ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਯਾਦਗਾਰੀ ਕੌਮਾਗਾਟਾ ਮਾਰੂ ਸ਼ਤਾਬਦੀ ਸਮਾਰੋਹ

001alr
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ 3 ਅਤੇ 4 ਦਸੰਬਰ, 2014 ਨੂੰ ਭਾਰਤ ਸਰਕਾਰ ਦੇ ਸਭਿਆਚਾਰਕ ਮੰਤਰਾਲੇ ਅਤੇ ਇੰਸਟੀਚਿਊਟ ਆਫ਼ ਪੰਜਾਬ ਸਟੱਡੀਜ਼ ਚੰਡੀਗੜ੍ਹ ਦੇ ਸਹਿਯੋਗ ਨਾਲ ‘ਕੌਮਾਗਾਟਾ ਮਾਰੂ : ਸੰਦਰਭ, ਮਹੱਤਵ ਅਤੇ ਵਿਰਾਸਤ’ ਵਿਸ਼ੇ ਤੇ ਦੋ ਦਿਨਾ ਅੰਤਰਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੇ ਉਦਘਾਟਨੀ ਸਮਾਰੋਹ ਵਿਚ ਪੰਜਾਬ ਦੇ ਸੱਭਿਆਚਾਰ ਮੰਤਰੀ ਸਰਦਾਰ ਸੋਹਣ ਸਿੰਘ ਠੰਡਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂ ਕਿ ਸਾਬਕਾ ਮੈਂਬਰ ਰਾਜ ਸਭਾ ਤੇ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਸਰਕਾਰ ਸਰਦਾਰ ਤਰਲੋਚਨ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।

ਇਸ ਸਮਾਗਮ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਦੇ ਅਵਸਰ ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਕੌਮਾਗਾਟਾ ਮਾਰੂ ਸਾਡੀ ਪੰਜਾਬੀਆਂ ਦੀ ਮਹਾਨ ਅਤੇ ਇਤਿਹਾਸਕ ਵਿਰਾਸਤ ਹੈ। ਇਸ ਮਹਾਨ ਇਤਿਹਾਸਕ ਸਾਕੇ ਬਾਰੇ ਪੰਜਾਬੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਸੈਮੀਨਾਰ ਕਰਵਾਉਣ ਦੀ ਇਹ ਪਹਿਲ ਕਦਮੀ ਆਪਣੇ ਵਡੇਰਿਆਂ ਦੇ ਯੋਗਦਾਨ ਨੂੰ ਭਾਵੇਂ ਦੇਰ ਨਾਲ ਪਰ ਦਰੁਸਤ ਢੰਗ ਨਾਲ ਸਿਮਰਣ ਵੱਲ ਸਹੀ ਕਦਮ ਹੈ। ਅਜਿਹਾ ਕਰਨ ਨਾਲ ਇਸ ਮਹਾਨ ਸ਼ਹੀਦੀ ਸਾਕੇ ਦਾ ਇਤਿਹਾਸਕ ਮੁੱਲ ਹੋਰ ਵਧਿਆ ਹੈ ਅਤੇ ਇਸ ਦੀ ਪ੍ਰਮਾਣਿਕਤਾ ਵਿਚ ਵਾਧਾ ਹੋਇਆ ਹੈ। ਸਭਿਆਚਾਰ ਮੰਤਰੀ ਸ. ਸੋਹਣ ਸਿੰਘ ਠੰਡਲ ਦਾ ਕਹਿਣਾ ਸੀ ਕਿ ਭਾਰਤ ਦੀ ਸੁਤੰਤਰਤਾ ਦੀ ਲੜਾਈ ਵਿਚ ਪੰਜਾਬੀਆਂ ਨੇ ਜਿਹੜੀਆਂ ਲਾਸਾਨੀ ਕੁਰਬਾਨੀਆਂ ਕੀਤੀਆਂ ਹਨ ਉਹਨਾਂ ਨੂੰ ਇਤਿਹਾਸ ਕਦੇ ਵੀ ਨਹੀਂ ਭੁਲਾ ਸਕਦਾ। ਉਹਨਾਂ ਨੇ ਆਜ਼ਾਦੀ ਘੁਲਾਟੀਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਅਹਿਦ ਵੀ ਕੀਤਾ।

