ਮਰ-ਮਰ ਕੇ ਜ਼ਿੰਦਗੀ ਜਿਉਣ ਲਈ ਮਜਬੂਰ ਹੈ 34 ਸਾਲਾ ਕਬੱਡੀ ਖਿਡਾਰੀ ਜਗਦੀਪ ਸਿੰਘ

Ninder Ghugianvi 181204 sadiq nes 1
(ਜਗਦੀਪ ਸਿੰਘ ਆਪਣੇ ਪਰਿਵਾਰ ਨਾਲ)

ਦੋਸਤੋ ਕਿਸਮਤ ਦਾ ਕੋਈ ਪਤਾ ਨਹੀਂ ਕਿ ਕਦੋਂ ਕਿਸ ਇਨਸਾਨ ‘ਤੇ ਮਿਹਰਬਾਨ ਹੋ ਕਿ ਉਸ ਨੂੰ ਫ਼ਰਸ਼ ਤੋਂ ਅਰਸ਼ ‘ਤੇ ਪਹੁੰਚਾ ਦੇਵੇ, ਪਰ ਕਈ ਵਾਰ ਕੁਦਰਤ ਦੀ ਮਾਰ ਅਜਿਹੀ ਵਜਦੀ ਹੈ ਕਿ ਅਰਸ਼ਾਂ ‘ਤੇ ਪਹੁੰਚਿਆ ਹੋਇਆ ਇਨਸਾਨ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਫ਼ਰਸ਼ ‘ਤੇ ਆ ਡਿੱਗਦਾ ਹੈ। ਅਜਿਹੀ ਕੁਦਰਤ ਦੀ ਮਾਰ ਝੱਲ ਰਿਹਾ ਹੈ ਜ਼ਿਲ੍ਹਾ ਫ਼ਰੀਦਕੋਟ ਦੇ ਕਸਬਾ ਸਾਦਿਕ ਦੇ ਲਾਗਲੇ ਪਿੰਡ ਝੋਕ ਸਰਕਾਰੀ ਦਾ ਜਗਦੀਪ ਸਿੰਘ। ਕਰੀਬ 34 ਸਾਲਾ ਨੌਜਵਾਨ ਜਗਦੀਪ ਸਿੰਘ ਕਦੇ ਪਿੰਡਾਂ ਦੇ ਮੇਲਿਆਂ ਦੀ ਸ਼ਾਨ ਮਾਂ ਖੇਡ ਕਬੱਡੀ ਦਾ ਚਮਕਦਾ ਸਿਤਾਰਾ ਹੁੰਦਾ ਸੀ ਅਤੇ ਅੱਜ ਆਪਣੇ ਪਰਿਵਾਰ ਨਾਲ ਗੁਰਬਤ ਦੀ ਜ਼ਿੰਦਗੀ ਜੀਣ ਲਈ ਮਜਬੂਰ ਹੋਇਆ ਹੈ। ਜਗਦੀਪ ਸਿੰਘ ਨੇ ਕਦੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਣਾ ਕਿ ਆਪਣੇ ਸਰੀਰ ‘ਤੇ ਕਿਹੜੇ-ਕਿਹੜੇ ਦੁੱਖਾਂ ਦੇ ਪਹਾੜ ਡਿੱਗਣ ਵਾਲੇ ਨੇ ਤੇ ਦੁੱਖ ਵੀ ਇਹੋ ਜਿਹੇ ਆਉਣੇ ਹਨ ਕਿ ਉਸਨੂੰ ਅਜਿਹੇ ਦਿਨ ਦੇਖਣੇ ਪੈਣਗੇ ਜਿੱਥੇ ਉਹ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਬੱਚਿਆਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਵੀ ਨਹੀਂ ਸਕੇਗਾ।

