ਪਿੰਡ ਪੱਖੀਕਲਾਂ ਦੀ ਹੋਣਹਾਰ ਬੇਟੀ ਕਮਲਜੀਤ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਫਰੀਦਕੋਟ :- ਮਾਪਿਆਂ ਦੀ ਇਕਲੌਤੀ ਧੀ ਵਲੋਂ ਮਾਂ-ਪਿਉ ਨੂੰ ਪੁੱਤਰ ਦੀ ਕਮੀ ਮਹਿਸੂਸ ਨਾ ਹੋਣ ਦੇਣ, ਘਰੇਲੂ ਅਤੇ ਖੇਤੀਬਾੜੀ ਦੇ ਸਾਰੇ ਧੰਦਿਆਂ ਵਿੱਚ ਮਾਤਾ-ਪਿਤਾ ਦਾ ਸਹਿਯੋਗ ਕਰਨ ਵਾਲੀ ਲੜਕੀ ਹੋਰਨਾ ਬੇਟੀਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਨੇੜਲੇ ਪਿੰਡ ਪੱਖੀਕਲਾਂ ਦੀ ਹੋਣਹਾਰ ਲੜਕੀ ਕਮਲਜੀਤ ਕੌਰ ਦਾ ‘ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ’ ਵਲੋਂ ਵਿਸ਼ੇਸ਼ ਸਨਮਾਨ ਕਰਨ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੀਕਲਾਂ ਦੀ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਪੂਨੀਆਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਧੀਆਂ ਨੂੰ ਕੁੱਖਾਂ ਵਿੱਚ ਮਾਰਨ ਦੀ ਬਜਾਇ ਉਨਾਂ ਵਿੱਚ ਉਤਸ਼ਾਹ ਭਰਨ ਦੀ ਲੋੜ ਹੈ। ਜਿਕਰਯੋਗ ਹੈ ਕਿ ਪਿੰਡ ਪੱਖੀਕਲਾਂ ਦੀ ਉਕਤ ਲੜਕੀ ਕਮਲਜੀਤ ਕੌਰ ਆਪਣੇ ਪਿਤਾ ਜਗਜੀਤ ਸਿੰਘ ਗਿੱਲ ਅਤੇ ਮਾਤਾ ਪਰਮਿੰਦਰ ਕੌਰ ਨੂੰ ਹਮੇਸ਼ਾਂ ਕਿਸਾਨ ਅੰਦੋਲਨ ਵਿੱਚ ਸਿੰਘੂ ਜਾਂ ਟੀਕਰੀ ਬਾਰਡਰਾਂ ‘ਤੇ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ ਤੇ ਉਸਦਾ ਦਾਅਵਾ ਹੈ ਕਿ ਉਹ ਪਿੱਛੋਂ ਖੇਤੀਬਾੜੀ ਅਤੇ ਘਰ-ਬਾਰ ਦੇ ਸਾਰੇ ਕਾਰਜ ਇਕੱਲਿਆਂ ਹੀ ਕਰਨ ਦੀ ਸਮਰੱਥਾ ਰੱਖਦੀ ਹੈ। ਸਟੇਜ ਸੰਚਾਲਨ ਕਰਦਿਆਂ ਮਾ. ਕੰਵਲਜੀਤ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ, ਜਦਕਿ ਮੈਡਮ ਨਰਿੰਦਰ ਕੌਰ ਨੇ ਉਕਤ ਲੜਕੀ ਦੇ ਮਾਤਾ-ਪਿਤਾ ਦੀ ਦੂਰਅੰਦੇਸ਼ੀ ਦੀ ਦਾਦ ਦਿੱਤੀ। ‘ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ’ ਦੇ ਸੰਸਥਾਪਕ ਮਾ ਸੋਮਨਾਥ ਅਰੋੜਾ, ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਜਗਸੀਰ ਸਿੰਘ ਖਾਰਾ ਨੇ ਦੱਸਿਆ ਕਿ ਸੁਸਾਇਟੀ ਦਾ ਕੰਮ ਸਮਾਜ ਵਿੱਚ ਨਿਵੇਕਲਾ ਕਾਰਜ ਕਰਨ ਵਾਲੇ ਨੌਜਵਾਨ ਲੜਕੇ/ਲੜਕੀਆਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ਕਮਲਜੀਤ ਕੌਰ ਦਾ ਵਿਸ਼ੇਸ਼ ਸਨਮਾਨ ਕਰਨ ਦਾ ਫੈਸਲਾ ਕੀਤਾ ਗਿਆ। ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਗਿੱਲ ਨੇ ਅਨੇਕਾਂ ਉਦਾਹਰਨਾ ਦਿੰਦਿਆਂ ਮੰਨਿਆ ਕਿ ਅੱਜ ਲੜਕੀਆਂ ਨੂੰ ਵੀ ਲੜਕਿਆਂ ਦੀ ਤਰਾਂ ਘਰ ਅਤੇ ਬਾਹਰ ਦੇ ਕੰਮ ਧੰਦੇ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸਾਨੂੰ ਆਪਣੀ ਇਸ ਬੇਟੀ ਦੀ ਆਤਮਨਿਰਭਰਤਾ ‘ਤੇ ਪੂਰਾ ਮਾਣ ਹੈ।

Install Punjabi Akhbar App

Install
×