ਭਾਰਤ ਸਰਕਾਰ ਵੱਲੋਂ ਪਹਿਲੀ ਵਾਰੀ ਸਰਕਾਰੀ ਪੱਧਰ ਤੇ ਕੌਮਾਗਾਟਾ ਮਾਰੂ ਸ਼ਤਾਬਦੀ ਸਮਾਰੋਹ ਮਨਾਉਣ ਪ੍ਰਤੀ ਵਿਖਾਈ ਦਿਲਚਸਪੀ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ. ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਅਜਿਹਾ ਪਲੇਠਾ ਸਮਾਗਮ ਆਯੋਜਿਤ ਹੋਣਾ ਇਕ ਵਡਮੁੱਲੀ ਪ੍ਰਾਪਤੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਤੇ ਉਘੇ ਵਿਦਵਾਨ ਡਾ. ਹਰੀਸ਼ ਕੇ ਪੁਰੀ ਨੇ ਆਪਣੇ ਮੁੱਖ ਭਾਸ਼ਣ ਵਿਚ ਕੌਮਾਗਾਟਾ ਮਾਰੂ ਸਾਕੇ ਲਈ ਜ਼ਿੰਮੇਵਾਰ ਹਾਲਾਤਾਂ ਦੀ ਨਿਸ਼ਾਨਦੇਹੀ ਕਰਦੇ ਹੋਏ ਬਾਬਾ ਗੁਰਦਿੱਤ ਸਿੰਘ ਅਤੇ ਉਹਨਾਂ ਦੇ ਇਤਿਹਾਸਕ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਹਿੰਦੋਸਤਾਨ ਟਾਈਮਜ਼ ਚੰਡੀਗੜ੍ਹ ਦੇ ਰੈਜੀਡੈਂਟ ਐਡੀਟਰ ਸ੍ਰੀ ਰਮੇਸ਼ ਵਿਨਾਇਕ ਦੀ ਧਾਰਣਾ ਸੀ ਕਿ ਪੰਜਾਬੀਆਂ ਨੇ ਔਖੀਆਂ ਘੜੀਆਂ ਵਿਚ ਵੀ ਆਪਣੀ ਅਣਖ ਅਤੇ ਸਵੈਮਾਣ ਨੂੰ ਆਂਚ ਨਹੀਂ ਆਉਣ ਦਿੱਤੀ ਭਾਵੇਂ ਉਹਨਾਂ ਨੂੰ ਕਿੰਨੇ ਵੀ ਤਸੀਹੇ ਕਿਉਂ ਨਾ ਬਰਦਾਸ਼ਤ ਕਰਨੇ ਪਏ ਹੋਣ। ਇਸ ਉਦਘਾਟਨੀ ਸੈਸ਼ਨ ਦੇ ਅੰਤ ਵਿਚ  ਸ. ਸੋਹਣ ਸਿੰਘ ਠੰਡਲ, ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਸ. ਤਰਲੋਚਨ ਸਿੰਘ, ਇਤਿਹਾਸਕਾਰ ਪ੍ਰੋ. ਜੇ.ਐਸ.ਗਰੇਵਾਲ, ਡਾ. ਹਰੀਸ਼ ਕੇ ਪੁਰੀ, ਸ੍ਰੀ ਰਮੇਸ਼ ਵਿਨਾਇਕ, ਸੈਮੀਨਾਰ ਦੇ ਕਨਵੀਨਰ ਡਾ. ਜਸਵਿੰਦਰ ਸਿੰਘ ਅਤੇ ਕੋਆਰਡੀਨੇਟਰ ਪ੍ਰੋ.ਇੰਦੂ ਬਾਂਗਾ ਵੱਲੋਂ ਸਾਂਝੇ ਤੌਰ ਤੇ ਬਾਬਾ ਗੁਰਦਿੱਤ ਸਿੰਘ ਵੱਲੋਂ ਲਿਖੀ ਪੁਸਤਕ ‘ਜੁਲਮੀ ਕਥਾ’ ਦਾ ਲੋਕ ਅਰਪਣ ਕੀਤਾ ਗਿਆ। ਯੂਨੀਵਰਸਿਟੀ ਵੱਲੋਂ ਇਸ ਪੁਸਤਕ ਦਾ ਅੰਗ੍ਰੇਜ਼ੀ ਅਨੁਵਾਦ ਨੇੜ ਭਵਿਖ ਵਿਚ ਪ੍ਰਕਾਸ਼ਿਤ ਕਰਨ ਦਾ ਨਿਰਣਾ ਲਿਆ ਗਿਆ।ਇਸ ਦੌਰਾਨ ਬਾਬਾ ਗੁਰਦਿੱਤ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਸਮਾਰੋਹ ਵਿਚ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਵਰਿੰਦਰ ਵਾਲੀਆ, ਬੰਗਾਲ ਤੋਂ ਸ. ਜੋਗਿੰਦਰ ਸਿੰਘ ਜੌਹਲ ਅਤੇ ਇਤਿਹਾਸਕਾਰ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਸਮਾਰੋਹ ਦੇ ਪਹਿਲੇ ਅਕਾਦਮਿਕ ਸੈਸ਼ਨ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਜੇ.ਐਸ.ਗਰੇਵਾਲ ਨੇ ਪ੍ਰਧਾਨਗੀ ਕਰਦਿਆਂ ਕੌਮਾਗਾਟਾ ਮਾਰੂ ਸਾਕੇ ਦੇ ਪ੍ਰਸੰਗ ਅਤੇ ਮਹੱਤਵ ਬਾਰੇ ਚਰਚਾ ਕੀਤੀ। ਇਸ ਸੈਸ਼ਨ ਦੌਰਾਨ ਦਿੱਲੀ ਯੂਨੀਵਰਸਿਟੀ ਦੀ ਡਾ. ਰਾਧਿਕਾ ਚੋਪੜਾ ਨੇ ਮਾਈਗ੍ਰੈਂਟਸ, ਨੇਸ਼ਨਜ਼, ਸਵਰਨੀਟੀ’, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਵੈਨਕੁਵਰ) ਦੀ ਡਾ. ਰੇਨੀਸਾ ਮਵਾਨੀ ਨੇ ‘ਲਾਅ ਐਂਡ ਮਾਈਗ੍ਰੇਸ਼ਨ ਅਕ੍ਰਾਸ ਦਾ ਪੈਸੀਫਿਕ, ਡਾ. ਧਨਵੰਤ ਕੌਰ ਨੇ ਕੇਸਰ ਸਿੰਘ ਦੇ ਪ੍ਰਸਿੱਧ ਨਾਵਲ ਕੌਮਾਗਾਟਾ ਮਾਰੂ’ ਦੇ ਪ੍ਰਸੰਗ ਵਿਚ ਏ ਨੈਰੇਸ਼ਨ ਆਫ ਮਾਈਗ੍ਰੇਸ਼ਨ ਐਂਡ ਕਲੋਨੀਅਲ ਸੁਪ੍ਰੈਸ਼ਨ’ ਖੋਜ ਪੱਤਰ ਪੇਸ਼ ਕੀਤੇ। ਦੂਜੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪ੍ਰੋਫੈਸਰ ਹਰੀਸ਼ ਕੇ ਪੁਰੀ ਨੇ ਕੀਤੀ। ਇਸ ਸੈਸ਼ਨ ਵਿਚ ਯੂ.ਐਸ.ਏ. ਦੀ ਡਾ. ਸੀਮਾ ਸੋਹੀ ਨੇ ਦ ਕੌਮਾਗਾਟਾ ਮਾਰੂ ਐਂਡ ਦ ‘ਫੇਟ ਆਫ 330 ਮਿਲੀਅਨ ਇੰਡੀਅਨ’, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਰਾਜੀਵ ਲੋਚਨ ਨੇ ‘ਦ ਕੌਮਾਗਾਟਾ ਮਾਰੂ, ਪ੍ਰਤਾਪ ਸਿੰਘ ਕੈਰੋਂ ਐਂਡ ਸਟ੍ਰੈਂਡਜ਼ ਆਫ ਰੈਡੀਕਲ ਪਾਲਿਟਿਕਸ ਇਨ ਦ ਪੰਜਾਬ ਆਫ ਦ 1930’ ਪੇਪਰ ਪ੍ਰਸਤੁੱਤ ਕੀਤੇ।