ਦੱਸਣਯੋਗ ਨੌਜਵਾਨ ਜਗਦੀਪ ਸਿੰਘ ਜਿਸ ਦਾ ਕੁਝ ਸਮਾਂ ਪਹਿਲਾਂ ਮਾਂ ਖੇਡ ਕਬੱਡੀ ‘ਚ ਚੋਟੀ ਦੇ ਖਿਡਾਰੀਆਂ ਦੀ ਸੂਚੀ ‘ਚ ਨਾਂਅ ਆਉਂਦਾ ਸੀ। ਕਬੱਡੀ ਖੇਡਣ ਦੌਰਾਨ ਰੀੜ੍ਹ ਦੀ ਹੱਡੀ ‘ਤੇ ਐਸੀ ਸੱਟ ਵੱਜੀ ਜਿਸ ਨਾਲ ਉਸਨੂੰ ਇਸ ਖੇਡ ਨੂੰ ਛੱਡਣਾ ਪਿਆ ਤੇ ਕਾਫ਼ੀ ਇਲਾਜ ਕਰਵਾਉਣ ਦੇ ਬਾਵਜੂਦ ਵੀ ਠੀਕ ਨਹੀਂ ਹੋਇਆ। ਦਰਦ ਨਾ-ਸਹਿਣ ਦੀ ਸਥਿਤੀ ‘ਚ ਜਗਦੀਪ ਨੇ ਨਸ਼ੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਇਸ ਨਸ਼ੇ ਨੇ ਉਸ ਦਾ ਦਰਦ ਤਾਂ ਠੀਕ ਕਰ ਦਿੱਤਾ ਪਰ ਇਸ ਨਸ਼ੇ ਦੀ ਬਿਮਾਰੀ ਨੇ ਉਸ ਨੂੰ ਆਣ ਘੇਰਾ ਪਾ ਲਿਆ। ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਨਸ਼ਾ ਪੂਰਾ ਨਹੀਂ ਸੀ ਹੋ ਰਿਹਾ ਅਤੇ ਇਸ ਨਸ਼ੇ ਨੂੰ ਆਪਣੇ ਗਲ਼ੋਂ ਲਾਹੁਣ ਲਈ ਉਸ ਨੇ ਆਪਣਾ ਇਲਾਜ ਕਰਵਾਉਣਾ ਚਾਹਿਆ ਅਤੇ ਬਠਿੰਡਾ ਦੇ ਇੱਕ ਹਸਪਤਾਲ ‘ਚ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਪਰ ਕਹਿੰਦੇ ਹਨ ਜਦੋਂ ਕਿਸਮਤ ਮਾੜੀ ਚੱਲਦੀ ਹੋਵੇ ਉਦੋਂ ਊਠ ‘ਤੇ ਬੈਠਿਆਂ ਵੀ ਕੁੱਤਾ ਵੱਢ ਜਾਂਦਾ ਹੈ।

ਜਗਦੀਪ ਸਿੰਘ ਦੇ ਇਲਾਜ ਲਈ ਡਾਕਟਰ ਵੱਲੋਂ ਦਿੱਤੀ ਜਾ ਰਹੀ ਦਵਾਈ ਆਦਿ ਨੂੰ ਜਦ ਖਾਣਾ ਸ਼ੁਰੂ ਕੀਤਾ ਤਾਂ ਤਕਰੀਬਨ -4 ਦਿਨ ਮਗਰੋਂ ਜਗਦੀਪ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ। ਉਸਨੇ ਜਦ ਇਹ ਘਟਨਾ ਡਾਕਟਰ ਨੂੰ ਦੱਸੀ ਤਾਂ ਡਾਕਟਰ ਨੇ ਉਸਨੂੰ ਦੋਬਾਰਾ ਨਸ਼ਾ ਖਾਣ ਦੀ ਸਲਾਹ ਦਿੰਦਿਆਂ ਉਸਦਾ ਇਲਾਜ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ। ਘਬਰਾਏ ਹੋਏ ਪਰਿਵਾਰ ਵੱਲੋਂ ਪੰਜਾਬ ਦੇ ਅਨੇਕਾਂ ਡਾਕਟਰਾਂ ਪਾਸ ਇਸ ਬਿਮਾਰੀ ਦਾ ਇਲਾਜ ਕਰਵਾਉਣ ਲਈ ਠੋਕਰਾਂ ਖਾਧੀਆਂ ਪਰ ਆਖ਼ਰ ਨੂੰ ਨਿਰਾਸ਼ਾ ਹੀ ਪੱਲੇ ਪਈ। ਸਮੇਂ ਨੇ ਅਜਿਹੇ ਹਾਲਾਤ ਬਣਾਏ ਕਿ ਭਰਵੇਂ ਜੁੱਸੇ ਦਾ ਉਹ ਗੱਭਰੂ ਜਿਸਨੂੰ ਕਬੱਡੀ ਦਾ ਹੀਰਾ ਕਿਹਾ ਜਾਂਦਾ ਸੀ 70 ਕਿੱਲੋ ਵਜ਼ਨ ਤੋਂ 40 ਕਿੱਲੋ ਵਜ਼ਨ ਰਹਿ ਗਿਆ ਸੀ। ਜਗਦੀਪ ਨੇ ਨਸ਼ਾ ਤਾਂ ਤਿਆਗ ਦਿੱਤਾ ਸੀ ਪਰ ਉਸਤੋਂ ਬਾਅਦ ਆਪਣੀਆਂ ਦੋਨੋਂ ਅੱਖਾਂ ਦੀ ਰੌਸ਼ਨੀ ਬਿਲਕੁਲ ਗੁਆ ਚੁੱਕਾ ਹੈ। ਘਰ ਦੀ ਆਰਥਿਕ ਹਾਲਤ ਐਨੀ ਬੁਰੀ ਹੋ ਗਈ ਹੈ ਕਿ ਜਗਦੀਪ ਦੇ ਦੋ ਬੱਚਿਆਂ ਦੀ ਪੜ੍ਹਾਈ ਦਾ ਖ਼ਰਚ ਵੀ ਆਸ-ਪਾਸ ਤੋਂ ਮਿੰਨਤਾਂ-ਤਰਲੇ ਕਰਕੇ ਪੂਰਾ ਕਰਨਾ ਪੈ ਰਿਹਾ ਹੈ।

ਜਦ ਇਸ ਨੌਜਵਾਨ ਦੇ ਮਾਤਾ-ਪਿਤਾ ਨਾਲ ਗੱਲ ਕਰਨੀ ਚਾਹੀ ਤਾਂ ਉਹ ਗੱਲ ਕਰਦੇ-ਕਰਦੇ ਭੁੱਬਾਂ ਮਾਰਕੇ ਰੋਣ ਲੱਗੇ ਅਤੇ ਕਿਹਾ ਕਿ ਉਨ੍ਹਾਂ ਕੋਲ ਜੋ ਕੁਝ ਵੀ ਸੀ ਉਹ ਉਨ੍ਹਾਂ ਦੇ ਪੁੱਤਰ ਦੇ ਇਲਾਜ ਉੱਤੇ ਖ਼ਰਚ ਹੋ ਚੁੱਕਾ ਹੈ ਅਤੇ ਹੁਣ ਤਾਂ ਸਿਰਫ਼ ਦਾਨੀ ਵੀਰਾਂ ਦੀ ਉਡੀਕ ਕਰ ਰਹੇ ਹਨ। ਇਸ ਲੇਖ ਜ਼ਰੀਏ ਇਸ ਨੌਜਵਾਨ ਦੀ ਕਹਾਣੀ ਨੂੰ ਬਿਆਨ ਕਰਨਾ ਸਮਾਜ ਵਿੱਚ ਵਾਪਰਦੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਨੂੰ ਮੋੜਾ ਪਾਉਣਾ ਹੈ ਅਤੇ ਜੋ ਨੌਜਵਾਨ ਨਸ਼ੇ ਵਰਗੀ ਬੁਰੀ ਅਲਾਮਤ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਜਾਗਰੂਕ ਕਰਨਾ ਵੀ ਹੈ। ਇਸ ਪਰਿਵਾਰ ਦੇ ਹਾਲਾਤ ਦੇਖ਼ ਕੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਨੌਜਵਾਨ ਦੇ ਇਲਾਜ ਲਈ ਵੱਧ ਤੋਂ ਵੱਧ ਸਮਾਜ ਸੇਵੀ ਸੰਸਥਾਵਾਂ, ਪ੍ਰਸ਼ਾਸਨ, ਦਾਨੀ ਵੀਰ ਅਤੇ ਸਰਕਾਰ ਉਪਰਾਲੇ ਕਰਕੇ ਪੀੜਤ ਪਰਿਵਾਰ ਦੀ ਮੱਦਦ ਕੀਤੀ ਜਾਵੇ ਤਾਂ ਜੋ ਜਗਦੀਪ ਸਿੰਘ ਆਪਣੀਆਂ ਅੱਖਾਂ ਦੀ ਰੌਸ਼ਨੀ ਵਾਪਸ ਪਾ ਕੇ ਆਪਣੇ ਬੱਚਿਆਂ ਅਤੇ ਮਾਪਿਆਂ ਦਾ ਮੁੜ ਸਹਾਰਾ ਬਣ ਸਕੇ। ਪਰਿਵਾਰ ਦੀ ਮੱਦਦ ਲਈ ਮੋਬਾਈਲ ਨੰਬਰ +91 99148-05827 ‘ਤੇ ਸੰਪਰਕ ਕਰਕੇ ਵਿੱਤੀ ਸਹਾਇਤਾ ਕੀਤੀ ਜਾਵੇ।

Welcome to Punjabi Akhbar

Install Punjabi Akhbar
×