ਖ਼ਾਲਸਾ ਪੰਥ ਦੀ ਸਿਰਜਣਾ: ਮਹੱਤਵਪੂਰਨ ਇਤਿਹਾਸਕ ਘਟਨਾ

gurugobindsinghaskingforaheadਖ਼ਾਲਸਾ ਪੰਥ ਦੀ ਸਿਰਜਣਾ ਇਕ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਘਟਨਾ ਹੈ। ਇਸ ਦਿਨ ਉਸ ਅਕਾਲ-ਪੁਰਖ ਦੀ ਫ਼ੌਜ ਦਾ ਜਨਮ ਹੋਇਆ, ਜਿਸ ਨੇ ਇਤਿਹਾਸ ਵਿੱਚ ਇਕ ਨਵਾਂ ਮੋੜ ਦਿੱਤਾ।ਸਦੀਆਂ ਤੋਂ ਵਿਦੇਸ਼ੀ ਲੁਟੇਰਿਆਂ, ਹਾਕਮਾਂ ਦੇ ਜ਼ੁਲਮ-ਸਿਤਮ ਸਹਿਣ ਵਾਲੇ ਲੋਕ ਆਪਣੀ ਜਨਮ-ਭੂਮੀ ਦੇ ਮਾਲਕ (ਰਾਜੇ) ਬਣ ਗਏ ਅਤੇ ਹਮਲਾਵਰਾਂ ਦੇ ਦੇਸ਼ ਵਿਚ ਜਾ ਕੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਤੇ ਉੱਥੇ ਆਪਣਾ ਰਾਜਸੀ ਦਬਦਬਾ ਕਾਇਮ ਕਰਨ ਦੇ ਸਮਰੱਥ ਹੋਏ। ਗੁਰੂ ਨਾਨਕ ਪਾਤਸ਼ਾਹ ਵੱਲੋਂ ਆਰੰਭ ਕੀਤੇ ਨਿਰਮਲ ਪੰਥ ਨੂੰ ਬਾਕੀ ਗੁਰੂ ਸਾਹਿਬਾਨ ਨੇ ਤਿਆਰ ਕੀਤੇ ਤੇ ਇਸ ਦੀ ਸੰਪੂਰਨਤਾ ਦਸਮ ਪਿਤਾ ਜੀ ਨੇ ਕੀਤੀ।

ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਭਾਰਤ ਵਿੱਚ ਧਰਮ ਕੇਵਲ ਕਰਮ-ਕਾਂਡਾਂ ਦਾ ਗੋਰਖ-ਧੰਦਾ ਬਣ ਕੇ ਰਹਿ ਗਿਆ ਸੀ। ਕਰਮ-ਕਾਂਡ ਮਨੁੱਖਾਂ ਨੂੰ ਕੋਹੜ ਦੀ ਤਰ੍ਹਾਂ ਚਿੰਬੜੇ ਹੋਏ ਸਨ ਅਤੇ ਉਨ੍ਹਾਂ ਦੇ ਜੀਵਨ ਨੂੰ ਤਬਾਹ ਕਰ ਰਹੇ ਸਨ। ਇਸ ਲਈ ਗੁਰੂ ਸਾਹਿਬ ਨੇ ਸੱਚ-ਧਰਮ ਦੇ ਪ੍ਰਕਾਸ਼ ਦੇ ਨਾਲ-ਨਾਲ ਕਰਮ-ਕਾਂਡਾਂ ਵਿਰੁੱਧ ਆਵਾਜ਼ ਉਠਾਈ। ਜਪੁਜੀ ਸਾਹਿਬ ਦੇ ਆਰੰਭ ਵਿਚ ਹੀ ਕਰਮ-ਕਾਂਡਾਂ ਦਾ ਨਿਖੇਧ ਕਰਕੇ ਪ੍ਰਭੂ ਦੇ ਹੁਕਮ ਵਿਚ ਚਲਣ ਦਾ ਉਪਦੇਸ਼ ਦਿੱਤਾ –