ਸ਼ਾਮ ਨੂੰ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਕੌਮਾਗਾਟਾ ਮਾਰੂ ਸਾਕੇ ਦੀ ਹਕੀਕਤ ਅਤੇ ਦੁਖਾਂਤ ਨੂੰ ਬਿਆਨਦਾ ਹਿਰਦੇਵੇਧਕ ਨਾਟਕ ‘ਕੌਮਾਗਾਟਾ ਮਾਰੂ 1914 : ਇਕ ਜ਼ਖ਼ਮੀ ਪਰਵਾਜ਼’ ਪੇਸ਼ ਕੀਤਾ ਗਿਆ। ਯੂਨੀਵਰਸਿਟੀ ਦੇ ਥੀਏਟਰ ਐਂਡ ਟੈਲੀਵੀਜ਼ਨ ਵਿਭਾਗ ਦੀ ਇਸ ਸੰਵੇਦਨਸ਼ੀਲ ਪੇਸ਼ਕਾਰੀ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਹ ਨਾਟਕ ਨਿਰੰਤਰ ਤਿੰਨ ਦਿਨ ਵਿਖਾਇਆ ਗਿਆ ਜਿਸ ਵਿਚ ਦਰਸ਼ਕਾਂ ਦੀ ਭਰਪੂਰ ਸ਼ਮੂਲੀਅਤ ਰਹੀ।

