ਕਾਦਰੀ ਨੇ ਨਵਾਜ਼ ਸ਼ਰੀਫ਼ ਨੂੰ ਅਹੁਦਾ ਛੱਡਣ ਲਈ 48 ਘੰਟਿਆਂ ਦਾ ਦਿੱਤਾ ਸਮਾਂ

imran-kadri140817ਪ੍ਰਸਿੱਧ ਮੌਲਵੀ ਤਾਹਿਰ ਉਲ ਕਾਦਰੀ ਨੇ ਨਵਾਜ਼ ਸ਼ਰੀਫ਼ ਉੱਪਰ ਦਬਾਅ ਬਣਾਉਂਦਿਆਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ 48 ਘੰਟਿਆਂ ਦਾ ਸਮਾਂ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਖ਼ਾਨ ਤੇ ਪਾਕਿਸਤਾਨ ਅਵਾਮੀ ਤਹਿਰੀਕ ਦੇ ਮੁਖੀ ਕਾਦਰੀ ਨੇ ਲੰਘੇ ਵੀਰਵਾਰ ਲਹੌਰ ਤੋਂ ਵੱਖ ਵੱਖ ਰੈਲੀਆਂ ਸ਼ੁਰੂ ਕੀਤੀਆਂ ਸਨ ਤੇ 35 ਘੰਟਿਆਂ ਦੇ ਵੀ ਵੱਧ ਸਮੇਂ ਬਾਅਦ ਇਹ ਰੈਲੀਆਂ ਰਾਸ਼ਟਰੀ ਰਾਜਧਾਨੀ ਵਿਚ ਪੁੱਜੀਆਂ ਸਨ। ਪਾਕਿਸਤਾਨ ਦੀ ਵਿਰੋਧੀ ਪਾਰਟੀ ਦੇ ਆਗੂ ਇਮਰਾਨ ਖ਼ਾਨ ਨੇ ਪੀ.ਐਮ.ਐਲ-ਐਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਅਹੁਦਾ ਛੱਡਣ ਤੋਂ ਨਾਂਹ ਕਰ ਦਿੱਤੀ ਤਾਂ ਉਸ ਦੇ ਹਜ਼ਾਰਾਂ ਸਮਰਥਕ ਉੱਚ ਸੁਰੱਖਿਆ ਰੈੱਡ ਜ਼ੋਨ ਵਿਚ ਦਾਖਲ ਹੋ ਸਕਦੇ ਹਨ। ਖ਼ਾਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਇੱਕ ਨਿਸ਼ਚਤ ਸਮੇਂ ‘ਚ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਰੈੱਡ ਜ਼ੋਨ ਉੱਪਰ ਧਾਵਾ ਬੋਲ ਦੇਣਗੇ ਤੇ ਸੰਸਦ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ। ਲੰਘੀ ਰਾਤ ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਇਨ੍ਹਾਂ ਲੋਕਾਂ ‘ਤੇ ਨਿਯੰਤਰਨ ਕਰਨ ‘ਚ ਨਾਕਾਮ ਰਿਹਾ ਤਾਂ ਮੈਨੂੰ ਦੋਸ਼ ਨਾ ਦੇਣ। ਮੈ ਇਨ੍ਹਾਂ ਲੋਕਾਂ ਨੂੰ ਕੱਲ੍ਹ ਰਾਤ ਤੱਕ ਹੀ ਨਿਯੰਤਰਨ ਵਿਚ ਰੱਖ ਸਕਾਂਗਾ। ਉੱਧਰ ਕਾਦਰੀ ਨੇ ਇੱਕ 14 ਮੰਗਾਂ ਦੀ ਸੂਚੀ ਪੇਸ਼ ਕੀਤੀ ਹੈ ਜਿਸ ਵਿਚ ਉਨ੍ਹਾਂ ਮੰਗ ਕੀਤੀ ਹੈ ਕਿ 48 ਘੰਟਿਆਂ ਦੌਰਾਨ ਸ਼ਰੀਫ਼ ਸਰਕਾਰ ਅਸਤੀਫ਼ਾ ਦੇਵੇ ਤੇ ਰਾਜ ਦੀਆਂ ਵਿਧਾਨ ਸਭਾਵਾਂ ਭੰਗ ਕੀਤੀਆਂ ਜਾਣ। ਇਮਰਾਨ ਖ਼ਾਨ ਪਿਛਲੇ ਸਾਲ ਹੋਈਆਂ ਚੋਣਾਂ ਵਿਚ ਕਥਿਤ ਹੇਰਾਫੇਰੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ ਜਦ ਕਿ ਕਾਦਰੀ ਨੇ ਦੇਸ਼ ਵਿਚ ਇਨਕਲਾਬ ਲਿਆਉਣ ਦਾ ਐਲਾਨ ਕੀਤਾ ਹੈ।

Install Punjabi Akhbar App

Install
×