॥ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥

ਸੰਨ 1675 ਈ: ਵਿੱਚ ਦਿੱਲੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਜਦੋਂ ਆਨੰਦਪੁਰ ਸਾਹਿਬ ਪਹੁੰਚੇ ਤਾਂ ਬਾਲ ਗੋਬਿੰਦ ਰਾਏ ਨੇ ਭਾਈ ਜੈਤਾ ਜੀ ਨੂੰ ਗਲ ਨਾਲ ਲਾ ਕੇ ਫੁਰਮਾਇਆ:

”ਰੰਘਰੇਟੇ ਗੁਰੂ ਕੇ ਬੇਟੇ”

ਬਾਲ ਉਮਰ ਵਿੱਚ ਅਖੌਤੀ ਨੀਵੀਂ ਜਾਤ ਦੇ ਸੇਵਕ ਨੂੰ ਬੇਟਾ ਹੋਣ ਦਾ ਮਾਣ ਬਖਸ਼ਿਆ ਤੇ ਆਉਣ ਵਾਲੇ ਸਮੇਂ ਦੀ ਕ੍ਰਾਂਤੀਕਾਰੀ ਸੋਚ ਅਤੇ ਯੋਜਨਾ ਦਾ ਝਲਕਾਰਾ ਮਾਤਰ ਦਿੱਤਾ। ਇਸ ਕ੍ਰਾਂਤੀ ਦਾ ਸਰੂਪ ਸਾਰੇ ਸੰਸਾਰ ਨੇ ਖ਼ਾਲਸਾ ਸਿਰਜਨਾ ਦੇ ਰੂਪ ਵਿੱਚ ਦੇਖਿਆ। 1675 ਤੋਂ 1699 ਤੱਕ ਦੇ ਲੰਬੇ ਸਮੇਂ ਵਿੱਚ ਗੁਰੂ ਸਾਹਿਬ ਨੇ ਭਾਰਤੀ ਤੇ ਵਿਸ਼ਵ ਧਰਮਾਂ ਤੇ ਯੁੱਧ ਕਲਾ ਆਦਿ ਦਾ ਅਧਿਐਨ ਹੀ ਨਹੀਂ ਕੀਤਾ ਸਗੋਂ ਆਪਣੇ ਸਿੱਖਾਂ ਨੂੰ ਭਵਿੱਖ ਵਿੱਚ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਅਤੇ ਉੱਚ ਨੈਤਿਕ ਕਿਰਦਾਰ ਨੂੰ ਨਿਭਾਉਣ ਲਈ ਵੀ ਤਿਆਰ ਕੀਤਾ। ਜਦੋਂ ਗੁਰੂ ਸਾਹਿਬ ਨੇ ਸਿੱਖਾਂ ਦੀ ਸਦਾਚਾਰਕ, ਨੈਤਿਕ ਤੇ ਕੁਰਬਾਨੀ ਦੇਣ ਲਈ ਦ੍ਰਿੜਤਾ ਦਾ ਵਿਸ਼ਵਾਸ ਹੋ ਗਿਆ ਤਾਂ ਪੂਰੇ ਦੇਸ਼ ਵਿੱਚ ਹੁਕਮਨਾਮੇ ਭੇਜੇ ਤੇ ਇਸ ਕਾਰਜ ਨੂੰ ਸੰਪੂਰਨ ਕਰਨ ਦਾ ਨਿਰਣਾ ਲਿਆ। ਇਸੇ ਸਮਾਜਿਕ ਕਾਰਜ ਦੀ ਨੀਂਹ ਪਹਿਲੇ ਗੁਰੂ ਸਾਹਿਬਾਨ ਨੇ ਸੰਗਤ ਤੇ ਪੰਗਤ ਸ਼ੁਰੂ ਕਰਕੇ ਰੱਖੀ ਸੀ, ਉਸੇ ਉੱਤੇ ਪੱਕੀ ਮੋਹਰ ਲਗਾ ਕੇ ਜਾਤ-ਪਾਤ ਦਾ ਭੇਦ-ਭਾਵ ਮਿਟਾ ਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤੇ ”ਸਿੱਖ” ਤੋਂ ”ਸਿੰਘ” ਬਣਾ ਕੇ ”ਪੰਜਾਂ ਪਿਆਰਿਆਂ” ਦਾ ਖਿਤਾਬ ਦਿੱਤਾ ਤੇ ਫਿਰ ਉਨ੍ਹਾਂ ਕੋਲੋਂ ਆਪ ਅੰਮ੍ਰਿਤ ਦੀ ਦਾਤ ਲੈ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਇਹ ਆਲੌਕਿਕ ਨਜ਼ਾਰਾ ਭਾਰਤੀ ਸੱਭਿਅਤਾ ਦਾ ਨਹੀਂ ਬਲਕਿ ਪੂਰੇ ਸੰਸਾਰ ਦੇ ਇਤਿਹਾਸ ਦਾ ਪਹਿਲਾ ਮੌਕਾ ਸੀ ਜਦੋਂ ਗੁਰੂ ਆਪਣੇ ਚੇਲਿਆਂ ਕੋਲੋਂ ਹੱਥ ਜੋੜ ਕੇ ਅੰਮ੍ਰਿਤ ਦੀ ਮੰਗ ਕਰ ਰਿਹਾ ਸੀ। ਭਾਈ ਗੁਰਦਾਸ ਜੀ (ਦੂਜੇ) ਨੇ ਗੁਰੂ ਸਾਹਿਬ ਦੀ ਉਪਮਾ ਬਾਰੇ ਲਿਖਿਆ ਹੈ:

॥ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ॥

ਇਤਿਹਾਸ ਵਿੱਚ ਆਉਂਦਾ ਹੈ ਕਿ ਬਟਾਲੇ ਦਾ ਰਹਿਣ ਵਾਲਾ ”ਅਬੂ-ਉਲ-ਤਰਾਨੀ” ਜੋ ਕਿ ਔਰੰਗਜ਼ੇਬ ਦਾ ਸੂਹੀਆ ਸੀ ਤੇ ਮਾਲੀ ਬਣ ਕੇ ਆਨੰਦਪੁਰ ਸਾਹਿਬ ਵਿੱਚ ਰਹਿੰਦਾ ਸੀ ਤੇ ਰੋਜ਼ਾਨਾ ਦੀ ਖ਼ਬਰ ਔਰੰਗਜ਼ੇਬ ਨੂੰ ਲਿਖ ਕੇ ਭੇਜਦਾ ਸੀ। ਉਸ ਦਿਨ ਉਸ ਨੇ ਜੱਗੋ ਬਾਹਰੀ ਗੱਲ ਦੇਖ ਕੇ ਔਰੰਗਜ਼ੇਬ ਨੂੰ ਚਿੱਠੀ ‘ਚ ਲਿਖਿਆ ਕਿ ਮੈਂ ਤੇਰਾ ਲੂਣ ਖਾਂਦਾ ਹਾਂ, ਇਸ ਲਈ ਮੈਂ ਤੈਨੂੰ ਇਹ ਆਖਰੀ ਰਿਪੋਰਟ ਭੇਜ ਰਿਹਾ ਹਾਂ ਤੇ ਅੱਜ ਤੋਂ ਬਾਅਦ ਮੇਰਾ ਇੰਤਜ਼ਾਰ ਨਾ ਕਰਨਾ ਕਿਉਂਕਿ ਮੈਨੂੰ ਖ਼ੁਦਾ ਮਿਲ ਗਿਆ ਹੈ ਤੇ ਮੈਂ ਅੱਜ ਤੋਂ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਛੱਕ ਕੇ ”ਅਜਮੇਰ ਸਿੰਘ” ਬਣ ਗਿਆ ਹਾਂ ਅਤੇ ਮੇਰੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਗਏ।

ਆਪਣੇ ਸਿੱਖਾਂ ਨੂੰ ਇੰਨਾ ਮਾਣ ਦੇਣਾ ਸਿਰਫ ਕਲਗ਼ੀਧਰ ਪਾਤਸ਼ਾਹ ਦੇ ਹਿੱਸੇ ਆਇਆ ਹੈ ਤੇ ਸ਼ਾਇਦ ਇਸੇ ਕਾਰਨ ਇਤਿਹਾਸਕਾਰ ਗੋਕਲ ਚੰਦ ਨਾਰੰਗ ਨੂੰ ਇਹ ਨਿਰਣਾ ਲੈਣਾ ਪਿਆ, ”ਗੁਰੂ ਸਾਹਿਬ ਪਹਿਲੇ ਭਾਰਤੀ ਨੇਤਾ ਸਨ, ਜਿਨ੍ਹਾਂ ਨੇ ਜਮਹੂਰੀਅਤ ਦੀ ਜਾਂਚ ਸਿਖਾਈ। ਸਿੱਖਾਂ ਨੂੰ ਭਰਾ-ਭਰਾ ਸਮਝਣ ਦੀ ਤਰਬੀਅਤ ਦਿੱਤੀ ਤੇ ਗੁਰਮਤੇ ਦੁਆਰਾ ਪੰਚਾਇਤੀ ਫ਼ੈਸਲੇ ਕਰਨ ਦੀ ਰੀਤ ਪਾਈ” ਪਰ ਅੱਜ ਅਸੀਂ ਆਪਣੇ ਅੰਦਰ ਝਾਤੀ ਮਾਰੀਏ ਕਿ ਅਸੀਂ ਕਿੱਧਰ ਜਾ ਰਹੇ ਹਾਂ, ਗੁਰੂ ਸਾਹਿਬ ਨੇ ਤਾਂ ਸਾਨੂੰ ”ਪ੍ਰਮਾਤਮਾ ਕੀ ਮੌਜ” ਵਿੱਚ ਸਿਰਜਿਆ ਸੀ ਪਰ ਅਸੀਂ ਫਿਰ ਕਰਮ-ਕਾਂਡਾਂ ਦੀ ਦਲਦਲ ਵਿੱਚ ਧਸ ਰਹੇ ਹਾਂ, ਜਿਨਾਂ ਦਾ ਜ਼ਿਕਰ ਹੇਠ ਲਿਖੇ ਅਨੁਸਾਰ ਹੈ:

ਤੀਰਥ ਯਾਤਰਾ ਤੇ ਤੀਰਥ ਇਸ਼ਨਾਨ:

ਸਿੱਖ ਗੁਰੂ ਸਾਹਿਬਾਨ ਨੇ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਤੇ ਗੁਚ-ਭਿੱਟ ਤੇ ਜਾਤ-ਪਾਤ ਦੇ ਵਿਸ਼ਵਾਸ਼ ਨੂੰ ਖ਼ਤਮ ਕਰਨ ਲਈ ਗੁਰੂ ਘਰਾਂ ਦੇ ਨਾਲ ਸਰੋਵਰ ਬਣਾਏ ਸਨ। ਸਮਾਂ ਬੀਤਣ ਨਾਲ ਤੇ ਅਖੌਤੀ ਸੰਤਾਂ ਨੇ ਆਪਣਾ ਉੱਲੂ ਸਿੱਧਾ ਕਰਨ ਲਈ ਸੰਗਰਾਂਦ/ਮੱਸਿਆ/ਪੁੰਨਿਆ ਦੇ ਦਿਨਾਂ ਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ ਜੋ ਗੁਰਮਤਿ ਦੇ ਉਲਟ ਹੈ।

ਵਰਤ: ਗੁਰਬਾਣੀ ਵਿਚ ਵਰਤ ਨੂੰ ਅੰਧ-ਵਿਸ਼ਵਾਸ਼ ਜਾਂ ਭਰਮ ਹੀ ਮੰਨਿਆ ਜਾਂਦਾ ਹੈ। ਗੁਰਬਾਣੀ ਅਨੁਸਾਰ ਵਰਤ ਝੂਠ/ਮਾੜੇ ਕੰਮਾਂ ਦਾ/ ਵਿਕਾਰਾਂ ਕਾਮ, ਕਰੋਧ, ਹੰਕਾਰ, ਲੋਭ, ਮੋਹ ਨੂੰ ਤਿਆਗਣ ਦਾ ਹੁਕਮ ਹੈ।ਗੁਰੂ ਵਾਕ ਹੈ :

॥ਤਿਆਗਨਾ ਤਿਆਗਨੁ ਨੀਕਾ ਕਾਮੁ ਕ੍ਰੋਧ ਲੋਭੁ ਤਿਆਗਨਾ॥

ਇਸ ਤੋਂ ਇਲਾਵਾ ਕਰਵਾ ਚੌਥ ਦਾ ਵਰਤ ਹਿੰਦੂ ਧਰਮ ਦੀ ਦੇਖਾ-ਦੇਖੀ ਸਿੱਖ ਬੀਬੀਆਂ ਨੇ ਵੀ ਅਪਣਾ ਲਿਆ ਹੈ ਜੋ ਕਿ ਮਹਿਜ ਭੇਡ ਚਾਲ ਦਾ ਰੂਪ ਹੈ।ਜਿਨਾਂ ਦੇ ਧਰਮ ਵਿਚ ਇਹ ਜ਼ਰੂਰੀ ਹੈ ਉਨ੍ਹਾਂ ਲਈ ਮੁਬਾਰਕ ਪਰ ਸਿੱਖ ਕੌਮ ਵਿਚ ਵਰਤਾਂ ਦੀ ਕੋਈ ਥਾਂ ਨਹੀਂ। ਕਬੀਰ ਸਾਹਿਬ ਫੁਰਮਾਉਂਦੇ ਹਨ:

ਛੋਡਹਿ ਅੰਨੁ ਕਰਹਿ ਪਾਖੰਡ।

ਨਾ ਸੋਹਾਗਨਿ ਨਾ ਉਹਿ ਰੰਡ॥

ਮੂਰਤੀ ਪੂਜਾ: ਦੇਵੀ-ਦੇਵਤਿਆਂ ਦੀ ਪੂਜਾ ਕਰਨ ਲਈ, ਉਨ੍ਹਾਂ ਦੀਆਂ ਪੱਥਰ ਜਾਂ ਧਾਤਾਂ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ। ਮੰਦਰਾਂ ਵਿਚ ਜਾਂ ਹੋਰ ਅਸਥਾਨਾਂ ਤੇ ਇਨ੍ਹਾਂ ਦੀ ਵਿਸ਼ੇਸ਼ ਵਿਧੀ ਨਾਲ ਆਤਰੀ ਕੀਤੀ ਜਾਂਦੀ ਹੈ। ਮੰਤਰ ਉਚਾਰ ਕੇ ਪੂਜਾ ਕੀਤੀ ਜਾਂਦੀ ਹੈ। ਅੱਜ-ਕੱਲ੍ਹ ਅਨਜਾਣ ਲੋਕ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਵੀ ਬਣਾ ਰਹੇ ਹਨ। ਪੂਜਾ ਕਰ ਰਹੇ ਹਨ। ਧੂਫ-ਬੱਤੀ/ਮਾਲਾ/ਫੁੱਲ ਚੜ੍ਹਾਉਂਦੇ ਹਨ। ਇਹ ਸਭ ਗੁਰਮਤਿ ਵਿਚ ਵਰਜਿਤ ਹੈ।

ਮੌਨ ਧਾਰਨਾ: ਅੱਜ-ਕੱਲ੍ਹ ਇਕ ਨਵਾਂ ਰਿਵਾਜ਼ ਚੱਲ ਪਿਆ ਹੈ ਕਿ ਡੇਰਾਵਾਦ ਵਾਲੇ ਸਾਧ ਕਹਿੰਦੇ ਹਨ ਕਿ ਸਾਡੇ ਬਾਬੇ ਮੋਨੀ ਹਨ। ਲੋੜ ਪਵੇ ਤਾਂ ਲਿਖ ਕੇ ਦਿੰਦੇ ਹਨ। ਪਰ ਮਨ ਚੁੱਪ ਨਹੀਂ ਰਹਿੰਦਾ। ਮਨੁੱਖ ਮੂੰਹੋਂ ਨਹੀਂ ਬੋਲਦਾ, ਮਨ ਭਟਕਦਾ ਰਹਿੰਦਾ ਹੈ। ਹੋਰਨਾ ਵਿਸ਼ੇ ਵਿਕਾਰ ਦੇ ਸੋਚ ਵੀ ਅੰਦਰ ਸ਼ੋਰ ਮਚਾਈ ਰੱਖਦੀ ਹੈ ਇਸ ਦਾ ਕੋਈ ਲਾਭ ਨਹੀਂ।

ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ

ਅਗਲੀ ਗੱਲ ਕਰਦੇ ਹਾਂ ਪੰਜਾਬ ਵਿਚ ਫੈਲਦੇ ਡੇਰਾਵਾਦ ਦੀ।ਜਿਨ੍ਹਾਂ ਦੇ ਮੁੱਖੀ ਮਹਿਜ 5 ਜਮਾਤਾਂ ਪਾਸ ਜਾਂ ਅਨਪੜ੍ਹ ਬਾਬੇ ਬਣੀ ਬੈਠੇ ਹਨ ਤੇ ਕੰਮਚੋਰ, ਵਿਹਲੜ ਵੱਡੇ ਚੋਲੇ ਪਾ ਕੇ ਧਰਮ ਦੇ ਠੇਕੇਦਾਰ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹੋ ਜਿਹੇ ਡੇਰੇ ਸਾਕਾ ਨੀਲਾ ਤਾਰਾ ਤੋਂ ਬਾਅਦ ਵਿਚ ਹੀ ਹੋਂਦ ਵਿਚ ਆਏ ਹਨ, ਕਿਉਂਕਿ ਸਿੰਘਾਂ ਨੇ ਜੋ ਜੂਨ 1984 ਵਿਚੋਂ ਜੋ ਇਤਿਹਾਸ ਸਿਰਜਿਆ ਹੈ, ਉਹ ਚਮਕੌਰ ਦੀ ਗੜ੍ਹੀ ਦੇ ਇਤਿਹਾਸ ਨੂੰ ਦੁਹਰਾਇਆ ਹੈ। ਸਰਕਾਰਾਂ ਨੇ ਪੰਥਕ ਏਕਤਾ ਨੂੰ ਭੰਗ ਕਰਨ ਲਈ ਡੇਰਿਆਂ ਨੂੰ ਜਨਮ ਦਿੱਤਾ ਇਹ ਸਾਧ ਖੁੰਬਾਂ ਵਾਂਗ ਉਗਣ ਲੱਗੇ ਅਤੇ ਸਿੱਖੀ ਨੂੰ ਸਿਊਂਕ ਵਾਂਗ ਚਿੰਬੜ ਗਏ। ਮੈਂ ਇਹ ਵੀ ਮਹਿਸੂਸ ਕਰਦੀ ਹਾਂ ਕਿ ਇਹ ਡੇਰੇ ਫੜੀਆਂ ਵਰਗੇ ਹਨ ਜਿਥੇ ਕੋਈ ਵੀ ਪਹੁੰਚ ਜਾਂਦਾ ਹੈ ਕਿਉਂਕਿ ਸਿੱਖੀ ਤਾਂ ਸਿਰ ਭੇਂਟ ਕਰਕੇ ਮਿਲਦੀ ਹੈ। ਸਿਆਸੀ ਲੋਕਾਂ ਦੀ ਇਨ੍ਹਾਂ ਕੋਲ ਜਾਣਾ ਮਜ਼ਬੂਰੀ ਹੁੰਦੀ ਹੈ। ਇਨ੍ਹਾਂ ਡੇਰਿਆਂ ਕੋਲੇ ਜਾਣਾ, ਕਿਉਂਕਿ ਉਨ੍ਹਾਂ ਨੂੰ ਆਪਣੇ ਵੋਟ ਬੈਂਕ ਦਾ ਫਿਕਰ ਹੈ ਅਤੇ ਇਹ ਲੋਕ ਉਸਦਾ ਲਾਹਾ ਲੈ ਕੇ ਆਪਣੀ ਉੱਲੂ ਸਿੱਧਾ ਕਰਦੇ ਹਨ। ਇੱਥੇ ਪੰਜਾਬੀ ਦੀ ਕਹਾਵਤ ਢੁਕਵੀ ਲਗਦੀ ਹੈ ਕਿ ‘ਗੁਰੂ ਤੇ ਚੇਲਾ ਲਾਲਚੀ, ਦੋਵੇਂ ਖੇਡਣ ਦਾਅ’

