ਕੌਮਾਂਤਰੀ ਵਿਉਂਤਬੰਦੀ ਅਤੇ ਇੱਛਾ ਸ਼ਕਤੀ ਦੀ ਘਾਟ ਕਾਰਨ ਕਾਬਲ ਗੁਰਦੁਆਰੇ’ਤੇ ਹਮਲੇ ਵਰਗੇ ਘਟਨਾਕ੍ਰਮ ਵਾਪਰ ਰਹੇ: ਪੰਥਕ ਤਾਲਮੇਲ ਸੰਗਠਨ

ਮੀਰੀ-ਪੀਰੀ ਦੇ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਸੰਗਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ਅਫ਼ਗ਼ਾਨਿਸਤਾਨ ਦੇ ਕਾਬਲ ਵਿਚ ਸਥਿਤ ਗੁਰਦੁਆਰਾ ਕਰਤਾ ਪਰਵਾਨ ਵਿਖੇ ਅੱਤਵਾਦੀ ਹਮਲੇ ਨਾਲ ਹੋਈ ਤਬਾਹੀ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਅਮਾਨਵੀ ਪਹੁੰਚ ਦੀ ਸਖ਼ਤ ਨਿਖੇਧੀ ਕੀਤੀ ਹੈ।
ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਿੱਖ ਧਰਮ ਛੋਟੀ ਆਬਾਦੀ ਤੱਕ ਸੀਮਤ ਹੈ ਅਤੇ ਉੱਥੇ ਰਹਿ ਰਹ ਸਿੱਖ ਅਫ਼ਗਾਨੀ ਨਾਗਰਿਕ ਹਨ। ਇਸ ਦੇ ਬਾਵਜੂਦ 1980 ਦੇ ਦਹਾਕੇ ਸੋਵੀਅਤ ਜੰਗ ਦੌਰਾਨ ਬਹੁਤ ਸਾਰੇ ਅਫ਼ਗਾਨੀ ਸਿੱਖਾਂ ਨੂੰ ਭਾਰਤ ਵਿਚ ਦਾਖਲ ਹੋਣਾ ਪਿਆ। 1990 ਵਿਆਂ ਦੇ ਸਿਵਲ ਜੰਗ ਦੌਰਾਨ ਕਾਬੁਲ ਦੇ ਅੱਠ ਗੁਰਦੁਆਰਿਆਂ ਵਿਚੋਂ ਸੱਤ ਤਬਾਹ ਹੋ ਗਏ ਸਨ। ਕਾਬੁਲ ਦੇ ਕਰਤ ਪਰਵਾਨ ਖੇਤਰ ਵਿਚ ਸਥਿਤ ਗੁਰਦੁਆਰਾ ਕਰਤ ਪਰਵਾਨ ਹੀ ਬਾਕੀ ਸੀ, ਜੋ ਕਿ 18 ਜੂਨ 2022 ਨੂੰ ਤਬਾਹ ਕਰ ਦਿੱਤਾ ਗਿਆ ਹੈ।

ਅਜਿਹੇ ਕਹਿਰ ਕਾਰਨ ਹੀ 1990 ਤੋਂ ਪਹਿਲਾਂ ਪੰਜਾਹ ਹਜ਼ਾਰ ਦੇ ਕਰੀਬ ਦੀ ਆਬਾਦੀ 2013 ਵਿਚ ਤਿੰਨ ਹਜ਼ਾਰ ਦੇ ਕਰੀਬ ਰਹਿ ਗਈ। ਸਿੱਖਾਂ ਨੇ ਭਾਰਤ, ਉੱਤਰੀ ਅਮਰੀਕਾ, ਯੂਰਪੀਅਨ ਯੂਨੀਅਨ, ਯੂਨਾਈਟਰਡ ਕਿੰਗਡਮ, ਪਾਕਿਸਤਾਨ ਅਤੇ ਹੋਰ ਮੁਲਕਾਂ ਵਿਚ ਪਰਵਾਸ ਕਰਨਾ ਬਿਹਤਰ ਸਮਝਿਆ।
ਇਸ ਦੁੱਖਦਾਇਕ ਲੰਮੇ ਸਮੇਂ ਦੇ ਸਿਲਸਲੇ ਵਿਚ ਸਿੱਖ ਧਰਮ ਦੇ ਕੇਂਦਰੀ ਧੁਰੇ ਅਕਾਲ ਤਖ਼ਤ ਸਾਹਿਬ ਵਲੋਂ ਕੌਮਾਂਤਰੀ ਬਾਨਣੂ ਬੰਨਣ ਦੀ ਕੋਈ ਪਹੁੰਚ ਨਹੀਂ ਅਪਣਾਈ ਗਈ ਅਤੇ ਨਾ ਹੀ ਭਾਰਤ ਸਰਕਾਰ ਵਲੋਂ ਸਿੱਖਾਂ ਤੇ ਗੁਰਦੁਆਰਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਿਆ। ਏਥੋਂ ਤੱਕ ਕਿ ਯੂ. ਐਨ. ਓ. ਵਰਗੀ ਸੰਸਥਾ ਵੀ ਖ਼ਤਰੇ ਅੰਦਰ ਇਤਿਹਾਸਕ ਤੇ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਲਈ ਮੋਹਰੀ ਭੂਮਿਕਾ ਨਿਭਾਉਣ ਵਿਚ ਚੁੱਪ ਹੈ।
ਪੰਥਕ ਤਾਲਮੇਲ ਸੰਗਠਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਅਫ਼ਗਾਨਿਸਤਾਨ ਵਿਚ ਸਥਿਤ ਗੁਰਦੁਆਰੇ ਇਤਿਹਾਸਕ ਹਨ ਅਤੇ ਉਹਨਾਂ ਦਾ ਮਾਨਵਤਾ ਨਾਲ ਇਤਿਹਾਸਕ ਸਰੋਕਾਰ ਹੈ, ਜਿਸ ਲਈ ਗੁਰਦੁਆਰਿਆਂ ਦੀ ਸਥਾਪਤੀ ਲਈ ਠੋਸ ਭੂਮਿਕਾ ਨਿਭਾਈ ਜਾਵੇ।