈਏ’ ਲੇਖ ਪਖੰਡੀ ਸਾਧਾਂ ਦਾ ਪਰਦਾ ਫਾਸ਼ ਕਰਦਾ ਹੋਇਆ, ਲੜਕੀਆਂ ਨੂੰ ਬੈਂਗ ‘ਤੇ ਸੌਣ ਵਾਲੀ ਔਰਤ ਦੀ ਤਰ੍ਹਾਂ ਜਿਸ ਨੂੰ ਅੱਧੀ ਪਾਗਲ ਕਹਿੰਦੇ ਹਨ, ਉਸ ਤੋਂ ਸਬਕ ਸਿੱਖ ਕੇ ਬਲਾਤਕਾਰ ਕਰਨ ਦੀ ਹਿੰਮਤ ਕਰਨ ਵਾਲੇ ਮਰਦਾਂ ਦਾ ਮੁਕਾਬਲਾ ਕਰਨ ਦੀ ਪ੍ਰੇਰਨਾ ਦਿੰਦੀ ਹੈ।

 104 ਪੰਨੇ 220 ਰੁਪਏ ਕੀਮਤ ਵਾਲੀ ਇਹ ਪੁਸਤਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਤ ਕੀਤੀ ਹੈ।

(ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ)