ਕਹੀਂ ਤੋਂ ਕੀ-ਪੈਡ ਤੱਕ ਦਾ ਸਫ਼ਰ

tp
ਪੰਜਾਬ  ਇੱਕ ਖੇਤੀ ਪ੍ਰਧਾਨ ਸੂਬਾ ਹੈ। ਇਸ ਨੂੰ ਪੂਰੇ ਦੇਸ਼ ਦਾ ਅੰਨ ਦਾਤਾ ਵੀ ਕਿਹਾ ਜਾਂਦਾ ਹੈ। ਇਸ ਦੇ ਵਸਨੀਕਾਂ ਨੇ ਹੱਡ-ਭੰਨਵੀਂ ਮਿਹਨਤ ਕਰਕੇ ਹਰੀ ਕ੍ਰਾਂਤੀ ਲਿਆਂਦੀ ਜਿਸ ਨੇ ਪੂਰੇ ਦੇਸ਼ ਦੀਆਂ ਅੰਨ ਲੋੜਾਂ ਪੂਰੀਆਂ ਕੀਤੀਆਂ । ਪੰਜਾਬ ਗੱਭਰੂਆਂ ਦੇ ਉੱਚੇ-ਲੰਮੇ ਕਦ, ਸਰੀਰਕ ਪੱਖੋਂਂ ਚੁਸਤ-ਦਰੁਸਤ,  ਲੰਮੀ ਡੀਲ-ਡੋਲ ਅਤੇ ਸਿਰੜੀ ਸੁਭਾਅ ਹੋਣ ਦਾ ਕਾਰਨ ਵੀ ‘ਰੱਜ ਕੇ ਖ਼ਾਹ ਅਤੇ ਦੱਬ ਕੇ ਵਾਹ’ ਦੇ ਸਿਧਾਂਤ ਤੇ ਅਮਲ ਕਰਨਾ ਸੀ। ਪਰੰਤੂ ਸਮਾਂ ਬਦਲਿਆ ਹੱਥੀ ਕੰਮ ਕਰਨ ਵਾਲੇ ਔਜ਼ਾਰਾਂ ਦੀ ਥਾਂ ਮਸ਼ੀਨਾਂ ਨੇ ਲੈ ਲਈ। ਜਿਸ ਨਾਲ ਖੇਤੀ ਦੇ ਨਾਲ-ਨਾਲ ਸਾਡਾ ਰਹਿਣ-ਸਹਿਣ ਵਿੱਚ ਵੀ ਤਬਦੀਲੀ ਆਈ।
ਅੱਜ ਸਾਡੇ ਨੌਜਵਾਨ ਹੱਥੀ ਕੰਮ ਕਰਨ ਨੂੰ ਤਰਜੀਹ ਨਹੀਂ ਦਿੰਦੇ, ਰਹਿੰਦੀ-ਖੂੰਹਦੀ ਕਸਰ ਸੂਚਨਾ ਕ੍ਰਾਂਤੀ ਦੇ ਦੁਰਉਪਯੋਗ ਨੇ ਕੱਢ ਦਿੱਤੀ। ਅੱਜ ਜਿਸ ਵੀ ਪੰਜਾਬੀ ਨੌਜਵਾਨ ਨੂੰ ਵੇਖ ਲਓ, ਹੋਰ ਕੁੱਝ ਹੋਵੇ ਨਾ ਹੋਵੇ ਪਰੰਤੂ ਸਮਾਰਟ ਫ਼ੋਨ ਉਸ ਕੌਲ ਜ਼ਰੂਰ ਹੋਵੇਗਾ । ਸਮਾਰਟ ਫ਼ੋਨ ਨੂੰ ਸੋਸ਼ਲ ਸਟੇਟਸ ਵਜੋਂ ਵੇਖਿਆ ਜਾਂਦਾ ਹੈ। ਅੱਜ ਦੇ ਨੌਜਵਾਨ ਘੰਟਿਆਂ ਬੱਧੀ ਆਪਣਾ ਸਮਾਂ ਇਨ੍ਹਾਂ ਸਮਾਰਟ ਫ਼ੋਨਾਂ ਦੇ ਕੀ-ਪੈਡ ਤੇ ਉਗਲਾਂ ਮਾਰਦੇ ਅਜਾਈਂ ਗਵਾ ਰਹੇ ਹਨ। ਜੇ ਚਾਰ ਦੋਸਤ ਇਕੱਠੇ ਬੈਠੇ ਦਿਸਣਗੇ ਤਾਂ ਉਹ ਸਾਰੇ ਹੀ ਆਪਣੇ- ਆਪਣੇ ਮੋਬਾਈਲ ਫ਼ੋਨ ਤੇ ਹੀ ਵਿਅਸਤ ਹੋਣਗੇ ਇਹੀ ਹਾਲ ਘਰਾਂ ਵਿੱਚ ਹੈ। ਘਰ ਦਾ ਹਰੇਕ ਜੀਅ ਆਪਣੇ ਫੋਨ ਦੀ ਦੁਨੀਆ ਵਿੱਚ ਹੀ ਰੁੱਝਿਆ ਮਿਲੇਗਾ,  ਜਿਸ ਨਾਲ ਪਰਿਵਾਰ ਦਾ ਆਪਸ ਵਿੱਚ ਸੰਵਾਦ ਹੀ ਨਹੀਂ ਰਿਹਾ।
ਕਹਿਣ ਤੋਂ ਭਾਵ ਜਿਹੜਾ ਸਮਾਜ ਨੂੰ ਕਦੇ ਕਿਰਤੀ ਸਮਾਜ ਕਰ ਕੇ ਜਾਣਿਆ ਜਾਂਦਾ ਸੀ,  ਉਹ ਅੱਜ ਵਿਹਲੜ ਸਭਿਅਤਾ ਵਲ ਵੱਧ ਰਿਹਾ ਹੈ। ਸੂਚਨਾ ਤਕਨੀਕ ਨੇ ਬੇਸ਼ੱਕ ਸਾਡੇ ਸਾਹਮਣੇ ਤਰੱਕੀ ਦੇ ਬੇਸ਼ੁਮਾਰ ਰਾਹ ਖੁੱਲ੍ਹੇ ਹਨ ਪਰ ਇਸ ਦੀ ਵਰਤੋਂ ਤੋਂ ਜ਼ਿਆਦਾ ਕੁਵਰਤੋਂ ਹੋਣ ਲੱਗ ਪਈ ਹੈ। ਸਾਡੀ ਜਵਾਨੀ ਆਪਣੇ ਕੰਮ-ਕਾਰ ਛੱਡ ਕੇ ਇਸ ਉੱਪਰ ਊਲ-ਜਲੂਲ ਸੰਦੇਸ਼ ਭੇਜਣ ਵਿੱਚ ਹੀ ਮਸਰੂਫ਼ ਨਜ਼ਰ ਆਉਂਦੀ ਹੈ। ਸਾਡੇ ਖੇਤੀਬਾੜੀ ਦਾ ਤਕਰੀਬਨ ਸਾਰਾ ਕੰਮ ਪ੍ਰਵਾਸੀ ਮਜ਼ਦੂਰ ਦੇ ਹੱਥ ਵਿੱਚ ਚਲਾ ਗਿਆ ਹੈ। ਨੌਜਵਾਨ ਬੱਸ ਵਿਦੇਸ਼ ਦੇ ਸੁਪਨੇ ਸਜਾਈ ਸਾਰਾ-ਸਾਰਾ ਦਿਨ ਮੋਬਾਈਲ ਜਾਂ ਕੰਪਿਊਟਰ ਦੇ ਕੀ-ਪੈਡ ਉੱਪਰ ਲਾਇਕ-ਸ਼ੇਅਰ ਕਰਨ ਵਿੱਚ ਹੀ ਮਸਤ ਹਨ, ਜਿਸ ਨਾਲ ਉਨ੍ਹਾਂ ਨੂੰ ਕੁੱਝ ਮਿਲਣ ਵਾਲਾ ਨਹੀਂ।

ਸੋ, ਅੱਜ ਦੇ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੇ ਨਿਤਾ ਪ੍ਰਤੀ ਕੰਮਾਂ ਨੂੰ ਆਪਣੇ ਹੱਥੀ ਕਰਨ ਨੂੰ ਤਰਜੀਹ ਦੇਈਏ ਤਾਂ ਜੋ ਅਸੀ ਸਰੀਰਕ ਅਤੇ ਮਾਨਸਿਕ ਪੱਖੋ ਤੰਦਰੁਸਤ ਜੀਵਨ ਬਤੀਤ ਕਰਨ ਵਿੱਚ ਕਾਮਯਾਬ ਹੋ ਸਕੀਏ। ਨਿਰਾ ਇੱਕ ਸੁਪਨਮਈ ਦੁਨੀਆ ਵਿੱਚ ਹੀ ਰਹਿਣਾ ਕਿਸੇ ਵੀ ਇਨਸਾਨ ਨੂੰ ਉਸ ਦੀ ਮੰਜ਼ਿਲ ਵੱਲ ਨਹੀਂ ਪਹੁੰਚਾ ਸਕਦੀ ਉਸ ਨੂੰ ਆਪਣੇ ਸੁਪਨਿਆ ਨੂੰ ਹਕੀਕਤ ਦਾ ਰੂਪ ਦੇਣ ਲਈ ਦ੍ਰਿੜ੍ਹ ਇਰਾਦੇ ਅਤੇ ਕੜ੍ਹੀ ਮਿਹਨਤ ਧਾਰਨੀ ਹੋਣਾ ਪਵੇਗਾ, ਜਿਸ ਤੋ ਸਾਡੀ ਅੱਜਕੱਲ੍ਹ ਦੀ ਨੌਜਵਾਨੀ ਬਹੁਤਾਤ ਗਿਣਤੀ ਵਿੱਚ ਸੱਖਣੀ ਪ੍ਰਤੀਤ ਹੁੰਦੀ ਹੈ।
ਜਗਜੀਤ ਸਿੰਘ ਗਣੇਸ਼ਪੁਰ,
ਪਿੰਡ ਗਣੇਸ਼ਪੁਰ,  ਡਾਕ: ਗਣੇਸ਼ਪੁਰ ਭਾਰਟਾ,
ਤਹਿਸੀਲ ਗੜਸ਼ੰਕਰ,
ਜ਼ਿਲ੍ਹਾ ਹੁਸ਼ਿਆਰਪੁਰ ।
ਮੋ:94655-76022

JAGJIT_SINGH_GANESHPUR

Install Punjabi Akhbar App

Install
×