ਸੈਮੀਨਾਰ ਦੇ ਅਗਲੇ ਦਿਨ ਭਾਵ 4 ਦਸੰਬਰ ਨੂੰ ਵਖ ਵਖ ਅਕਾਦਮਿਕ ਸੈਸ਼ਨਾਂ ਦੀ ਪ੍ਰਧਾਨਗੀ ਡਾ. ਰਾਧਿਕਾ ਚੋਪੜਾ, ਪ੍ਰੋਫੈਸਰ ਅਰੁਣ ਬੰਧੋਪਾਧਿਆਇ, ਪ੍ਰੋਫੈਸਰ ਅੰਜਲੀ ਗੇਰਾ ਰਾਏ ਅਤੇ ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਨੇ ਕੀਤੀ। ਵਖ ਵਖ ਅਕਾਦਮਿਕ ਸੈਸ਼ਨਾਂ ਦੌਰਾਨ ਵਿਸ਼ਵਭਾਰਤੀ ਯੂਨੀਵਰਸਿਟੀ ਸ਼ਾਂਤੀਨਿਕੇਤਨ ਦੇ ਪ੍ਰੋਫੈਸਰ ਛੰਦਾ ਚੈਟਰਜੀ, ਡਾ. ਸੁਚੇਤਨਾ ਚਟੋਪਾਧਿਆਇ, ਡਾ. ਅੰਮ੍ਰਿਤ ਵਰਸ਼ਾ ਗਾਂਧੀ, ਡਾ. ਰਾਧਿਕਾ ਮੋਂਗੀਆ, ਪ੍ਰੋਫੈਸਰ ਮਾਲਵਿੰਦਰਜੀਤ ਸਿੰਘ ਵੜੈਚ, ਪ੍ਰੋ. ਰਾਣਾ ਨਾਇਰ, ਡਾ. ਦਰਸ਼ਨ ਸਿੰਘ ਤਾਤਲਾ, ਪ੍ਰੋਫੈਸਰ ਜਸਵਿੰਦਰ ਸਿੰਘ ਆਦਿ ਵਿਦਵਾਨਾਂ ਨੇ ਕੌਮਾਗਾਟਾ ਮਾਰੂ ਨਾਲ ਸੰਬੰਧਤ ਮਹੱਤਵਪੂਰਨ ਅਤੇ ਅਣਗੌਲੇ ਪੱਖਾਂ ਬਾਰੇ ਰੌਸ਼ਨੀ ਪਾਈ। ਆਖਰੀ ਅਕਾਦਮਿਕ ਸੈਸ਼ਨ ਦੌਰਾਨ ਸਰੀ ਬੀ.ਸੀ. ਤੋਂ ਪੁੱਜੇ ਹਰਭਜਨ ਸਿੰਘ ਗਿੱਲ ਅਤੇ ਕੈਨੇਡਾ ਤੋਂ ਉਘੇ ਚਿੱਤਰਕਾਰ ਜਰਨੈਲ ਸਿੰਘ ਨੇ ਦੋ ਵਖ ਵਖ ਡਾਕੂਮੈਂਟਰੀ ਫ਼ਿਲਮਾਂ ਰਾਹੀਂ ਕੌਮਾਗਾਟਾ ਮਾਰੂ ਨਾਲ ਜੁੜੀਆਂ ਵੱਖ ਵੱਖ ਘਟਨਾਵਾਂ ਅਤੇ ਯਾਦਾਂ ਨੂੰ ਸਿਲਸਿਲੇਵਾਰ ਰੂਪ ਵਿਚ ਪ੍ਰਸਤੁੱਤ ਕੀਤਾ।