ਜਦੋਂ ਕਿ ਕਲਗ਼ੀਧਰ ਪਾਤਸ਼ਾਹ ਨੇ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗਣ ਦਾ ਹੁਕਮ ਦਿੱਤਾ, ”ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ” ਅਫ਼ਸੋਸ ਅਸੀਂ ਪੂਰੇ ਗੁਰੂ ਨੂੰ ਛੱਡ ਕੇ ਅਧੂਰਿਆਂ ਦੇ ਮਗਰ ਖੁਆਰ ਹੋ ਰਹੇ ਹਾਂ। ਕੀ ਇਹ ਸਾਰੇ ਕੰਮ ਕਰਕੇ ਅਸੀਂ ਉਸ ਮਹਾਨ ਯੋਧੇ ਦੇ ਵਾਰਿਸ ਅਖਵਾਉਣ ਦੇ ਲਾਇਕ ਹਾਂ? ਜਿਹੜੇ ਸਿੱਖ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚਲਦੇ ਹਨ, ਉਹ ਗੁਰੂ ਸਾਹਿਬ ਨੂੰ ਜਾਨੋ ਪਿਆਰੇ ਹਨ, ਗੁਰੂ ਸਾਹਿਬ ਫੁਰਮਾਉਂਦੇ ਹਨ, ”ਖ਼ਾਲਸਾ ਮੇਰੀ ਜਾਨ ਕੀ ਜਾਨ” ਜਿਹੜੇ ਵੇਖਾ-ਵੇਖੀ ਗੁਰਮੱਤ ਤੋਂ ਮਨਮੱਤ ਵੱਲ ਜਾ ਰਹੇ ਹਨ, ਉਨ੍ਹਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ”ਜਬ ਇਹ ਗਏ ਬਿਪਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ”

ਆਓ….. ਖ਼ਾਲਸਾ ਸਿਰਜਨਾ ਦਿਵਸ ਦੇ ਮੌਕੇ ਅਸੀਂ ਸਾਰੇ ਪ੍ਰਣ ਕਰੀਏ ਕਿ ਅਸੀਂ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ ਤੇ ਚੱਲ ਕੇ ਗੁਰੂ ਦੇ ਲੜ ਲੱਗੀਏ ਤੇ ਕਰਮ-ਕਾਂਡਾਂ ਨੂੰ ਤਿਆਗ ਕੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣੀਏ ਕਿਉਂਕਿ ਹੁਣ ਤਾਂ ਪੂਰੇ ਸੰਸਾਰ ਨੇ ਸਿੱਖੀ ਸਰੂਪ ਤੇ ਸਿਧਾਂਤਾਂ ਨੂੰ ਅਪਨਾਉਣ ਦਾ ਯਤਨ ਕੀਤਾ ਹੈ, ਕੈਨੇਡਾ, ਅਮਰੀਕਾ ਵਰਗੇ ਮੁਲਕਾਂ ਵਿੱਚ ਸਿੱਖਾਂ ਨੇ ਉੱਚ ਆਹਦਿਆਂ ‘ਤੇ ਬਿਰਾਜਮਾਨ ਹੋ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ ਪ੍ਰੰਤੂ ਸਾਡੀ ਹਾਲਤ ਦੀਵੇ ਥੱਲੇ ਹਨੇਰੇ ਵਾਲੀ ਨਾ ਬਣ ਜਾਵੇ। ਆਓ ਅਸੀਂ ਸਾਰੇ ਗਹਿਰੀ ਨੀਂਦ ਵਿਚੋਂ ਜਾਗੀਏ ਤਾਂ ਹੀ ਸਾਡੇ ਗੁਰਪੁਰਬ ਮਨਾਏ ਸਫਲ ਹਨ।

ਮਨਦੀਪ ਕੌਰ ਪੰਨੂ ; 98141-77701; mpannu17@gmail.com

Install Punjabi Akhbar App

Install
×