ਸਮਾਰੋਹ ਦੇ ਵਿਦਾਇਗੀ ਸੈਸ਼ਨ ਵਿਚ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ  ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਪ੍ਰਸਿੱਧ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਦੇ ਯੋਗਦਾਨ ਸਦਕਾ ਹੀ ਯੂਨੀਵਰਸਿਟੀ ਦਾ ਨਾਂ ਵਿਸ਼ਵ ਵਿਚ ਫੈਲ ਰਿਹਾ ਹੈ।ਉਹਨਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿਚ ਕੌਮਾਗਾਟਾ ਮਾਰੂ ਨਾਲ ਸੰਬੰਧਤ ਇਸ ਨਾਟਕ ਦੀਆਂ ਭਾਰਤ ਦੇ ਵਖ ਵਖ ਸ਼ਹਿਰਾਂ ਵਿਚ ਪੇਸ਼ਕਾਰੀ ਕਰੇਗੀ ਤਾਂ ਜੋ ਪੰਜਾਬੀਆਂ ਦੀ ਗ਼ੈਰਤ ਅਤੇ ਕੁਰਬਾਨੀ ਦਾ ਸੁਨੇਹਾ ਦੂਰ ਦੂਰ ਤੱਕ ਪ੍ਰਚਾਰਿਆ ਪ੍ਰਸਾਰਿਆ ਜਾ ਸਕੇ। ਇਸ ਦੌਰਾਨ ਵਖ ਵਖ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਸੈਮੀਨਾਰ ਯੂਨੀਵਰਸਿਟੀ ਦੇ ਸਮੂਹ ਵਿਦਵਾਨਾਂ, ਇਤਿਹਾਸਕਾਰਾਂ, ਲਿਖਾਰੀਆਂ ਤੋਂ ਇਲਾਵਾ ਬਾਹਰ ਤੋਂ ਜਿਹੜੇ ਵਿਦਵਾਨਾਂ ਨੇ ਸ਼ਿਰਕਤ ਕੀਤੀ ਉਹਨਾਂ ਵਿਚ ਪ੍ਰੋਫੈਸਰ ਹਰਕ੍ਰਿਸ਼ਨ ਸਿੰਘ ਮਹਿਤਾ, ਡਾ. ਗੁਰਦੇਵ ਸਿੰਘ ਸਿੱਧੂ, ਪ੍ਰੋਫੈਸਰ ਸਵਰਨਜੀਤ ਮਹਿਤਾ, ਪ੍ਰੋਫੈਸਰ ਸੁਨੀਤਾ ਪਠਾਣੀਆਂ, ਪ੍ਰੋਫੈਸਰ ਹਰੀਸ਼ ਸੀ. ਸ਼ਰਮਾ, ਪ੍ਰੋਫੈਸਰ ਰੀਟਾ ਗਰੇਵਾਲ, ਪ੍ਰੋਫੈਸਰ ਅੰਜੂ ਸੂਰੀ ਆਦਿ ਸ਼ਖਸੀਅਤਾਂ ਵੱਡੀ ਗਿਣਤੀ ਵਿਚ ਸ਼ਾਮਲ ਸਨ।

ਅੰਤ ਵਿਚ ਸੈਮੀਨਾਰ ਕਨਵੀਨਰ ਡਾ. ਜਸਵਿੰਦਰ ਸਿੰਘ ਅਤੇ ਕੋਆਰਡੀਨੇਟਰ ਪ੍ਰੋ.ਇੰਦੂ ਬਾਂਗਾ ਵੱਲੋਂ ਸਾਂਝੇ ਤੌਰ ਤੇ ਧੰਨਵਾਦ ਕੀਤਾ ਗਿਆ।

ਦਰਸ਼ਨ ਸਿੰਘ ਆਸ਼ਟ’ (ਡਾ.)
ਪੰਜਾਬੀ ਯੂਨੀਵਰਸਿਟੀ ਕੈਂਪਸ,
ਪਟਿਆਲਾ ਮੋ. 981423703

Install Punjabi Akhbar App

Install
×